ਫੌਜ ਪਹੁੰਚਾ ਰਹੀ ਹੈ ਪਾਣੀ ‘ਚ ਘਿਰੇ ਲੋਕਾਂ ਨੂੰ ਖਾਣੇ ਦੇ ਪੈਕਟ
ਸੱਚ ਕਹੂੰ ਨਿਊਜ਼, ਚੰਡੀਗੜ੍ਹ
ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਬੇਹੱਦ ਗੰਭੀਰ ਬਣੀ ਹੋਈ ਹੈ ਰੂਪਨਗਰ, ਲੁਧਿਆਣਾ, ਨਵਾਂਸ਼ਹਿਰ, ਜਲੰਧਰ, ਕਪੂਰਥਲਾ ਤੇ ਫ਼ਿਰੋਜ਼ਪੁਰ ਆਦਿ ਜ਼ਿਲ੍ਹਿਆਂ ਦੇ ਪਿੰਡਾਂ ਦੇ ਵਾਸੀ ਹੜ੍ਹ ਦਾ ਸੰਤਾਪ ਹੰਢਾ ਰਹੇ ਹਨ ਭਾਖੜਾ ਬੰਨ੍ਹ ਤੋਂ ਸਤਲੁਜ ਦਰਿਆ ਵਿੱਚ ਪਾਣੀ ਛੱਡਣ ਕਾਰਨ ਸੁਲਤਾਨਪੁਰ ਲੋਧੀ ਦੇ ਪਿੰਡ ਦਾਰੇਵਾਲ ਮਡਾਲਾ ਨੇੜੇ ਬਣਾਇਆ ਧੁੱਸੀ ਬੰਨ੍ਹ ਟੁੱਟ ਗਿਆ, ਜਿਸ ਕਾਰਨ 16 ਪਿੰਡ ਪਾਣੀ ਦੀ ਲਪੇਟ ਵਿੱਚ ਆ ਗਏ ਤੇ ਸੈਂਕੜੇ ਲੋਕ ਪਾਣੀ ਵਿੱਚ ਫਸ ਗਏ ਹਨ ਇਸੇ ਤਰ੍ਹਾਂ ਜਲੰਧਰ ਦੇ 33 ਪਿੰਡਾਂ ਵਿੱਚ ਵੀ ਹੜ੍ਹਾਂ ਕਾਰਨ 18,000 ਤੋਂ ਵੱਧ ਲੋਕ ਫਸੇ ਹੋਏ ਹਨ ਹੜ੍ਹਾਂ ਕਾਰਨ ਰੇਲ ਸੇਵਾ ਵੀ ਵੱਡੇ ਪੱਧਰ ‘ਤੇ ਪ੍ਰਭਾਵਿਤ ਹੋਈ ਹੈ, ਅੱਜ ਵੀ ਛੇ ਰੇਲਾਂ ਨੂੰ ਰੱਦ ਕੀਤਾ ਗਿਆ ਹੈ ਕਾਫੀ ਲੋਕਾਂ ਨੂੰ ਜਲੰਧਰ ਵਿੱਚ ਬਣਾਏ ਗਏ ਰਾਹਤ ਕੈਂਪਾਂ ਵਿੱਚ ਰੱਖਿਆ ਗਿਆ ਹੈ ਲੋਕਾਂ ਦੀ ਮਦਦ ਲਈ ਫ਼ੌਜ ਨੇ ਖਾਣੇ ਦਾ ਇੰਤਜ਼ਾਮ ਕੀਤਾ ਹੈ ਤੇ ਸ਼ਾਹਕੋਟ ਇਲਾਕੇ ਦੇ ਹੜ੍ਹ ਦੀ ਮਾਰ ਹੇਠ ਆਏ 33 ਪਿੰਡਾਂ ਵਿੱਚ ਹਵਾਈ ਫ਼ੌਜ ਨੇ 36,000 ਪਰੌਂਠੇ, ਪਾਣੀ ਤੇ ਸੁੱਕੇ ਰਾਸ਼ਨ ਨੇ 18,000 ਪੈਕੇਟ ਹੈਲੀਕਾਪਟਰ ਰਾਹੀਂ ਸੁੱਟੇ ਗਏ ਹਨ
ਮੋਗਾ ਵਿਖੇ ਸਤਲੁਜ ਦਰਿਆ ਵਿੱਚ ਪਾਣੀ ਦਾ ਤੇਜ ਵਹਾਅ ਜਾਰੀ ਹੈ ਪਰ ਪਾਣੀ ਅੱਗੇ ਨਾਲੋਂ ਘਟ ਗਿਆ ਹੈ। ਪਾਣੀ ਨਾਲ ਘਿਰੇ ਹੋਏ ਪਿੰਡਾਂ ਦੇ ਲੋਕ ਵੱਡੀ ਮੁਸੀਬਤ ਵਿੱਚ ਹਨ। ਦੂਜੇ ਪਾਸੇ ਜ਼ਿਲ੍ਹਾ ਪ੍ਰਸਾਸਨ ਵੱਲੋਂ ਬੰਨ੍ਹ ‘ਤੇ ਲਗਾਤਾਰ ਬਾਜ ਅੱਖ ਰੱਖੀ ਜਾ ਰਹੀ ਹੈ ਲੋਕ ਆਪਣੇ ਘਰਾਂ ਦਾ ਸਾਮਾਨ ਪ੍ਰਸ਼ਾਸਨ ਵੱਲੋਂ ਮੁਹੱਈਆ ਕਰਵਾਈਆਂ ਕਿਸ਼ਤੀਆਂ ਰਾਹੀਂ ਬਾਹਰ ਕੱਢ ਕੇ ਲਿਆ ਰਹੇ ਹਨ ਹਲਕੇ ਦੇ ਪਿੰਡ ਪਾਰਲੀ ਵਾਲਾ, ਕੰਬੋ ਖੁਰਦ, ਸ਼ੇਰੇਵਾਲਾ, ਸੰਘੇੜਾ ,ਮੇਹਰੂ ਵਾਲਾ ਪਾਣੀ ਵਿੱਚ ਘਿਰੇ ਹੋਏ ਹਨ ਪ੍ਰਸ਼ਾਸਨ ਵੱਲੋਂ ਇਨਾਂ ਪਿੰਡਾਂ ਦੇ ਲੋਕਾਂ ਨੂੰ ਰੈਸਕਿਊ ਕਰਕੇ ਬਾਹਰ ਕੱਢਿਆ ਜਾ ਚੁੱਕਾ ਹੈ ਪਰ ਅਜੇ ਵੀ ਕਈ ਲੋਕ ਆਪਣੇ ਘਰਾਂ ਵਿੱਚ ਹਨ, ਉਹ ਬਾਹਰ ਆਉਣ ਨੂੰ ਤਿਆਰ ਨਹੀਂ ਐੱਨ ਡੀ ਆਰ ਐੱਫ ਵੱਲੋਂ ਹੁਣ ਤੱਕ 800 ਵਿਅਕਤੀਆਂ ਨੂੰ ਰੈਸਕਿਊ ਕਰਕੇ ਸੁਰੱਖਿਅਤ ਕੀਤਾ ਗਿਆ ਹੈ
ਇਨ੍ਹਾਂ ਹਾਲਾਤ ਦਰਮਿਆਨ ਭਾਖੜਾ ਬਿਆਸ ਪ੍ਰਬੰਧਨ ਬੋਰਡ ਨੇ ਵੀ ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ ਬੈਠਕ ਵਿੱਚ ਦੱਸਿਆ ਗਿਆ ਕਿ ਭਾਖੜਾ ਵਿੱਚ ਪਾਣੀ ਦੇ ਪੱਧਰ ਨੂੰ 1680 ਫੁੱਟ ‘ਤੇ ਬਰਕਰਾਰ ਰੱਖਿਆ ਜਾਵੇਗਾ ਤੇ ਵਾਧੂ ਪਾਣੀ ਸਤਲੁਜ ਵਿੱਚ ਛੱਡਿਆ ਜਾਵੇਗਾ
ਪਾਕਿ ਦੇ ਪਿੰਡ ਆਏ ਸਤਲੁਜ ਦੀ ਮਾਰ ਹੇਠ
ਸਤਲੁਜ ਦਰਿਆ ਪੰਜਾਬ ‘ਚ ਤਬਾਹੀ ਮਚਾਉਣ ਮਗਰੋਂ ਹੁਣ ਪਾਕਿਸਤਾਨ ਦੇ ਇਲਾਕਿਆਂ ‘ਚ ਮਾਰ ਕਰਦਾ ਅੱਗੇ ਵੱਧ ਰਿਹਾ ਹੈ। ਪੰਜਾਬ ਤੋਂ ਬਾਅਦ ਹੁਣ ਪਾਕਿਸਤਾਨ ‘ਚ ਲੋਕਾਂ ਲਈ ਰਾਹਤ ਕਾਰਜ ਚਲਾਏ ਜਾ ਰਹੇ ਹਨ। ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਕਸੂਰ ਜ਼ਿਲ੍ਹੇ ਦੇ ਪਿੰਡ ਗੰਡਾ ਸਿੰਘ ਵਾਲਾ, ਮਾਹੀ ਵਾਲਾ, ਭਿੱਖੀਵਿੰਡ ਆਦਿ ਕਈ ਪਿੰਡ ਪਾਣੀ ਦੇ ਪ੍ਰਭਾਵ ਹੇਠ ਹਨ।
ਕੇਂਦਰ ਵੱਲੋਂ ਨਹੀਂ ਮਿਲੀ ਅਜੇ ਕੋਈ ਮੱਦਦ : ਕਾਂਗੜ
ਜਲੰਧਰ ਪੰਜਾਬ ਦੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਵੱਲੋਂ ਅੱਜ ਸੁਲਤਾਨਪੁਰ ਲੋਧੀ ਅਤੇ ਜਲੰਧਰ ਦੇ ਹੜ੍ਹ ਤੋਂ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਗਿਆ ਇਸ ਮੌਕੇ ਉਨ੍ਹਾਂ ਕਿਹਾ ਕਿ ਜੋ ਵੀ ਅੱਜ ਪੰਜਾਬ ਦੇ ਹਾਲਾਤ ਹਨ, ਉਹ ਬੇਹੱਦ ਮਾੜੇ ਹਨ ਪਿਛਲੇ ਦਿਨਾਂ ‘ਚ ਪਈ ਭਾਰੀ ਬਾਰਿਸ਼ ਕਾਰਨ ਪੰਜਾਬ ‘ਚ ਕਾਫੀ ਨੁਕਸਾਨ ਹੋਇਆ ਹੈ ਪੰਜਾਬ ‘ਚ ਆਏ ਹੜ੍ਹਾਂ ਲਈ ਗੁਰਪ੍ਰੀਤ ਸਿੰਘ ਕਾਂਗੜ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜ਼ਿੰਮੇਵਾਰ ਠਹਿਰਾਇਆ ਨਰਿੰਦਰ ਮੋਦੀ ਨੂੰ ਲੰਮੇਂ ਹੱਥੀਂ ਲੈਂਦੇ ਹੋਏ ਕਾਂਗੜ ਨੇ ਕਿਹਾ ਕਿ ਮੋਦੀ ਸਾਬ੍ਹ ਪੰਜਾਬ ਨਾਲ ਮਤਰਿਆ ਵਿਵਹਾਰ ਕਰ ਰਹੇ ਹਨ
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਦੀ ਮਦਦ ਕਰਨ ਲਈ ਕਿਹਾ ਗਿਆ ਹੈ ਪਰ ਅਜੇ ਤੱਕ ਕੇਂਦਰ ਸਰਕਾਰ ਵੱਲੋਂ ਕੋਈ ਵੀ ਮਦਦ ਨਹੀਂ ਮਿਲ ਸਕੀ ਹੈ ਬੰਨ੍ਹਾਂ ਦੀ ਮੁਰੰਮਤ ਬਾਰੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਡ੍ਰੇਨਜ਼ ਦੀਆਂ ਸਫਾਈਆਂ ਹੋਈਆਂ ਹਨ ਪਰ ਅਜੇ ਉਹ ਵੀ ਘੱਟ ਹੈ ਕਿਉਂਕਿ ਕੇਂਦਰ ਸਰਕਾਰ ਵੱਲੋਂ ਸਾਨੂੰ ਕੋਈ ਵੀ ਮਦਦ ਨਹੀਂ ਮਿਲ ਰਹੀ ਢਾਈ ਸਾਲਾਂ ‘ਚ ਕੇਂਦਰ ਸਰਕਾਰ ਨੇ ਸਾਨੂੰ ਕੋਈ ਸਹਿਯੋਗ ਨਹੀਂ ਦਿੱਤਾ ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਫੋਨ ਜ਼ਰੀਏ ਮੋਦੀ ਸਾਬ੍ਹ ਨਾਲ ਮਦਦ ਕਰਨ ਦੀ ਗੱਲਬਾਤ ਕੀਤੀ ਗਈ ਹੈ ਪਰ ਅਜੇ ਤੱਕ ਰਿਲੀਫ ਫੰਡ ਨਹੀਂ ਮਿਲ ਸਕਿਆ ਕਾਂਗੜ ਨੇ ਕਿਹਾ ਕਿ ਪੀੜਤਾਂ ਲਈ ਖਾਣ-ਪੀਣ ਤੋਂ ਲੈ ਕੇ ਦਵਾਈਆਂ ਦੇਣ ਤੱਕ ਪੰਜਾਬ ਸਰਕਾਰ ਵੱਲੋਂ ਪੀੜਤਾਂ ਲਈ ਮਦਦ ਕੀਤੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਭਾਖੜਾ ‘ਚ ਪਾਣੀ ਦਾ ਪੱਧਰ ਜ਼ਿਆਦਾ ਹੋਣ ਕਰਕੇ ਭਾਖੜਾ ਡੈਮ ‘ਚੋਂ ਮਜਬੂਰੀ ‘ਚ ਪਾਣੀ ਛੱਡਣਾ ਪਿਆ ਸੀ ਫਿਲਹਾਲ ਹੁਣ ਭਾਖੜਾ ‘ਚੋਂ ਅਜੇ ਕੋਈ ਪਾਣੀ ਨਹੀਂ ਛੱਡਿਆ ਜਾ ਰਿਹਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।