ਵਿੱਤ ਮੰਤਰੀ ਦੇ ਕਰੋੜਾਂ ਦੇ ਗੱਫੇ ਵੀ ਨਾ ਬਚਾ ਸਕੇ ਬਠਿੰਡਾ ਨੂੰ ‘ਡੁੱਬਣੋਂ’

Bathinda Sachkahoon

ਸਾਉਣ ਦੇ ਪਹਿਲੇ ਵੱਡੇ ਮੀਂਹ ਨੇ ਦਿਖਾਇਆ ਪ੍ਰਬੰਧਾਂ ਦਾ ‘ਸ਼ੀਸ਼ਾ’

ਸੜਕਾਂ ਬਣੀਆਂ ਸਮੁੰਦਰ, ਕਈ ਘਰਾਂ ਤੇ ਦੁਕਾਨਾਂ ਅੰਦਰ ਭਰਿਆ ਪਾਣੀ

ਸੁਖਜੀਤ ਮਾਨ, ਬਠਿੰਡਾ। ਬਠਿੰਡਾ ਦੀਆਂ ਸੜਕਾਂ ’ਤੇ ਖੜ੍ਹਦੇ ਮੀਂਹ ਦੇ ਪਾਣੀ ਦੀ ਨਿਕਾਸੀ ਦੇ ਪੁਖਤਾ ਪ੍ਰਬੰਧ ਕਰਨ ਵਾਲੇ ਸਥਾਨਕ ਕਾਂਗਰਸੀ ਅੱਜ ਘਰਾਂ ’ਚੋਂ ਨਹੀਂ ਨਿੱਕਲੇ ਕੁੱਝ ਕੁ ਦਿਨ ਪਹਿਲਾਂ ਜਦੋਂ ਚਾਰ ਕੁ ਕਣੀਆਂ ਪਈਆਂ ਸੀ ਤਾਂ ਸ਼ਹਿਰ ਦੇ ਕਈ ਹਿੱਸਿਆਂ ’ਚ ਕਾਂਗਰਸੀ ਆਗੂਆਂ ਨੇ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਬੋਲਿਆ ਸੀ ਕਿ ਦੇਖੋ ਬਠਿੰਡਾ ਦੀਆਂ ਸੜਕਾਂ ’ਤੇ ਪਾਣੀ ਨਹੀਂ ਖੜ੍ਹਾ ਜਿਹੜੀਆਂ ਸੜਕਾਂ ’ਤੇ ਆਗੂਆਂ ਨੇ ਦਾਅਵੇ ਕੀਤੇ ਸੀ ਅੱਜ ਉਨ੍ਹਾਂ ਦੀ ਹਕੀਕਤ ਕਿਸੇ ਨੇ ਨਹੀਂ ਦਿਖਾਈ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਕਰੋੜਾਂ ਰੁਪਏ ਇਸੇ ਕੰਮ ’ਤੇ ਖਰਚੇ ਗਏ ਕਿ ਸ਼ਹਿਰ ’ਚ ਪਾਣੀ ਨਾ ਖੜ੍ਹੇ ਪਰ ਉਨ੍ਹਾਂ ਦੇ ਕਰੋੜਾਂ ਰੁਪਏ ਸ਼ਹਿਰ ਨੂੰ ਡੁੱਬਣੋਂ ਨਹੀਂ ਬਚਾ ਸਕੇ ਅਕਾਲੀ ਆਗੂ ਸਰੂਪ ਚੰਦ ਸਿੰਗਲਾ ਅੱਜ ਸੜਕਾਂ ’ਤੇ ਖੜ੍ਹੇ ਪਾਣੀ ’ਚ ਵੜ੍ਹਕੇ ਪ੍ਰਬੰਧਾਂ ’ਤੇ ਉਂਗਲ ਚੁੱਕਦੇ ਦਿਖਾਈ ਦਿੱਤੇ ਪਰ ਉਨ੍ਹਾਂ ਦੀ 10 ਸਾਲ ਰਹੀ ਸਰਕਾਰ ਦੌਰਾਨ ਜਦੋਂ ਉਹ ਖੁਦ ਇੱਥੋਂ ਵਿਧਾਇਕ ਵੀ ਸਨ ਤਾਂ ਹਾਲ ਉਸ ਵੇਲੇ ਵੀ ਇਹੋ ਹੀ ਸੀ।

Bathinda Sachkahoonਵੇਰਵਿਆਂ ਮੁਤਾਬਿਕ ਅੱਜ ਬਠਿੰਡਾ ਸ਼ਹਿਰ ’ਚ ਦਿਨ ਚੜ੍ਹਦਿਆਂ ਹੀ ਭਾਰੀ ਮੀਂਹ ਪਿਆ ਹਾਲਾਂਕਿ ਇਸ ਤੋਂ ਪਹਿਲਾਂ ਵੀ ਦੋ ਮੀਂਹ ਪੈ ਚੁੱਕੇ ਨੇ ਪਰ ਅੱਜ ਵਰ੍ਹੇ ਮੀਂਹ ਨੇ ਲੋਕਾਂ ਦੀ ਤੌਬਾ ਕਰਵਾ ਦਿੱਤੀ ਸ਼ਹਿਰ ਦੇ ਪ੍ਰਬੰਧਾਂ ਦੀ ਪੋਲ ਵੀ ਇਸ ਮੀਂਹ ਨੇ ਖੋਲ੍ਹ ਦਿੱਤੀ ਖਰਾਬ ਮੌਸਮ ਨਿਗਮ ਅਧਿਕਾਰੀਆਂ ਤੇ ਸਥਾਨਕ ਕਾਂਗਰਸੀ ਆਗੂਆਂ ਲਈ ਚੁਣੌਤੀ ਬਣਿਆ ਹੋਇਆ ਹੈ ਮੀਂਹ ਕਾਰਨ ਅੱਜ ਸ਼ਹਿਰ ਦੇ ਪਰਸਰਾਮ ਨਗਰ, ਪਾਵਰ ਹਾਊਸ ਰੋਡ, ਤਹਿਸੀਲ ਕੰਪਲੈਕਸ, ਮਾਲ ਰੋਡ, ਆਈਜੀ ਦੀ ਰਿਹਾਇਸ਼ ਨੇੜੇ, ਬਾਲਮੀਕੀ ਚੌਂਕ ਦੇ ਨੇੜੇ ਸੜਕਾਂ ’ਤੇ ਕਾਫੀ ਪਾਣੀ ਖੜ੍ਹ ਗਿਆ।  ਮੀਂਹਾਂ ਦੇ ਇਸ ਮੌਸਮ ’ਚ ਜੇਕਰ ਪਹਿਲੇ ਹੀ ਭਾਰੀ ਮੀਂਹ ਕਾਰਨ ਲੋਕਾਂ ਦੇ ਘਰਾਂ ’ਚ ਪਾਣੀ ਦਾਖਲ ਹੋ ਗਿਆ ਤਾਂ ਪ੍ਰਸਾਸ਼ਨ ਦੇ ਅਗਾਂਊਂ ਪ੍ਰਬੰਧ ਕੀ ਰੰਗ ਲਾਉਣਗੇ ਇਸਦਾ ਅੰਦਾਜ਼ਾ ਲਾਉਣਾ ਔਖਾ ਨਹੀਂ ਸ਼ਹਿਰ ਦੇ ਸਿਰਕੀ ਬਜ਼ਾਰ ਦੇ ਦੁਕਾਨਦਾਰਾਂ ਨੂੰ ਤਾਂ ਦੁਕਾਨਾਂ ਹੀ ਬੰਦ ਕਰਨੀਆਂ ਪੈ ਗਈਆਂ ਬਠਿੰਡਾ ਪੁਲਿਸ ਜੋਨ ਦੇ ਆਈਜੀ ਦੀ ਰਿਹਾਇਸ਼ ਨੂੰ ਬੱਸ ਅੱਡੇ ਵਾਲੇ ਪਾਸਿਓਂ ਜਾਂਦਾ ਰਾਹ ਤਾਂ ਮੀਂਹ ਦਾ ਪਾਣੀ ਖੜ੍ਹਨ ਕਾਰਨ ਬੈਰੀਕੇਡ ਲਗਾ ਕੇ ਬੰਦ ਕਰਨਾ ਪਿਆ ਇੱਕ ਪੁਲਿਸ ਕਰਮਚਾਰੀ ਅੱਜ ਸਾਰਾ ਦਿਨ ਇਸੇ ਡਿਊਟੀ ’ਤੇ ਤਾਇਨਾਤ ਰਹਿ ਕੇ ਬੈਰੀਕੇਡ ਕੋਲੋਂ ਲੋਕਾਂ ਨੂੰ ਮੋੜਦਾ ਰਿਹਾ ਕਿ ਕੋਈ ਇੱਧਰਲਾ ਰਾਹ ਨਾ ਲੰਘੇ ਸ਼ਹਿਰ ’ਚ ਪਾਣੀ ਖੜ੍ਹਨ ਦੇ ਨਾਲ ਹੀ ਸਰਕਾਰ ਵਿਰੋਧੀ ਧਿਰਾਂ ਦੇ ਆਗੂ ਸੜਕਾਂ ’ਤੇ ਉੱਤਰ ਆਏ।

ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਅੱਜ ਸ਼ਹਿਰ ਦੀਆਂ ਸੜਕਾਂ ’ਤੇ ਖੜ੍ਹੇ ਪਾਣੀ ’ਚ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਸਰਕਾਰ ਨੂੰ ਕੋਸਦੇ ਨਜ਼ਰ ਆਏ ਸ੍ਰੀ ਸਿੰਗਲਾ ਨੇ ਪਰਸਰਾਮ ਨਗਰ ਵਿਖੇ ਸੀਨੀਅਰ ਡਿਪਟੀ ਮੇਅਰ ਅਸ਼ੋਕ ਕੁਮਾਰ,ਪਾਵਰ ਹਾਊਸ ਰੋਡ ’ਤੇ ਡਿਪਟੀ ਮੇਅਰ ਹਰਮੰਦਰ ਸਿੰਘ ਅਤੇ ਰਾਜੂ ਸਰਾਂ ਕੌਂਸਲਰ ਵੱਲੋਂ ਕੁੱਝ ਦਿਨ ਪਹਿਲਾਂ ਵੀਡੀਓ ਬਣਾ ਕੇ ਬਰਸਾਤੀ ਪਾਣੀ ਦੇ ਨਿਕਾਸ ਲਈ ਕੀਤੇ ਵੱਡੇ ਪ੍ਰਬੰਧਾਂ ਦੇ ਦਾਅਵਿਆਂ ’ਤੇ ਸਵਾਲ ਕਰਦੇ ਹੋਏ ਕਿਹਾ ਕਿ ਉਹ ਕੌਂਸਲਰ ਅੱਜ ਸੜਕਾਂ ’ਤੇ ਆਉਣ ਸਿੰਗਲਾ ਨੇ ਦੋਸ਼ ਲਾਇਆ ਕਿ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਸ਼ਹਿਰ ਦੇ ਵਿਕਾਸ ਦੇ ਨਾਂਅ ’ਤੇ ਕਰੋੜਾਂ ਰੁਪਏ ਦੇ ਘਪਲੇ ਕੀਤੇ ਹਨ ਜਿਨ੍ਹਾਂ ਦੀ ਉੱਚ ਪੱਧਰੀ ਜਾਂਚ ਵਿੱਚ ਵੱਡੇ ਖੁਲਾਸੇ ਹੋਣਗੇ। ਉਨ੍ਹਾਂ ਕਿਹਾ ਕਿ ਅੱਜ ਸ਼ਹਿਰ ਵਾਸੀਆਂ ਦੇ ਹਾਲਾਤ ਤਰਸ ਯੋਗ ਬਣੇ ਹੋਏ ਹਨ ਤਾਂ ਉਸ ਲਈ ਖਜ਼ਾਨਾ ਮੰਤਰੀ ਦੀ ਅਤੇ ਉਸ ਦੀ ਟੀਮ ਜਿੰਮੇਵਾਰ ਹੈ।ਉਹਨਾਂ ਵੀਰ ਕਲੋਨੀ ਦੇ ਹਾਲਾਤ ਜਨਤਕ ਕਰਦੇ ਹੋਏ ਨਗਰ ਨਿਗਮ ਬਠਿੰਡਾ ਦੀ ਮੇਅਰ ਸ੍ਰੀਮਤੀ ਰਮਨ ਗੋਇਲ ਤੋਂ ਵੀ ਸ਼ਹਿਰ ਵਾਸੀਆਂ ਦੇ ਹਾਲਾਤ ਪ੍ਰਤੀ ਸਪੱਸ਼ਟੀਕਰਨ ਦੇਣ ਦੀ ਮੰਗ ਕੀਤੀ ਅਤੇ ਕਿਹਾ ਕਿ ਜੇਕਰ ਉਹ ਸ਼ਹਿਰ ਵਾਸੀਆਂ ਦੀ ਮੱਦਦ ਨਹੀਂ ਕਰ ਸਕਦੇ ਤਾਂ ਅਸਤੀਫਾ ਦੇ ਕੇ ਪਾਸੇ ਹੋ ਜਾਣ।

ਕਰੋੜਾਂ ਰੁਪਏ ਖਰਚਣ ਦੇ ਦਾਅਵਿਆਂ ਦੀ ਵਿਜੀਲੈਂਸ ਜਾਂਚ ਹੋਵੇ : ਸਿੰਗਲਾ

ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਸ਼ਹਿਰ ਦੀ ਸਥਿਤੀ ਲਈ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੂੰ ਜਿੰਮੇਵਾਰ ਠਹਿਰਾਉਂਦਿਆਂ ਉਨ੍ਹਾਂ ਦੇ ਅਸਤੀਫੇ ਦੀ ਮੰਗ ਕੀਤੀ ਹੈ ਉਨ੍ਹਾਂ ਇਹ ਵੀ ਮੰਗ ਕੀਤੀ ਕਿ ਬਰਸਾਤੀ ਪਾਣੀ ਦੇ ਨਿਕਾਸ ਲਈ ਖਜ਼ਾਨਾ ਮੰਤਰੀ ਦੇ ਕਰੋੜਾਂ ਰੁਪਏ ਖਰਚਣ ਦੇ ਦਾਅਵਿਆਂ ਦੀ ਵਿਜੀਲੈਂਸ ਜਾਂਚ ਹੋਵੇ ਕਿਉਂਕਿ ਇਹ ਘਪਲਾ ਟਾਈਲਾਂ ਵਾਲੇ ਘਪਲੇ ਨਾਲੋਂ ਵੀ ਵੱਡਾ ਘਪਲਾ ਹੈ। ਉਨ੍ਹਾਂ ਕਿਹਾ ਕਿ ਖਜਾਨਾ ਮੰਤਰੀ ਜਵਾਬ ਦੇਣ ਕਿ ਅੱਜ ਬਰਸਾਤੀ ਪਾਣੀ ਦਾ ਨਿਕਾਸ ਨਾ ਹੋਣ ਕਰਕੇ ਜੋ ਸ਼ਹਿਰੀਆਂ ਦਾ ਨੁਕਸਾਨ ਹੋਇਆ ਹੈ ਉਸ ਲਈ ਕੌਣ ਜਿੰਮੇਵਾਰ ਹੈ ਛੋਟੇ-ਛੋਟੇ ਬੱਚੇ ਘਰਾਂ ਵਿੱਚੋਂ ਪਾਣੀ ਕੱਢ ਰਹੇ ਹਨ ਅਤੇ ਮੁਸ਼ਕਲਾਂ ਦਾ ਸਾਹਮਣਾ ਕਰਨ ਲਈ ਮਜਬੂਰ ਹਨ।

ਪਾਣੀ ’ਤੇ ਰਾਜਨੀਤੀ ਨਾ ਕਰੋ : ਕਾਂਗਰਸੀ ਕੌਂਸਲਰ

ਸੀਨੀਅਰ ਕਾਂਗਰਸੀ ਆਗੂ ਤੇ ਵਾਰਡ ਨੰਬਰ 46 ਤੋਂ ਕੌਂਸਲਰ ਰਤਨ ਰਾਹੀ ਤੇ 44 ਨੰਬਰ ਤੋਂ ਕੌਂਸਲਰ ਇੰਦਰਜੀਤ ਸਿੰਘ ਇੰਦਰ ਨੇ ਲਾਈਨੋਂ ਪਾਰ ਵਾਲੇ ਖੇਤਰ ’ਚੋਂ ਮੀਂਹ ਦੇ ਪਾਣੀ ਨੂੰ ਬਾਹਰ ਕੱਢਦੇ ਮੇਨ ਡਿਸਪੋਜਲ ਪੁਆਇੰਟ ’ਤੇ ਜਾ ਕੇ ਆਖਿਆ ਕਿ ਪਰਸਰਾਮ ਖੇਤਰ ’ਚ ਮੀਂਹ ਦੇ ਖੜ੍ਹੇ ਪਾਣੀ ’ਤੇ ਕਈਆਂ ਵੱਲੋਂ ਰਾਜਨੀਤੀ ਕੀਤੀ ਜਾ ਰਹੀ ਹੈ ਜੋ ਨਹੀਂ ਕਰਨੀ ਚਾਹੀਦੀ ਕਿਉਂਕਿ ਇਸ ਤੋਂ ਪਹਿਲਾਂ ਇਹ ਪਾਣੀ ਕਈ-ਕਈ ਦਿਨ ਖੜ੍ਹਾ ਰਹਿੰਦਾ ਸੀ ਜਦੋਂਕਿ ਹੁਣ ਕੁੱਝ ਕੁ ਘੰਟਿਆਂ ’ਚ ਹੀ ਸ਼ਹਿਰ ’ਚੋਂ ਪਾਣੀ ਬਾਹਰ ਨਿੱਕਲ ਜਾਂਦਾ ਹੈ।

10 ਜੁਲਾਈ ਨੂੰ ਕੀਤਾ ਗਿਆ ਦਾਅਵਾ

ਨਗਰ ਨਿਗਮ ਦੇ ਡਿਪਟੀ ਮੇਅਰ ਹਰਮੰਦਰ ਸਿੰਘ ਸਿੱਧੂ ਨੇ 10 ਜੁਲਾਈ ਨੂੰ ਪਏ ਹਲਕੇ ਮੀਂਹ ਮਗਰੋਂ ਫੇਸਬੁੱਕ ’ਤੇ ਵੀਡੀਓ ਪਾ ਕੇ ਦਾਅਵਾ ਕੀਤਾ ਸੀ ਕਿ ਪਾਵਰ ਹਾਊਸ ਰੋਡ ਸਭ ਤੋਂ ਨੀਵੀਂ ਥਾਂ ਸੀ ਜਿੱਥੇ 5-5 ਫੁੱਟ ਪਾਣੀ ਖੜ੍ਹ ਜਾਂਦਾ ਸੀ ਪਰ ਅੱਜ (10 ਜੁਲਾਈ) ਕਾਫੀ ਬਰਸਾਤ ਹੋਈ ਤਾਂ ਜਿੰਨ੍ਹਾਂ ਵੀ ਸੜਕ ’ਤੇ ਪਾਣੀ ਸੀ ਉਹ ਸਾਰਾ ਨਾਲ ਦੀ ਨਾਲ ਨਿੱਕਲ ਗਿਆ ਮਨਪ੍ਰੀਤ ਬਾਦਲ ਅੱਜ (10 ਜੁਲਾਈ) ਇਸ ਸਕੀਮ ਦਾ ਉਦਘਾਟਨ ਕਰਕੇ ਗਏ ਸੀ ਜਿਸ ’ਤੇ ਕਰੀਬ ਸਾਢੇ ਤਿੰਨ ਕਰੋੜ ਰੁਪਿਆ ਖਰਚ ਆਇਆ ਹੈ ਇਸ ਤੋਂ ਬਾਅਦ ਮੀਂਹ ਦੇ ਪਾਣੀ ਦੀ ਇਸ ਇਲਾਕੇ ’ਚ ਸਮੱਸਿਆ ਨਹੀਂ ਆਵੇਗੀ ਪਹਿਲਾਂ ਬਹੁਤ ਸਾਰੀਆਂ ਸਮੱਸਿਆਵਾਂ ਸਨ ਜਿਸ ਕਾਰਨ ਇਸ ਇਲਾਕੇ ਦੀ 25-30 ਹਜ਼ਾਰ ਦੀ ਆਬਾਦੀ ਪ੍ਰਭਾਵਿਤ ਹੁੰਦੀ ਸੀ ਕਿਉਂਕਿ 24-24 ਜਾਂ 36-36 ਘੰਟੇ ਵੀ ਪਾਣੀ ਖੜ੍ਹਾ ਰਹਿੰਦਾ ਸੀ।

ਪਹਿਲਾਂ ਨਾਲੋਂ ਹਾਲਤ ਕਾਫੀ ਬਦਲੀ : ਡਿਪਟੀ ਮੇਅਰ

ਨਿਗਮ ਦੇ ਡਿਪਟੀ ਮੇਅਰ ਮਾ. ਹਰਮੰਦਰ ਸਿੰਘ ਸਿੱਧੂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪਹਿਲਾਂ ਨਾਲੋਂ ਹਾਲਤ ਕਾਫੀ ਬਦਲੀ ਹੈ ਪਹਿਲਾਂ ਪਾਣੀ ਜ਼ਿਆਦਾ ਖੜ੍ਹਦਾ ਸੀ ਪਰ ਇਸ ਵਾਰ ਅਜਿਹਾ ਨਹੀਂ ਹੋਇਆ ਉਨ੍ਹਾਂ ਕਿਹਾ ਕਿ ਲਗਾਤਾਰ ਮੋਟਰਾਂ ਚੱਲ ਰਹੀਆਂ ਹਨ ਅਤੇ ਪਾਣੀ ਦੀ ਨਿਕਾਸੀ ਕੀਤੀ ਜਾ ਰਹੀ ਹੈ ਉਹ ਖੁਦ ਪ੍ਰਬੰਧਾਂ ਦੀ ਦੇਖਰੇਖ ਕਰ ਰਹੇ ਹਨ।

34 ਐਮਐਮ ਮੀਂਹ ਹੋਇਆ ਦਰਜ਼

ਮੌਸਮ ਮਾਹਿਰਾਂ ਨੇ ਅੱਜ ਪਏ ਮੀਂਹ ਦੀ ਜੋ ਮਾਤਰਾ ਮਾਪੀ ਹੈ ਉਹ 34 ਐਮਐਮ ਹੈ ਮੀਂਹ ਦੀ ਇਹ ਦਰ ਸਿਰਫ ਸਵੇਰ ਵੇਲੇ ਦੀ ਹੈ ਜਦੋਂਕਿ ਬਾਅਦ ਦੁਪਹਿਰ ਪਿਆ ਮੀਂਹ ਵੱਖਰਾ ਹੈ ਮੀਂਹ ਕਾਰਨ ਤਾਪਮਾਨ ’ਚ ਵੀ ਕਾਫੀ ਗਿਰਾਵਟ ਦਰਜ਼ ਕੀਤੀ ਗਈ ਹੈ ਕੁੱਝ ਦਿਨ ਪਹਿਲਾਂ ਜੋ ਤਾਪਮਾਨ 43 ਡਿਗਰੀ ਦੇ ਨੇੜੇ ਪੁੱਜ ਗਿਆ ਸੀ ਹੁਣ ਪਿਛਲੇ ਕਈ ਦਿਨਾਂ ਤੋਂ ਵੱਧ ਤੋਂ ਵੱਧ 33 ਤੋਂ 36 ਡਿਗਰੀ ਦਰਮਿਆਨ ਰਹਿਣ ਲੱਗਾ ਹੈ ਅੱਜ ਦਾ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਰਿਹਾ ਜਦੋਂਕਿ ਘੱਟ ਤੋਂ ਘੱਟ 20 ਡਿਗਰੀ।

ਆਉਣ ਵਾਲੇ ਦਿਨਾਂ ’ਚ ਵੀ ਮੀਂਹ ਦੀ ਸੰਭਾਵਨਾ

ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਖੇਤੀ ਮੌਸਮ ਵਿਗਿਆਨੀਆਂ ਨੇ ਜੋ ਜਾਣਕਾਰੀ ਦਿੱਤੀ ਹੈ ਉਹਨਾਂ ਮੁਤਾਬਿਕ 23 ਤੇ 24 ਜੁਲਾਈ ਨੂੰ ਵੀ ਬਠਿੰਡਾ ਅਤੇ ਇਸਦੇ ਨੇੜਲੇ ਇਲਾਕਿਆਂ ’ਚ ਮੀਂਹ ਪਵੇਗਾ ਮਾਹਿਰਾਂ ਮੁਤਾਬਿਕ 23 ਜੁਲਾਈ ਨੂੰ 12 ਐਮਐਮ ਅਤੇ 24 ਜੁਲਾਈ ਨੂੰ 17 ਐਮਐਮ ਮੀਂਹ ਪੈ ਸਕਦਾ ਹੈ।

ਘਰ ਦੀ ਛੱਤ ਡਿੱਗੀ, ਜਾਨੀ ਨੁਕਸਾਨ ਤੋਂ ਬਚਾਅ

ਸ਼ਹਿਰ ਦੇ ਗੁਰੂ ਨਾਨਕਪੁਰਾ ਮੁਹੱਲੇ ’ਚ ਜੰਗੀਰ ਫੌਜੀ ਵਾਲੀ ਗਲੀ ਵਿੱਚ ਮੀਂਹ ਕਾਰਨ ਇੱਕ ਮਕਾਨ ਦੀ ਛੱਤ ਡਿੱਗ ਪਈ ਛੱਤ ਡਿੱਗਣ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਕਿਉਂਕਿ ਛੱਤ ਪਹਿਲਾਂ ਹੀ ਮਾੜੀ ਹਾਲਤ ’ਚ ਸੀ ਤੇ ਮੀਂਹ ਕਾਰਨ ਪਰਿਵਾਰ ਕਿਤੇ ਕਿਰਾਏ ਲਈ ਮਕਾਨ ਦੇਖਣ ਲਈ ਗਿਆ ਹੋਇਆ ਸੀ ਤੇ ਇਸ ਦੌਰਾਨ ਬੱਚੇ ਬਾਹਰ ਖੇਡ ਰਹੇ ਸਨ।

ਪਾਣੀ ’ਚ ਕਰੰਟ ਆਉਣ ਨਾਲ ਬੱਚੇ ਦੀ ਮੌਤ

ਸ਼ਹਿਰ ਦੇ ਪਰਸਰਾਮ ਨਗਰ ਗਲੀ ਨੰਬਰ 7/4 ’ਚ ਇੱਕ ਦਿਹਾੜੀ-ਮਜ਼ਦੂਰੀ ਕਰਨ ਵਾਲੇ ਪਰਿਵਾਰ ਦਾ ਬੱਚਾ ਗੌਤਮ (16-17 ਸਾਲ) ਮੀਂਹ ਤੋਂ ਬਾਅਦ ਪਾਣੀ ’ਚੋਂ ਬੋਤਲਾਂ ਚੁੱਕ ਰਿਹਾ ਸੀ ਇਸੇ ਦੌਰਾਨ ਉਸਨੂੰ ਕਰੰਟ ਲੱਗਣ ਨਾਲ ਉਸਦੀ ਮੌਤ ਹੋ ਗਈ ਮ੍ਰਿਤਕ ਦਾ ਇੱਕ ਛੋਟਾ ਭਰਾ ਵੀ ਉਸ ਦੇ ਨਾਲ ਹੀ ਸੀ ਜੋ ਉਸ ਨੂੰ ਰੇਹੜੀ ਵਿੱਚ ਪਾ ਕੇ ਲਿਆਇਆ ਮੈਡੀਕਲ ਜਾਂਚ ਦੌਰਾਨ ਡਾਕਟਰ ਨੇ ਬੱਚੇ ਨੂੰ ਮਿ੍ਰਤਕ ਐਲਾਨ ਦਿੱਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।