ਆਖ਼ਰ ਕਮੀ ਕਿੱਥੇ ਰਹਿ ਗਈ…

Finally, Deficiency, Remains

ਬਿੱਟੂ ਜਖੇਪਲ

ਕੁਝ ਦਿਨ ਪਹਿਲਾਂ ਵਟਸਐਪ ‘ਤੇ ਇੱਕ ਮੈਸੇਜ਼ ਆਇਆ ਕਿ ਇੱਕ ਮੁੰਡਾ ਆਪਣੇ ਸਾਥੀ ਨੂੰ ਕਹਿ ਰਿਹਾ ਸੀ ਕਿ ‘ਯਾਰ ਰਾਤੀਂ ਨੈੱਟ ਪੈਕ ਖ਼ਤਮ ਹੋ ਗਿਆ ਵਕਤ ਗੁਜ਼ਾਰਨ ਲਈ ਮੈਂ ਭੈਣ-ਭਰਾਵਾਂ ਨਾਲ ਗੱਲ ਕਰਨ ਲੱਗ ਪਿਆ ਬੜੇ ਚੰਗੇ ਬੰਦੇ ਲੱਗੇ ਯਾਰ ਉਹ’  ਮੈਸੇਜ਼ ਪੜ੍ਹ ਕੇ ਲੱਗਾ ਕਿ ਇਹ ਗੱਲ ਕਿਸੇ ਹੋਰ ਗ੍ਰਹਿ ਦੀ ਹੋਵੇਗੀ ਅਜਿਹਾ ਵਰਤਾਰਾ ਇਸ ਧਰਤੀ ‘ਤੇ ਨਹੀਂ ਵਾਪਰ ਸਕਦਾ, ਤੇ ਖ਼ਾਸਕਰ ਹਿੰਦੁਸਤਾਨ ਵਿੱਚ ਵਿਗਿਆਨਕ ਤੇ ਧਾਰਮਿਕ ਪੱਖੋਂ ਜੋ ਰੁਤਬਾ ਹਿੰਦੁਸਤਾਨ ਰੱਖਦਾ ਹੈ, ਉਹ ਕਿਸੇ ਹੋਰ ਮੁਲਕ ਦੇ ਹਿੱਸੇ ਨਹੀਂ ਆਉਂਦਾ ਮਸ਼ੀਨੀ ਯੁੱਗ ਦੇ ਦੌਰ ‘ਚ ਅਸੀਂ ਅਰਥ ਵਿਵਸਥਾ ਵਜੋਂ ਸਥਾਪਿਤ ਦੇਸ਼ਾਂ ਦੀ ਰੀਸ ਕਰਨ ਲੱਗ ਪਏ ਹਾਂ, ਇਸ ਗੱਲ ‘ਚ ਕੋਈ ਦੋ ਰਾਇ ਨਹੀਂ ਸਾਡਾ ਸੱਭਿਆਚਾਰ ਵੀ ਹੋਰਨਾ ਮੁਲਕਾਂ ਨਾਲੋਂ ਅਮੀਰ ਹੈ, ਇਸਦੀ ਤਾਂ ਤੁਲਨਾ ਕਰਨੀ ਹੀ ਨਹੀਂ ਬਣਦੀ ਸੰਗ, ਸ਼ਰਮ, ਸੱਭਿਆਚਾਰ, ਰਹਿਣੀ-ਸਹਿਣੀ, ਬੋਲਚਾਲ, ਸਲੀਕਾ ਤੇ ਵਰਤਾਰੇ ਪੱਖੋਂ ਜਿਹੜਾ ਸਥਾਨ ਸਾਡੇ ਹਿੱਸੇ ਆਇਆ ਹੈ, ਉਹ ਕਿਸੇ ਹੋਰ ਕਰਕੇ ਨਹੀਂ ਸਗੋਂ ਗੁਰੂਆਂ-ਪੀਰਾਂ ਦੀਆਂ ਪਵਿੱਤਰ ਸਿੱਖਿਆਵਾਂ, ਬਜ਼ੁਰਗਾਂ ਦੀ ਗੁੜ੍ਹਤੀ ਅਤੇ ਅਮੀਰ ਵਿਰਸੇ ਦੀ ਬਦੌਲਤ ਆਇਆ ਹੈ ।

ਅਜੋਕੇ ਦੌਰ ‘ਚ ਰੰਗ-ਢੰਗ ਬਦਲ ਗਏ ਹਨ ਨਵੇਂ ਪੋਚ ਦੀ ਸੋਚ ਨੇ ਸੇਵਾ-ਸਤਿਕਾਰ ਦੀ ਲਗਭਗ ਫੱਟੀ ਹੀ ਪੋਚ ਦਿੱਤੀ ਹੈ ਜਦੋਂ ਚਾਰ ਦਮੜੀਆਂ ਕਮਾਉਣ ਨੂੰ ਹੀ ਤਰੱਕੀ ਦਾ ਮਾਪਦੰਡ ਤੈਅ ਕਰ ਲਿਆ ਜਾਵੇ, ਫਿਰ ਸੋਚ ਤਾਂ ਹਾਸ਼ੀਏ ‘ਤੇ ਆਵੇਗੀ ਹੀ ਜਵਾਨੀ ਨੇ ਸਿਰਫ ਤੇ ਸਿਰਫ਼ ਸੂਟ-ਬੂਟ ਦਾ ਰੂਟ ਫੜ੍ਹ ਲਿਆ ਹੈ ਭਾਈ! ਪਹਿਲਾਂ ਵੀ ਇਹ ਚੀਜ਼ਾਂ ਹੁੰਦੀਆਂ ਸਨ ਪਰ ਲੋਕ ਬੰਦੇ ਨੂੰ ਬੰਦਾ ਗਿਣਦੇ ਸਨ ਇਨਸਾਨਾਂ ਦੀ ਕਦਰ ਸੀ, ਇਨਸਾਨੀਅਤ ਦੀ ਕਦਰ ਸੀ, ਦਿਲੋਂ ਸਤਿਕਾਰ ਤੇ ਪਿਆਰ ਮਿਲਦਾ ਸੀ, ਅੱਜ ਵਾਂਗੂੰ ਨਹੀਂ ਕਿ ਮਾਂ-ਬਾਪ ਨੂੰ ਖੁਦ ਆਪਣੀ ਔਲਾਦ ਨੂੰ ਕਹਿਣਾ ਪੈਂਦਾ ਹੈ ‘ਕਾਕਾ! ਇਹ ਤੇਰੇ ਮਾਸੜ ਜੀ ਨੇ, ਇਹਨਾਂ ਨੂੰ ਸਤਿ ਸ੍ਰੀ ਅਕਾਲ ਬੁਲਾਓ’ ਅੱਗੋਂ ਕਾਕੇ ਹੁਰੀਂ ਬੁੱਸੇ ਜਿਹੇ ਮੂੰਹ ਨਾਲ ਅਜਿਹੀ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ ਕਿ ਬੰਦਾ ਮਨ ਹੀ ਮਨ ਕਹਿੰਦਾ ਹੈ ਕਿ ਇਸ ਤੋਂ ਚੰਗਾ ਸੀ ਨਾ ਹੀ ਬੁਲਾਉਂਦਾ।

ਇਹ ਪੱਛਮੀ ਸੱਭਿਅਤਾ ਦਾ ਪਰਛਾਵਾਂ ਨਹੀਂ ਤਾਂ ਹੋਰ ਕੀ ਹੈ ਆਪਣੀ ਮਾਂ-ਬੋਲੀ ਨੂੰ ਵਿਸਾਰਨਾ ਆਪਣੇ ਪੈਰਾਂ ‘ਤੇ ਆਪ ਕੁਹਾੜਾ ਮਾਰਨ ਵਾਲੀ ਗੱਲ ਹੈ ਸਾਡੀ ਜਵਾਨੀ ਅੱਜ-ਕੱਲ੍ਹ ਪੈਰ ਬਾਹਰ ਨੂੰ ਪੁੱਟ ਰਹੀ ਹੈ ਤੇ ਤਰੱਕੀਆਂ ਵੀ ਫੁੱਲ ਮਿਲ ਰਹੀਆਂ ਹਨ, ਮਾਣ-ਸਨਮਾਨਾਂ ਨਾਲ ਪੰਜਾਬੀਆਂ ਦੀ ਬੱਲੇ-ਬੱਲੇ ਹੋਈ ਪਈ ਹੈ, ਪਰ ਆਪਣੀ ਮਾਂ-ਬੋਲੀ ਨੂੰ ਢਾਹ ਲਾ ਕੇ ਕਦੇ ਤਰੱਕੀਆਂ ਜ਼ਿਆਦਾ ਸਮੇਂ ਲਈ ਘਰ ਨੀ ਕਰ ਸਕਦੀਆਂ, ਮਾਂ-ਬੋਲੀ ਕਿਤੇ ਕਾਗਜ਼ਾਂ ਜਾਂ ਫਿਰ ਛੋਟੇ-ਮੋਟੇ ਸਮਾਗਮਾਂ ਤੱਕ ਸੀਮਤ ਨਾ ਰਹਿ ਜਾਵੇ ਡਰ ਲੱਗਦੈ ਕਿਤੇ ਆਪਣਾ ਵਜੂਦ ਅਸੀਂ ਆਪ ਨਾ ਗੁਆ ਬੈਠੀਏ ।

 ਪਿੱਛੇ ਜਿਹੇ ਮੈਨੂੰ ਕਿਸੇ ਰਿਸ਼ਤੇਦਾਰੀ ‘ਚ ਜਾਣਾ ਪਿਆ, ਰਿਸ਼ਤਿਆਂ ਦੀ ਕਦਰ ਕਰਨ ਵਾਲੇ ਬਜ਼ੁਰਗਾਂ ਨੇ ਸਾਨੂੰ ਬੜੇ ਇੱਜ਼ਤ-ਮਾਣ ਨਾਲ ਚਾਹ-ਪਾਣੀ ਪੁੱÎਛਿਆ ਤੇ ਚੰਗੀ ਸੇਵਾ ਵੀ ਕੀਤੀ ਘਰ ਬਾਰੇ ਹਾਲ-ਚਾਲ ਪੁੱਛਿਆ, ਰਿਸ਼ਤੇਦਾਰਾਂ ਨੇ ਆਪਣੇ ਬੱਚਿਆਂ ਬਾਰੇ ਵੀ ਦੱਸਿਆ, ਕੀ ਇਹ ਫਲਾਣੀ ਜਮਾਤ ‘ਚ ਹੋ ਗਿਆ ਤੇ ਗੁੱਡੀ ਇਸ ਜਮਾਤ ‘ਚ ਵੀ ਹੋ ਗਈ ਕਾਨਵੈਂਟ ਸਕੂਲਾਂ ਦੀਆਂ ਫੀਸਾਂ ਨੇ ਕਚੂੰਮਰ ਕੱਢਿਆ ਪਿਐ ਚੱਲੋ ਹੋਰ ਤਾਂ ਕੀ ਐ ਭਾਈ! ਬੱਚਿਆਂ ਦੀ ਜੂਨ ਸੁਧਰ ਜੇ ਸਾਡੀ ਜਿੰਦਗੀ ਤਾਂ ਜਿਵੇਂ-ਕਿਵੇਂ ਲੰਘ ਗਈ ਠੀਕ ਹੈ ਇਹ ਤਾਂ ਆਪਣੀ ਜਿੰਦਗੀ ਬਣਾ ਲੈਣ ਇਸੇ ਕਰਕੇ ਪੜ੍ਹਾਈ ਪੱਖੋਂ ਕੋਈ ਕਮੀ ਨਾ ਰਹੇ ਅਸੀਂ ਤਾਂ ਲਹੂ-ਪਾਣੀ ਇੱਕ ਕਰੀ ਜਾਨੇ ਆਂ ਕੋਈ ਵੀ ਮਾਂ-ਬਾਪ ਆਪਣੀ ਔਲਾਦ ਨੂੰ ਮਾੜੇ ਸੰਸਕਾਰ ਜਾਂ ਕਹਿ ਲਵੋ ਮਾੜੀ ਨਸੀਹਤ ਨਹੀਂ ਦਿੰਦਾ ਹਰ ਕੋਈ ਇਹੀ ਕਹਿੰਦੈ ਕਿ ਉਸਦਾ ਬੱਚਾ ਉਸਦੀ ਔਲਾਦ ਭਲੀਮਾਣਸ ਹੋਵੇ, ਪਰ ਇਹ ਸਭ ਸਿਸਟਮ ਦੇ ਉਲਟ ਜਿਹਾ ਹੁੰਦਾ ਜਾ ਰਿਹਾ, ਅਸੀਂ ਕਾਫੀ ਸਮਾਂ ਗੱਲਾਂ-ਬਾਤਾਂ ਕਰਦੇ ਰਹੇ, ਪਰ ਹੱਦ ਤਾਂ ਉਸ ਵੇਲੇ ਹੋਈ, ਜਦ ਬੱਚੇ ਨੂੰ ਉਸਦੀ ਮਾਂ ਨੇ ਕਿਹਾ ਕਿ ਫੁੱਫੜ ਜੀ  ਆਏ, ਆ ਕੇ ਮਿਲ ਲਓ ਪੁੱਤ, ਫਿਰ ਇਹਨਾਂ ਨੇ ਜਾਣਾਂ ਵੀ ਆ ਪਰ ਕਾਕਾ ਜੀ ਅੰਦਰ ਬੈਠਕ ‘ਚ ਬੈਠੇ ਨੀਲੀ ਸਕਰੀਨ ‘ਤੇ ਅੱਖਾਂ ਟਿਕਾਈ ਕਾਫ਼ੀ ਸਮੇਂ ਦੇ ਲੱਗੇ ਹੋਏ ਸਨ ਇਕੱਲੇ ਅੰਦਰੋਂ-ਅੰਦਰੀਂ ਹਾਸਾ ਚੁੱਕ ਰਹੇ ਸਨ, ਜਿਵੇਂ ਅੰਦਰ ਉਹ ਕਈ ਜਣੇ ਹੋਣ ਉਸਦਾ ਜਵਾਬ ਸੀ, ਹਾਲੇ ਤਾਂ ਮੈਂ ਮੈਸੇਜ ਕਰੀ ਜਾਨੈ ਮੇਰੇ ਕੋਲ ਟਾਈਮ ਨੀ, ਫੁੱਫੜ ਜੀ ਹੋਰੀਂ ਕਿਹੜਾ ਵਲੈਤ ਚੱਲੇ ਨੇ ਉਹਨੇ ਤਾਂ ਮਜ਼ਾਕੀਆ ਲਹਿਜੇ ‘ਚ ਬੋਲ’ਤਾ ਪਰ ਮੈਨੂੰ ਇਹ ਗੱਲ ਬੜੀ ਚੁਭੀ ਬੜੀ ਸ਼ਰਮ ਦੀ ਗੱਲ ਰਹੀ ਜੋ ਪਰਿਵਾਰਕ ਮੈਂਬਰ ਕਾਨਵੈਂਟ ਸਕੂਲ ਦੀਆਂ ਗੱਲਾਂ ਰਹੇ ਸਨ, ਹਾਈ ਲੈਵਲ ਪੜ੍ਹਾਈ ਦੀਆਂ ਗੱਲਾਂ ਕਰ ਰਹੇ ਸਨ, ਮਹਿੰਗੀਆਂ ਪੜ੍ਹਾਈਆਂ ਕਰਵਾ ਕੇ ਮਾਪਿਆਂ ਨੂੰ ਮਾਣ ਮਹਿਸੂਸ ਹੋ ਰਿਹਾ ਸੀ ਉਸਦੀ ਕੁਝ ਮਿੰਟਾਂ ‘ਚ ਹੀ ਫੂਕ ਨਿੱਕਲ ਗਈ ।

ਕਿਤੇ ਪਹਿਲਿਆਂ ਸਮਿਆਂ ਦੀ ਗੱਲ ਕਰੀਏ ਤਾਂ ਪਹਿਲਾਂ ਰਿਸ਼ਤੇਦਾਰ ਕੋਈ ਵੀ ਦੂਰੋਂ-ਨੇੜਿਓਂ ਆਉਂਦਾ ਤਾਂ ਸਾਰਾ ਟੱਬਰ ਉਸ ਦੇ ਦੁਆਲੇ ਆ ਬਹਿੰਦਾ ਸੀ ਦੁੱਖ-ਸੁੱਖ ਹੁੰਦੇ ਹਾਸਾ-ਠੱਠਾ ਹੁੰਦਾ ਪਰ ਅੱਜ ਦੀ ਜਵਾਨੀ ਦਾ ਰਿਸ਼ਤੇਦਾਰਾਂ ਨਾਲੋਂ ਨੀਲੀ ਸਕਰੀਨ ਨਾਲ ਜ਼ਿਆਦਾ ਮੋਹ ਪੈ ਗਿਆ ਹੈ ਬੱਚੇ ਵਿੱਚ ਲਾਪ੍ਰਵਾਹੀ, ਸੰਸਕਾਰਾਂ ਦੀ ਘਾਟ ਅਤੇ ਕੋਰੇ ਜਵਾਬ ਨੇ ਮੇਰੇ ਮਨ ‘ਚ ਕਈ ਸਵਾਲ ਖੜ੍ਹੇ ਕਰ ਦਿੱਤੇ ਕਿ ਉਸ ਨੂੰ ਇਸ ਮੋੜ ‘ਤੇ ਲਿਆਉਣ ਵਾਲਾ ਕੌਣ ਸੀ? ਸੰਸਕਾਰਾਂ ਦੀ ਘਾਟ, ਪੱਛਮੀ ਸੱਭਿਆਚਾਰ ਦਾ ਪਰਛਾਵਾਂ ਜਾਂ ਫਿਰ ‘ਮਹਿੰਗੀ ਪੜ੍ਹਾਈ’? ਆਖ਼ਰ ਕਮੀ ਕਿੱਥੇ ਰਹਿ ਗਈ…?

ਸੰਗਰੂਰ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।