ਲੋਕ ਸਭਾ ਹਲਕਾ ਫਿਰੋਜ਼ਪੁਰ ’ਚ ਚੋਣਾਂ ਦੀਆਂ ਸਰਗਰਮੀਆਂ ਸ਼ੁਰੂ
(ਰਜਨੀਸ਼ ਰਵੀ) ਫਾਜ਼ਿਲਕਾ। ਲੋਕ ਸਭਾ ਦੀਆਂ ਚੋਣਾਂ ਨੇੜੇ ਆਉਂਦੀਆਂ ਹੀ ਸਿਆਸੀ ਆਗੂਆਂ ਵੱਲੋਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ ਭਾਵੇਂ ਅਜੇ ਨਾ ਤਾਂ ਚੋਣ ਕਮਿਸ਼ਨਰ ਵੱਲੋਂ ਕੋਈ ਪ੍ਰੋਗਰਾਮ ਜਾਰੀ ਕੀਤਾ ਗਿਆ ਅਤੇ ਨਾ ਹੀ ਅਧਿਕਾਰਿਤ ਰੂਪ ਵਿੱਚ ਸਿਆਸੀ ਪਾਰਟੀਆਂ ਵੱਲੋਂ ਉਮੀਦਵਾਰਾਂ ਦੀ ਚੋਣ ਸਬੰਧੀ ਐਲਾਨ ਹੋਇਆ ਹੈ। ਫਿਰ ਵੀ ਹਲਕੇ ਸ਼ੁਰੂ ਹੋਈਆਂ ਸਿਆਸੀ ਸਰਗਰਮੀਆਂ ਦੀ ਗਰਮਾਹਟ ਦੇਖੀ ਜਾ ਸਕਦੀ ਹੈ । Ferozepur News
ਉਥੇ ਤਿੰਨ ਜ਼ਿਲ੍ਹਿਆਂ ਵਿੱਚ ਫੈਲਿਆ ਹੋਇਆ, ਜਿਸ ਵਿੱਚ ਜ਼ਿਲ੍ਹਾ ਫਿਰੋਜ਼ਪੁਰ ਤੋਂ ਇਲਾਵਾ ਫਾਜ਼ਿਲਕਾ ਅਤੇ ਸ੍ਰੀ ਮੁਕਤਸਰ ਸਾਹਿਬ ਆਉਂਦੇ ਹਨ। ਸਿਆਸੀ ਰੂਪ ਵਿੱਚ ਇਸ ਲਈ ਹੀ ਲਈ ਵੀ ਅਹਿਮ ਕਿਹਾ ਜਾ ਸਕਦਾ ਹੈ ਕਿ ਇਸ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਮੌਜ਼ੂਦਾ ਲੋਕ ਸਭਾ ਦੇ ਮੈਂਬਰ ਹਨ ਅਤੇ ਭਾਜਪਾ ਪ੍ਰਧਾਨ ਸੁਨੀਲ ਜਾਖੜ ਵੀ ਇਸੇ ਪਾਰਲੀਮੈਂਟ ਹਲਕੇ ਦੇ ਅਬੋਹਰ ਦੇ ਵਸਨੀਕ ਹਨ ਅਤੇ ਉਹ ਵੀ ਫਿਰੋਜ਼ਪੁਰ ਤੋਂ ਪਾਰਲੀਮੈਂਟ ਦੀ ਚੋਣ ਲੜ ਚੁੱਕੇ ਹਨ। ਇਸ ਵਕਤ ਜਿੱਥੇ ਲੀਡਰਾਂ ਦੀ ਦਲ ਬਦਲੀ ਦੀਆਂ ਅਫਵਾਹਾਂ ਦਾ ਬਾਜ਼ਾਰ ਗਰਮ ਹੈ, ਉੱਥੇ ਆਮ ਆਦਮੀ ਪਾਰਟੀ ਲਈ ਇਸ ਸੀਟ ਦੇ ਦਾਅਵੇਦਾਰਾਂ ਦੀ ਭਰਮਾਰ ਵੀ ਚਰਚਾ ਵਿੱਚ ਹੈ।
ਲਗਭਗ ਦਰਜਨ ਦੇ ਕਰੀਬ ਆਗੂਆਂ ਨੇ ਆਪਣੀ ਦਾਅਵੇਦਾਰੀ ਠੋਕਦਿਆਂ ਸੜਕਾਂ ਫਲੈਕਸ ਬੋਰਡਾਂ ਨਾਲ ਭਰ ਦਿੱਤੀਆਂ ਗਈਆਂ
ਲਗਭਗ ਦਰਜਨ ਦੇ ਕਰੀਬ ਆਗੂਆਂ ਨੇ ਆਪਣੀ ਦਾਅਵੇਦਾਰੀ ਠੋਕਦਿਆਂ ਪਾਰਲੀਮੈਂਟ ਹਲਕੇ ਦੇ ਤਿੰਨ ਜ਼ਿਲ੍ਹਿਆਂ ਦੀਆਂ ਸੜਕਾਂ ਫਲੈਕਸ ਬੋਰਡਾਂ ਨਾਲ ਭਰ ਦਿੱਤੀਆਂ ਗਈਆਂ ਹਨ। ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਕੇਵਲ ਫਲੈਕਸ ਬੋਰਡ ਲਗਾਉਣ ਤੱਕ ਸੀਮਤ ਨਹੀਂ ਹਨ, ਸਗੋਂ ਇੱਕ ਆਗੂ ਅੰਗਰੇਜ਼ ਸਿੰਘ ਫੌਜੀ ਵੱਲੋਂ ਤਾਂ ਬਕਾਇਦਾ ਪ੍ਰਚਾਰ ਵੀ ਸ਼ੁਰੂ ਕਰਦਿਆਂ ਆਪਣੇ ਸਮੱਰਥਕਾਂ ਨਾਲ ਪਿੰਡ-ਪਿੰਡ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਹਨ। Ferozepur News
ਇਸ ਹਲਕੇ ਵਿੱਚ ਜੇਕਰ ਭਾਜਪਾ ਦੀ ਸਥਿਤੀ ਵੱਲ ਧਿਆਨ ਮਾਰੀਏ ਤਾਂ ਉਹ ਗੁੰਝਲਦਾਰ ਬਣੀ ਹੋਈ ਹੈ ਸੁਨੀਲ ਜਾਖੜ ਦੇ ਭਾਜਪਾ ਵਿੱਚ ਚਲੇ ਜਾਣ ਤੋਂ ਬਾਅਦ ਜ਼ਿਲ੍ਹਾ ਫਾਜ਼ਿਲਕਾ ਦੇ ਉਹਨਾਂ ਦੇ ਗਰੁੱਪ ਵੱਲੋਂ ਵੀ ਕਾਂਗਰਸ ਛੱਡੀ ਜਾ ਚੁੱਕੀ ਹੈ ਜਿਮਨੀ ਚੋਣਾਂ ਜਿੱਤ ਕੇ ਆਪਣੀਆਂ ਸਮਾਜ ਸੇਵੀ ਸਰਗਰਮੀਆਂ ਦੇ ਕਾਰਨ ਚਰਚਾ ਵਿੱਚ ਆਏ ਰਮਿੰਦਰ ਆਵਲਾ ਬਾਰੇ ਵੀ ਇਹ ਚਰਚਾ ਸੋਸ਼ਲ ਮੀਡੀਆ ਵਿੱਚ ਚੱਲ ਰਹੀ ਹੈ ਕਿ ਭਾਜਪਾ ਚ ਸ਼ਾਮਲ ਹੋ ਕੇ ਚੋਣ ਲੜਨਗੇ। ਕਿਉਂਕਿ ਉਨ੍ਹਾਂ ਨੂੰ ਵੀ ਸੁਨੀਲ ਜਾਖੜ ਦੇ ਕਰੀਬੀਆਂ ’ਚੋਂ ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ: Sweet Home : ਕੀ ਤੁਸੀਂ ਵੀ ਚਾਹੁੰਦੇ ਹੋ ਆਪਣਾ ਸੁਪਨਿਆਂ ਦਾ ਘਰ, ਤਾਂ ਇੰਜ ਬਣਾਓ ਰਣਨੀਤੀ…
ਦੂਜੇ ਪਾਸੇ ਭਾਜਪਾ ਵਿੱਚ ਵੀ ਅੰਦਰ ਖਾਤੇ ਇਸ ਸਿਆਸੀ ਤਿਕੜਮਬਾਜ਼ੀ ਦਾ ਵਿਰੋਧ ਸ਼ੁਰੂ ਹੁੰਦਾ ਦਿਖਾਈ ਦਿੰਦਾ ਹੈ। ਕਿਉਂਕਿ ਕਾਂਗਰਸ ਤੋਂ ਭਾਜਪਾਈ ਬਣੇ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਵੀ ਇਸ ਪਾਰਲੀਮੈਂਟ ਹਲਕੇ ਦੇ ਚੋਣ ਲਈ ਦਾਅਵਾਦਾਰੀ ਕੀਤੇ ਜਾਣ ਦੀਆਂ ਸੰਭਾਵਨਾ ਬਣ ਗਈਆਂ ਹਨ। ਗੁਰਮੀਤ ਸਿੰਘ ਸੋਢੀ ਚਾਰ ਵਾਰ ਦੇ ਵਿਧਾਇਕ ਅਤੇ ਸਾਬਕਾ ਵਜ਼ੀਰ ਹਨ ਉਨ੍ਹਾਂ ਦੇ ਸਮੱਰਥਕਾਂ ਵੱਲੋਂ ਪਾਰਲੀਮੈਂਟ ਚੋਣਾਂ ਲਈ ਤਿਆਰੀਆਂ ਆਰੰਭਣ ਦੀਆਂ ਸੂਚਨਾਵਾਂ ਮਿਲ ਰਹੀਆਂ ਹਨ ਪਰ ਉਹਨਾਂ ਦੇ ਵੱਲੋਂ ਖੁੱਲ੍ਹ ਕੇ ਐਲਾਨ ਨਾ ਕਰਨ ਪਿੱਛੇ ਸਿਆਸੀ ਮਜ਼ਬੂਰੀ ਦੱਸੀ ਜਾ ਰਹੀ ਹੈ ਕਿ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਸੁਨੀਲ ਜਾਖੜ ਵਿੱਚ ਰਿਹਾ 36 ਦਾ ਅੰਕੜਾ ਜੱਗ ਜ਼ਾਹਿਰ ਹੈ।
ਇਸ ਦੇ ਨਾਲ ਹੀ ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੂੰ ਪਾਰਲੀਮੈਂਟ ਹਲਕਾ ਫਿਰੋਜ਼ਪੁਰ ਤੋਂ ਉਮੀਦਵਾਰ ਬਣਾਏ ਜਾਣ ਦੀ ਵੀ ਮੰਗ ਉੱਠਣ ਲੱਗੀ ਹੈ ਉਨ੍ਹਾਂ ਦੇ ਸਮੱਰਥਕਾਂ ਦਾ ਕਹਿਣਾ ਹੈ ਕਿ ਇਸ ਸੀਟ ਲਈ ਸਭ ਤੋਂ ਮਜਬੂਤ ਦਾਵੇਦਾਰ ਸੁਰਜੀਤ ਕੁਮਾਰ ਜਿਆਣੀ ਹਨ, ਉਨ੍ਹਾਂ ਜ਼ਿਲ੍ਹਾ ਫਾਜ਼ਿਲਕਾ ਅਤੇ ਪੰਜਾਬ ਵਿੱਚ ਪਾਰਟੀ ਨੂੰ ਸਟੈਂਡ ਕਰਨ ਵਿੱਚ 30 ਸਾਲਾ ਯੋਗਦਾਨ ਹੈ ਉਹ ਪਾਰਲੀਮੈਂਟ ਅਤੇ ਵਿਧਾਨ ਸਭਾ ਫਾਜਿਲਕਾ ਤੋਂ ਚੋਣਾਂ ਲੜ ਚੁੱਕੇ ਹਨ।
ਇਹ ਸੀਟ ਪਿਛਲੇ 30 ਸਾਲਾਂ ਤੋਂ ਅਕਾਲੀ ਦਲ ਦੀ ਪੱਕੀ ਸੀਟ
ਜਿਥੋਂ ਤੱਕ ਅਕਾਲੀ ਦਲ ਦਾ ਸਬੰਧ ਹੈ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇੱਥੋਂ ਮੌਜੂਦਾ ਸਾਂਸਦ ਹਨ ਅਤੇ ਇਹ ਪਾਰਲੀਮੈਂਟ ਹਲਕਾ ਅਕਾਲੀ ਦਲ ਦੇ ਵੱਕਾਰ ਦਾ ਸਵਾਲ ਵੀ ਹੈ, ਦੂਜੇ ਪਾਸੇ ਭਵਿੱਖ ਵਿੱਚ ਕਿਸੇ ਸਿਆਸੀ ਪਾਰਟੀ ਨਾਲ ਹੋਣ ਵਾਲੇ ਸਮਝੌਤੇ ਵਿੱਚ ਵੀ ਅਕਾਲੀ ਦਲ ਮਾਲਵੇ ਦੀ ਇਸ ਸੀਟ ’ਤੇ ਆਪਣਾ ਦਾਅਵਾ ਛੱਡਣ ਨੂੰ ਤਿਆਰ ਨਹੀਂ ਅਕਾਲੀ ਦਲ ਦੇ ਸੀਨੀਅਰ ਆਗੂਆਂ ਦਾ ਕਹਿਣਾ ਕਿ ਇਹ ਸੀਟ ਪਿਛਲੇ 30 ਸਾਲਾਂ ਤੋਂ ਅਕਾਲੀ ਦਲ ਦੀ ਪੱਕੀ ਸੀਟ ਹੈ ।
ਕਾਂਗਰਸ ਸਥਿਤੀ ਕੋਈ ਬਹੁਤੀ ਚੰਗੀ ਨਹੀਂ (Ferozepur News)
ਕਾਂਗਰਸ ਦੀ ਗੱਲ ਕਰੀਏ ਤੇ ਕਾਂਗਰਸ ਸਥਿਤੀ ਕੋਈ ਬਹੁਤੀ ਚੰਗੀ ਨਹੀਂ ਕਿਉਂਕਿ ਸੁਨੀਲ ਜਾਖੜ ਆਪਣਾ ਗਰੁੱਪ ਲੈ ਕੇ ਕਾਂਗਰਸ ਛੱਡ ਚੁੱਕੇ ਹਨ। ਇਸੇ ਤਰ੍ਹਾਂ ਰਾਣਾ ਗੁਰਮੀਤ ਸਿੰਘ ਸੋਢੀ ਗੁਰੂਹਰਸਹਾਏ ਵੀ ਭਾਜਪਾ ਚ ਸ਼ਾਮਲ ਹੋ ਚੁੱਕੇ ਹਨ ਜਿੱਥੋਂ ਤੱਕ ਰਵਿੰਦਰ ਆਵਲਾ ਦਾ ਸਬੰਧ ਹੈ, ਉਨ੍ਹਾਂ ਬਾਰੇ ਵੀ ਤਰ੍ਹਾਂ ਤਰ੍ਹਾਂ ਦੀਆਂ ਅਫਵਾਹਾਂ ਦਾ ਬਾਜ਼ਾਰ ਗਰਮ ਹੈ। ਭਾਵੇਂ ਹੰਸ ਰਾਜ ਜੋਸਨ ਅਤੇ ਡਾ. ਮਹਿੰਦਰ ਰਿਣਵਾ ਅਕਾਲੀ ਦਲ ਛੱਡ ਕੇ ਕਾਂਗਰਸ ’ਚ ਵਾਪਸ ਆਏ ਹਨ ਪਰ ਉਨ੍ਹਾਂ ਦਾ ਮੌਜ਼ੂਦਾ ਕਾਂਗਰਸੀ ਆਗੂਆਂ ਨਾਲ ਤਾਲਮੇਲ ਅਜੇ ਬੈਠਦਾ ਨਜ਼ਰ ਨਹੀਂ ਆ ਰਿਹਾ ਜਿੱਥੇ ਭਾਜਪਾ ਪ੍ਰਧਾਨ ਸੁਨੀਲ ਜਾਖੜ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲਈ ਇਹ ਪਾਰਲੀਮੈਂਟ ਹਲਕਾ ਵਕਾਰ ਦਾ ਸਵਾਲ ਤਾਂ ਹੈ ਹੀ ਉਥੇ ਸੰਭਾਵੀ ਦਲਬਦਲੀ ਅਤੇ ਗੱਠਜੋੜ ਵੀ ਇਸ ਸੀਟ ਲਈ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰੇਗਾ।