ਸੱਚ ਕਹੂੰ ਨਿਊਜ਼, ਫਿਰੋਜ਼ਪੁਰ
ਪਿਛਲੇ ਸਮੇਂ ‘ਚ ਫਿਰੋਜ਼ਪੁਰ ਇਲਾਕੇ ‘ਚ ਹੋਈਆਂ ਕਈ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ 4 ਵਿਅਕਤੀਆਂ ਨੂੰ ਫਿਰੋਜ਼ਪੁਰ ਪੁਲਿਸ ਵੱਲੋਂ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ ਪੁਲਿਸ ਨੂੰ ਇਨ੍ਹਾਂ ਵਿਅਕਤੀਆਂ ਤੋਂ ਇੱਕ ਪਿਸਤੌਲ ਦੇਸੀ ਕੱਟਾ, 4 ਰੌਂਦ, 4 ਮੋਟਰਸਾਈਕਲ ਤੇ 8 ਵੱਖ-ਵੱਖ ਮਾਰਕੇ ਦੇ ਮੋਬਾਇਲ ਫੋਨ ਬਰਾਮਦ ਹੋਏ ਹਨ। ਇਸ ਸਬੰਧੀ ਪ੍ਰੈੱਸ ਕਾਨਫਰੰਸ ਦੌਰਾਨ ਐੱਸਪੀ (ਡੀ) ਬਲਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਫਿਰੋਜ਼ਪੁਰ ਪੁਲਿਸ ਵੱਲੋਂ ਲੁੱਟਾਂ-ਖੋਹਾਂ ਤੇ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਦੇ ਚਲਦਿਆਂ ਥਾਣਾ ਫਿਰੋਜ਼ਪੁਰ ਸਿਟੀ ਦੇ ਐੱਸਐੱਚਓ ਪੁਸ਼ਪਿੰਦਰਪਾਲ ਦੀ ਅਗਵਾਈ ‘ਚ ਏਐੱਸਆਈ ਸੁਖਚੈਨ ਸਿੰਘ ਸਮੇਤ ਪੁਲਿਸ ਪਾਰਟੀ ਬਜਾਜ ਡੇਅਰੀ ਕੋਲ ਖੜ੍ਹੇ ਸਨ।
ਇਸ ਦੌਰਾਨ ਪੁਲਿਸ ਨੇ ਸਰਵਨ ਸਿੰਘ ਉਰਫ ਲੰਮਾ ਪੁੱਤਰ ਸ਼ੇਰਾ ਤੇ ਜਿੰਦਰ ਪੁੱਤਰ ਬਰਕਤ ਵਾਸੀਅਨ ਲੂਥੜ ਨੂੰ ਸ਼ੱਕ ਦੇ ਅਧਾਰ ‘ਤੇ ਕਾਬੂ ਕਰਕੇ ਉਨ੍ਹਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ ਇੱਕ ਪਿਸਤੌਲ ਦੇਸੀ ਕੱਟਾ 12 ਬੋਰ, 4 ਜਿੰਦਾ ਰੌਂਦ ਤੇ ਇੱਕ ਚੋਰੀ ਦਾ ਮੋਟਰਸਾਈਕਲ ਬਰਾਮਦ ਹੋਇਆ ਤਾਂ ਜਦ ਉਹਨਾਂ ਤੋਂ ਹੋਰ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਤੋਂ ਇੱਕ ਹੋਰ ਚੋਰੀ ਕੀਤਾ ਮੋਟਰਸਾਈਕਲ ਤੇ 4 ਖੋਹੇ ਹੋਏ ਮੋਬਾਇਲ ਬਰਾਮਦ ਹੋਏ। ਐੱਸਪੀ (ਡੀ) ਬਲਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਏਐੱਸਆਈ ਸ਼ਰਮਾ ਸਮੇਤ ਪੁਲਿਸ ਪਾਰਟੀ ਵੱਲੋਂ ਸਵੇਰੇ ਗਸ਼ਤ ਦੌਰਾਨ ਸ਼ੱਕ ਦੇ ਆਧਾਰ ‘ਤੇ ਅਕਾਸ਼ ਪੁੱਤਰ ਬਸੰਤ ਤੇ ਅਕਾਸ਼ ਪੁੱਤਰ ਦੇਸ ਰਾਜ ਵਾਸੀਅਨ ਬਸਤੀ ਸ਼ੇਖਾਂ ਵਾਲੀ ਫਿਰੋਜ਼ਪੁਰ ਸ਼ਹਿਰ ਨੂੰ ਕਾਬੂ ਕਰਕੇ ਉਹਨਾਂ ਦੀ ਤਲਾਸ਼ੀ ਲਈ ਗਈ ਤਾਂ ਉਹਨਾਂ ਕੋਲੋਂ 4 ਮੋਬਾਇਲ ਫੋਨ ਤੇ ਇੱਕ ਚੋਰੀ ਕੀਤਾ ਮੋਟਰਸਾਈਕਲ ਬਰਾਮਦ ਹੋਇਆ,
ਜਦ ਉਨ੍ਹਾਂ ਤੋਂ ਹੋਰ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਕੋਲੋਂ ਇੱਕ ਹੋਰ ਚੋਰੀ ਕੀਤਾ ਮੋਟਰਸਾਈਕਲ ਬਰਾਮਦ ਹੋਇਆ। ਐੱਸਪੀ (ਡੀ) ਨੇ ਦੱਸਿਆ ਕਿ ਇਹ ਵਿਅਕਤੀ ਫਿਰੋਜ਼ਪੁਰ ਦੇ ਇਲਾਕੇ ‘ਚ ਵੱਖ-ਵੱਖ ਥਾਵਾਂ ‘ਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੰਦੇ ਸਨ। ਫਿਲਹਾਲ ਪੁਲਿਸ ਨੇ ਉਕਤ ਚਾਰਾਂ ਵਿਅਕਤੀਆਂ ਖਿਲਾਫ਼ ਥਾਣਾ ਫਿਰੋਜ਼ਪੁਰ ਸਿਟੀ ‘ਚ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਥਾਣਾ ਲੱਖੋ ਕੇ ਬਹਿਰਾਮ ਪੁਲਿਸ ਵੱਲੋਂ ਵੀ ਅਸ਼ਵਨੀ ਲਾਲ ਪੁੱਤਰ ਪੰਨਾ ਲਾਲ ਵਾਸੀ ਮਮਦੋਟ ਨਾਂਅ ਦੇ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ 2 ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।