ਮਹਿਲਾ ਅਧਿਆਪਕ ਨੇ ਵਾਟਰਕੈਨਨ ’ਤੇ ਚੜ੍ਹ ਕੇ ਕੀਤਾ ਮੂੰਹ ਬੰਦ, ਦੋ ਬੇਰੀਕੇਡ ਤੋੜ ਚੰਡੀਗੜ੍ਹ ਪਹੁੰਚੇ

ਕੱਚੇ ਅਧਿਆਪਕਾਂ ਨਾਲ ਸਰਕਾਰ ਦੀ ਇੱਕ ਹਫਤੇ ਦੇ ਅੰਦਰ-ਅੰਦਰ ਹੋਵੇਗੀ ਫੈਸਲਾਕੁੰਨ ਮੀਟਿੰਗ

ਕੁਲਵੰਤ ਕੋਟਲੀ, ਮੋਹਾਲੀ। ਪਿਛਲੇ ਲੰਬੇ ਸਮੇਂ ਤੋਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਕੱਚੇ ਅਧਿਆਪਕਾਂ ਨੇ ਅੱਜ ਪੰਜਾਬ ਪੁਲਿਸ ਤੇ ਚੰਡੀਗੜ੍ਹ ਪੁਲਿਸ ਦੇ ਬੇਰੀਕੇਡ ਤੋੜ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਵੱਲ ਚਾਲੇ ਪਾ ਦਿੱਤੇ। ਅੱਜ ਵੱਡੀ ਗਿਣਤੀ ਇਕੱਠੇ ਹੋਏ ਅਧਿਆਪਕਾਂ ਨਾਲ ਮਾਰਚ ਕਰਨ ਤੋਂ ਪਹਿਲਾਂ ਮੋਹਾਲੀ ਦੇ ਡਿਪਟੀ ਕਮਿਸ਼ਨਰ ਅਤੇ ਐਸ ਐਸ ਪੀ ਵੱਲੋਂ ਅਧਿਆਪਕ ਆਗੂਆਂ ਨਾਲ ਗੱਲਬਾਤ ਕੀਤੀ ਗਈ, ਪਰ ਸਿਰੇ ਨਾ ਚੜ੍ਹੇ। ਪੁਲਿਸ ਦੇ ਬੇਰੀਕੇਡ ਤੋੜ ਕੇ ਜਦੋਂ ਅਧਿਆਪਕਾਂ ਨੇ ਅੱਗੇ ਵੱਧਣਾ ਸ਼ੁਰੂ ਕੀਤਾ ਤਾਂ ਚੰਡੀਗੜ੍ਹ ਪੁਲਿਸ ਵੱਲੋਂ ਪਾਣੀ ਦੀਆਂ ਵਾਛੜਾਂ ਕੀਤੀਆਂ ਗਈਆਂ।

ਇਸ ਦੌਰਾਨ ਇੱਕ ਅਧਿਆਪਕਾ ਤੇ ਇੱਕ ਹੋਰ ਅਧਿਆਪਕ ਨੇ ਹੌਂਸਲੇ ਨਾਲ ਵਾਟਰ ਕੈਨਨ ਉਤੇ ਚੜ੍ਹਕੇ ਪਾਣੀ ਦੀਆਂ ਵਾਛੜਾਂ ਬੰਦ ਕਰ ਦਿੱਤੀਆਂ। ਇਸ ਤੋਂ ਬਾਅਦ ਨਾਅਰੇਬਾਜ਼ੀ ਕਰਦੇ ਹੋਏ ਅਧਿਆਪਕ ਅੱਗੇ ਚੰਡੀਗੜ੍ਹ ਦਾਖਲ ਹੋ ਗਏ। ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਵੱਲੋਂ ਅਧਿਆਪਕ ਆਗੂਆਂ ਨਾਲ ਗਲਬਾਤ ਕਰਨ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓਐਸਡੀ ਕੈਪਟਨ ਸੰਦੀਪ ਸੰਧੂ ਨਾਲ ਮੀਟਿੰਗ ਕਰਵਾਈ ਗਈ। ਅਧਿਆਪਕ ਆਗੂਆਂ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਕੈਪਟਨ ਸੰਦੀਪ ਸੰਧੂ ਵੱਲੋਂ ਮੁੱਖ ਮੰਤਰੀ ਨਾਲ ਵੀ ਮੌਕੇ ਉਤੇ ਗੱਲਬਾਤ ਕੀਤੀ ਗਈ। ਮੀਟਿੰਗ ਵਿੱਚ ਤੈਅ ਹੋਇਆ ਕਿ ਹਫਤੇ ਦੇ ਅੰਦਰ ਅੰਦਰ ਅਧਿਆਪਕਾਂ ਨਾਲ ਮੀਟਿੰਗ ਕੀਤੀ ਜਾਵੇਗੀ, ਜੋ ਆਖਰੀ ਮੀਟਿੰਗ ਹੋਵੇਗੀ।

ਆਗੂਆਂ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਤੋਂ ਬਿਨਾਂ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੀ ਹੋਣਗੇ। ਆਗੂਆਂ ਨੇ ਕਿਹਾ ਕਿ ਇਸ ਮੀਟਿੰਗ ਵਿੱਚ ਕੋਈ ਨਾ ਕੋਈ ਹੱਲ ਜ਼ਰੂਰ ਨਿਕਲ ਸਕਦਾ ਹੈ। ਆਗੂਆਂ ਨੇ ਕਿਹਾ ਕਿ ਜੇਕਰ ਇਸ ਮੀਟਿੰਗ ਵਿੱਚ ਹੱਲ ਨਾ ਹੋਇਆ ਤਾਂ ਇਸ ਤੋਂ ਬਾਅਦ ਸਰਕਾਰ ਨਾਲ ਕੋਈ ਮੀਟਿੰਗ ਨਹੀਂ ਕੀਤੀ ਜਾਵੇਗੀ, ਸਰਕਾਰ ਵਿਰੁੱਧ ਫੈਸਲਾਕੁੰਨ ਸੰਘਰਸ਼ ਹੋਵੇਗਾ। ਆਗੂਆਂ ਨੇ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਅੱਗੇ ਚੱਲ ਰਿਹਾ ਪੱਕਾ ਧਰਨਾ ਜਿਉਂ ਦਾ ਤਿਉਂ ਚਲਦਾ ਰਹੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।