ਕਸਬੇ ਅੰਦਰ ਡੇਂਗੂ ਨਾਲ ਹੋ ਰਹੀਆਂ ਮੌਤਾਂ ਕਾਰਨ ਲੋਕਾਂ ‘ਚ ਸਹਿਮ

ਕੋਵਿਡ 19 ਦੇ ਨਾਲ ਨਾਲ ਡੇਂਗੂ ਬਾਰੇ ਸਾਵਧਾਨੀਆਂ ਵੀ ਬੇਹੱਦ ਜ਼ਰੂਰੀ : ਡਾ. ਅੰਜੂ ਸਿੰਗਲਾ

ਲੌਂਗੋਵਾਲ (ਹਰਪਾਲ)। ਕਸਬਾ ਲੌਂਗੋਵਾਲ ਵਿਖੇ ਜਿਥੇ ਪਿਛਲੇ ਦਿਨੀਂ ਇੱਕੋ ਪਰਿਵਾਰ ਦੇ ਤਿੰਨ ਜੀਆਂ ਦੀ ਡੇਂਗੂ ਕਾਰਨ ਮੌਤ ਹੋ ਗਈ ਹੈ ਉਥੇ ਹੀ ਲੌਂਗੋਵਾਲ ਵਿਖੇ ਡੇਂਗੂ ਨਾਲ ਅੱਜ ਚੌਥੀ ਮੌਤ ਹੋ ਜਾਣ ਕਾਰਨ ਇਲਾਕੇ ਦੇ ਲੋਕਾਂ ਅੰਦਰ ਭਾਰੀ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਹਾਲਾਂਕਿ ਸਿਹਤ ਵਿਭਾਗ ਨੇ ਇਹਨਾ ਮਰੀਜਾਂ ਦੀ ਡੇਂਗੂ ਨਾਲ ਮੌਤ ਹੋਣ ਸਬੰਧੀ ਅਜੇ ਤੱਕ ਕੋਈ ਪੁਸ਼ਟੀ ਨਹੀਂ ਕੀਤੀ ਹੈ। ਦੂਜੇ ਪਾਸੇ ਸੁੱਤਾ ਪਿਆ ਸਿਹਤ ਵਿਭਾਗ ਵੀ ਜਾਗ ਪਿਆ ਹੈ। ਅੱਜ ਇਥੇ ਵੱਖ ਵੱਖ ਲੋਕਾਂ ਨੇ ਸਿਹਤ ਵਿਭਾਗ ਦੀ ਨਿੰਦਾ ਕਰਦਿਆਂ ਕਿਹਾ ਕਿ ਕਸਬੇ ਅੰਦਰ ਡੇਂਗੂ ਦਾ ਲਾਰਵਾ ਪਾਇਆ ਗਿਆ ਹੈ।

ਪ੍ਰੰਤੂ ਸਿਹਤ ਵਿਭਾਗ ਨੇ ਪਹਿਲਾਂ ਹੀ ਇਸ ਸਬੰਧੀ ਕੋਈ ਕਦਮ ਕਿਉਂ ਨਹੀਂ ਚੁੱਕਿਆ। ਸਿਹਤ ਵਿਭਾਗ ਦੀ ਬੇਧਿਆਨੀ ਦਾ ਨਤੀਜਾ ਹੁਣ ਲੋਕਾਂ ਨੂੰ ਭੁਗਤਨਾ ਪੈ ਰਿਹਾ ਹੈ ਤੇ ਡੇਂਗੂ ਦੇ ਲਾਰਵੇ ਕਾਰਨ ਇਸ ਬਿਮਾਰੀ ਦੇ ਸ਼ਿਕਾਰ ਲੋਕਾਂ ਨੂੰ ਹੋਣਾ ਪੈ ਰਿਹਾ ਹੈ। ਲੋਕਾਂ ਨੇ ਕਿਹਾ ਕਸਬੇ ਵਿਚ ਬਣੇ ਸਰਕਾਰੀ ਹਸਪਤਾਲ ਅੰਦਰ ਲੋਕਾਂ ਲਈ ਕੋਈ ਵੀ ਸੁਵਿਧਾ ਨਹੀਂ ਹੈ, ਇਥੇ ਦਵਾਈਆਂ ਅਤੇ ਡਾਕਟਰਾਂ ਦੀ ਘਾਟ ਹਮੇਸ਼ਾ ਹੀ ਲੋਕਾਂ ਨੂੰ ਰੜਕਦੀ ਰਹਿੰਦੀ ਹੈ। ਜਿਸ ਕਾਰਨ ਲੋਕਾਂ ਦਾ Wਝਾਨ ਪ੍ਰਾਈਵੇਟ ਹਸਪਤਾਲਾਂ ਵੱਲ ਵੱਧ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਥੋਂ ਦਾ ਸਰਕਾਰੀ ਹਸਪਤਾਲ ਸਿਰਫ਼ ਰੈਫਰ ਹਸਪਤਾਲ ਬਣ ਕੇ ਰਹਿ ਗਿਆ ਹੈ।

ਕੀ ਕਹਿੰਦੇ ਹਨ ਐਸ ਐਮ ਓ ਲੌਂਗੋਵਾਲ

ਡਾ. ਅੰਜੂ ਸਿੰਗਲਾ ਨੇ ਦੱਸਿਆ ਕਿ ਇਹਨਾਂ ਹੋਈਆਂ ਮੌਤਾਂ ਸਬੰਧੀ ਡੇਂਗੂ ਹੋਣ ਬਾਰੇ ਕੁੱਝ ਨਹੀਂ ਕਿਹਾ ਜਾ ਸਕਦਾ। ਪ੍ਰੰਤੂ ਸਿਹਤ ਵਿਭਾਗ ਇਸ ਸਬੰਧੀ ਪਹਿਲਾਂ ਹੀ ਲੋਕਾਂ ਨੂੰ ਜਾਗਰੂਕ ਕਰ ਰਿਹਾ ਹੈ।ਅੱਜ ਕਸਬਾ ਲੌਂਗੋਵਾਲ ਵਿਖੇ ਦੁੱਲਟ ਪੱਤੀ ਵਿੱਚ ਤਿੰਨ ਵਿਸ਼ੇਸ ਟੀਮਾਂ ਦੁਆਰਾ ਘਰ ਘਰ ਡੇੰਗੂ ਬੁਖਾਰ ਪ੍ਰਤੀ ਲੋਕਾਂ ਨੂੰ ਸੁਚੇਤ ਕੀਤਾ ਗਿਆ ਅਤੇ ਡੇਂਗੂ ਸਬੰਧੀ 91 ਸ਼ੱਕੀ ਕੇਸਾਂ ਦੇ ਟੈਸਟ ਕੈਂਪ ਦੌਰਾਨ ਲਏ ਗਏ ਹਨ। ਜਿਥੇ ਕੁਝ ਥਾਵਾਂ ਤੇ ਲਾਰਵੇ ਮਿਲਿਆ ਹੈ। ਇਸ ਮੌਕੇ ਸਿਹਤ ਵਿਭਾਗ ਦੀ ਟੀਮ ਵੱਲੋਂ ਦਵਾਈ ਦਾ ਛਿੜਕਾਅ ਵੀ ਕੀਤਾ ਗਿਆ।

ਡਾ. ਅੰਜੂ ਸਿੰਗਲਾ ਨੇ ਦੱਸਿਆ ਕਿ ਮਾਨਸੂਨ ਦੀ ਸ਼ੁਰੂਆਤ ਦੇ ਨਾਲ ਹੀ ਡੇਂਗੂ ਹੋਣ ਦਾ ਖ਼ਤਰਾ ਵੀ ਵਧਣਾ ਸ਼ੁਰੂ ਹੋ ਜਾਂਦਾ ਹੈ। ਇਸ ਲਈ ਡੇਂਗੂ ਬੁਖਾਰ ਦੇ ਲੱਛਣ ਸਾਹਮਣੇ ਆਉਣ ‘ਤੇ ਜਲਦ ਤੋਂ ਜਲਦ ਇਲਾਜ ਸ਼ੁਰੂ ਕਰ ਦੇਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਡੇਂਗੂ ਪੈਦਾ ਕਰਨ ਵਾਲੇ ਮੱਛਰ ਮਾਦਾ ਏਡੀਜ਼ ਏਜੀਪਟੀ ਆਮ ਮੱਛਰ ਤੋਂ ਵੱਖਰਾ ਹੁੰਦਾ ਹੈ ਅਤੇ ਇਸ ਦੇ ਸਰੀਰ ‘ਤੇ ਚੀਤੇ ਵਰਗੀ ਪੱਟੀ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਇਹ ਮੱਛਰ ਦਿਨ ਦੇ ਦੌਰਾਨ ਖ਼ਾਸਕਰ ਸਵੇਰ ਨੂੰ ਡੰਗ ਮਾਰਦੇ ਹਨ।

ਇਸ ਲਈ ਸਵੇਰੇ ਅਤੇ ਦਿਨ ਦੇ ਦੌਰਾਨ ਇਨ੍ਹਾਂ ਮੱਛਰਾਂ ਤੋਂ ਬਚਾਅ ਲਈ ਵਧੇਰੇ ਦੇਖਭਾਲ ਦੀ ਜ਼ਰੂਰਤ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਇਹ ਗੰਦੇ ਨਾਲਿਆਂ ਵਿਚ ਨਹੀਂ ਸਗੋਂ ਸਾਫ ਪਾਣੀ ਵਿਚ ਪਲਦੇ ਹਨ । ਇਹ ਮੱਛਰ ਵਾਧੂ ਪਏ ਟਾਇਰਾਂ, ਬੋਤਲਾਂ, ਕੂਲਰਾਂ, ਗਮਲਿਆਂ, ਫ਼ਰਿੱਜ਼ ਦੇ ਪਿੱਛੇ ਦੀਆਂ ਵਾਧੂ ਪਾਣੀ ਵਾਲੀਆਂ ਟ੍ਰੇਆਂ ਆਦਿ ਵਿੱਚ ਪਲਦਾ ਹੈ, ਇਸ ਲਈ ਇਹ ਜ਼ਰੂਰੀ ਹੈ ਕਿ ਇਹਨਾਂ ਨੂੰ ਸਮੇਂ ਸਮੇਂ ਸਿਰ ਖਾਲੀ ਕੀਤਾ ਜਾਵੇ।ਉਨ੍ਹਾਂ ਕਿਹਾ ਕਿ ਡੇਂਗੂ ਦੀ ਰੋਕਥਾਮ ਲਈ ਮੱਛਰਾਂ ਦੇ ਕੱਟਣ ਤੋਂ ਬਚਾਉਣ ਲਈ ਸਰੀਰ ਨੂੰ ਪੂਰਾ ਢੱਕਣ ਵਾਲੇ ਕੱਪੜੇ ਪਹਿਨੇ ਜਾਣ।

ਡਾ. ਸਿੰਗਲਾ ਨੇ ਦੱਸਿਆ ਕਿ ਡੇਂਗੂ ਬੁਖਾਰ ਦੇ ਮੁੱਖ ਲੱਛਣ ਤੇਜ਼ ਬੁਖਾਰ, ਸਿਰਦਰਦ, ਚਮੜੀ ‘ਤੇ ਚੇਚਕ ਵਰਗੇ ਲਾਲ ਧੱਬੇ, ਮਾਸਪੇਸ਼ੀਆਂ ਅਤੇ ਜੋੜਾਂ *ਚ ਦਰਦ, ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ ਹੁੰਦੇ ਹਨ। ਇਸ ਸਬੰਧੀ ਕਾਂਗਰਸ ਦੇ ਸਿਟੀ ਪ੍ਰਧਾਨ ਵਿਜੇ ਕੁਮਾਰ ਗੋਇਲ ਅਤੇ ਨਗਰ ਕੌਂਸਲ ਲੌਂਗੋਵਾਲ ਦੀ ਪ੍ਰਧਾਨ ਰਿੰਤੂ ਗੋਇਲ ਨੇ ਦੱਸਿਆ ਕਿ ਕਸਬੇ ਅੰਦਰ ਡੇਂਗੂ ਨੂੰ ਲੈ ਕੇ ਨਗਰ ਕੌਂਸਲ ਲੌਂਗੋਵਾਲ ਵੱਲੋਂ ਵੀ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਕਸਬੇ ਅੰਦਰ ਡੇਂਗੂ ਦੀ ਰੋਕਥਾਮ ਲਈ ਫੌਗਿੰਗ ਮਸ਼ੀਨ ਰਾਹੀਂ ਪੈਸਟ ਕੰਟਰੋਲ ਕੀਤਾ ਜਾ ਰਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ