ਮੋਦੀ, ਸ਼ਾਹ, ਯੋਗੀ ਤੇ ਮਿਸ਼ਰਾ ਸਮੇਤ ਕਾਰਪੋਰੇਟ ਲੁਟੇਰਿਆਂ ਦੇ ਪੁਤਲੇ ਫੂਕੇ ਗਏ
18 ਅਕਤੂਬਰ ਦੇ ਰੇਲ-ਰੋਕੋ ਪ੍ਰੋਗਰਾਮ ਦੀਆਂ ਵੀ ਤਿਆਰੀਆਂ
(ਖੁਸ਼ਵੀਰ ਸਿੰਘ ਤੂਰ) ਪਟਿਆਲਾ । ਸੰਯੁਕਤ ਕਿਸਾਨ ਮੋਰਚਾ ਦੇ ਦੇਸ਼-ਵਿਆਪੀ ਸੱਦੇ ਤਹਿਤ ਤਿੰਨ ਖੇਤੀ-ਵਿਰੋਧੀ ਕਾਨੂੰਨਾਂ ਅਤੇ ਬਿਜਲੀ ਸੋਧ ਬਿਲ-2020 ਅਤੇ ਪਰਾਲੀ ਸਾੜਨ ਸਬੰਧੀ ਆਰਡੀਨੈਂਸ ਖਿਲਾਫ਼ 32 ਕਿਸਾਨ ਜਥੇਬੰਦੀਆਂ ਵੱਲੋਂ ਅੱਜ ਕੇਂਦਰ ਸਰਕਾਰ ਅਤੇ ਕਾਰਪੋਰੇਟ ਘਰਾਣਿਆਂ ਦਾ ਸਮੁੱਚੇ ਪੰਜਾਬ ਵਿੱਚ 550 ਥਾਵਾਂ ’ਤੇ ਹਜ਼ਾਰਾਂ ਦੀ ਤਾਦਾਦ ’ਚ ਸ਼ਾਮਲ ਲੋਕਾਂ ਨੇ ਰੋਹ ਭਰਪੂਰ ਮਾਰਚ ਕਰਕੇ ਪੁਤਲੇ ਫੂਕੇ ਅਤੇ ਜੰਮਕੇ ਨਾਅਰੇਬਾਜ਼ੀ ਕਰਨ ਦੇ ਨਾਲ ਸਾਂਝੇ ਪੁਤਲਿਆਂ ਦੀ ਖੂਬ ਛਿੱਤਰ ਪਰੇਡ ਕੀਤੀ। ਬਹੁਤ ਥਾਵਾਂ ’ਤੇ ਔਰਤਾਂ ਨੇ ਮੋਦੀ ਹਕੂਮਤ ਨੂੰ ਰੋਹਲੇ ਵੈਣਾਂ ਰਾਹੀਂ ਵੰਗਾਰਿਆ। ਬੁਲਾਰਿਆਂ ਨੇ ਕਿਹਾ ਕਿ ਖੇਤੀ ਵਿਰੋਧੀ ਤਿੰਨੇ ਕਾਨੂੰਨ ਅਤੇ ਬਿਜਲੀ ਸੋਧ ਬਿਲ-2020 ਖਿਲਾਫ ਚੱਲ ਰਿਹਾ ਸੰਘਰਸ਼ ਅਹਿਮ ਪੜਾਅ ਵਿੱਚ ਦਾਖਲ ਹੋ ਗਿਆ ਹੈ।
ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਬਲਬੀਰ ਸਿੰਘ ਰਾਜੇਵਾਲ, ਡਾ. ਦਰਸ਼ਨਪਾਲ, ਬੂਟਾ ਸਿੰਘ ਬੁਰਜ਼ਗਿੱਲ, ਸਤਨਾਮ ਸਿੰਘ ਸਾਹਨੀ, ਹਰਿੰਦਰ ਸਿੰਘ ਲੱਖੋਵਾਲ, ਹਰਮੀਤ ਸਿੰਘ ਕਾਦੀਆਂ, ਮੇਜਰ ਸਿੰਘ ਪੁੰਨਾਂਵਾਲ, ਬਲਦੇਵ ਸਿੰਘ ਨਿਹਾਲਗੜ, ਕੁਲਦੀਪ ਸਿੰਘ ਵਜੀਦਪੁਰ, ਨੇ ਕਿਹਾ ਕਿ ਸਾਡੇ ਮੌਜੂਦਾ ਸ਼ਾਸ਼ਕਾਂ ਨੇ ਤਿੰਨ ਕਾਲੇ ਖੇਤੀ ਕਾਨੂੰਨ ਇਨ੍ਹਾਂ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਲਈ ਹੀ ਬਣਾਏ ਹਨ। ਸ਼ਾਸ਼ਕਾਂ ਤੇ ਕਾਰਪੋਰੇਟੀ ਲੁਟੇਰਿਆਂ ਦਾ ਇਹ ਨਾਪਾਕ ਗਠਜੋੜ ਹੀ ਸਾਡੇ ਦੌਰ ਦੀ ਅਸਲੀ ਤੇ ਸਭ ਤੋਂ ਘਾਤਕ ਬਦੀ ਹੈ। ਆਮ ਲੋਕਾਂ ਦਾ ਵਿਸ਼ਾਲ ਤੇ ਜਥੇਬੰਦਕ ਏਕਾ ਹੀ ਇੱਕੋ ਇੱਕ ਤਾਕਤ ਹੈ ਜਿਸ ਨਾਲ ਇਸ ਬਦੀ ਨੂੰ ਹਰਾਇਆ ਜਾ ਸਕਦਾ ਹੈ। ਸਾਨੂੰ ਆਪਣੀ ਇਸ ਤਾਕਤ ਨੂੰ ਹੋਰ ਮਜ਼ਬੂਤ ਕਰਨਾ ਚਾਹੀਦਾ ਹੈ। ਇਸ ਮੌਕੇ ਬੀਜੇਪੀ ਨੇਤਾਵਾਂ ਮੋਦੀ, ਯੋਗੀ, ਸ਼ਾਹ ਤੇ ਅਜੈ ਮਿਸ਼ਰਾ ਦੇ ਅਤੇ ਕਾਰਪੋਰੇਟ ਘਰਾਣਿਆਂ ਅੰਬਾਨੀ, ਅਡਾਨੀ ਤੇ ਵਾਲਮਾਰਟ ਦੇ ਪੁਤਲੇ ਫੂਕੇ ਗਏ। ਪੁਤਲਿਆਂ ਨੂੰ ਅੱਗ ਲਾਉਣ ਦੀ ਰਸਮ ਕਿਸਾਨ ਬੀਬੀਆਂ ਨੇ ਨਿਭਾਈ।
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਅਨੁਸਾਰ ਕੱਲ੍ਹ ਬੀਜੇਪੀ ਨੇਤਾਵਾਂ ਮੋਦੀ, ਯੋਗੀ, ਅਮਿਤ ਸ਼ਾਹ ਅਤੇ ਅੰਬਾਨੀ,ਅਡਾਨੀ,ਵਾਲਮਾਰਟ ਜਿਹੇ ਦੇਸੀ-ਵਿਦੇਸ਼ੀ ਕਾਰਪੋਰੇਟਾਂ ਦੇ ਪੁਤਲੇ ਫੂਕੇ ਗਏ। ਪਹਿਲਾਂ ਇਹ ਪ੍ਰੋਗਰਾਮ 15 ਤਰੀਕ, ਦੁਸਹਿਰੇ ਵਾਲੇ ਦਿਨ ਲਈ ਤੈਅ ਕੀਤਾ ਗਿਆ ਸੀ, ਪਰ ਇੱਕ ਫਿਰਕੇ ਦੇ ਪੈਰੋਕਾਰਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਇਸ ਨੂੰ ਇੱਕ ਦਿਨ ਲਈ ਟਾਲ ਦਿੱਤਾ ਗਿਆ ਸੀ। ਆਗੂਆਂ ਨੇ ਕਿਹਾ ਕਿ ਸਰਕਾਰ ਤੇ ਬੀਜੇਪੀ ਜਾਣਬੁੱਝ ਕੇ ਕਿਸਾਨ ਮੋਰਚੇ ਦੇ ਹਰ ਫੈਸਲੇ ਤੇ ਪ੍ਰੋਗਰਾਮ ਨੂੰ ਧਾਰਮਿਕ ਰੰਗਤ ਦੇਣ ਦੀ ਕੋਸ਼ਿਸ਼ ਕਰਦੀ ਹੈ।
ਆਗੂਆਂ ਨੇ ਕਿਹਾ ਕਿ ਲਖੀਮਪੁਰ-ਖੀਰੀ ਕਾਂਡ ਦੇ ਦੋਸ਼ੀ ਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਨੂੰ ਸਾਡੀ ਮੰਗ ਅਨੁਸਾਰ, ਨਾ ਤਾਂ ਅਜੇ ਤਕ ਬਰਖਾਸਤ ਕੀਤਾ ਹੈ ਅਤੇ ਨਾ ਹੀ ਗਿ੍ਰਫਤਾਰ ਕੀਤਾ ਹੈ। ਇਸ ਲਈ ਸੰਯੁਕਤ ਕਿਸਾਨ ਮੋਰਚੇ ਨੇ 18 ਤਰੀਕ ਨੂੰ ਦੇਸ਼ ਭਰ ਵਿਚ ਰੇਲਾਂ ਰੋਕਣ ਵਾਲੇ ਆਪਣੇ ਸੱਦੇ ਨੂੰ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਆਗੂਆਂ ਨੇ ਕਿਹਾ ਕਿ ਉਸ ਦਿਨ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਰੇਲਾਂ ਰੋਕੀਆਂ ਜਾਣਗੀਆਂ। ਇਸ ਸਬੰਧੀ ਵੱਖ ਵੱਖ ਰੇਲਵੇ ਲਾਈਨਾਂ ਤੇ ਕਿਸਾਨ ਕਾਰਕੁੰਨਾਂ ਦੀਆਂ ਡਿਊਟੀਆਂ ਲਾ ਦਿੱਤੀਆਂ ਗਈਆਂ ਹਨ।
ਬਾਬਾ ਬੰਦਾ ਸਿੰਘ ਬਹਾਦਰ ਨੂੰ ਕੀਤਾ ਯਾਦ
ਅੱਜ ਪੰਜਾਬ ਦੇ ਲੋਕ ਨਾਇਕ ਅਤੇ ਸਿੱਖ ਰਾਜ ਦੇ ਪਹਿਲੇ ਸੰਸਥਾਪਕ ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ ਦਿਵਸ ਸੀ। ਇਸ ਮੌਕੇ ਬੁਲਾਰਿਆਂ ਨੇ ਉਸ ਮਹਾਨ ਸ਼ਖਸੀਅਤ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ । ਬਾਬਾ ਜੀ ਨੇ ਪਹਿਲੀ ਵਾਰ ਜਾਗੀਰਦਾਰਾਂ ਤੋਂ ਜ਼ਮੀਨਾਂ ਖੋਹ ਕੇ ਹਲ-ਵਾਹਕ ਕਿਸਾਨਾਂ ਨੂੰ ਇਨ੍ਹਾਂ ਦਾ ਮਾਲਕ ਬਣਾਇਆ। ਇਸੇ ਲਈ ਪੰਜਾਬੀ ਕਿਸਾਨ ਸਤਿਕਾਰ ਸਹਿਤ ਉਨ੍ਹਾਂ ਨੂੰ ਪੰਜਾਬ ਦੇ ਪਹਿਲੇ ਤਹਿਸੀਲਦਾਰ ਦਾ ਖਿਤਾਬ ਦਿੰਦੇ ਹਨ।
ਸਰਕਾਰ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ’ਤੇ ਤੁਲੀ
ਸਿੰਘੂ ਬਾਰਡਰ ’ਤੇ ਬੀਤੇ ਦਿਨੀਂ ਵਾਪਰੀ ਘਟਨਾ ਬਹੁਤ ਦੁਖਦਾਈ ਹੈ। ਪਰ ਸੰਯੁਕਤ ਕਿਸਾਨ ਮੋਰਚੇ ਦਾ ਕਾਤਲ ਤੇ ਮਕਤੂਲ, ਦੋਵਾਂ ਨਾਲ ਹੀ ਕੋਈ ਸਬੰਧ ਨਹੀਂ। ਆਗੂਆਂ ਨੇ ਕਿਹਾ ਕਿ ਸਰਕਾਰ ਤੇ ਬੀਜੇਪੀ ਇਸ ਮੰਦਭਾਗੀ ਘਟਨਾ ਨੂੰ ਲੈ ਕੇ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ’ਤੇ ਤੁਲੀ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਨੂੰ ਕਿਸੇ ਸਾਜ਼ਿਸ ਤਹਿਤ ਹੀ ਅੰਜਾਮ ਦਿੱਤਾ ਗਿਆ ਹੈ, ਜਿਸ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ