ਮੰਡੀਆਂ ‘ਚ ਕਿਸਾਨ ਦੇ ਪੁੱਤਾਂ ਵਾਂਗ ਪਾਲੇ ਝੋਨੇ ਤੇ ਨਰਮੇ ਦੀ ਹੋ ਰਹੀ ਲੁੱਟ-ਖਸੁੱਟ ਖਿਲਾਫ਼ ਡਟੇ ਕਿਸਾਨ
ਲੰਬੀ, (ਮੇਵਾ ਸਿੰਘ) ਪੰਜਾਬ ਦੀਆਂ 7 ਖੱਬੇ ਪੱਖੀ ਸੰਘਰਸ਼ਸ਼ੀਲ ਜਥੇਬੰਦੀਆਂ ਦੇ ਸੱਦੇ ‘ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਗਰੁੱਪ, ਭਾਰਤੀ ਕਿਸਾਨ ਯੂਨੀਅਨ ਕਰਾਂਤੀਕਾਰੀ ਅਤੇ ਕਿਰਤੀ ਕਿਸਾਨ ਯੂਨੀਅਨ ਨੇ ਘੰਟਿਆਂਬੱਧੀ ਮੁੱਖ ਮਾਰਗ ਜਾਮ ਕੀਤਾ। ਇਸ ਮੌਕੇ ਮੌਜੂਦ ਸਿਵਲ ਪ੍ਰਸ਼ਾਸਨ ਵੱਲੋਂ ਨਾਇਬ ਤਹਿਸੀਲਦਾਰ ਲੰਬੀ ਜਤਿੰਦਰਪਾਲ ਸਿੰਘ ਢਿੱਲੋਂ, ਪੁਲਿਸ਼ ਪ੍ਰਸ਼ਾਸਨ ਵੱਲੋਂ ਸ੍ਰ: ਭੁਪਿੰਦਰ ਸਿੰਘ ਚੌਹਾਨ ਡੀ.ਐਸ.ਪੀ. ਮਲੋਟ ਨੂੰ ਜਥੇਬੰਦੀ ਦੇ ਆਗੂਆਂ ਨੇ ਇੱਕ ਮੰਗ ਪੱਤਰ ਵੀ ਦਿੱਤਾ। ਇਸ ਮੌਕੇ ਜਿਲ੍ਹਾ ਪ੍ਰਧਾਨ ਪੂਰਨ ਸਿੰਘ ਦੋਦਾ ਬੀ.ਕੇ.ਯੂ ਉਗਰਾਹਾਂ, ਕਿਸਾਨ ਆਗੂ ਬਲਵਿੰਦਰ ਸਿੰਘ ਹੁਸਨਰ ਅਤੇ ਟਹਿਲ ਸਿੰਘ ਭੁੱਟੀਵਾਲਾ ਨੇ ਸਾਂਝੇ ਬਿਆਨ ਵਿੰਚ ਆਖਿਆ ਕਿ ਪੰਜਾਬ ਦਾ ਮੁੱਖ ਮੰਤਰੀ ਬਾਹਰਲੇ ਦੇਸ਼ਾਂ ਵਿੱਚ ਦੌਰੇ ਕਰ ਰਹੇ ਹਨ, ਜਦੋਂ ਕਿ ਦੇਸ਼ ਦਾ ਅੰਨਦਾਤਾ ਮੰਡੀਆਂ ਵਿਚ ਰੁਲ ਰਿਹਾ ਹੈ।
ਕਿਸਾਨਾਂ ਦੋਸ਼ ਲਾਇਆ ਕਿ ਮੰਡੀਆਂ ਵਿਚ ਨਰਮੇ ਤੇ ਝੋਨੇ ਦੀ ਖਰੀਦ ਸਮੇਂ ਸ਼ੈਲਰ ਮਾਲਕ, ਖਰੀਦ ਏਜੰਸੀਆਂ, ਆੜ੍ਹਤੀਆਂ ਤੇ ਪ੍ਰਸ਼ਾਸਨ ਦੀ ਮਿਲੀ ਭੁਗਤ ਨਾਲ ਨਮੀ ਦੇ ਨਾਂਅ ਹੇਠ ਕਿਸਾਨਾਂ ਦੀ ਲੁੱਟ-ਖਸੁੱਟ ਕਰ ਰਹੇ ਹਨ। ਬੁਲਾਰਿਆਂ ਵੱਲੋਂ ਇਸ ਸਮੇਂ ਸਰਕਾਰ ਤੋਂ ਮੰਗ ਕੀਤੀ ਕਿ ਝੋਨੇ ਦੀ ਨਮੀ 17 ਤੋਂ ਵਧਾਕੇ 24 ਤੱਕ ਕੀਤੀ ਜਾਵੇ, ਸ਼ੈਲਰ ਮਾਲਕ ਵੱਲੋਂ ਕਿਸਾਨ ਤੋਂ ਨਜਾਇਜ਼ ਤੌਰ ‘ਤੇ ਕੀਤੀ ਜਾਂਦੀ 2-3 ਕਿਲੋ ਦੀ ਕਟਾਈ ਬੰਦ ਹੋਵੇ, ਹੇਰਾਫੇਰੀ ਰੋਕਣ ਲਈ ਤੁਲਾਈ ਕੰਪਿਊਟਰ ਕੰਡਿਆਂ ਨਾਲ, ਕੇਂਦਰ ਸਰਕਾਰ ਵੱਲੋਂ ਝੋਨੇ ਵਿਚ ਪਾਏ 180/-ਰੁਪਏ ਦੀ ਐਲਾਨ ਕੀਤਾ 200/- ਰੁਪਏ ਦਿੱਤਾ ਜਾਵੇ।
ਨਰਮੇ ਦੀ ਖਰੀਦ ਭਾਰਤੀ ਕਪਾਹ ਨਿਗਮ ਰਾਹੀਂ ਪੂਰੇ ਭਾਅ 5450 ਰੁਪਏ ਤੋਂ ਵੱਧ ਕੀਤੀ ਜਾਵੇ, ਪਰਾਲੀ ਸਾੜਨ ਤੋਂ ਬਿਨਾਂ, ਸਾਂਭਣ ‘ਤੇ ਵਾਧੂ ਖਰਚਿਆਂ ਵਜੋਂ ਝੋਨੇ ਤੇ 200 ਰੁਪਏ ਵਾਧੂ ਬੋਨਸ ਜਾਂ 6000/- ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ, ਪਰਾਲੀ ਸਾੜ ਰਹੇ ਕਿਸਾਨਾਂ ਵਿਰੁੱਧ ਦਰਜ ਪਰਚੇ ਤੇ ਜ਼ੁਰਮਾਨੇ ਤੁਰੰਤ ਰੱਦ ਕੀਤੇ ਜਾਣ, ਵੱਧ ਤੋਲਣ ਵਾਲੇ ਆੜ੍ਹਤੀਆਂ ‘ਤੇ 420 ਦੇ ਪਰਚੇ ਦਰਜ ਕੀਤੇ ਜਾਣ, ਨਿੱਜੀਕਰਨ ਦੀ ਨੀਤੀ ਰੱਦ ਕੀਤੀ ਜਾਵੇ, ਖੇਤੀ ਆਧਾਰਿਤ ਸਨਅਤੀ ਕਾਰਖਾਨੇ ਲਾਏ ਜਾਣ।
ਪਟਿਆਲਾ ਵਿਖੇ ਸੰਘਰਸ਼ ਕਰ ਰਹੇ ਅਧਿਆਪਕਾਂ ਦੇ ਸੰਘਰਸ਼ ਦੀ ਹਮਾਇਤ ਕੀਤੀ ਅਤੇ ਉਨ੍ਹਾਂ ਨੂੰ ਤੁਰੰਤ ਰੈਗੂਲਰ ਕਰਨ ਦੀ ਮੰਗ ਕੀਤੀ। ਬੁਲਾਰਿਆਂ ‘ਚ ਜ਼ਿਲ੍ਹਾ ਜਨਰਲ ਸਕੱਤਰ ਗੁਰਭਗਤ ਸਿੰਘ ਭਲਾਈਆਣਾ, ਭੁਪਿੰਦਰ ਸਿੰਘ ਚੰਨੂੰ, ਗੁਰਪਾਸ ਸਿੰਘ ਸਿੰਘੇਵਾਲਾ, ਮਲਕੀਤ ਸਿੰਘ ਗੱਗੜ, ਮਾ: ਗੁਰਦਿੱਤਾ ਸਿੰਘ ਭਾਗਸਰ, ਸੁਖਰਾਜ ਸਿੰਘ ਰਹੂੜਿਆਂਵਾਲੀ, ਰਾਜ ਸਿੰਘ ਮਹਾਂਬੱਧਰ, ਹਰਬੰਸ ਸਿੰਘ ਕੋਟਲੀ ਅਤੇ ਜਸਵਿੰਦਰ ਸਿੰਘ ਥਾਂਦੇਵਾਲਾ ਸ਼ਾਮਲ ਸਨ।