ਖੇਤਾਂ ਦਾ ਕਿਸਾਨ ਸੜਕਾਂ ‘ਤੇ

ਕਦੇ ਕਿਸਾਨਾਂ ਨੂੰ ਖੇਤਾਂ ਦੀ ਹੀ ਫਿਕਰ ਹੁੰਦੀ ਸੀ ਫਸਲਾਂ ਦੀ ਹਰਿਆਲੀ ਵੇਖ ਕੇ ਉਸ ਦੀਆਂ ਵਾਛਾਂ ਖਿੜ ਜਾਂਦੀਆਂ ਸਨ ਉਹ ਡਰਦਾ ਸੀ ਬਸ ਕੁਦਰਤ ਦੇ ਕਹਿਰ ਤੋਂ ਮਨੁੱਖੀ ਸਰਗਰਮੀ ਕਿਸਾਨ ਲਈ ਕੋਈ ਵੁੱਕਤ ਨਹੀਂ ਸੀ ਰੱਖਦੀ ਮੀਂਹ ਹਨੇਰੀ ਤੋਂ ਬਚੀ ਫਸਲ ਘਰ ਆ ਜਾਣ ‘ਤੇ ਕਿਸਾਨ ਆਪਣੇ-ਆਪ ਨੂੰ ਬਾਦਸ਼ਾਹ ਵਾਂਗ ਮਹਿਸੂਸ ਕਰਦਾ ਸੀ।

ਪਰ ਅੱਜ ਕਰਜਾਈ ਹੋਏ ਕਿਸਾਨ ਨੂੰ ਮੀਂਹਾਂ ਧੁੱਪਾਂ ਨਾਲੋਂ ਵੱਧ ਧਰਨਿਆਂ, ਝੜਪਾਂ ਤੇ ਪੁਲਿਸ ਲਾਠੀਚਾਰਜ ਵਰਗੇ ਹਾਲਾਤਾਂ ‘ਚ ਲੰਘਣਾ ਪੈ ਰਿਹਾ ਹੈ ਅਜ਼ਾਦੀ ਤੋਂ ਬਾਦ ਹਰੀ ਕ੍ਰਾਂਤੀ ਆਉਣ ਨਾਲ ਦੇਸ਼ ਦੇ ਅੰਨ ਦੇ ਭੰਡਾਰ ਤਾਂ ਨੱਕੋ-ਨੱਕ ਭਰ ਗਏ ਪਰ ਕਿਸਾਨ ਸਮੱਸਿਆਵਾਂ ‘ਚ ਘਿਰਦਾ ਗਿਆ ਕਰਜਾਈ ਕਿਸਾਨ ਖੁਦਕੁਸ਼ੀਆਂ ‘ਤੇ ਉੱਤਰ ਆਇਆ ਤੇ ਹੁਣ ਦੇਸ਼ ਅੰਦਰ ਇਹ ਮਾਹੌਲ ਹੈ ਕਿ ਕਰਜ਼ਾ ਮਾਫ਼ੀ ਨੂੰ ਹੀ ਖੇਤੀ ਸੰਕਟ ਦੇ ਹੱਲ ਵਜੋਂ ਪੇਸ਼ ਕੀਤਾ ਜਾ ਰਿਹਾ ਹੈ ਮੱਧ ਪ੍ਰਦੇਸ਼ ਦੀਆਂ ਘਟਨਾਵਾਂ ਨੇ ਪੂਰੇ ਦੇਸ਼ ਅੰਦਰ ਕਿਸਾਨ, ਕਰਜ਼ਾ, ਤੇ ਖੇਤੀ ਬਾਰੇ ਚਰਚਾ ਛੇੜ ਦਿੱਤੀ ਹੈ ਕੇਂਦਰ ਦੇ ਖੇਤੀ ਮੰਤਰੀ ਤੇ ਮੱਧ ਪ੍ਰਦੇਸ਼ ਦੇ ਖੇਤੀ ਮੰਤਰੀ ਵੱਲੋਂ ਕਿਸੇ ਹਾਲ ‘ਚ ਵੀ ਕਰਜ਼ਾ ਮਾਫ਼ ਨਾ ਕਰਨ ਦੇ ਬਿਆਨਾਂ ਨਾਲ ਮਾਮਲਾ ਉਲਝਦਾ ਜਾ ਰਿਹਾ ਹੈ।

ਪਰ ਖੇਤੀ ਸੰਕਟ ਸਿਰਫ਼ ਕਰਜ਼ਾ ਮਾਫ਼ੀ ਨਾਲ ਹੱਲ ਹੁੰਦਾ ਨਜ਼ਰ ਨਹੀਂ ਆਉਂਦਾ ਇਸ ਸੰਕਟ ਦੇ ਹੱਲ ਲਈ ਕਿਸਾਨਾਂ ਨੂੰ ਮਹਿੰਗੀ ਹੋ ਰਹੀ ਖੇਤੀ ਦੇ ਚੱਕਰਵਿਊ ‘ਚੋਂ ਕੱਢਣਾ ਜ਼ਰੂਰੀ ਹੈ ਟਰੈਕਟਰ ਤੇ ਹੋਰ ਖੇਤੀ ਸੰਦਾਂ ਦੀਆਂ ਅਸਮਾਨ ਛੋਂਹਦੀਆਂ ਕੀਮਤਾਂ ਨੇ ਕਿਸਾਨਾਂ ਨੂੰ ਕਰਜਾਈ ਕਰ ਦਿੱਤਾ ਹੈ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਇਹ ਵਿਚਾਰ ਦਮਦਾਰ ਹਨ ਕਿ ਨਿੱਜੀ ਬੈਂਕਾਂ ਵੱਲੋਂ ਕਿਸਾਨਾਂ ਨੂੰ ਧੜਾਧੜ ਕਰਜੇ ਵੰਡਣ ਦੇ ਰੁਝਾਨ ਨੇ ਕਿਸਾਨ ਨੂੰ ਕਰਜੇ ਦੀ ਦਲਦਲ ‘ਚ ਫਸਾ ਦਿੱਤਾ ਹੈ ਬੈਂਕ ਅਧਿਕਾਰੀ ਆਪਣੇ ਟਾਰਗੇਟ ਪੂਰੇ ਕਰਨ ਲਈ ਕਰਜ਼ੇ ਮੋੜਨ ਦੇ ਹਾਲਾਤ ਵੇਖਣ ਤੋਂ ਬਿਨਾਂ ਤੇ ਜ਼ਰੂਰਤ ਤੋਂ ਕਿਤੇ ਵੱਧ ਕਰਜ਼ਾ ਦੇਂਦੇ ਰਹੇ ਇਸ ਦੇ ਨਾਲ ਹੀ ਕਿਸਾਨਾਂ ਵੱਲੋਂ ਵੱਧ ਝਾੜ ਦੇ ਚੱਕਰ ‘ਚ ਕੀਟਨਾਸ਼ਕਾਂ ਤੇ ਖਾਦਾਂ ਦੀ ਵਰਤੋਂ ਖੇਤੀ ਮਾਹਿਰਾਂ ਦੀ ਰਾਏ ਤੋਂ ਬਿਨਾ ਅੰਨ੍ਹੇਵਾਹ ਕੀਤੀ ਗਈ ਜਿਸ ਨਾਲ ਜ਼ਮੀਨ, ਜਲ ਤੇ ਹਵਾ ਤਾਂ ਪ੍ਰਦੂਸ਼ਿਤ ਹੋਈ ਹੀ ਹੋਈ ਸਗੋਂ ਕਿਸਾਨ ਸਰੀਰਕ ਤੌਰ ‘ਤੇ ਵੀ ਬੇਹਾਲ ਹੋ ਗਿਆ।

ਸਰਕਾਰ ਸੰਕਟ ‘ਚ ਪਏ ਕਿਸਾਨਾਂ ਦਾ ਕਰਜ਼ਾ ਜ਼ਰੂਰ ਮਾਫ਼ ਕਰੇ ਪਰ ਕਿਸਾਨਾਂ ਨੂੰ ਖੁਦ ਵੀ ਇਸ ਸੰਕਟ ਲਈ ਆਪਣੀਆਂ ਜ਼ਿੰਮੇਵਾਰੀਆਂ ਨੂੰ ਵੀ ਸਵੀਕਾਰਨ ਤੋਂ ਸੰਕੋਚ ਨਹੀਂ ਕਰਨਾ ਚਾਹੀਦਾ ਤੇ ਇਹਨਾਂ ਦੇ ਹੱਲ ਲਈ ਸਾਕਾਰਾਤਮਕ ਕਦਮ ਚੁੱਕਣ ਦੀ ਜ਼ਰੂਰਤ ਹੈ ਬਿਨਾ ਸ਼ੱਕ ਆਧੁਨਿਕ ਵਿਖਾਵੇ ਵਾਲੇ ਪੱਛਮੀ ਸੱਭਿਆਚਾਰ ਨੇ ਛੋਟੇ ਕਿਸਾਨਾਂ ਨੂੰ ਖਰਚੀਲੇ ਸਮਾਜਿਕ ਪ੍ਰੋਗਰਾਮ ਦੇ ਭੰਵਰ ‘ਚ ਫਸਾ ਦਿੱਤਾ ਹੈ ਭਾਰੀ ਖਰਚਿਆਂ ਵਾਲੇ ਵਿਆਹਾਂ ਨੇ ਵੀ ਕਿਸਾਨਾਂ ਨੂੰ ਕਰਜਾਈ ਕਰਨ ‘ਚ ਅਹਿਮ ਭੂਮਿਕਾ ਨਿਭਾਈ ਹੈ ਸਖ਼ਤ ਮਿਹਨਤ ਦੀ ਜੀਵਨ ਸ਼ੈਲੀ ਤਿਆਗ ਕੇ ਨੌਕਰਾਂ ਤੇ ਮਸ਼ੀਨਰੀ ‘ਤੇ ਵਧਦੀ ਨਿਰਭਰਤਾ ਵੀ ਸਮੱਸਿਆ ਨੂੰ ਡੂੰਘੀ ਕਰ ਰਹੀ ਹੈ।

ਸਰਕਾਰ ਸਾਂਝੀ ਖੇਤੀ ਦੇ ਮਾਡਲ ਨੂੰ ਆਪਣਾ ਕੇ ਕਿਸਾਨਾਂ ਨੂੰ ਮਹਿੰਗੀ ਮਸ਼ੀਨਰੀ ਦੇ ਬੋਝ ਤੋਂ ਬਚਾਵੇ ਅਤੇ ਕੀਟਨਾਸ਼ਕਾਂ ਤੇ ਖਾਦਾਂ ਦੀ ਵਰਤੋਂ ਸੰਜਮ ਨਾਲ ਕਰਨ ਦੀ ਮੁਹਿੰਮ ਚਲਾਏ ਜਿਣਸਾਂ ਦੀ ਖਰੀਦ ਲਈ ਸਵਾਮੀ ਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਵੀ ਲਾਗੂ ਕਰਨ ਦੀ ਭਾਰੀ ਜ਼ਰੂਰਤ ਹੈ ਸਰਕਾਰ ਤੇ ਕਿਸਾਨ ਦੋਵਾਂ ਧਿਰਾਂ ਨੂੰ ਆਪਣੀ ਜ਼ਿੰਮੇਵਾਰੀ ਪ੍ਰਤੀ ਗੰਭੀਰ ਹੋਣਾ ਪਵੇਗਾ ਹਿੰਸਾ ਕਿਸੇ ਸਮੱਸਿਆ ਦਾ ਹੱਲ ਨਹੀਂ ਹੈ ਪੁਲਿਸ ਕਿਸਾਨਾਂ ਨੂੰ ਅਪਰਾਧੀਆਂ ਵਾਂਗ ਕੁੱਟਣ ਦੀ ਬਜਾਇ ਨਾਜ਼ੁਕ ਹਾਲਾਤਾਂ ‘ਚ ਪੂਰੀ ਜ਼ਿੰਮੇਵਾਰੀ ਨਾਲ ਕੰਮ ਕਰੇ।

LEAVE A REPLY

Please enter your comment!
Please enter your name here