ਮੰਡੀਆਂ ‘ਚ ਲੱਗੇ ਹੋਏ ਨੇ ਕਣਕ ਦੇ ਅੰਬਾਰ
ਫਿਰੋਜ਼ਪੁਰ, ਸੱਤਪਾਲ ਥਿੰਦ। ਪੰਜਾਬ ਸਰਕਾਰ ਨੇ 24 ਘੰਟੇ ‘ਚ ਕਿਸਾਨਾਂ ਨੂੰ ਕਣਕ ਦੀ ਅਦਾਇਗੀ ਕਰਨ ਦੇ ਹੁਕਮ ਦਿੱਤੇ ਸਨ ਪਰ ਸਰਹੱਦੀ ਜ਼ਿਲ੍ਹਾ ਫ਼ਿਰੋਜ਼ਪੁਰ ਵਿੱਚ ਫੋਕਲ ਪੁਆਇੰਟ ਮੰਡੀ ਚੱਕ ਕੰਧੇ ਸ਼ਾਹ ‘ਚ ਬਾਰਦਾਨਾ ਨਾ ਮਿਲਣ ਕਾਰਨ ਕਿਸਾਨਾਂ ਦੀ ਕਣਕ ਖੁੱਲ੍ਹੇ ਅਸਮਾਨ ਹੇਠ ਪਈ ਹੈ ਜਿਸ ਤੋਂ ਅੱਕੇ ਕਿਸਾਨਾਂ ਨੇ ਅੱਜ ਫਿਰੋਜ਼ਪੁਰ ਫ਼ਾਜ਼ਿਲਕਾ ਰੋਡ ਜਾਮ ਕਰਕੇ ਰੋਸ ਧਰਨਾ ਦਿੱਤਾ। ਇਸ ਮੌਕੇ ਕਿਸਾਨਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਪਿਛਲੇ ਕਈ ਦਿਨਾਂ ਤੋਂ ਮੰਡੀਆਂ ਵਿੱਚ ਰੁਲ ਰਹੇ ਹਨ ਤੇ ਇਸ ਸਬੰਧੀ ਪ੍ਰਸ਼ਾਸਨ ਅਧਿਕਾਰੀਆਂ ਦੇ ਨੋਟਿਸ ‘ਚ ਲਿਆਉਣ ਦੇ ਬਾਵਜੂਦ ਬਾਰਦਾਨਾ ਨਾ ਮਿਲਣ ਕਾਰਨ ਉਨ੍ਹਾਂ ਦੀ ਕਣਕ ਦੀ ਤੁਲਾਈ ਨਹੀਂ ਹੋ ਰਹੀ ਜਿਸ ਤੋਂ ਅੱਕੇ ਕਿਸਾਨਾਂ ਨੇ ਫਿਰੋਜ਼ਪੁਰ ਫਾਜ਼ਿਲਕਾ ਰੋਡ ਜਾਮ ਕਰ ਕੇ ਰੋਸ ਮੁਜ਼ਾਹਰਾ ਕੀਤਾ।
ਉਹਨਾਂ ਕਿਹਾ ਕਿ ਜਦ ਤੱਕ ਬਾਰਦਾਨਾ ਨਹੀਂ ਮਿਲ ਜਾਂਦਾ ਸਟਾਕ ਕੀਤੀ ਕਣਕ ਦੇ ਰੈਕ ਨਹੀਂ ਉਠਾਏ ਜਾਂਦੇ ਤਦ ਤੱਕ ਧਰਨਾ ਜਾਰੀ ਰਹੇਗਾ। ਇਸ ਮੌਕੇ ਟਰੈਫਿਕ ਨੂੰ ਸਚਾਰੂ ਢੰਗ ਚਲਾਉਣ ਲਈ ਥਾਣਾ ਲੱਖੋ ਕੇ ਦੇ ਐਸਐਚਓ ਜਸਬੀਰ ਸਿੰਘ ਪੂਰੀ ਪੁਲਿਸ ਪਾਰਟੀ ਮੌਕੇ ‘ਤੇ ਪਹੁੰਚੀ ਅਤੇ ਉਹਨਾਂ ਕਿਹਾ ਕਿ ਜਲਦ ਹੀ ਹੱਲ ਮਸਲਾ ਕਰ ਦਿੱਤਾ ਜਾਵੇਗਾ। ਇਸ ਮੌਕੇ ਕਿਸਾਨ ਧਰਮ ਸਿੰਘ ਮੰਗਲ ਸਿੰਘ ਗੁਰਬਖਸ਼ ਸਿੰਘ ਤੋਂ ਇਲਾਵਾ ਕਿਸਾਨ ਸੰਘਰਸ਼ ਕਮੇਟੀ ਦੇ ਵਰਕਰ ਅਤੇ ਆਗੂ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।