ਮਾਸਟਰ ਆਫ਼ ਟੈਕਨਾਲੋਜੀ ਕਿਸਾਨ ਅਮਨਦੀਪ ਸਿੰਘ ਲੋਕਾਂ ਨੂੰ ਖੁਆ ਰਿਹੈ ਜ਼ਹਿਰ ਮੁਕਤ ਸਬਜ਼ੀਆਂ

Farmer Amandeep Singh

ਪਿਛਲੇ ਤਿੰਨ ਸਾਲ ਤੋਂ ਖੇਤਾਂ ਵਿੱਚ ਉਗਾ ਰਿਹੈ ਬਗੈਰ ਰਸਾਇਣਕ ਰੇਹ-ਸਪਰੇਅ ਤੋਂ ਸਬਜ਼ੀਆਂ

ਗੁਰਪ੍ਰੀਤ ਸਿੰਘ, ਸੰਗਰੂਰ, 28 ਅਗਸਤ

ਸੰਗਰੂਰ ਦਾ ਮਾਸਟਰ ਡਿਗਰੀ ਹੋਲਡਰ ਕਿਸਾਨ ਅਮਨਦੀਪ ਸਿੰਘ ਇੱਕ ਤਾਂ ਸਮੁੱਚੇ ਕਿਸਾਨਾਂ ਨੂੰ ਰਵਾਇਤੀ ਫਸਲੀ ਚੱਕਰ ਵਿੱਚੋਂ ਨਿੱਕਲਣ ਦਾ ਸੁਨੇਹਾ ਦੇ ਰਿਹਾ ਹੈ ਦੂਜਾ ਉਹ ਲੋਕਾਂ ਨੂੰ ਇਹ ਸੁਨੇਹਾ ਵੀ ਦੇ ਰਿਹਾ ਹੈ ਕਿ ਉਹ ਕੁਦਰਤੀ ਖੇਤੀ ਨਾਲ ਜੁੜਨ ਜਿਸ ਲਈ ਉਹ ਪਿਛਲੇ ਤਿੰਨ ਸਾਲਾਂ ਤੋਂ ਆਪਣੀ ਕਰੀਬ ਤਿੰਨ ਏਕੜ ਜ਼ਮੀਨ ‘ਤੇ ਬਗੈਰ ਕਿਸੇ ਰਸਾਇਣਕ ਰੇਹ-ਸਪਰੇਅ ਦੇ ਕੁਦਰਤੀ ਢੰਗ ਨਾਲ ਸਬਜ਼ੀਆਂ ਉਗਾ ਰਿਹਾ ਹੈ ਉਕਤ ਨੌਜਵਾਨ ਕਿਸਾਨ ਵੱਲੋਂ ਭਾਵੇਂ ਤਿੰਨ ਸਾਲ ਤੋਂ ਆਪਣਾ ਕਰੀਅਰ ਛੱਡ ਕੇ ਪੂਰਾ ਸਮਾਂ ਖੇਤੀਬਾੜੀ ਨੂੰ ਸਮਰਪਿਤ ਕੀਤਾ ਗਿਆ ਹੈ ਪਰ ਹਾਲੇ ਤਾਈਂ ਉਸ ਨੂੰ ਨਾ ਤਾਂ ਕੋਈ ਸਬਸਿਡੀ ਮਿਲੀ ਹੈ ਅਤੇ ਨਾ ਹੀ ਉਸ ਦੀ ਮਾਰਕੀਟਿੰਗ ਦਾ ਕੋਈ ਹੱਲ ਕੀਤਾ ਗਿਆ ਹੈ

‘ਸੱਚ ਕਹੂੰ’ ਨਾਲ ਗੱਲਬਾਤ ਕਰਦਿਆਂ ਅਮਨਦੀਪ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੀ ਮਾਸਟਰ ਆਫ਼ ਟੈਕਨਾਲੋਜੀ ਇਲੈਕਟ੍ਰੀਕਲ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਇੱਕਦਮ ਆਪਣਾ ਖੇਤਰ ਤਬਦੀਲ ਕਰਦਿਆਂ ਜੈਵਿਕ ਖੇਤੀ ਕਰਨ ਵੱਲ ਕੁੱਦਣ ਦਾ ਫੈਸਲਾ ਕਰ ਲਿਆ ਉਸ ਨੇ ਦੱਸਿਆ ਕਿ ਭਾਵੇਂ ਜੈਵਿਕ ਖੇਤੀ ਵਾਲਾ ਕੰਮ ਜ਼ੋਖ਼ਿਮ ਭਰਿਆ ਸੀ ਪਰ ਉਸ ਨੇ ਇਹ ਹੂਲਾ ਫੱਕਣ ਦਾ ਫੈਸਲਾ ਲੈ ਲਿਆ ਉਸ ਨੇ ਦੱਸਿਆ ਕਿ ਉਸ ਨੂੰ ਅਹਿਸਾਸ ਸੀ ਕਿ ਰੇਹਾਂ-ਸਪਰੇਆਂ ਨਾਲ ਤਿਆਰ ਹੋਣ ਵਾਲੀਆਂ ਸਬਜ਼ੀਆਂ ਜਿਹੜੀਆਂ ਕਿ ਕੈਂਸਰ ਦਾ ਵੱਡਾ ਕਾਰਨ ਬਣ ਰਹੀ ਹਨ, ਤੋਂ ਲੋਕਾਂ ਨੂੰ ਇੱਕ ਦਿਨ ਕਿਨਾਰਾ ਕਰਨਾ ਪਵੇਗਾ ਉਸ ਨੇ ਦੱਸਿਆ ਕਿ ਕੁਦਰਤੀ ਖੇਤੀ ਲਈ ਉਸ ਨੇ ਸੋਸ਼ਲ ਮੀਡੀਆ ਦਾ ਸਹਾਰਾ ਲੈਣਾ ਆਰੰਭ ਕੀਤਾ ਇਸ ਤੋਂ ਇਲਾਵਾ ਉਨ੍ਹਾਂ ਦੀ ਭੂਆ ਜੀ, ਜੋ ਖੁਦ ਕਿਚਨ ਗਾਰਡਨਿੰਗ ਕਰਦੇ ਹਨ, ਵੱਲੋਂ ਹੱਲਾਸ਼ੇਰੀ ਦਿੱਤੀ ਗਈ ਤੇ ਖੇਤੀ ਬਾਰੇ ਸੂਖ਼ਮ ਜਾਣਕਾਰੀ ਵੀ ਦਿੱਤੀ ਗਈ

ਉਸ ਨੇ ਦੱਸਿਆ ਕਿ ਮੁੱਢਲੀ ਜਾਣਕਾਰੀ ਲੈਣ ਤੋਂ ਬਾਅਦ ਉਸ ਨੇ ਆਪਣੀ ਪੌਣੇ ਤਿੰਨ ਏਕੜ ਜ਼ਮੀਨ ਜਿਹੜੀ ਪਿੰਡ ਸੋਹੀਆਂ ਦੇ ਕੋਲ ਹੈ, ਵਿੱਚ ਕੁਦਰਤੀ ਸਬਜ਼ੀਆਂ ਉਗਾਉਣ ਦਾ ਫੈਸਲਾ ਲਿਆ ਉਸ ਨੇ ਗੋਭੀ, ਅਦਰਕ, ਹਲਦੀ, ਗੰਨਾ, ਖੀਰੇ, ਘੀਆ ਤੇ ਥੋੜ੍ਹੀਆਂ-ਥੋੜ੍ਹੀਆਂ ਹੋਰ ਸਬਜ਼ੀਆਂ ਬੀਜਣੀਆਂ ਆਰੰਭ ਕਰ ਦਿੱਤੀਆਂ ਉਨ੍ਹਾਂ ਦੱਸਿਆ ਕਿ ਜੈਵਿਕ ਖੇਤੀ ਵਿੱਚ ਸਭ ਤੋਂ ਜ਼ਰੂਰੀ ਹੁੰਦੀ ਹੈ ਦੂਜੇ-ਤੀਜੇ ਦਿਨ ਕੁਦਰਤੀ ਸਪਰੇਅ ਕਰਨੀ ਜਿਸ ਤੋਂ ਬਗੈਰ ਸਬਜ਼ੀਆਂ ਦੀ ਕਾਸ਼ਤ ਅਸੰਭਵ ਹੈ ਉਸ ਨੇ ਦੱਸਿਆ ਕਿ ਸਬਜ਼ੀਆਂ ‘ਤੇ ਸਪਰੇਅ ਕਰਨ ਲਈ ਉਨ੍ਹਾਂ ਨੂੰ ਅੱਕ, ਧਤੂਰਾ, ਕਾਂਗਰਸੀ ਘਾਹ ਆਦਿ ਨੂੰ 48 ਘੰਟੇ ਉਬਾਲ ਕੇ ਉਸ ਦਾ ਅਰਕ ਕੱਢਣਾ ਪੈਂਦਾ ਹੈ ਅਤੇ ਫਿਰ ਉਸ ਦੀ ਸਪਰੇਅ ਸਬਜ਼ੀਆਂ ‘ਤੇ ਕਰਨੀ ਪੈਂਦੀ ਹੈ ਇਸ ਤੋਂ ਇਲਾਵਾ ਖਰਾਬ ਲੱਸੀ ਨੂੰ 40 ਦਿਨਾਂ ਲਈ ਰੱਖ ਉਸ ਵਿੱਚ ਕਈ ਕੁਦਰਤੀ ਚੀਜ਼ਾਂ ਮਿਲਾਈਆਂ ਜਾਂਦੀਆਂ ਹਨ ਜਿਸ ਕਾਰਨ ਉਹ ਕਾਪਰ ਸਲਫੇਟ ਦਾ ਰੂਪ ਧਾਰਨ ਕਰ ਲੈਂਦੀ ਹੈ ਤੇ ਉਸ ਨੂੰ ਵੀ ਸਪਰੇਅ ਦੇ ਤੌਰ ‘ਤੇ ਵਰਤਿਆ ਜਾਂਦਾ ਹੈ

ਉਨ੍ਹਾਂ ਕਿਹਾ ਕਿ ਜੇਕਰ ਸਪਰੇਅ ਨਾ ਕੀਤੀ ਜਾਵੇ ਤਾਂ ਵਾਇਰਸ ਜਾਂ ਕੀੜੇ ਸਬਜ਼ੀਆਂ ਨੂੰ ਪੂਰਾ ਹੀ ਖਰਾਬ ਕਰ ਦਿੰਦੇ ਹਨ ਤੇ ਬਚਾਅ ਦੀ ਕੋਈ ਗੁੰਜਾਇਸ਼ ਨਹੀਂ ਹੁੰਦੀ ਉਸ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਤਿਆਰ ਕੀਤੀਆਂ ਜੈਵਿਕ ਸਬਜ਼ੀਆਂ ਨੂੰ ਚੰਗੇ ਭਾਅ ‘ਤੇ ਲੋਕ ਖਰੀਦ ਲੈਂਦੇ ਹਨ ਉਨ੍ਹਾਂ ਹੋਰ ਦੱਸਿਆ ਕਿ ਲੁਧਿਆਣਾ, ਚੰਡੀਗੜ੍ਹ ਵਰਗੇ ਵੱਡੇ ਸ਼ਹਿਰਾਂ ਦੇ ਰਿਟੇਲਰਾਂ ਨਾਲ ਉਨ੍ਹਾਂ ਦਾ ਟਾਈਅੱਪ ਹੈ ਅਤੇ ਉਹ ਸਾਰੀਆਂ ਸਬਜ਼ੀਆਂ ਵਗੈਰਾ ਤਿਆਰ ਕਰਕੇ ਉਨ੍ਹਾਂ ਨੂੰ ਨਿਰਧਾਰਿਤ ਭਾਅ ‘ਤੇ ਵੇਚ ਦਿੰਦੇ ਹਨ ਉਨ੍ਹਾਂ ਦੱਸਿਆ ਕਿ ਫਿਲਹਾਲ ਇਸ ਧੰਦੇ ਵਿੱਚ ਉਸ ਨੂੰ ਕੁਝ ਜ਼ਿਆਦਾ ਮੁਨਾਫ਼ਾ ਤਾਂ ਨਹੀਂ ਹੋਇਆ ਪਰ ਮਨ ਨੂੰ ਤਸੱਲੀ ਹੈ ਕਿ ਉਹ ਲੋਕਾਂ ਨੂੰ ਜ਼ਹਿਰ ਮੁਕਤ ਸਬਜ਼ੀਆਂ ਉਗਾ ਕੇ ਦੇ ਰਹੇ ਹਨ ਅਤੇ ਧਰਤੀ ਹੇਠਲੇ ਪਾਣੀ ਦੀ ਬਰਬਾਦੀ ਘੱਟ ਕਰ ਰਹੇ ਹਨ ਉਨ੍ਹਾਂ ਕਿਹਾ ਕਿ ਹਾਲੇ ਸ਼ੁਰੂਆਤ ਹੈ ਅਗਲੇ ਸਾਲਾਂ ਵਿੱਚ ਉਨ੍ਹਾਂ ਦਾ ਧੰਦਾ ਮੁਨਾਫੇਦਾਰ ਜ਼ਰੂਰ ਹੋ ਜਾਵੇਗਾ

ਅਮਨਦੀਪ ਦੱਸਦਾ ਹੈ ਕਿ ਜੈਵਿਕ ਖੇਤੀ ਦਾ ਫੁਰਨਾ ਉਸ ਦੇ ਮਨ ਅੰਦਰ ਫੁਰਿਆ ਸੀ ਇਸ ਲਈ ਖੇਤੀਬਾੜੀ ਜਾਂ ਬਾਗਬਾਨੀ ਵੱਲੋਂ ਕੋਈ ਵਿਸ਼ੇਸ਼ ਟਰੇਨਿੰਗ ਨਹੀਂ ਦਿੱਤੀ ਗਈ ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਭਾਗ ਵੱਲੋਂ ਤਿੰਨ ਸਾਲ ਹੋਣ ਦੇ ਬਾਵਜ਼ੂਦ ਕੋਈ ਸਬਸਿਡੀ ਜਾਂ ਹੋਰ ਸਹੂਲਤ ਨਹੀਂ ਦਿੱਤੀ ਗਈ ਅਤੇ ਨਾ ਹੀ ਕਦੇ ਸਰਕਾਰੀ ਡਾਕਟਰਾਂ ਉਨ੍ਹਾਂ ਦੀਆਂ ਸਬਜ਼ੀਆਂ ਦੀ ਦੇਖ-ਰੇਖ ਕਰਨ ਆਏ ਹਨ ਜਿੰਨਾ ਕੁਝ ਕਰਿਆ ਹੈ ਉਨ੍ਹਾਂ ਨੇ ਆਪਣੇ ਪੱਧਰ ‘ਤੇ ਹੀ ਕੀਤਾ ਹੈ ਕਿਸਾਨ ਅਮਨਦੀਪ ਵੱਲੋਂ ਅੱਜ 3 ਏਕੜ ਰਕਬੇ ‘ਚ ਜੈਵਿਕ ਸਬਜ਼ੀਆਂ ਜਿਨ੍ਹਾਂ ‘ਚ ਗੋਭੀ, ਬਰੌਕਲੀ, ਗਾਜਰ, ਪਿਆਜ, ਲਸਣ, ਮਟਰ, ਘੀਆ, ਖੀਰਾ, ਹਲਦੀ ਅਤੇ ਅਦਰਕ ਤੋਂ ਇਲਾਵਾ ਹੋਰ ਮੌਸਮੀ ਸਬਜੀਆਂ ਉਗਾਉਂਦਾ ਹੈ।

ਡੀਸੀ ਨੇ ਕਿਸਾਨ ਨੂੰ ਦਿੱਤੀ ਹੱਲਾਸ਼ੇਰੀ

ਡਿਪਟੀ ਕਮਿਸ਼ਨਰ ਸੰਗਰੂਰ ਸ੍ਰੀ ਰਾਮਵੀਰ ਨੇ ਅਮਨਦੀਪ ਸਿੰਘ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹੋਰਨਾਂ ਕਿਸਾਨਾਂ ਨੂੰ ਵੀ ਆਪਣੀ ਘਰੇਲੂ ਬਗੀਚੀ ਅਤੇ ਘੱਟੋ-ਘੱਟ ਆਪਣੇ ਪਰਿਵਾਰ ਵਾਸਤੇ ਲੋੜੀਂਦਾ ਅਨਾਜ ਅਤੇ ਸਬਜੀਆਂ ਜੈਵਿਕ ਢੰਗ ਨਾਲ ਉਗਾਉਣੀਆਂ ਚਾਹੀਦੀਆਂ ਹਨ। ਉਨ੍ਹਾਂ ਦੱਸਿਆ ਕਿ ਜੈਵਿਕ ਤਰੀਕੇ ਨਾਲ ਤਿਆਰ ਕੀਤੇ ਉਤਪਾਦਾਂ ਅਤੇ ਸਬਜੀਆਂ ਦੀ ਵਰਤੋਂ ਨਾਲ ਮਨੁੱਖੀ ਸਿਹਤ ਦਾ ਵਿਕਾਸ ਹੁੰਦਾ ਹੈ ਅਤੇ ਮਨੁੱਖ ਸਰੀਰਕ ਅਤੇ ਮਾਨਸਿਕ ਪੱਖੋਂ ਤੰਦਰੁਸਤ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਜ਼ਿਆਦਾ ਪੈਸਟੀਸਾਈਡਜ਼ ਅਤੇ ਕੈਮੀਕਲ ਖਾਦਾਂ ਦੀ ਵਰਤੋਂ ਨਾਲ ਹੀ ਕਈ ਬਿਮਾਰੀਆਂ ਜਿਵੇਂ ਕਿ ਬਲੱਡ ਪ੍ਰੈਸ਼ਰ, ਹਾਰਟ ਅਟੈਕ ਅਤੇ ਬਰੇਨ ਹੈਮਰੇਜ਼ ਆਦਿ ਦਾ ਵਾਧਾ ਹੋ ਰਿਹਾ ਹੈ।

ਕੀ ਕਹਿੰਦੇ ਨੇ ਮੁੱਖ ਖੇਤੀਬਾੜੀ ਅਫ਼ਸਰ:

ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰਪਾਲ ਸਿੰਘ ਗਰੇਵਾਲ ਨੇ ਦੱਸਿਆ ਕਿ ਜ਼ਿਲ੍ਹਾ ਪੱਧਰ ‘ਤੇ ਆਤਮਾ ਕਿਸਾਨ ਹੱਟ ਸਥਾਪਤ ਕਰਨ ਲਈ ਲੋੜੀਂਦੇ ਉਪਰਾਲੇ ਕੀਤੇ ਜਾ ਰਹੇ ਹਨ ਜਿਸ ‘ਚ ਕੇਵਲ ਸਵੈ-ਸਹਾਇਤਾ ਗਰੁੱਪਾਂ ਤੇ ਅਗਾਂਹਵਧੂ ਕਿਸਾਨਾਂ ਵੱਲੋਂ ਜੈਵਿਕ ਤਰੀਕੇ ਨਾਲ ਤਿਆਰ ਕੀਤੇ ਗਏ ਉਤਪਾਦਾਂ ਅਤੇ ਸਬਜੀਆਂ ਦੀ ਵਿੱਕਰੀ ਕੀਤੀ ਜਾ ਸਕੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.