ਨੌਜਵਾਨ ਪੀੜ੍ਹੀ ’ਚ ਪਰਿਵਾਰਕ ਸ਼ਿਸ਼ਟਾਚਾਰਾਂ ਦੀ ਬਹੁਤ ਜ਼ਿਆਦਾ ਘਾਟ
ਪੂਰੀ ਦੁਨੀਆਂ ਵਿੱਚ ਪੰਜਾਬੀਆਂ ਨੂੰ ਉਨ੍ਹਾਂ ਦੀ ਮਹਿਮਾਨ-ਨਿਵਾਜੀ ਕਰਕੇ ਜਾਣਿਆ ਅਤੇ ਪਛਾਣਿਆ ਜਾਂਦਾ ਹੈ। ਪਰ ਸਮੇਂ ਦੇ ਚੱਲਦੇ ਹੁਣ ਪੰਜਾਬੀਆਂ ਦੇ ਸੁਭਾਅ ਵਿੱਚੋਂ ਮਹਿਮਾਨ-ਨਿਵਾਜੀ ਬਹੁਤ ਘਟਦੀ ਜਾ ਰਹੀ ਹੈ। ਲੋਕਾਂ ਵਿੱਚ ਆਪਸੀ ਸਾਂਝ ਦਾ ਘਟਣਾ ਵੀ ਇਸ ਦਾ ਇੱਕ ਵੱਡਾ ਕਾਰਨ ਮੰਨਿਆ ਜਾ ਸਕਦਾ ਹੈ। ਹਰ ਕੋਈ ਆਪਣੇ ਕੰਮ ਕਾਰੋਬਾਰ ਵਿੱਚ ਇੰਨਾ ਰੁੱਝ ਚੁੱਕਾ ਹੈ ਕਿ ਉਸ ਕੋਲ ਘਰ ਆਏ ਮਹਿਮਾਨ ਦੀ ਸੇਵਾ ਕਰਨਾ ਤਾਂ ਦੂਰ ਉਸ ਦੇ ਕੋਲ ਦੋ ਘੜੀਆਂ ਬੈਠਣ ਤੱਕ ਦਾ ਵੀ ਸਮਾਂ ਨਹੀਂ ਹੁੰਦਾ। ਰਿਸ਼ਤੇਦਾਰਾਂ ਅਤੇ ਰਿਸ਼ਤਿਆਂ ਵਿੱਚ ਫਿੱਕਾਪਣ ਵਧਣ ਕਰਕੇ ਵੀ ਇਨਸਾਨ ਦੇ ਸੁਭਾਅ ਵਿੱਚ ਖਿਝ ਵਾਲਾ ਵਤੀਰਾ ਪੈਦਾ ਹੋ ਗਿਆ ਹੈ।
ਨੌਜਵਾਨ ਪੀੜ੍ਹੀ ਵਿੱਚ ਪਰਿਵਾਰਕ ਸ਼ਿਸ਼ਟਾਚਾਰਾਂ ਦੀ ਬਹੁਤ ਜ਼ਿਆਦਾ ਘਾਟ ਹੋ ਰਹੀ ਹੈ। ਅੱਜ ਲੋਕਾਂ ਕੋਲ ਕਿਸੇ ਨੂੰ ਮਿਲਣ-ਗਿਲਣ ਦਾ ਸਮਾਂ ਹੀ ਨਹੀਂ ਰਿਹਾ। ਇਸ ਪਿੱਛੇ ਕਿਤੇ ਲੋਕਾਂ ਦਾ ਬਹੁਤ ਜ਼ਿਆਦਾ ਪੜ੍ਹ-ਲਿਖ ਜਾਣਾ ਵੀ ਇੱਕ ਵੱਡਾ ਕਾਰਨ ਹੈ। ਪੰਜਾਬ ਦੇ ਬਹੁਤੇ ਪੇਂਡੂ ਲੋਕ ਪਿੰਡਾਂ ਤੋਂ ਸ਼ਹਿਰਾਂ ਵੱਲ ਨੂੰ ਜਾਣ ਲੱਗੇ ਹਨ, ਇਸ ਕਰਕੇ ਪਿੰਡਾਂ ਅਤੇ ਸ਼ਹਿਰਾਂ ਦੇ ਲੋਕਾਂ ਵਿੱਚ ਆਪਸੀ ਮੇਲ-ਜੋਲ ਅਤੇ ਬੋਲ-ਚਾਲ ਵੀ ਘਟ ਰਹੀ ਹੈ। ਜੇਕਰ ਕਿਸੇ ਕੋਲ ਕੋਈ ਸੁਆਰਥ ਹੈ ਤਾਂ ਹੀ ਉਸਦੀ ਸੇਵਾ ਅਤੇ ਮਹਿਮਾਨ-ਨਿਵਾਜੀ ਦੀ ਭਾਵਨਾ ਨੂੰ ਪ੍ਰਗਟਾਇਆ ਜਾ ਸਕਦਾ ਹੈ ਅਤੇ ਨਹੀਂ ਤਾਂ ਉਸਨੂੰ ਪਛਾਣਨਾ ਵੀ ਔਖਾ ਹੋ ਜਾਂਦਾ ਹੈ।
ਹੁਣ ਤਾਂ ਇਹ ਹਾਲ ਹੈ ਕਿ ਜੇਕਰ ਘਰ ਵਿੱਚ ਕੋਈ ਮਹਿਮਾਨ ਆ ਜਾਵੇ ਤਾਂ ਘਰ ਦੇ ਸਾਰੇ ਜੀਆਂ ਦੇ ਚਿਹਰਿਆਂ ਉੱਤੇ ਜਿਵੇਂ ਉਦਾਸੀ ਛਾ ਜਾਂਦੀ ਹੈ। ਸ਼ਹਿਰਾਂ ਦੇ ਮੁਕਾਬਲੇ ਪਿੰਡਾਂ ਵਿੱਚ ਅਜੇ ਵੀ ਕਈ ਘਰਾਂ ਅਤੇ ਲੋਕਾਂ ਵਿੱਚ ਮਹਿਮਾਨ-ਨਿਵਾਜੀ ਦੀ ਭਾਵਨਾ ਪੂਰੀ ਤਰ੍ਹਾਂ ਜਿਊਂਦੀ ਹੈ। ਵੱਧ ਮਹਿੰਗਾਈ ਕਰਕੇ ਵੀ ਬਹੁਤੇ ਲੋਕਾਂ ’ਚ ਮਹਿਮਾਨ-ਨਿਵਾਜੀ ਕਰਨ ਵਿੱਚ ਕਮੀ ਆ ਰਹੀ ਹੈ। ਪੁਰਾਣੇ ਸਮੇਂ ਦੀ ਮਹਿਮਾਨ-ਨਿਵਾਜੀ ਤਾਂ ਹੁਣ ਕਿਧਰੇ ਵੀ ਦਿਖਾਈ ਨਹੀਂ ਦਿੰਦੀ। ਪੁਰਾਣੇ ਸਮੇਂ ਵਿੱਚ ਤਾਂ ਵਿਆਹਾਂ ਦੇ ਸਮੇਂ ਮਹਿਮਾਨ ਕਿੰਨੇ-ਕਿੰਨੇ ਦਿਨ ਵਿਆਹ ਵਾਲੇ ਘਰ ਜਾ ਕੇ ਹੀ ਰਹਿੰਦੇ ਸਨ। ਛੋਟੇ ਬੱਚੇ ਕਈ-ਕਈ ਮਹੀਨੇ ਦਾਦਕੇ ਅਤੇ ਨਾਨਕੇ ਜਾ ਕੇ ਰਹਿੰਦੇ ਸਨ। ਵਿਆਹਾਂ ਵਿੱਚ ਬਰਾਤਾਂ ਨੂੰ ਬਹੁਤ ਦਿਨ ਕੁੜੀ ਵਾਲਿਆਂ ਵੱਲੋਂ ਆਪਣੇ ਘਰ ਵਿੱਚ ਹੀ ਠਹਿਰਾਇਆ ਜਾਂਦਾ ਸੀ ਤੇ ਸਾਰੇ ਹੀ ਬਰਾਤੀਆਂ ਦੀ ਮਹਿਮਾਨ-ਨਿਵਾਜੀ ਬੜੇ ਆਦਰ, ਮਾਣ ਅਤੇ ਸਤਿਕਾਰ ਨਾਲ ਕੀਤੀ ਜਾਂਦੀ ਸੀ, ਪਰ ਅੱਜ-ਕੱਲ੍ਹ ਅਜਿਹਾ ਕੁਝ ਵੀ ਦਿਖਾਈ ਨਹੀਂ ਦਿੰਦਾ।
ਬਜੁਰਗਾਂ ਦੇ ਸਤਿਕਾਰ ਕਰਨ ਵਿੱਚ ਵੀ ਸਾਡੇ ਨੌਜਵਾਨ ਮੁੰਡੇ-ਕੁੜੀਆਂ ਕੋਈ ਬਹੁਤਾ ਵਧੀਆ ਪ੍ਰਭਾਵ ਨਹੀਂ ਛੱਡ ਰਹੇ। ਹਰ ਕੋਈ ਬੱਸ ਆਪਣਾ ਹੀ ਲਾਭ ਸੋਚਦਾ ਹੈ। ਲੋਕ ਸੇਵਾ ਕਰਵਾਉਣ ਪ੍ਰਤੀ ਤਾਂ ਬਹੁਤ ਉਮੀਦਾਂ ਰੱਖਦੇ ਹਨ, ਪਰ ਆਪ ਕਿਸੇ ਦੀ ਮਹਿਮਾਨ-ਨਿਵਾਜੀ ਕਰਨ ਲਈ ਉਨ੍ਹਾਂ ਕੋਲ ਨਾ ਤਾਂ ਸਮਾਂ ਹੁੰਦਾ ਹੈ ਅਤੇ ਨਾ ਹੀ ਪੈਸਾ। ਭਾਵ ਲੋਕਾਂ ਦੇ ਘਰ ਖਾਣ ਜਾਣਾ ਬਹੁਤ ਸੌਖਾ ਅਤੇ ਵਧੀਆ ਲੱਗਦਾ ਹੈ, ਪਰ ਆਪਣੇ ਘਰ ਆਏ ਮਹਿਮਾਨਾਂ ਦੀ ਖਾਤਰਦਾਰੀ ਕਰਨਾ ਵੱਡੀ ਮੁਸੀਬਤ ਜਾਪਦਾ ਹੈ।
ਪੰਜਾਬ ਵਿੱਚ ਜੇਕਰ ਮਹਿਮਾਨ-ਨਿਵਾਜੀ ਕਰਨ ਦੀ ਭਾਵਨਾ ਨੂੰ ਮੁੜ ਵਾਪਸ ਲੈ ਕੇ ਆਉਣਾ ਹੈ ਤਾਂ ਲੋਕਾਂ ਨੂੰ ਆਪਣੇ ਰਿਸ਼ਤਿਆਂ ਅਤੇ ਰਿਸ਼ਤੇਦਾਰੀਆਂ ਵਿੱਚ ਆਪਸੀ ਮਿਲਵਰਤਣ ਵਧਾਉਣਾ ਪਵੇਗਾ। ਮਾਪਿਆਂ ਵੱਲੋਂ ਛੋਟੇ ਬੱਚਿਆਂ ਨੂੰ ਲੋਕਾਂ ਦੀ ਮਹਿਮਾਨ-ਨਿਵਾਜੀ ਪ੍ਰਤੀ ਸਿੱਖਿਅਤ ਕਰਨਾ ਪਵੇਗਾ। ਉਨ੍ਹਾਂ ਨੂੰ ਇਸ ਪ੍ਰਤੀ ਵੀ ਜਾਗਰੂਕ ਕਰਨ ਦੀ ਲੋੜ ਹੈ ਕਿ ਮਹਿਮਾਨ-ਨਿਵਾਜੀ ਦਿਲੋਂ ਹੋਣੀ ਚਾਹੀਦੀ ਹੈ। ਦੋਸਤੀ ਦੇ ਮਹੱਤਵ ਨੂੰ ਸਮਝਣ ਦੀ ਵੀ ਲੋੜ ਹੈ। ਬੱਚਿਆਂ ਨੂੰ ਵੱਡਿਆਂ ਦਾ ਸਤਿਕਾਰ ਅਤੇ ਸੇਵਾ ਕਰਨ ਪ੍ਰਤੀ ਉਤਸ਼ਾਹਿਤ ਕੀਤਾ ਜਾਣਾ ਜਰੂਰੀ ਹੈ। ਆਪਣੇ ਕੰਮ ਕਾਰੋਬਾਰ ਵਿੱਚ ਆਪਣਿਆਂ ਲਈ ਥੋੜ੍ਹਾ ਸਮਾਂ ਕੱਢਣ ਦੀ ਵੀ ਲੋੜ ਹੁੰਦੀ ਹੈ। ਨੂੰਹਾਂ ਧੀਆਂ ਨੂੰ ਇਸ ਪ੍ਰਤੀ ਸੋਚ-ਸਮਝ ਰੱਖਣ ਦੀ ਵਧੇਰੇ ਲੋੜ ਹੈ ਕਿਉਂਕਿ ਘਰ ਆਏ ਮਹਿਮਾਨ ਦੀ ਮਹਿਮਾਨ-ਨਿਵਾਜੀ ਕਰਨ ਲਈ ਉਨ੍ਹਾਂ ਦੀ ਪਹਿਲ ਹੋਣੀ ਸਭ ਤੋਂ ਜ਼ਿਆਦਾ ਜਰੂਰੀ ਹੁੰਦੀ ਹੈ।
ਵਿਆਹਾਂ ਸ਼ਾਦੀਆਂ ਵਿੱਚ ਪੈਲੇਸਵਾਦ ਨੂੰ ਖਤਮ ਕਰਨ ਦੀ ਲੋੜ ਹੈ ਤੇ ਘਰ ਦੇ ਆਪਸੀ ਲੋਕਾਂ ਵਿੱਚ ਮੇਲ-ਜੋਲ ਨਾਲ ਹੀ ਵਿਆਹ ਤੇ ਹੋਰ ਕਾਰਜ ਸੰਪੂਰਨ ਹੋਣੇ ਚਾਹੀਦੇ ਹਨ। ਅੱਜ ਹਰ ਇਨਸਾਨ ਲਈ ਇਹ ਬਹੁਤ ਹੀ ਜਰੂਰੀ ਹੈ ਕਿ ਜੇਕਰ ਇਸ ਧਰਤੀ ਉੱਤੇ ਖਾਸਕਰ ਪੰਜਾਬ ਦੀ ਧਰਤੀ ’ਤੇ ਇਨਸਾਨੀਅਤ ਨੂੰ ਜਿਊਂਦਾ ਰੱਖਣਾ ਹੈ ਤਾਂ ਲੋਕਾਂ ਵਿੱਚ ਇੱਕ-ਦੂਜੇ ਦੀ ਮਹਿਮਾਨ-ਨਿਵਾਜੀ ਕਰਨ ਦੀ ਭਾਵਨਾ ਹੋਣੀ ਚਾਹੀਦੀ ਹੈ ਤਾਂ ਜੋ ਸਭ ਲੋਕ ਪਿਆਰ ਅਤੇ ਸਤਿਕਾਰ ਦੀ ਜਿੰਦਗੀ ਜੀ ਸਕਣ। ਪੰਜਾਬ ਦੀ ਮਹਿਮਾਨ-ਨਿਵਾਜੀ ਜੋ ਦੁਨੀਆਂ ਭਰ ਵਿੱਚ ਮਸ਼ਹੂਰ ਹੈ ਉਹ ਇਸੇ ਤਰ੍ਹਾਂ ਮਸ਼ਹੂਰ ਅਤੇ ਆਦਰ ਸਤਿਕਾਰ ਨਾਲ ਭਰੀ ਹੋਣੀ ਚਾਹੀਦੀ ਹੈ।
ਵਿਜੈ ਗਰਗ, ਸਾਬਕਾ ਪੀਈਐਸ-1,
ਸੇਵਾ ਮੁਕਤ ਪ੍ਰਿੰਸੀਪਲ,
ਮਲੋਟ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ