ਸਰਦੀਆਂ ਦੇ ਮੌਸਮ ’ਚ ਬਹੁਤ ਲਾਹੇਵੰਦ ਹੈ ਕਸਰਤ
ਕਹਿੰਦੇ ਹਨ ਜੇ ਪੈਸਾ ਗਿਆ ਤਾਂ ਕੁਝ ਵੀ ਨਹੀਂ ਗਿਆ ਜੇ ਸਿਹਤ ਗਈ ਤਾਂ ਸਭ ਕੁਝ ਗਿਆ ਅਜੋਕੇ ਸਮੇਂ ਵਿੱਚ ਮਨੁੱਖ ਅਨੇਕਾਂ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ| ਜਿਸ ਵਿੱਚ ਕੈਂਸਰ, ਹੈਪੇਟਾਈਟਸ ਸੀ ਅਤੇ ਹੋਰ ਭਿਆਨਕ ਬਿਮਾਰੀਆਂ ਮਨੁੱਖਤਾ ਨੂੰ ਆਪਣੀ ਲਪੇਟ ਵਿੱਚ ਲੈ ਰਹੀਆਂ ਹਨ| ਮੋਟਾਪਾ ਦਿਨ-ਪ੍ਰਤੀਦਿਨ ਵਧ ਰਿਹਾ ਹੈ ਜਿਸ ਦਾ ਮੁੱਖ ਕਾਰਨ ਸਾਡੀਆਂ ਖਾਣ-ਪੀਣ ਦੀਆਂ ਵਸਤੂਆਂ ਅਤੇ ਸਿਹਤ ਵੱਲ ਧਿਆਨ ਨਾ ਦੇਣਾ ਹੈ|
ਸਰਦੀਆਂ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਸਾਡੀ ਖੁਰਾਕ ਵਿਚ ਮਿੱਠੇ ਦੀ ਜ਼ਿਆਦਾ ਮਿਕਦਾਰ ਹੋਣ ਨਾਲ ਸਾਡਾ ਸਰੀਰ ਭਾਰੀ ਹੋਣ ਲੱਗਦਾ ਹੈ ਜਿਸ ਦੀ ਪਹਿਲਾਂ ਅਸੀਂ ਪ੍ਰਵਾਹ ਨਹੀਂ ਕਰਦੇ ਜਦੋਂ ਸਮਾਂ ਹੱਥੋਂ ਲੰਘ ਜਾਂਦਾ ਹੈ ਤਾਂ ਫਿਰ ਮੋਟਾਪੇ ਨੂੰ ਘਟਾਉਣ ਲਈ ਵੱਖ-ਵੱਖ ਦਵਾਈਆਂ ਦਾ ਪ੍ਰਯੋਗ ਕਰਦੇ ਹਾਂ ਜਿਸ ਦਾ ਸਰੀਰ ’ਤੇ ਭਿਆਨਕ ਅਸਰ ਵੀ ਵੇਖਣ ਨੂੰ ਮਿਲਦਾ ਹੈ|
ਸਰਦੀਆਂ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਸਵੇਰ ਦੀ ਸੈਰ ਅਤੇ ਕਸਰਤ ਬੜੀ ਲਾਹੇਵੰਦ ਹੈ| ਜਿਸ ਤਰ੍ਹਾਂ ਮਸ਼ੀਨ ਨੂੰ ਲਗਾਤਾਰ ਚੱਲਣ ਲਈ ਸਰਵਿਸ ਦੀ ਜਰੂਰਤ ਪੈਂਦੀ ਹੈ ਉਸੇ ਤਰ੍ਹਾਂ ਹੀ ਮਨੁੱਖੀ ਸਰੀਰ ਨੂੰ ਵੀ ਕਸਰਤ ਰੂਪੀ ਸਰਵਿਸ ਦੀ ਸਖਤ ਜਰੂਰਤ ਹੈ ਜੇਕਰ ਤੁਸੀਂ ਆਪਣਾ ਸਰੀਰ ਰਿਸ਼ਟ-ਪੁਸ਼ਟ ਅਤੇ ਰੋਗ ਰਹਿਤ ਚਾਹੁੰਦੇ ਹੋ ਤਾਂ ਤੁਹਾਨੂੰ ਖੇਡ ਦੇ ਮੈਦਾਨਾਂ ਦਾ ਹਿੱਸਾ ਬਣਨਾ ਹੀ ਪਵੇਗਾ ਅੱਜ-ਕੱਲ੍ਹ ਪਿੰਡਾਂ, ਛੋਟੇ ਸ਼ਹਿਰਾਂ ਵਿਚ ਵੀ ਸਟੇਡੀਅਮ ਵਿਕਸਿਤ ਹੋ ਗਏ ਹਨ ਸਾਨੂੰ ਆਪਣੀ ਆਲਸ ਤਿਆਗ ਕੇ ਇਸ ਸਰੀਰ ਰੂਪੀ ਮਸ਼ੀਨ ਨੂੰ ਲਗਾਤਾਰ ਚੱਲਦਾ ਰੱਖਣ ਲਈ ਸਰੀਰਕ ਕਸਰਤ ਕਰਨੀ ਹੀ ਪਵੇਗੀ| ਸਰਦੀਆਂ ਵਿਚ ਕਸਰਤ ਦੇ ਅਨੇਕਾਂ ਲਾਭ ਹਨ|
1) ਕਸਰਤ ਕਰਨ ਨਾਲ ਸਾਡੇ ਸਰੀਰ ਵਿਚ ਕੰਮ ਕਰ ਰਹੀਆਂ ਧਮਣੀਆਂ, ਸਿਰਾਵਾਂ ਤੇ ਕੋਸ਼ਿਕਾਵਾਂ ਸਹੀ ਕੰਮ ਕਰਦੀਆਂ ਹਨ ਤੇ ਸਾਡੇ ਖ਼ੂਨ ਦਾ ਸਰਕਲ ਦਿਲ ਤੱਕ ਸਹੀ ਢੰਗ ਨਾਲ ਹੁੰਦਾ ਹੈ ਜਿਸ ਨਾਲ ਹਾਰਟ ਅਟੈਕ ਦੀ ਸਮੱਸਿਆ ਬਹੁਤ ਘੱਟ ਆਉਂਦੀ ਹੈ|
2) ਕਸਰਤ ਕਰਨ ਨਾਲ ਸਾਡੀ ਚਮੜੀ ਦੇ ਮੁਸਾਮ ਖੁੱਲ੍ਹ ਜਾਂਦੇ ਹਨ ਜਿਸ ਨਾਲ ਚਮੜੀ ਦੇ ਰੋਗਾਂ ਤੋਂ ਅਸਾਨੀ ਨਾਲ ਛੁਟਕਾਰਾ ਮਿਲਦਾ ਹੈ|
3) ਕਸਰਤ ਕਰਨ ਨਾਲ ਸਾਡਾ ਵਾਧੂ ਭਾਰ ਸਰੀਰ ਵਿੱਚੋਂ ਖ਼ਤਮ ਹੋ ਜਾਂਦਾ ਹੈ ਤੇ ਸਰੀਰ ਰਿਸ਼ਟ-ਪੁਸ਼ਟ ਤੇ ਸੁੰਦਰ ਵਿਖਾਈ ਦਿੰਦਾ ਹੈ|
4) ਕਸਰਤ ਕਰਨ ਨਾਲ ਖਾਧਾ-ਪੀਤਾ ਜਿੱਥੇ ਹਜ਼ਮ ਹੁੰਦਾ ਹੈ, ਉੱਥੇ ਅਸੀਂ ਤਲੀਆਂ ਤੇ ਮੈਦੇ ਵਾਲੀਆਂ ਚੀਜ਼ਾਂ ਨੂੰ ਪਚਾਉਣ ਵਿੱਚ ਵੀ ਸਫਲ ਹੁੰਦੇ ਹਾਂ|
5) ਕਸਰਤ ਕਰਨ ਨਾਲ ਜੋੜਾਂ ਦੇ ਦਰਦ ਬਿਲਕੁਲ ਖਤਮ ਹੋ ਜਾਂਦੇ ਹਨ ਤੇ ਸਾਨੂੰ ਕਿਸੇ ਦਵਾਈ ਦੀ ਵਰਤੋਂ ਨਹੀਂ ਕਰਨੀ ਪੈਂਦੀ|
6) ਕਸਰਤ ਕਰਨ ਨਾਲ ਸਾਡਾ ਸਰੀਰ ਰਿਸ਼ਟ-ਪੁਸ਼ਟ ਰਹਿੰਦਾ ਹੈ ਅਤੇ ਸਾਨੂੰ ਦਿਨ ਸਮੇਂ ਆਪਣੇ ਕੰਮ ਕਰਨ ਵਿੱਚ ਕੋਈ ਥਕਾਵਟ ਮਹਿਸੂਸ ਨਹੀਂ ਹੁੰਦੀ|
7) ਸਵੇਰ ਦੇ ਸਮੇਂ ਤਾਜ਼ੀ ਹਵਾ ਵਿੱਚੋਂ ਆਕਸੀਜਨ ਲੈ ਕੇ ਫੇਫੜੇ ਚੰਗੀ ਤਰ੍ਹਾਂ ਕੰਮ ਕਰਦੇ ਹਨ ਜਿਸ ਨਾਲ ਸਰੀਰ ਨੂੰ ਭਰਪੂਰ ਐਨਰਜੀ ਮਿਲਦੀ ਹੈ|
8) ਕਸਰਤ ਨਾਲ ਭੁੱਖ ਨਾ ਲੱਗਣ ਦੀ ਬਿਮਾਰੀ ਖਤਮ ਹੁੰਦੀ ਹੈ|
9) ਕਸਰਤ ਕਰਨ ਨਾਲ ਨੀਂਦ ਨਾ ਆਉਣ ਦੀ ਸਮੱਸਿਆ ਵੀ ਖਤਮ ਹੋ ਜਾਂਦੀ ਹੈ|
10) ਕਸਰਤ ਕਰਨ ਨਾਲ ਸਾਡੇ ਸਰੀਰ ’ਚ ਕੋਲੈਸਟਰੋਲ ਦੀ ਮਾਤਰਾ ਘਟਦੀ ਹੈ ਤੇ ਖ਼ੂਨ ਸ਼ੁੱਧ ਤੇ ਸਾਫ਼ ਹੁੰਦਾ ਹੈ |
11) ਰੋਜ਼ਾਨਾ ਖ਼ੁਰਾਕ ਵਿੱਚੋਂ ਕਾਰਬੋਹਾਈਡਰੇਟਸ ਨੂੰ ਪਚਾਉਣ ਲਈ ਵੀ ਸਾਨੂੰ ਕਸਰਤ ਦੀ ਬਹੁਤ ਜ਼ਰੂਰਤ ਪੈਂਦੀ ਹੈ|
ਆਓ! ਸਾਰੇ ਇਸ ਜ਼ਿੰਦਗੀ ਨੂੰ ਵਧੀਆ ਬਣਾਉਣ ਲਈ ਖੇਡ ਦੇ ਮੈਦਾਨਾਂ, ਸਟੇਡੀਅਮਾਂ ਦਾ ਹਿੱਸਾ ਬਣੀਏ ਅਤੇ ਇੱਕ ਸਫਲ ਜ਼ਿੰਦਗੀ, ਰੋਗ ਰਹਿਤ ਜਿੰਦਗੀ ਬਤੀਤ ਕਰੀਏ
ਅਮਨਦੀਪ ਸ਼ਰਮਾ,
ਗੁਰਨੇ ਕਲਾਂ, ਮਾਨਸਾ
ਮੋ. 98760-74055
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ