ਡੈਪੂਟੇਸ਼ਨ ਰੱਦ ਦੀ ਮੰਗ ਸਬੰਧੀ ਅਧਿਆਪਕਾਂ ਨੇ ਕੀਤੀ ਸਰਕਾਰ ਤੇ ਵਿਭਾਗ ਵਿਰੁੱਧ ਜੰਮਕੇ ਨਾਅਰੇਬਾਜ਼ੀ
ਅਧਿਆਪਕ ਮੰਗਲ ਸਿੰਘ ਨੇ ਪਰਿਵਾਰ ਸਮੇਤ ਆਤਮਦਾਹ ਕਰਨ ਦੀ ਦਿੱਤੀ ਚੇਤਾਵਨੀ
(ਜਸਵੀਰ ਸਿੰਘ ਗਹਿਲ) ਬਰਨਾਲਾ। ਡੈਪੂਟੇਸ਼ਨ ਰੱਦ ਕਰਵਾਉਣ ਦੀ ਮੰਗ ਸਬੰਧੀ ਦਸਵੇਂ ਦਿਨ ਮੁੜ ਰੈਗੂਲਰ ਅਧਿਆਪਕਾਂ (ETT Teachers) ਨੇ ਸਿੱਖਿਆ ਮੰਤਰੀ ਦੀ ਰਿਹਾਇਸ਼ ਅੱਗੇ ਪੁੱਜ ਕੇ ਤਿੱਖੜ ਦੁਪਿਹਰੇ ਧਰਨਾ ਦਿੱਤਾ। ਜਿਸ ਵਿੱਚ ਅਧਿਆਪਕਾਵਾਂ ਤੇ ਉਨ੍ਹਾਂ ਦੇ ਕੁੱਸੜ ਚੁੱਕੇ ਬੱਚੇ ਅੱਤ ਦੀ ਗਰਮੀ ਕਾਰਨ ਬੌਂਦਲੇ ਨਜ਼ਰ ਆਏ। ਬੇਸ਼ੱਕ ਇਸ ਦੌਰਾਨ ਪੁਲਿਸ ਮੁਲਾਜ਼ਮ ਛਾਵੇਂ ਖੜੇ ਆਪਣੀ ਡਿਊਟੀ ਨਿਭਾ ਰਹੇ ਸਨ ਪਰ ਪ੍ਰਦਰਸ਼ਨਕਾਰੀ ਅਧਿਆਪਕ ਤਪਦੀ ਸੜਕ ’ਤੇ ਬੈਠੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਇਸਦੇ ਮੰਤਰੀਆਂ ਨੂੰ ਪਾਣੀ ਪੀ-ਪੀ ਕੇ ਕੋਸਦੇ ਰਹੇ। ਇਸ ਦੌਰਾਨ ਮੰਗਲ ਸਿੰਘ ਨਾਂਅ ਦੇ ਇੱਕ ਅਧਿਆਪਕ ਨੇ ਮੰਗਾਂ ਦਾ ਹੱਲ ਨਾ ਹੋਣ ’ਤੇ ਪਰਿਵਾਰ ਸਮੇਤ ਆਤਮਦਾਹ ਕਰਨ ਦੀ ਚੇਤਾਵਨੀ ਵੀ ਦਿੱਤੀ।
ਧਰਨੇ ਦੌਰਾਨ ਮੁਨੀਸ ਕੁਮਾਰ ਫਾਜ਼ਿਲਕਾ, ਸਰੋਜ਼ ਰਾਣੀ ਮੁਕਤਸਰ ਤੇ ਅਸੋਕ ਕੁਮਾਰ ਆਦਿ ਅਧਿਆਪਕਾਂ ਨੇ ਦੱਸਿਆ ਕਿ ਈ.ਟੀ.ਟੀ. ਅਧਿਆਪਕਾਂ ਦੀਆਂ ਬਦਲੀਆਂ ਵਿਭਾਗ ਵੱਲੋਂ ਆਨਲਾਇਨ ਟਰਾਂਸਫਰ ਪਾਲਿਸੀ ਅਨੁਸਾਰ ਸਾਲ 2019-20 ਅਤੇ 2020-21 ’ਚ ਖਾਲੀ ਅਸਾਮੀਆਂ ’ਤੇ ਹੀ ਕੀਤੀਆਂ ਗਈਆਂ ਸਨ। ਜਿਸ ਕਾਰਨ ਉਨ੍ਹਾਂ ਨੂੰ ਆਪਣੇ ਜੱਦੀ ਜ਼ਿਲ੍ਹੇ ਤੋਂ ਬਾਹਰਲੇ ਜ਼ਿਲ੍ਹਿਆਂ ’ਚ ਰੋਜਾਨਾਂ ਲੰਮਾ ਸਫ਼ਰ ਤੈਅ ਕਰਕੇ ਖੱਜ਼ਲ-ਖੁਆਰ ਹੋਣਾ ਪੈ ਰਿਹਾ ਹੈ ਤੇ ਉਨ੍ਹਾਂ ਨੂੰ ਹਾਲੇ ਤੱਕ ਵੀ ਫਾਰਗ ਨਹੀਂ ਕੀਤਾ ਗਿਆ। ਆਗੂਆਂ ਦੱਸਿਆ ਕਿ ਵਿਭਾਗ ਵੱਲੋਂ 31 ਮਾਰਚ ਤੱਕ ਬਦਲੀ ਕਰਕੇ ਦੂਰ- ਦੁਰਾਡੇ ਭੇਜੇ ਗਏ ਅਧਿਆਪਕਾਂ ਨੂੰ ਇੱਕ ਪੱਤਰ ਜ਼ਾਰੀ ਕਰਕੇ 1 ਅਪਰੈਲ ਤੋਂ ਫਾਰਗ ਕਰਨ ਦਾ ਹੁਕਮ ਜ਼ਾਰੀ ਕੀਤਾ ਸੀ ਪਰ ਹਾਲੇ ਤੱਕ ਕਿਸੇ ਵੀ ਅਧਿਆਪਕ ਨੂੰ ਫਾਰਗ ਨਹੀਂ ਕੀਤਾ ਗਿਆ ਜੋ ਕਿ ਪੱਤਰ ਅਨੁਸਾਰ ਵੀ ਵਿਭਾਗੀ ਹੁਕਮਾਂ ਦੀ ਉਲੰਘਣਾ ਹੈ।
ਆਗੂਆਂ ਦੱਸਿਆ ਕਿ ਲੰਮੇ ਸਮੇਂ ਤੋਂ ਵਿਭਾਗ ਵੱਲੋਂ ਨਵੀਂ ਭਰਤੀ ਦਾ ਹਵਾਲਾ ਦੇ ਕੇ ਡੈਪੂਟੇਸ਼ਨ ’ਤੇ ਲਾਏ ਗਏ ਅਧਿਆਪਕਾਂ ਨੂੰ ਖੱਜ਼ਲ-ਖੁਆਰ ਕੀਤਾ ਜਾ ਰਿਹਾ ਹੈ ਜੋ ਉਨ੍ਹਾਂ ਨਾਲ ਸਰਾਸਰ ਧੱਕਾ ਹੈ। ਆਗੂਆਂ ਦੱਸਿਆ ਕਿ ਡਿਊਟੀ ’ਤੇ ਆਉਣ-ਜਾਣ ਲਈ ਰੋਜਾਨਾਂ 200-300 ਕਿਲੋਮੀਟਰ ਦਾ ਸਫ਼ਰ ਨਾ ਸਿਰਫ਼ ਉਨ੍ਹਾਂ ਲਈ ਆਰਥਿਕ ਨੁਕਸਾਨ ਦਾ ਕਾਰਨ ਬਣ ਰਿਹਾ ਹੈ ਸਗੋਂ ਉਨ੍ਹਾਂ ਨੂੰ ਮਾਨਸਿਕ ਪ੍ਰੇਸ਼ਾਨੀ ਵੀ ਝੱਲਣੀ ਪੈ ਰਹੀ ਹੈ। ਆਗੂਆਂ ਦੱਸਿਆ ਕਿ ਡੈਪੂਟੇਸ਼ਨ ’ਤੇ ਲਾਏ ਗਏ ਅਧਿਆਪਕਾਂ ਨੂੰ ਫਾਰਗ ਕਰਨ ਲਈ ਵਿਭਾਗ ਨੂੰ ਯਾਦ ਪੱਤਰ ਵੀ ਭੇਜਿਆ ਗਿਆ ਸੀ ਪਰ ਕੋਈ ਹੱਲ ਨਹੀਂ ਹੋਇਆ ਤੇ ਖਮਿਆਜ਼ਾ ਅਧਿਆਪਕਾਂ ਨੂੰ ਉਠਾਉਣਾ ਪੈ ਰਿਹਾ ਹੈ।
ਆਗੂਆਂ ਦੱਸਿਆ ਕਿ ਇਸ ਤੋਂ ਪਹਿਲਾਂ ਆਪਣੀ ਉਕਤ ਮੰਗ ਨੂੰ ਲੈ ਕੇ 3 ਅਪਰੈਲ ਨੂੰ ਵੀ ਸਿੱਖਿਆ ਮੰਤਰੀ ਦੀ ਰਿਹਾਇਸ ਅੱਗੇ ਧਰਨਾ ਦਿੱਤਾ ਸੀ ਜਿੱਥੇ ਸਿੱਖਿਆ ਮੰਤਰੀ ਤੇ ਸਥਾਨਕ ਸਿੱਖਿਆ ਅਫ਼ਸਰ ਦੁਆਰਾ ਉਨ੍ਹਾਂ ਦੀ 6 ਅਪਰੈਲ ਨੂੰ ਮੀਟਿੰਗ ਚੰਡੀਗੜ ਵਿਖੇ ਮੀਟਿੰਗ ਕਰਵਾਉਣ ਦਾ ਭਰੋਸਾ ਦਿਵਾਉਂਦਿਆਂ ਉਨ੍ਹਾਂ ਦੀਆਂ ਮੰਗਾਂ ਦਾ ਫੌਰੀ ਹੱਲ ਕਰਨ ਦਾ ਭਰੋਸਾ ਦਿਵਾਇਆ ਸੀ। ਪਰ ਮੀਟਿੰਗ ਵਿੱਚ ਉਨਾਂ ਦੀਆਂ ਅੱਧੀਆਂ ਮੰਗਾਂ ਵੀ ਨਹੀਂ ਮੰਨੀਆਂ ਗਈਆਂ। ਜਿਸ ਕਾਰਨ ਉਨ੍ਹਾਂ ਨੂੰ ਮੁੜ ਸੰਘਰਸ਼ ਦਾ ਵਿਗਲ ਵਜਾਉਣਾ ਪਿਆ ਹੈ। ਉਨ੍ਹਾਂ ਦੱਸਿਆ ਕਿ ਜਦ ਤੱਕ ਉਨ੍ਹਾਂ ਦੀਆਂ ਮੰਗਾਂ ਹੱਲ ਲਈ ਹੁੰਦੀਆਂ ਉਹ ਆਪਣਾ ਧਰਨਾ ਜਾਰੀ ਰੱਖਣਗੇ। ਇਸ ਦੌਰਾਨ ਮੁਨੀਸ ਫਾਜ਼ਿਲਕਾ ਨੇ ਮੰਗ ਕੀਤੀ ਕਿ ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ ਫੌਰੀ ਤੌਰ ’ਤੇ ਹੱਲ ਕਰੇ ਤਾਂ ਜੋ ਉਹ ਬੱਚਿਆਂ ਦੀ ਪੜ੍ਹਾਈ ’ਤੇ ਧਿਆਨ ਕੇਂਦਰਿਤ ਕਰ ਸਕਣ।
ਨਾ ਉਹ ਘਰ ਦੇ ਨਾ ਬਾਹਰ ਦੇ
ਮੰਗਲ ਸਿੰਘ ਨਾਂਅ ਦੇ ਇੱਕ ਅਧਿਆਪਕ ਨੇ ਕਿਹਾ ਕਿ ਉਹ ਮਾਨਸਿਕ ਤੌਰ ’ਤੇ ਟੁੱਟ ਚੁੱਕਾ ਹੈ ਜਿਸ ਕਾਰਨ ਉਹ ਬਹੁਤ ਜ਼ਿਆਦਾ ਦੁਖੀ ਹੈ। ਇਸੇ ਕਰਕੇ ਉਹ ਆਪਣੇ ਪਰਿਵਾਰ ਸਮੇਤ ਖੁਦਕੁਸ਼ੀ ਵੀ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਦੀਆਂ ਨਲਾਇਕੀਆਂ ਕਾਰਨ ਨਾ ਉਹ ਘਰ ਦੇ ਹਨ ਤੇ ਨਾ ਬਾਹਰ ਦੇ ਹਨ। ਜੇਕਰ ਸਰਕਾਰ ਹੈ ਅਤੇ ਉਨ੍ਹਾਂ ਦੀ ਅਵਾਜ਼ ਸੁਣਦੀ ਹੈ ਤਾਂ ਉਨ੍ਹਾਂ ਦੀਆਂ ਮੰਗਾਂ ਦਾ ਫੌਰੀ ਤੌਰ ’ਤੇ ਹੱਲ ਕਰੇ।
‘ਆਪ’ ਹੁਣ ਖਾਸ ਬਣ ਗਈ ਐ
ਪ੍ਰਦਸ਼ਨਕਾਰੀਆਂ ’ਚ ਸ਼ਾਮਲ ਸੁਖਦੀਪ ਸਿੰਘ, ਰਮਨਦੀਪ ਕੌਰ, ਕੁਲਵਿੰਦਰ ਸਿੰਘ ਤੇ ਬਲਵੀਰ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ’ਚ 90 ਫੀਸਦੀ ਮੁਲਾਜ਼ਮ ਵਰਗ ਨੇ ਵੱਡਾ ਰੋਲ ਨਿਭਾਇਆ ਹੈ। ਪਰ ਅੱਜ ‘ਆਪ’ ਸਰਕਾਰ ਵੱਲੋਂ ਉਨਾਂ ਦੀ ਹੀ ਗੱਲ ਤੱਕ ਨਹੀ ਸੁਣੀ ਜਾ ਰਹੀ ਹੈ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਖਾਸ ਬਣ ਚੁੱਕੀ ਹੈ। ਜਿਸ ਨੂੰ ਹੁਣ ਰਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਵਾਂਗ ਲੋਕ ਮਸਲੇ ਨਜ਼ਰ ਆਉਣੋਂ ਹਟ ਗਏ ਹਨ।
ਪੁਲਿਸ ਨੇ ਸੁਰੱਖਿਆ ਕੀਤੀ ਮਜ਼ਬੂਤ
ਅਧਿਆਪਕਾਂ ਵੱਲੋਂ ਸ਼ੁਰੂ ਕੀਤੇ ਧਰਨੇ ਤੋਂ ਬਾਅਦ ਪੁਲਿਸ ਨੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਹੇਅਰ ਦੀ ਰਿਹਾਇਸ ਅੱਗੇ ਸੁਰੱਖਿਆ ਹੋਰ ਸਖ਼ਤ ਕਰ ਦਿੱਤੀ ਹੈ। ਪੁਲਿਸ ਨੇ ਰਿਹਾਇਸ਼ ਨੂੰ ਜਾਂਦੇ ਰਸਤੇ ਨੂੰ ਪਹਿਲਾਂ ਹੀ ਬੈਰੀਕੇਡਿੰਗ ਕਰਕੇ ਬੰਦ ਕੀਤਾ ਹੋਇਆ ਸੀ, ਜਿਸ ਨੂੰ ਹੋਰ ਮਜ਼ਬੂਤ ਕਰਦਿਆਂ ਰੱਸੇ ਆਦਿ ਵੀ ਬੰਨ ਦਿੱਤੇ ਗਏ ਹਨ ਤਾਂ ਜੋ ਕੋਈ ਵੀ ਪ੍ਰਦਰਸ਼ਨਕਾਰੀ ਰਿਹਾਇਸ ਦੇ ਮੁੱਖ ਗੇਟ ਤੱਕ ਨਾ ਪੁੱਜ ਸਕੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ