ਮੁਲਾਜ਼ਮਾਂ ਵੱਲੋਂ ਦਫਤਰਾਂ ਅੱਗੇ ਰੋਸ ਰੈਲੀਆਂ ਕਰਕੇ ਪ੍ਰਦਰਸ਼ਨ
ਪਾਵਰਕੌਮ ਘਾਟੇ ‘ਚ ਜਾਣ ਕਰਕੇ ਲਗਾਤਾਰ ਵਧਾ ਰਹੀ ਐ ਬਿਜਲੀ ਦੇ ਰੇਟ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪੀਐਸਈਬੀ ਇੰਪਲਾਈਜ਼ ਜੁਆਇੰਟ ਫੋਰਮ ਦੇ ਸੱਦੇ ‘ਤੇ ਅੱਜ ਹਜਾਰਾਂ ਬਿਜਲੀ ਕਾਮਿਆਂ ਵੱਲੋਂ ਇੱਕ ਦਿਨਾਂ ਹੜਤਾਲ ਕੀਤੀ ਗਈ, ਜਿਸ ਕਾਰਨ ਪਾਵਰਕੌਮ ਦਾ ਕੰਮ ਕਾਜ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਇਸ ਦੇ ਨਾਲ ਹੀ ਬਿਜਲੀ ਕਾਮਿਆਂ ਵੱਲੋਂ ਪੰਜਾਬ ਅੰਦਰ ਵੱਖ-ਵੱਖ ਦਫ਼ਤਰਾਂ ਅੱਗੇ ਧਰਨੇ ਲਾਕੇ ਸਰਕਾਰ ਅਤੇ ਮੈਨੇਜਮੈਂਟ ਖਿਲਾਫ਼ ਰੋਸ਼ ਪ੍ਰਦਰਸ਼ਨ ਵੀ ਕੀਤਾ ਗਿਆ। ਮੁਲਾਜ਼ਮ ਆਗੂਆਂ ਨੇ ਦੋਸ਼ ਲਾਇਆ ਕਿ ਬਿਜਲੀ ਕਾਮਿਆਂ ਦੀਆਂ ਮੰਨੀਆਂ ਗਈਆਂ ਮੰਗਾਂ ਨੂੰ ਮੈਨੇਜਮੈਂਟ ਵੱਲੋਂ ਲਾਗੂ ਕਰਨ ਦੀ ਥਾਂ ਪੈਰ ਪਿੱਛੇ ਖਿੱਚਿਆ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ ਅੱਜ ਬਿਜਲੀ ਕਾਮੇ ਰਾਤ 12 ਵਜੇ ਤੋਂ ਹੀ ਹੜਤਾਲ ‘ਤੇ ਚਲੇ ਗਏ ਸਨ। ਮੁੱਖ ਦਫ਼ਤਰ ਪਟਿਆਲਾ, ਸੰਗਰੂਰ, ਬਰਨਾਲਾ, ਮਾਨਸਾ, ਬਠਿੰਡਾ, ਲੁਧਿਆਣਾ, ਫਰੀਦਕੋਟ, ਜਲੰਧਰ, ਸ੍ਰੀ ਫਤਿਹਗੜ੍ਹ ਸਾਹਿਬ ਆਦਿ ਜ਼ਿਲਿਆਂ ‘ਚ ਹੜਤਾਲ ਹੋਣ ਕਾਰਨ ਦਫ਼ਤਰੀ ਕੰਮਮਾਜ ਪ੍ਰਭਾਵਿਤ ਹੋਇਆ ਅਤੇ ਆਗੂਆਂ ਅਨੁਸਾਰ ਹੜਤਾਲ ਸਫ਼ਲ ਰਹੀ।
ਜਥੇਬੰਦੀ ਦੇ ਸੂਬਾਈ ਆਗੂਆਂ ਕਰਮ ਚੰਦ ਭਾਰਦਵਾਜ, ਕੁਲਦੀਪ ਸਿੰਘ ਖੰਨਾ, ਜਗਰੂਪ ਸਿੰਘ ਮਹਿਮਦਪੁਰ, ਕੌਰ ਸਿੰਘ, ਬ੍ਰਿਜ ਲਾਲ, ਰਣਬੀਰ ਸਿੰਘ ਪਾਤੜਾਂ, ਹਰਜਿੰਦਰ ਸਿੰਘ ਦੁਬਾਲਾ, ਸਿਕੰਦਰ ਨਾਥ, ਹਰਪਾਲ ਸਿੰਘ, ਬਲਵਿੰਦਰ ਸਿੰਘ ਸੰਧੂ ਆਦਿ ਨੇ ਦੱਸਿਆ ਕਿ ਪਾਵਰ ਮੈਨੇਜਮੈਂਟ ਪੀ.ਐਸ.ਈ.ਬੀ. ਇੰਪਲਾਈਜ਼ ਜੁਆਇੰਟ ਫੋਰਮ ਨਾਲ ਮੀਟਿੰਗਾਂ ਵਿੱਚ ਕੀਤੇ ਸਮਝੌਤੇ ਅਨੁਸਾਰ ਮੰਨੀਆਂ ਮੰਗਾਂ ਲਾਗੂ ਕਰਨ ਤੋਂ ਮੁਨਕਰ ਹੋ ਰਹੀ ਹੈ ਜਿਸ ਕਾਰਨ ਮੁਲਾਜਮਾਂ ਦੀਆਂ ਮੰਗਾਂ ਤੇ ਮਸਲੇ ਜਿਉਂ ਦੇ ਤਿਉਂ ਪਏ ਹਨ। ਪਾਵਰ ਮੈਨੇਜਮੈਂਟ ਆਰਥਿਕ ਘਾਟੇ ਦਾ ਬਹਾਨਾ ਲਾ ਕੇ ਮੰਗਾਂ ਲਾਗੂ ਕਰਨ ਤੋਂ ਇਨਕਾਰੀ ਹੈ,
ਜਿਸ ਕਰਕੇ ਮੁਲਾਜਮਾਂ ਨੂੰ ਸੂਬਾ ਪੱਧਰ ‘ਤੇ ਹੜਤਾਲ ਕਰਕੇ ਆਪਣਾ ਰੋਸ ਪ੍ਰਗਟਾਉਣਾ ਪਿਆ। ਹੜਤਾਲ ਕਾਰਨ ਅਦਾਰੇ ਵੱਲੋਂ ਖਪਤਕਾਰਾਂ ਤੇ ਜਨਤਾ ਨੂੰ ਬਿਜਲੀ ਸਬੰਧੀ ਸੇਵਾਵਾ ਦੇਣ ਵਿੱਚ ਵਿਘਨ ਪਿਆ। ਸ਼ਿਕਾਇਤ ਕੇਂਦਰਾਂ ਤੇ ਬਿਜਲੀ ਮੁਲਾਜਮਾਂ ਦੇ ਹੜਤਾਲ ‘ਤੇ ਜਾਣ ਕਾਰਨ ਬਿਜਲੀ ਸ਼ਿਕਾਇਤਾ ਦਾ ਨਿਪਟਾਰਾ ਕਰਨ ਵਿੱਚ ਵਿਘਨ ਪਿਆ। ਇਸ ਤੋਂ ਇਲਾਵਾ ਸਾਨਨ ਪਾਵਰ ਹਾਊਸ ਜੋਗਿੰਦਰ ਨਗਰ ਵਿਖੇ ਪਾਵਰ ਹਾਊਸ ਦੀ 50 ਮੈਗਾਵਾਟ ਦੀ ਜਨਰੇਸ਼ਨ ਮਸ਼ੀਨ ਸਲਾਨਾ ਮੇਨਟੀਨੈਂਸ ਲਈ ਹੜਤਾਲ ਕਾਰਨ ਇੱਕ ਦਿਨ ਲੇਟ ਚੱਲਣ ‘ਤੇ ਪੈਦਾਵਾਰ ਸ਼ੁਰੂ ਹੋਣ ਕਾਰਨ ਬਿਜਲੀ ਪੈਦਾਵਾਰ ਨਾ ਹੋਣ ਕਰਕੇ ਅਦਾਰੇ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋਇਆ।
ਆਗੂਆਂ ਨੇ ਦੱਸਿਆ ਕਿ 16-04-2010 ਵਿੱਚ ਬਿਜਲੀ ਬੋਰਡ ਦੇ ਟੁੱਟਣ ਤੋਂ ਬਾਅਦ ਪਾਵਰ ਕਾਰਪੋਰੇਸ਼ਨ ਦਾ ਆਰਥਿਕ ਘਾਟਾ ਲਗਾਤਾਰ ਜਾਰੀ ਹੈ। ਕਾਰਪੋਰੇਸ਼ਨ ਦੇ ਪ੍ਰਬੰਧਕ ਇਸ ਘਾਟੇ ਨੂੰ ਪੂਰਾ ਕਰਨ ਅਤੇ ਬਿਜਲੀ ਚੋਰੀ ਰੋਕਣ ਵਿੱਚ ਨਾਕਾਮ ਰਹੇ ਹਨ, ਹਰੇਕ ਸਾਲ ਨਿਗਮ ਦੇ ਘਾਟੇ ਨੂੰ ਦੂਰ ਕਰਨ ਲਈ ਬਿਜਲੀ ਰੇਟਾਂ ਵਿੱਚ ਵਾਰ-ਵਾਰ ਵਾਧਾ ਕਰਕੇ ਖਪਤਕਾਰਾਂ ‘ਤੇ ਨਜਾਇਜ ਵਿੱਤੀ ਭਾਰ ਪਾਇਆ ਜਾ ਰਿਹਾ ਹੈ।
ਅਦਾਰੇ ਦੇ ਪੰਜਾਬ ਸਰਕਾਰ ਵੱਲ ਲਗਭਗ ਪੰਜ ਹਜਾਰ ਕਰੋੜ ਰੁਪਏ ਬਤੌਰ ਸਬਸਿਡੀ ਬਕਾਇਆ ਪਏ ਹਨ ਅਤੇ ਇਸ ਕਰਕੇ ਉਸਾਰੀ ਦੇ ਕੰਮਾਂ ‘ਤੇ ਅਸਰ ਪੈ ਰਿਹਾ ਹੈ। ਜਿਸ ਕਰਕੇ ਪਾਵਰ ਕਾਰਪੋਰੇਸ਼ਨ ਵਿੱਤੀ ਤੌਰ ਤੇ ਮਾੜੇ ਹਾਲਾਤ ਵਿੱਚ ਚੱਲ ਰਹੀ ਹੈ। ਆਗੂਆਂ ਨੇ ਦੱਸਿਆ ਕਿ ਮੁਲਾਜਮ ਮੰਗਾਂ ਜਿਵੇਂ 1-12-2011 ਤੋਂ ਪੇ-ਬੈਂਡ ਦੇਣ, 23 ਸਾਲਾਂ ਦੀ ਸੇਵਾ ਦਾ ਲਾਭ ਮੌਜੂਦਾ ਕਰਮਚਾਰੀਆਂ ਸਮੇਤ ਰਿਟਾਇਰ ਹੋ ਚੁੱਕੇ ਕਰਮਚਾਰੀਆਂ ਨੂੰ ਬਣਦੀ ਮਿਤੀ ਤੋਂ ਬਿਨਾਂ ਸਰਤ ਦੇਣਾ, ਕੰਟਰੈਕਟ ਕਾਮੇ ਤੇ ਪਾਰਟ ਟਾਈਮ ਸਵੀਪਰ ਪੱਕੇ ਕਰਨ, ਬੰਦ ਕੀਤੇ ਥਰਮਲ ਪਲਾਟਾਂ ਦੇ ਯੂਨਿਟ ਚਲਾਉਣ, ਅਗੇਤ ਅਧਾਰ ਤੇ ਨੌਕਰੀ ਯੋਗਤਾ ਅਨੁਸਾਰ ਦੇਣ, ਖਾਲੀ ਅਸਾਮੀਆਂ ਨਵੀਂ ਭਰਤੀ ਰਾਹੀਂ ਭਰਨ, ਆਊਟ ਸੋਰਸਿੰਗ ਦੀ ਨੀਤੀ ਬੰਦ ਕਰਨ ਆਦਿ ਮੰਗਾਂ ਲਾਗੂ ਨਹੀਂ ਕਰ ਰਹੀ।
ਮੈਨੇਜਮੈਂਟ ਆਪਸੀ ਗੱਲਬਾਤ ਰਾਹੀਂ ਮੁਲਾਜਮ ਮਸਲੇ ਹੱਲ ਕਰਨ ਦੀ ਥਾਂ ਟਕਰਾ ਵਾਲੀ ਨੀਤੀ ਅਪਣਾ ਰਹੀ ਹੈ। ਜੁਆਇੰਟ ਫੋਰਮ ਨੇ ਮੈਨੇਜਮੈਂਟ ਨੂੰ ਚਿਤਾਵਨੀ ਦਿੰਦਿਆ ਕਿਹਾ ਕਿ ਜੇਕਰ ਮੰਨੀਆਂ ਮੰਗਾਂ ਲਾਗੂ ਨਾ ਕੀਤੀਆਂ ਤਾਂ ਪਾਵਰ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਵਿਰੁੱਧ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।