ਬਠਿੰਡਾ (ਸੁਖਜੀਤ ਮਾਨ)। ਸਥਾਨਕ ਸ਼ਹਿਰ ਦੇ ਮਹਿਣਾ ਚੌਂਕ ਦੀ ਗਲੀ ਨੰਬਰ 1/4 ’ਚ ਬੀਤੀ ਦੇਰ ਰਾਤ ਬਿਜਲੀ ਮੀਟਰ ਵਾਲੇ ਬਕਸੇ ਨੂੰ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ ਮੀਟਰਾਂ ਦੇ ਪਟਾਕੇ ਪੈ ਗਏ ਜਿਸ ਕਾਰਨ ਗਲੀ ’ਚੋਂ ਆਵਾਜਾਈ ਵੀ ਰੁਕ ਗਈ ਤੇ ਲੋਕ ਸਹਿਮ ਗਏ। (Electricity Meter)
ਨੇੜਲੇ ਲੋਕਾਂ ਨੇ ਦੱਸਿਆ ਕਿ ਅੱਗ ਲੱਗਣ ਬਾਰੇ ਤੁਰੰਤ ਪਾਵਰਾਕਮ ਨੂੰ ਸੂਚਿਤ ਕਰ ਦਿੱਤਾ ਪਰ ਉਨ੍ਹਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸੇ ਦੌਰਾਨ ਕਿਸੇ ਵੱਲੋਂ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਤਾਂ ਅੱਗ ਬੁਝਾਉਣ ਵਾਲੀ ਛੋਟੀ ਗੱਡੀ ਮੌਕੇ ’ਤੇ ਪੁੱਜੀ। ਅੱਗ ਬੁਝਾਊ ਦਸਤੇ ਦੇ ਮੈਂਬਰਾਂ ਨੇ ਥੋੜ੍ਹੇ ਸਮੇਂ ’ਚ ਹੀ ਅੱਗ ’ਤੇ ਕਾਬੂ ਪਾ ਲਿਆ। ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਅੱਗ ਲੱਗਣ ਬਾਰੇ ਸੂਚਨਾ ਦੇਣ ਤੋਂ ਕਰੀਬ 20 ਮਿੰਟ ਬਾਅਦ ਪਾਵਰਾਕਾਮ ਨੇ ਬਿਜਲੀ ਸਪਲਾਈ ਬੰਦ ਕੀਤੀ, ਜਦੋਂਕਿ ਤੁਰੰਤ ਕਰ ਦੇਣੀ ਚਾਹੀਦੀ ਸੀ ਤਾਂ ਕਿ ਕੋਈ ਹੋਰ ਵੱਡਾ ਹਾਦਸਾ ਨਾ ਵਾਪਰਦਾ।
ਉਨ੍ਹਾਂ ਦੱਸਿਆ ਕਿ ਕੁੱਝ ਸਮਾਂ ਪਹਿਲਾਂ ਵੀ ਇੱਥੇ ਬਕਸੇ ਨੂੰ ਅੱਗ ਲੱਗੀ ਸੀ ਉਸ ਵੇਲੇ ਵੀ ਪਾਵਰਕਾਮ ਨੇ ਅਜਿਹਾ ਹੀ ਵਿਵਹਾਰ ਕੀਤਾ ਸੀ। ਲੋਕਾਂ ਨੇ ਮੰਗ ਕੀਤੀ ਕਿ ਵਧ ਰਹੇ ਤਾਪਮਾਨ ਅਤੇ ਵਧ ਰਹੇ ਲੋਡ ਕਾਰਨ ਅੱਗ ਲੱਗਣ ਦੀਆਂ ਅਜਿਹੀਆਂ ਘਟਨਾਵਾਂ ਹੋਰ ਨਾ ਵਾਪਰਨ ਇਸ ਲਈ ਪਾਵਰਕਾਮ ਨੂੰ ਸਮੇਂ-ਸਮੇਂ ਸਿਰ ਚੈਕਿੰਗ ਕਰਦੇ ਰਹਿਣਾ ਚਾਹੀਦਾ ਹੈ।