ਦੋ ਸਰਕਾਰੀ ਅਤੇ ਇੱਕ ਪ੍ਰਾਈਵੇਟ ਥਰਮਲ ਦਾ ਯੂਨਿਟ ਪਿਛਲੇ ਦਿਨਾਂ ਤੋਂ ਬੰਦ | Electricity in Punjab
ਪਟਿਆਲਾ (ਖੁਸ਼ਵੀਰ ਸਿੰਘ ਤੂਰ)। Electricity in Punjab : ਦੋ ਦਿਨਾਂ ਤੋਂ ਪੈ ਰਹੀ ਹੁੰਮਸ ਭਰੀ ਗਰਮੀ ਨੇ ਤੋਬਾ ਕਰਾ ਦਿੱਤੀ ਹੈ। ਆਲਮ ਇਹ ਹੈ ਕਿ ਲੋਕ ਮੀਂਹ ਦੀ ਉਡੀਕ ਕਰਨ ਲੱਗੇ ਹਨ। ਇੱਧਰ ਦੂਜੇ ਬੰਨੇ ਬਿਜਲੀ ਦੀ ਮੰਗ ਵੀ 15300 ਮੈਗਾਵਾਟ ਨੂੰ ਪਾਰ ਚੱਲ ਰਹੀ ਹੈ। ਪਾਵਰਕੌਮ ਲਈ ਵੱਡੀ ਮੁਸੀਬਤ ਇਹ ਹੈ ਕਿ ਥਰਮਲਾਂ ਦੇ ਤਿੰਨ ਯੂਨਿਟ ਬੁਆਇਲਰ ਲੀਕੇਜ਼ ਹੋਣ ਕਾਰਨ ਬੰਦ ਪਏ ਹਨ, ਜਿਸ ਕਾਰਨ ਦਿਹਾਤੀ ਖੇਤਰਾਂ ਵਿੱਚ ਬਿਜਲੀ ਦੇ ਕੱਟ ਲੱਗ ਰਹੇ ਹਨ।
ਜਾਣਕਾਰੀ ਅਨੁਸਾਰ ਕਈ ਦਿਨਾਂ ਤੋਂ ਮੀਂਹ ਨਾ ਪੈਣ ਕਰਕੇ ਹੁੰਮਸ ਭਰੀ ਗਰਮੀ ਨੇ ਜ਼ੋਰ ਫੜਿਆ ਹੋਇਆ ਹੈ। ਦੁਪਹਿਰ ਮੌਕੇ ਗਰਮੀ ਦਾ ਜੋਰ ਕੰਮਕਾਜ ਕਰਨ ਵਾਲੇ ਲੋਕਾਂ ਲਈ ਵੱਡੀ ਪ੍ਰੇਸ਼ਾਨੀ ਦਾ ਕਾਰਨ ਬਣਿਆ ਹੋਇਆ ਹੈ। ਝੋਨਾ ਲਾਉਣ ਵਾਲੇ ਮਜ਼ਦੂਰਾਂ ਨੂੰ ਸਭ ਤੋਂ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਗਰਮੀ ਕਾਰਨ ਉਹ ਬਿਮਾਰ ਪੈ ਰਹੇ ਹਨ। ਮਾਲਵਾ ਖਿੱਤੇ ਅੰਦਰ ਪੀਆਰ 126 ਸਮੇਤ ਲੇਟ ਕਿਸਮ ਵਾਲੀਆਂ ਝੋਨੇ ਦੀਆਂ ਵਰਾਇਟੀਆਂ ਦੀ ਲਵਾਈ ਜ਼ੋਰਾਂ ’ਤੇ ਹੈ। (Electricity in Punjab)
ਬਿਜਲੀ ਦੀ ਮੰਗ 15300 ਮੈਗਾਵਾਟ ਤੋਂ ਚੱਲ ਰਹੀ ਐ ਪਾਰ
ਕਿਸਾਨਾਂ ਦਾ ਕਹਿਣਾ ਹੈ ਕਿ ਹੁੰਮਸ ਭਰੀ ਗਰਮੀ ਪੈਣ ਕਰਕੇ ਝੋਨੇ ਅੰਦਰ ਪਾਣੀ ਦੀ ਘਾਟ ਪੈ ਰਹੀ ਹੈ ਅਤੇ ਉਹ ਮੀਂਹ ਦੀ ਉਡੀਕ ਕਰ ਰਹੇ ਹਨ। ਇੱਧਰ ਦੂਜੇ ਬੰਨੇ ਬਿਜਲੀ ਦੀ ਮੰਗ 15300 ਮੈਗਾਵਾਟ ਨੂੰ ਪਾਰ ਚੱਲ ਰਹੀ ਹੈ।
ਪਾਵਰਕੌਮ ਦੇ ਥਰਮਲਾਂ ਦੇ ਯੂਨਿਟ ਹੁੰਮਸ ਭਰੀ ਗਰਮੀ ਕਰਕੇ ਤਕਨੀਕੀ ਨੁਕਸ ਕਾਰਨ ਬੰਦ ਹੋ ਰਹੇ ਹਨ। ਪਾਵਰਕੌਮ ਦੇ ਸਰਕਾਰੀ ਰੋਪੜ ਥਰਮਲ ਪਲਾਂਟ ਦਾ 5 ਨੰਬਰ ਯੁੂਨਿਟ ਪਿਛਲੇ ਦਿਨੀਂ ਬੁਆਇਲਰ ਲੀਕੇਜ਼ ਹੋਣ ਕਾਰਨ ਬੰਦ ਹੋ ਗਿਆ ਸੀ, ਜੋ ਕਿ ਕੱਲ ਤੱਕ ਚੱਲਣ ਦੀ ਉਮੀਦ ਹੈ। ਇਸੇ ਤਰ੍ਹਾਂ ਹੀ ਲਹਿਰਾ ਮੁਹੱਬਤ ਥਰਮਲ ਪਲਾਂਟ ਦਾ 3 ਨੰਬਰ ਯੂਨਿਟ ਵੀ ਬੁਆਇਲਰ ਲੀਕੇਜ਼ ਹੋਣ ਕਾਰਨ ਬੰਦ ਪਿਆ ਹੈ, ਜਿਸ ਦੇ 12 ਜੁਲਾਈ ਨੂੰ ਚੱਲਣ ਦੀ ਸੰਭਾਵਨਾ ਹੈ। ਇਸੇ ਥਰਮਲ ਪਲਾਂਟ ਦਾ 2 ਨੰਬਰ ਯੂਨਿਟ ਸਾਲ 2022 ਤੋਂ ਈਐੱਸਪੀ ਬਰੈਕਡਾਊਨ ਹੋਣ ਕਾਰਨ ਬੰਦ ਪਿਆ ਹੈ, ਜਿਸ ਨੂੰ ਦੋਂ ਸਾਲ ਬੀਤਣ ਤੋਂ ਬਾਅਦ ਵੀ ਠੀਕ ਨਹੀਂ ਕੀਤਾ ਗਿਆ।
Also Read : ਸਮਾਜ ਲਈ ਮਾਨਸਿਕ ਬਿਮਾਰੀ ਬਣਦਾ ਜਾ ਰਿਹੈ ਫੋਨ
ਇੱਧਰ ਪ੍ਰਾਈਵੇਟ ਥਰਮਲ ਪਲਾਂਟ ਤਲਵੰਡੀ ਸਾਬੋ ਦਾ 3 ਨੰਬਰ ਯੂਨਿਟ ਵੀ ਬੁਆਇਲਰ ਲੀਕੇਜ਼ ਹੋਣ ਕਾਰਨ ਬੰਦ ਪਿਆ ਹੈ। ਇਸ ਤਰ੍ਹਾਂ ਪਾਵਰਕੌਮ ਨੂੰ ਇਨ੍ਹਾਂ ਯੂਨਿਟਾਂ ਦੇ ਬੰਦ ਹੋਣ ਕਾਰਨ 1000 ਮੈਗਾਵਾਟ ਤੋਂ ਵੱਧ ਦੀ ਤੋਟ ਪੈਦਾ ਹੋ ਗਈ ਹੈ, ਜਿਸ ਨੂੰ ਪੂਰਾ ਕਰਨ ਲਈ ਪਾਵਰ ਐਕਸਚੇਜ਼ ਚੋਂ ਬਿਜਲੀ ਖਰੀਦਣੀ ਪੈ ਰਹੀ ਹੈ। ਪਾਵਰਕੌਮ ਦੇ ਇੱਕ ਅਧਿਕਾਰੀ ਦਾ ਕਹਿਣਾ ਸੀ ਗਰਮੀ ਅਤੇ ਵੱਧ ਲੋਡ ਕਾਰਨ ਕੋਈ ਨਾ ਕੋਈ ਦਿੱਕਤ ਆ ਜਾਂਦੀ ਹੈ, ਪਰ ਉਨ੍ਹਾਂ ਬਿਜਲੀ ਦੀ ਘਾਟ ਤੋਂ ਇਨਕਾਰ ਕੀਤਾ।
ਥਰਮਲਾਂ ਦੇ 15 ’ਚੋਂ 11 ਯੂਨਿਟ ਹੀ ਕਰ ਰਹੇ ਨੇ ਬਿਜਲੀ ਉਤਪਦਾਨ
ਪਾਵਰਕੌਮ ਦੇ ਸਰਕਾਰੀ ਥਰਮਲਾਂ ਦੇ ਚੱਲ ਰਹੇ 7 ਯੂਨਿਟਾਂ ਤੋਂ 1442 ਮੈਗਾਵਾਟ ਹੀ ਬਿਜਲੀ ਉਤਪਾਦਨ ਹੋ ਰਿਹਾ ਹੈ, ਜਦੋਂਕਿ ਪ੍ਰਾਈਵੇਟ ਥਰਮਲ ਪਲਾਂਟ ਦੇ 4 ਯੂਨਿਟਾਂ ਤੋਂ 2522 ਮੈਗਾਵਾਟ ਬਿਜਲੀ ਉਤਪਾਦਨ ਹੋ ਰਿਹਾ ਹੈ। ਇਸ ਤੋਂ ਇਲਾਵਾ ਹਾਈਡ੍ਰਲ ਪ੍ਰੋਜੈਕਟਾਂ ਤੋਂ 936 ਮੈਗਾਵਾਟ ਬਿਜਲੀ ਉਤਪਾਦਨ ਹੋ ਰਿਹਾ ਹੈ। ਬਿਜਲੀ ਦੀ ਮੰਗ ਨੂੰ ਪੂਰਾ ਕਰਨ ਲਈ ਪਾਵਰਕੌਮ ਵੱਲੋਂ ਵੱਖ-ਵੱਖ ਸ੍ਰੋਤਾਂ ਤੋਂ ਬਿਜਲੀ ਹਾਸਲ ਕੀਤੀ ਜਾ ਰਹੀ ਹੈ।