ਦੁਸਹਿਰਾ ਆਪਣੇ ਅੰਦਰ ਦੀਆਂ ਬੁਰਾਈਆਂ ਵੀ ਕਰੀਏ ਖ਼ਤਮ
ਤਿਉਹਾਰ ਜਿੱਥੇ ਸਾਨੂੰ ਰਾਸ਼ਟਰ, ਜਾਤੀ ਅਤੇ ਮਨੁੱਖ ਦੇ ਪ੍ਰਤੀ ਕਰਤੱਵਾਂ ਨੂੰ ਸਮਝਾਉਣ ਦੀ ਕੋਸ਼ਿਸ ਕਰਦੇ ਹਨ, ਉੱਥੇ ਦੇਸ਼ ਦੀ ਸੱਭਿਅਤਾ ਅਤੇ ਸੰਸਕ੍ਰਿਤੀ ਦੇ ਰੱਖਿਅਕ ਵੀ ਰਹੇ ਹਨ। ਦਸਹਿਰਾ ਵੀ ਇਨ੍ਹਾਂ ਤਿਉਹਾਰਾਂ ’ਚੋਂ ਇੱਕ ਹੈ ਜੋ ਮਨੁੱਖ ਨੂੰ ਅਧਰਮ ਤੋਂ ਧਰਮ, ਅਗਿਆਨ ਤੋਂ ਗਿਆਨ ਅਤੇ ਝੂਠ ਤੋਂ ਸੱਚ ਵਾਲੇ ਰਾਹ ’ਤੇ ਅੱਗੇ ਕਦਮ ਵਧਾਉਣ ਲਈ ਪੇਰਿਤ ਕਰਦਾ ਹੈ। ਦਸਹਿਰਾ ਹਰ ਸਾਲ ਦੀਵਾਲੀ ਤੋਂ 20 ਦਿਨਾਂ ਪਹਿਲਾਂ ਦੇਸੀ ਮਹੀਨੇ ਅੱਸੂ ਵਿਚ ਮਨਾਇਆ ਜਾਣਾ ਵਾਲਾ ਕਾਫੀ ਪੁਰਾਤਨ ਤਿਉਹਾਰ ਹੈ। ਝੂਠ ਅਤੇ ਪਾਪ ਉੱਤੇ ਨੇਕੀ ਦੀ ਜਿੱਤ ਕਰਕੇ ਇਸ ਨੂੰ ਵਿਜਯਾਦਸ਼ਮੀ ਵੀ ਆਖਿਆ ਜਾਂਦਾ। ਇਹ ਸਾਡਾ ਰਾਸ਼ਟਰੀ ਦਿਵਸ ਵੀ ਹੈ। ਦਸਹਿਰਾ ਸ਼ਬਦ ਦਾ ਅਰਥ, ਦਸ ਸਿਰਾਂ ਨੂੰ ਹਰਨ ਵਾਲਾ, ਪਿਛੋਕੜ ਦੱਸਦਾ ਕਿ ਲੰਕਾ ਦੇ ਬਾਦਸ਼ਾਹ ਰਾਵਣ ਦਾ ਦਿਮਾਗ ਦਸ ਸਿਰਾਂ ਜਿੰਨਾ ਕੰਮ ਕਰਦਾ ਸੀ।
ਰਾਜਾ ਰਾਵਣ 6 ਸ਼ਾਸਤਰਾਂ ਤੇ 4 ਵੇਦਾਂ ਦੀ ਜਾਣਕਾਰੀ ਰੱਖਣ ਵਾਲਾ ਸੀ, ਗਿਆਨ ਅਤੇ ਸ਼ਕਤੀ ਦੇ ਹੰਕਾਰ ਵਿਚ ਉਹ ਆਪਣੇ ਰਾਜ ਵਿਚਲੇ ਗਿਆਨੀਆਂ ਨੂੰ ਹੱਦ ਤੋਂ ਵੀ ਜ਼ਿਆਦਾ ਤੰਗ ਕਰਦਾ ਹੁੰਦਾ ਸੀ। ਗਿਆਨੀ ਤੇ ਵਿਗਿਆਨੀ ਹੋਣ ਦੇ ਬਾਵਜੂਦ ਉਸ ਦੀ ਇੱਕ ਬੱਜਰ ਗਲਤੀ ਨੇ ਉਸ ਦੇ ਰਾਜ ਭਾਗ ਤੇ ਉਸ ਦੇ ਸਾਰੇ ਪਰਿਵਾਰ ਨੂੰ ਖਤਮ ਕਰਵਾ ਦਿੱਤਾ, ਜਿਸ ਬਾਰੇ ਕਿਹਾ ਜਾਂਦਾ ਹੈ, ਕਿ ਪਰਿਵਾਰ ਦੇ ਖਾਤਮੇ ਤੋਂ ਬਾਅਦ ਉਸ ਦੇ ਮਹਿਲਾਂ ਵਿਚ ਇੱਕ ਵੀ ਸ਼ਖ਼ਸ ਨਹੀਂ ਬਚਿਆ ਜੋ ਕੋਈ ਦੀਵਾ ਬੱਤੀ ਜਗਾ ਸਕੇ। ਧਾਰਮਿਕ ਗਿਆਨ ਤੋਂ ਇਲਾਵਾ ਰਾਵਣ ਵਿਗਿਆਨ ਬਾਰੇ ਵੀ ਜਾਣਕਾਰੀ ਰੱਖਦਾ ਸੀ।
ਜਿਸ ਕਰਕੇ ਉਹ ਸੂਰਜ ਅਤੇ ਚੰਦ ਦੀ ਰੌਸ਼ਨੀ ਤੋਂ ਵੀ ਵਿਗਿਆਨਕ ਵਿਧੀ ਨਾਲ ਕੰਮ ਲੈਂਦਾ ਸੀ। ਦਸਹਿਰਾ ਤਿਉਹਾਰ ਮਨਾਉਣ ਬਾਰੇ ਜੋ ਜਾਣਕਾਰੀ ਮਿਲਦੀ ਹੈ ਉਸ ਅਨੁਸਾਰ ਯੁੱਧ ਦੇ ਮੈਦਾਨ ਵਿਚ ਰਾਵਣ ਉੱਤੇ ਸ੍ਰੀ ਰਾਮ ਚੰਦਰ ਦੀ ਜਿੱਤ ਨਾਲ ਜੁੜਿਆ ਹੋਇਆ ਹੈ। ਸ੍ਰੀ ਰਾਮ ਚੰਦਰ ਤੇ ਰਾਵਣ ਵਿਚਕਾਰ ਜੇਕਰ ਉਸ ਸਮੇਂ ਇਹ ਘਟਨਾ ਨਾ ਵਾਪਰਦੀ, ਤਾਂ ਹੋ ਸਕਦਾ ਅੱਜ ਅਸੀਂ ਦਸਹਿਰੇ ਦਾ ਤਿਉਹਾਰ ਨਾ ਮਨਾ ਰਹੇ ਹੁੰਦੇ।
ਜੋ ਲਿਖਿਆ ਮਿਲਦਾ ਉਸ ਅਨੁਸਾਰ ਜਦੋਂ ਰਾਵਣ ਦੀ ਭੈਣ ਸਰੂਪਨਖਾਂ ਨੇ ਸ੍ਰੀ ਰਾਮ ਚੰਦਰ ਦੇ ਛੋਟੇ ਭਰਾ ਲਛਮਣ ਤੋਂ ਪ੍ਰਭਾਵਿਤ ਹੋ ਕੇ ਵਾਰ-ਵਾਰ ਉਸ ਸਾਹਮਣੇ ਵਿਆਹ ਦਾ ਪ੍ਰਸਤਾਵ ਰੱਖਿਆ ਤਾਂ ਲਛਮਣ ਵੱਲੋਂ ਜਵਾਬ ਮਿਲਣ ਤੇ ਸਰੂਪਨਖਾਂ ਨੇ ਕ੍ਰੋਧਿਤ ਹੁੰਦਿਆਂ ਆਪਣੇ ਨਾਖੁਨਾਂ ਨਾਲ ਲਛਮਣ ’ਤੇ ਹਮਲਾ ਬੋਲ ਦਿੱਤਾ ਤਾਂ ਆਪਣੇ ਬਚਾਅ ਵਿਚ ਲਛਮਣ ਵੱਲੋਂ ਚਲਾਈ ਤਲਵਾਰ ਨਾਲ ਸਰੂਪਨਖਾਂ ਦਾ ਨੱਕ ਕੱਟਿਆ ਗਿਆ। ਉਕਤ ਘਟਨਾ ਬਾਰੇ ਲਿਖਿਆ ਮਿਲਦਾ ਹੈ, ਉਸ ਵਕਤ ਸ੍ਰੀ ਰਾਮ ਚੰਦਰ, ਲਛਮਣ ਅਤੇ ਸੀਤਾ ਉਨ੍ਹਾਂ ਨੂੰ ਰਾਜਾ ਦਸ਼ਰਥ ਵੱਲੋਂ ਮਿਲੇ 14 ਸਾਲ ਦੇ ਬਨਵਾਸ ਨੂੰ ਕੱਟ ਰਹੇ ਸਨ, ਉਹ ਜੰਗਲਾਤ ਵਿਚ ਇੱਕ ਕੁਟੀਆ ਬਣਾ ਕੇ ਰਹਿ ਰਹੇ ਸਨ, ਤਾਂ ਰਾਵਣ ਉਸ ਦੀ ਭੈਣ ਸਰੂਪਨਖਾਂ ਨਾਲ ਵਾਪਰੀ ਘਟਨਾ ਤੋਂ ਗੁੱਸੇ ਵਿਚ ਆ ਕੇ ਇਹ ਭੁੱਲ ਗਿਆ ਕਿ ਉਹ ਧਾਰਮਿਕ ਗਿਆਨ ਰੱਖਣ ਵਾਲਾ ਚਾਰ ਵੇਦਾਂ ਦਾ ਟੀਕਾਕਾਰ ਪੰਡਿਤ ਹੈ,
ਉਸ ਦੀ ਅਕਲ ਬੁੱਧੀ ਉਸ ਵੇਲੇ ਐਸੀ ਭ੍ਰਿਸ਼ਟ ਹੋਈ ਕਿ ਹੰਕਾਰ ਵਿਚ ਚੂਰ ਹੋਏ ਰਾਵਣ ਨੇ ਸ੍ਰੀ ਰਾਮ ਚੰਦਰ ਅਤੇ ਲਛਮਣ ਦੀ ਗੈਰ-ਹਾਜ਼ਰੀ ਵਿਚ ਕੁਟੀਆ ਵਿਚ ਪਹੁੰਚ ਕੇ ਸਾਧੂ ਦਾ ਭੇਸ ਬਣਾਇਆ ਤੇ ਖੈਰ ਲੈਣ ਦੇ ਬਹਾਨੇ ਉਸ ਨੇ ਦੇਵੀ ਸੀਤਾ ਦਾ ਧੋਖੇ ਨਾਲ ਕੁਟੀਆ ’ਚੋਂ ਹਰਣ ਕਰਕੇ ਆਪਣੇ ਦੇਸ ਲੰਕਾ ਵਿਚ ਲੈ ਗਿਆ ਸੀ। ਇਸ ਤੋਂ ਬਾਅਦ ਉਹ ਸ੍ਰੀ ਰਾਮ ਚੰਦਰ ਨੂੰ ਯੁੱਧ ਲਈ ਲਲਕਾਰਨ ਵੀ ਲੱਗਾ ਸੀ। ਜਿਸ ਕਰਕੇ ਸ੍ਰੀ ਰਾਮ ਚੰਦਰ ਅਤੇ ਲਛਮਣ ਨੇ ਹਨੂੰਮਾਨ, ਸੁਗਰੀਵ ਤੇ ਵਾਨਰ ਸੈਨਾ ਨਾਲ ਮਿਲ ਕੇ ਰਾਜੇ ਰਾਵਣ ਦੀ ਲੰਕਾ ’ਤੇ ਚੜ੍ਹਾਈ ਕਰ ਦਿੱਤੀ, ਉਸ ਸਮੇਂ ਬੜਾ ਹੀ ਭਿਆਨਕ ਯੁੱਧ ਹੋਇਆ।
ਰਾਵਣ ਨੂੰ ਇਹ ਹੰਕਾਰ ਸੀ ਕਿ ਉਸ ਕੋਲ ਇਹ ਵਰਦਾਨ ਹੈ, ਕਿ ਉਸ ਨੂੰ ਕੋਈ ਵੀ ਸੂਰਬੀਰ ਯੋਧਾ ਜੰਗ ਦੇ ਮੈਦਾਨ ਵਿਚ ਮਾਰ ਨਹੀਂ ਸਕਦਾ, ਰਾਵਣ ਦੀ ਮੌਤ ਦੇ ਭੇਦ ਬਾਰੇ ਰਾਵਣ ਦੇ ਭਰਾ ਬਭੀਸ਼ਣ ਨੂੰ ਪਤਾ ਸੀ, ਹੰਕਾਰੀ ਰਾਵਣ ਨੇ ਆਪਣੇ ਭਰਾ ਨੂੰ ਵੀ ਆਪਣੇ ਰਾਜ ਦੌਰਾਨ ਬੜਾ ਹੀ ਤੰਗ ਕੀਤਾ ਹੋਇਆ ਸੀ, ਜਿਸ ਕਰਕੇ ਬਭੀਸ਼ਨ ਦੇ ਪਿਛੋਕੜ ’ਚੋਂ ਪਤਾ ਚੱਲਦਾ ਹੈ ਕਿ ਉਹ ਸ੍ਰੀ ਰਾਮ ਚੰਦਰ ਦੀ ਸਿੱਖਿਆ ਨੂੰ ਮੰਨਣ ਵਾਲਾ ਭਗਤ ਸੀ, ਉਸ ਵੱਲੋਂ ਰਾਵਣ ਦੀ ਮੌਤ ਦੇ ਦੱਸੇ ਭੇਤ ਤੋਂ ਬਾਅਦ ਯੁੱਧ ਵਿਚ ਸ੍ਰੀ ਰਾਮ ਚੰਦਰ, ਲਛਮਣ ਤੇ ਵਾਨਰ ਸੈਨਾ ਵੱਲੇ ਛੱਡੇ ਤੀਰਾਂ ਦੀ ਮਾਰ ਕਾਰਨ ਲੰਕਾ ਦਾ ਰਾਜਾ ਰਾਵਣ ਆਪਣੇ ਅਨੇਕਾਂ ਸਬੰਧੀਆਂ ਸਮੇਤ ਮਾਰਿਆ ਗਿਆ ਸੀ। ਦਸਹਿਰਾ ਤਿਉਹਾਰ ਤੋਂ ਅਸੀਂ ਇਹ ਸਿੱਖਿਆ ਗ੍ਰਹਿਣ ਕਰ ਸਕਦੇ ਹਾਂ ਕਿ ਬੁਰਾਈ ਦਾ ਅੰਤ ਬਹੁਤ ਹੀ ਮਾੜਾ ਨਿੱਕਲਦਾ, ਜਦੋਂ ਕਿ ਸੱਚ ਨੂੰ ਨਾ ਪਾਣੀ ਡਬੋ ਸਕਦਾ ਤੇ ਨਾ ਹੀ ਅੱਗ ਸਾੜ ਸਕਦੀ ਹੈ।
ਇਸ ਤਿਉਹਾਰ ਦੀ ਮਹੱਤਤਾ ਕਈ ਕਾਰਨਾਂ ਕਰਕੇ ਵੀ ਵਿਸ਼ੇਸ਼ ਤੌਰ ’ਤੇ ਮੰਨੀ ਜਾਂਦੀ ਹੈ, ਕਿਉਂਕਿ ਇਸ ਤਿਉਹਾਰ ਤੋਂ ਪਹਿਲਾਂ ਆਉਣ ਵਾਲੇ 9 ਨਰਾਤਿਆਂ ਦੇ ਦਿਨਾਂ ਦੌਰਾਨ ਪਿੰਡਾਂ ਤੇ ਸ਼ਹਿਰਾਂ ਦੀਆਂ ਸਾਂਝੀਆਂ ਥਾਵਾਂ ’ਤੇ ਹੋਣ ਵਾਲੀ ਰਾਮਲੀਲਾ, ਜਿਸ ਵਿਚ ਦਿਖਾਏ ਜਾਣ ਵਾਲੇ ਸ਼ੋ ਭਾਵੇਂ ਅਸਲੀ ਤਾਂ ਨਹੀਂ ਹੁੰਦੇ, ਪਰ ਰਾਮਲੀਲਾ ਵਿਚ ਦਿਖਾਏ ਸ਼ੋਆਂ ਤੋਂ ਮਿਲਦੀ ਚੰਗੀ ਸਿੱਖਿਆ ਦਾ ਅਸਰ, ਮਾਪਿਆਂ ਦਾ ਆਗਿਆਕਾਰ ਹੋਣਾ, ਗੁਰੂ-ਭਗਤੀ, ਮਾਤਾ-ਪਿਤਾ ਦੀ ਸੇਵਾ ਕਰਨਾ, ਬਹਾਦਰ ਬੱਚਿਆਂ ਦੇ ਦਿਲਾਂ ਵਿਚ ਉਤਪੰਨ ਹੁੰਦਾ ਹੈ। ਰਾਮਲੀਲਾ ਵਿਚ ਰਾਵਣ ਦਾ ਬੁਰਾ ਅੰਤ ਦੇਖ ਕੇ ਸਮਾਜ ਦੇ ਅਣਗਿਣਤ ਲੋਕ ਆਪਣੇ ਵੱਲੋਂ ਕੀਤੇ ਦੁਰਵਿਹਾਰਾਂ ਲਈ ਆਪਣੇ-ਆਪ ਨੂੰ ਦੋਸ਼ੀ ਮਹਿਸੂਸ ਕਰਦੇ ਹਨ, ਤੋਂ ਇਲਾਵਾ ਨਵੀਂ ਪੀੜ੍ਹੀ ਪੁਰਾਤਨ ਘਟਨਾਵਾਂ ਤੋਂ ਜਾਣੂ ਹੁੰਦੀ ਹੈ।
ਸ਼ੁੱਧਤਾ ਅਤੇ ਆਪਸੀ ਪਿਆਰ ਦੇ ਨਜ਼ਰੀਏ ਤੋਂ ਵੀ ਇਸ ਤਿਉਹਾਰ ਦਾ ਵਿਸ਼ੇਸ਼ ਮਹੱਤਵ ਸਮਝਿਆ ਜਾਂਦਾ। ਦਸਹਿਰਾ ਸਾਨੂੰ ਸਾਡੀ ਪਰੰਪਰਾ, ਮਾਣ ਅਤੇ ਸੱਭਿਆਚਾਰ ਤੋਂ ਵੀ ਜਾਣੂ ਕਰਾਉਂਦਾ ਹੈ। ਬਹਾਦਰੀ ਭਾਵਨਾਵਾਂ ਨਾਲ ਜੁੜਿਆ ਇਹ ਤਿਉਹਾਰ ਸਾਨੂੰ ਰਾਸ਼ਟਰੀ ਏਕਤਾ ਅਤੇ ਜਾਲਮਾਂ ਨੂੰ ਖਤਮ ਕਰਨ ਦਾ ਸੰਕੇਤ ਵੀ ਦਿੰਦਾ ਹੈ। ਹਜ਼ਾਰਾਂ ਸਾਲ ਬੀਤਣ ’ਤੇ ਵੀ ਲੰਕਾਪਤੀ ਰਾਜੇ ਰਾਵਣ ਦੀ ਬੁਰਾਈ ਨੇ ਉਸਦਾ ਪਿੱਛਾ ਨਹੀਂ ਛੱਡਿਆ, ਜਿਸ ਕਰਕੇ ਦੁਨੀਆਂ ਭਰ ਵਿਚ ਉਸ ਦੇ ਦਿਉ ਕੱਦ ਪੁਤਲਿਆਂ ਨੂੰ ਅੱਗ ਲਾ ਕੇ ਫੂਕਿਆ ਜਾਂਦਾ ਹੈ।
ਕੀ ਅੱਜ ਸਮਾਜ ਅੰਦਰੋਂ ਬੁਰਾਈ ਦਾ ਖਾਤਮ ਹੋ ਗਿਆ ਹੈ, ਦੇਖਣ ਵਿਚ ਆਉਂਦਾ ਕਿ ਰੋਜ਼ਾਨਾ ਹੋਣ ਵਾਲੇ ਦੁਰਾਚਾਰ, ਕੰਨਿਆ ਭਰੂਣ ਹੱਤਿਆ, ਕਤਲੋ-ਗਾਰਤ, ਸਾਜਿਸ਼ਾਂ, ਰੰਜਿਸ਼, ਈਰਖਾ, ਨਫਰਤ, ਰਿਸ਼ਵਤਖੋਰੀ ਵਰਗੀਆਂ ਹੋਰ ਵੀ ਅਨੇਕਾਂ ਸਮਾਜਿਕ ਕੁਰੀਤੀਆਂ ਲਈ ਜਿੰਮੇਵਾਰ ਲੋਕਾਂ ਨੂੰ ਸਫੈਦਪੋਸ਼ਾਂ ਵੱਲੋਂ ਕਿਸ ਤਰ੍ਹਾਂ ਬਚਾਉਣ ਦੀ ਕੋਸ਼ਿਸ਼ ਕਰਕੇ ਸਮਾਜ ਅੰਦਰ ਬੁਰਾਈ ਨੂੰ ਹੋਰ ਉਤਸ਼ਾਹਿਤ ਕੀਤਾ ਜਾ ਰਿਹਾ। ਸਰਕਾਰ ਵੱਲੋਂ ਨਾਅਰੇ ਤਾਂ ਬੜੇ ਲਿਖੇ-ਬੋਲੇ ਜਾਂਦੇ ਹਨ, ‘‘ਅਖੇ ਬੇਟੀ ਬਚਾਉ, ਬੇਟੀ ਪੜ੍ਹਾਓ’’, ਅੱਜ ਸਾਡੀਆਂ ਬੇਟੀਆਂ, ਮਾਵਾਂ ਭੈਣਾਂ ਸਮਾਜ ਵਿਚ ਫੈਲੀ ਗੁੰਡਾਗਰਦੀ ਤੋਂ ਕਿੰਨੀਆਂ ਕੁ ਸੁਰੱਖਿਅਤ ਹਨ, ਇਹ ਗੱਲ ਕਿਸੇ ਤੋਂ ਲੁਕੀ ਨਹੀਂ ਹੈ।
ਅਸੀਂ ਰਾਵਣ ਵੱਲੋਂ ਹਜ਼ਾਰਾਂ ਸਾਲ ਪਹਿਲਾਂ ਕੀਤੀ ਬੁਰਾਈ ਨੂੰ ਅੱਜ ਤੱਕ ਨਹੀਂ ਭੁੱਲੇ, ਹਰ ਸਾਲ ਉਸ ਦਾ ਪੁਤਲਾ ਫੂਕਦੇ ਹਾਂ, ਤੇ ਜੋ ਬੁਰਾਈਆਂ ਸਾਡੇ ਆਪਣੇ ਅੰਦਰ ਅਤੇ ਸਰਕਾਰੀ ਸਿਸਟਮ ਵਿਚ ਹਨ, ਉਨ੍ਹਾਂ ਦੇ ਪੁਤਲੇ ਅਸੀਂ ਕਦੋਂ ਫੂਕਾਂਗੇ, ਇਸ ’ਤੇ ਸਾਨੂੰ ਡੂੰਘੀ ਸੋਚ-ਵਿਚਾਰ ਕਰਨੀ ਚਾਹੀਦੀ ਹੈ।
ਹਰ ਤਿਉਹਾਰ ਸਾਨੂੰ ਸਮਾਜਿਕ ਬੁਰਾਈਆਂ ਦਾ ਦਿਲੋਂ ਇਮਾਨਦਾਰੀ ਨਾਲ ਤਿਆਗ ਕਰਕੇ ਸਮਾਜ ਵਿਚ ਚੰਗੇ ਨਾਗਰਿਕ ਬਣ ਕੇ ਰਹਿਣ ਲਈ ਪ੍ਰੇਰਿਤ ਕਰਦਾ, ਪਰ ਇਸ ਲਈ ਮੌਕੇ ਦੀਆਂ ਸਰਕਾਰਾਂ ਦਾ ਸਹਿਯੋਗ ਵੀ ਬਹੁਤ ਜਰੂਰੀ ਹੋਣਾ ਚਾਹੀਦਾ। ਪਰ ਜੇਕਰ ਸਰਕਾਰਾਂ ਵੱਲੋਂ ਹੀ ਆਪਣੀ ਰਾਜਗੱਦੀ ਨੂੰ ਬਚਾਉਣ ਵਾਸਤੇ ਸਾਜਿਸ਼ਾਂ ਰਚ ਕੇ ਆਪਣੀ ਸੌੜੀ ਰਾਜਨੀਤੀ ਵਰਤ ਕੇ ਸਮਾਜਿਕ ਬੁਰਾਈਆਂ ਦੀ ਜੜ੍ਹ ਪੁੱਟਣ ਵਾਲੇ ਸੱਚ ਦੇ ਮਸੀਹਿਆਂ ਤੇ ਸਾਜਿਸ਼ਾਂ ਤਹਿਤ ਝੂਠੇ ਦੋਸ਼ ਲਵਾ ਕੇ ਸੱਚ ਦੇ ਰਾਹ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਫਿਰ ਸਮਾਜ ਦਾ ਸੁਧਾਰ ਕਿਵੇਂ ਹੋਵੇਗਾ। ਫਿਰ ਤਾਂ ਸਮਾਜ ਵਿਚ ਅਫਰਾ-ਤਫਰੀ ਫੈਲੇਗੀ, ਤਾਂ ਲੋਕਾਂ ਨੂੰ ਉਨ੍ਹਾਂ ਦੇ ਬਣਦੇ ਜਾਇਜ ਹੱਕ ਵੀ ਨਹੀਂ ਮਿਲ ਸਕਣਗੇ।
ਇਹੀ ਕੁਝ ਦੇਸ਼ ਅੰਦਰ ਦੇਖਣ ਨੁੰ ਮਿਲ ਵੀ ਰਿਹਾ, ਕਿਸ ਤਰ੍ਹਾਂ ਸਰਕਾਰੀ ਤਾਕਤ ਦੇ ਜੋਰ ’ਤੇ ਸ਼ਾਂਤਮਈ ਤਰੀਕੇ ਨਾਲ ਇਨਸਾਫ ਮੰਗਦੇ ਲੋਕਾਂ ਨੂੰ ਕਿਵੇਂ ਖੱਜਲ-ਖੁਆਰ ਕੀਤਾ ਜਾ ਰਿਹਾ ਹੈ ਲੋਕਾਂ ਨੂੰ ਇਨਸਾਫ ਲੈਣ ਲਈ ਕਿਸ ਤਰ੍ਹਾਂ ਸੰਘਰਸ਼ ਕਰਨਾ ਪੈ ਰਿਹਾ, ਇਨਸਾਫ ਤੋਂ ਵਾਂਝੇ ਲੋਕਾਂ ਨੂੰ ਇਹ ਐਲਾਨ ਕਰਨੇ ਪੈ ਰਹੇ ਹਨ ਕਿ ਉਹ ਹੁਣ ਦਸਹਿਰੇ ਵਾਲੇ ਦਿਨ ਰਾਵਣ ਦਾ ਪੁਤਲਾ ਨਹੀਂ, ਸਗੋਂ ਸਰਮਾਏਦਾਰੀ, ਸਰਕਾਰੀ ਸਿਸਟਮ ਅਤੇ ਸਰਕਾਰ ਦੇ ਪੁਤਲੇ ਫੂਕਣਗੇ। ਸੋ ਖਾਸਕਰ ਲੋਕਾਂ ਦੀਆਂ ਚੁਣੀਆਂ ਹੋਈਆਂ ਸਰਕਾਰਾਂ ਨੂੰ ਭਾਰਤੀ ਲੋਕਤੰਤਰ ਤਹਿਤ ਤਿਉਹਾਰਾਂ ਸਮੇਂ ਇਹ ਐਲਾਨ ਕਰਨੇ ਚਾਹੀਦੇ ਹਨ, ਉਹ ਦੇਸ਼ ਦੀ ਤਰੱਕੀ ਕਰਨ ਦੇ ਨਾਲ-ਨਾਲ ਸਮਾਜ ਵਿਚੋਂ ਸਮਾਜਿਕ ਬੁਰਾਈਆਂ ਨੂੰ ਖਤਮ ਕਰਾਕੇ ਹੀ ਦਮ ਲੈਣਗੇ। ਇਸ ਤੋਂ ਬਾਅਦ ਹੀ ਅਸੀਂ ਤਿਉਹਾਰਾਂ ਦੇ ਅਸਲ ਮਹੱਤਵ ਨੁੂੰ ਸਮਝ ਸਕਦੇ ਹਾਂ।
ਪ੍ਰਤੀਨਿਧ ਬਲਾਕ ਲੰਬੀ/ਮਲੋਟ,
ਸ੍ਰੀ ਮੁਕਤਸਰ ਸਾਹਿਬ
ਮੋ. 98726-00923
ਮੇਵਾ ਸਿੰਘ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ