Farmers News Update: ਡੀਏਪੀ ਖਾਦ ਨਾ ਮਿਲਣ ਤੋਂ ਤਪੇ ਕਿਸਾਨ, ਸੜਕਾਂ ਜਾਮ ਦੀ ਚੇਤਾਵਨੀ

Farmers News Update
ਸੁਨਾਮ ਊਧਮ ਸਿੰਘ ਵਾਲਾ:  ਕਿਸਾਨ ਆਗੂਆਂ ਦਾ ਵਫਦ ਨਾਇਬ ਤਹਿਸੀਲਦਾਰ ਸੁਨਾਮ ਨੂੰ ਮੰਗ ਪੱਤਰ ਸੌਂਪਦਾ ਹੋਇਆ। ਤਸਵੀਰ: ਕਰਮ ਥਿੰਦ

ਬੀਕੇਯੂ ਏਕਤਾ ਸਿੱਧੂਪੁਰ ਨੇ ਨਾਇਬ ਤਹਿਸੀਲਦਾਰ ਨੂੰ ਦਿੱਤਾ ਮੰਗ ਪੱਤਰ

Farmers News Update: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ ਦੀ ਅਗਵਾਈ ਹੇਠ ਬੀਕੇਯੂ ਏਕਤਾ ਸਿੱਧੂਪੁਰ ਬਲਾਕ ਸੁਨਾਮ ਦੇ ਇੱਕ ਵਫਦ ਵੱਲੋਂ ਕਿਸਾਨਾਂ ਦੀਆਂ ਝੋਨੇ ਦੇ ਸੀਜ਼ਨ ਦੌਰਾਨ ਚੱਲ ਰਹੀਆਂ ਮੰਗਾਂ ਨੂੰ ਪੂਰੀਆਂ ਕਰਵਾਉਣ ਲਈ ਨਾਇਬ ਤਹਿਸੀਲਦਾਰ ਮਨਮੋਹਨ ਸਿੰਘ ਨੂੰ ਐਸ ਡੀ ਐਮ ਸੁਨਾਮ ਦੇ ਨਾਮ ਮੰਗ ਪੱਤਰ ਦਿੱਤਾ।

ਇਸ ਮੌਕੇ ਜਿਲਾ ਜਨਰਲ ਸਕੱਤਰ ਰਣ ਸਿੰਘ ਚੱਠਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਕਿਸਾਨ ਮੰਡੀਆਂ ਦੇ ਵਿੱਚ ਰੁਲ ਰਿਹਾ ਹੈ ਆਗੂ ਨੇ ਚੇਤਾਵਨੀ ਦਿੰਦੇ ਕਿਹਾ ਕਿ ਸਰਕਾਰ ਨੇ ਆਪ ਹੀ ਪੂਸਾ 44 ਪਰਮਲ ਦੇ ਬਦਲੇ ਦੇ ਤੌਰ ਤੇ ਘੱਟ ਸਮਾਂ ਲੈਣ ਵਾਲੀ ਕਿਸਮ 126 ਬੀਜਣ ਲਈ ਕਿਸਾਨਾਂ ਨੂੰ ਉਤਸਾਹਿਤ ਕੀਤਾ ਸੀ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਘੱਟ ਸਮੇਂ ਵਾਲੀਆਂ ਕਿਸਮਾਂ ਦਾ ਦਾਣਾ-ਦਾਣਾ ਚੁੱਕਣ ਦਾ ਵਾਅਦਾ ਕੀਤਾ ਗਿਆ ਸੀ ਅਤੇ ਹੁਣ ਉਹਨਾਂ ਦੇ ਸਰਕਾਰੀ ਅਫਸਰ ਇਹ ਕਿਸਮਾਂ ਨਾ ਖਰੀਦਣ ਦੇ ਬਿਆਨ ਦੇ ਕੇ ਕਿਸਾਨਾਂ ਦੀ ਲੁੱਟਣ ਦਾ ਕਾਰਨ ਬਣ ਰਹੇ ਹਨ।

ਜੇਕਰ ਝੋਨੇ ਦੀ ਮੰਡੀਆਂ ਚ ਤੁਰੰਤ ਖਰੀਦ ਸ਼ੁਰੂ ਨਾ ਕੀਤੀ ਗਈ ਤਾਂ ਕਰਾਂਗੇ ਸੜਕਾਂ ਜਾਮ : ਰਣ ਸਿੰਘ ਚੱਠਾ | Farmers News Update

ਨੌਜਵਾਨ ਕਿਸਾਨ ਆਗੂ ਰਣ ਸਿੰਘ ਚੱਠਾ ਨੇ ਅੱਗੇ ਗੱਲਬਾਤ ਕਰਦੇ ਹੋਏ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਕਿਸਾਨਾਂ ਦੀ ਤੁਰੰਤ ਬਾਂਹ ਫੜਦੇ ਹੋਏ ਕਿਸਾਨਾਂ ਦੀਆਂ ਪੁੱਤਾਂ ਵਾਂਗੂ ਪਾਲੀ ਹੋਈ ਫਸਲ ਦਾ ਦਾਣਾ-ਦਾਣਾ ਚੁੱਕਣ ਦਾ ਪ੍ਰਬੰਧ ਨਾ ਕੀਤਾ ਤਾਂ ਫਿਰ ਕਿਸਾਨ ਸੜਕਾਂ ਤੇ ਆਉਣ ਲਈ ਮਜ਼ਬੂਰ ਹੋਣਗੇ ਜਿਸ ਦੀ ਜਿੰਮੇਵਾਰ ਪੰਜਾਬ ਸਰਕਾਰ ਹੋਵੇਗੀ।

ਕਿਹਾ, ਜੇਕਰ ਖੇਤਾਂ ਚੋਂ ਪਰਾਲੀ ਨਾ ਚੁੱਕੀ ਗਈ ਤਾਂ ਮਜਬੂਰੀਵੱਸ ਕਿਸਾਨ ਲਾਉਣਗੇ ਅੱਗ

ਕਿਸਾਨ ਆਗੂ ਚੱਠਾ ਨੇ ਕਿਹਾ ਕਿ ਗਰੀਨ ਟ੍ਰਿਬਿਊਨਲ ਵੱਲੋਂ 2018 ਵਿੱਚ ਕਿਸਾਨਾਂ ਨੂੰ ਪਰਾਲੀ ਖੇਤਾਂ ਵਿੱਚ ਮਰਜ ਕਰਨ ਲਈ ਵਿੱਤੀ ਸਹਾਇਤਾ ਤੇ ਫਰੀ ਸੰਦ ਮੁਹੱਈਆ ਕਰਵਾਉਣ ਦੇ ਹੁਕਮ ਦਿੱਤੇ ਸਨ ਅਤੇ ਮਾਣਯੋਗ ਸੁਪਰੀਮ ਕੋਰਟ ਵੱਲੋਂ 2019 ਵਿੱਚ 100 ਰੁਪਏ ਪ੍ਰਤੀ ਕੁਇੰਟਲ ਝੋਨੇ ਉੱਪਰ ਬੋਨਸ ਦੇਣ ਦੇ ਸਰਕਾਰ ਨੂੰ ਹੁਕਮ ਦਿੱਤੇ ਗਏ ਸਨ ਪਰੰਤੂ ਪੰਜਾਬ ਸਰਕਾਰ ਕਿਸਾਨਾਂ ਨੂੰ ਮੁਆਵਜ਼ਾ ਅਤੇ ਸੰਦ ਮੁਹੱਈਆ ਕਰਵਾਉਣ ਦੀ ਬਜਾਏ ਆਪਣੀਆਂ ਨਾਕਾਮੀਆਂ ਲੁਕਾਉਣ ਲਈ ਕਿਸਾਨਾਂ ਉੱਪਰ ਪਰਾਲੀ ਸਾੜਨ ਦੇ ਪਰਚੇ ਦਰਜ ਕਰ ਰਹੀ ਹੈ

ਜੋ ਕਿ ਅਤਿ ਨਿੰਦਣ ਯੋਗ ਹਨ ਕਿਉਂਕਿ ਪੰਜਾਬ ਸਰਕਾਰ ਸੁਪਰੀਮ ਕੋਰਟ ਅਤੇ ਗ੍ਰੀਨ ਟ੍ਰਿਬਿਊਨਲ ਵੱਲੋਂ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੇ ਹੁਕਮ ਲਾਗੂ ਕਰਨ ਦੀ ਬਜਾਏ ਆਪਣੇ ਨਾਦਰਸ਼ਾਹੀ ਰੁਵੱਈਆ ਦਿਖਾ ਰਹੀ ਹੈ ਅਤੇ ਸਰਕਾਰ ਵੱਲੋਂ ਪਰਾਲੀ ਸਾੜਨ ਦੇ ਮੁੱਦੇ ਤੇ ਕਿਸਾਨਾਂ ਉੱਪਰ ਪਰਚੇ ਦਰਜ ਕਰਨ ਨਾਲ ਗ੍ਰੀਨ ਟ੍ਰਿਬਿਊਨਲ ਦੇ ਹੁਕਮਾਂ ਦੀ ਉਲੰਘਣਾ ਹੈ ਅਤੇ ਕਿਸਾਨਾਂ ਨੂੰ ਪੁਲਿਸ ਤੰਤਰ ਵੱਲੋਂ ਧਮਕਾਇਆ ਜਾਣਾ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। Farmers News Update

ਕਿਸਾਨਾਂ ਨੂੰ ਤੁਰੰਤ ਡੀਏਪੀ ਮੁਹੱਈਆ ਕਰਵਾਏ ਸਰਕਾਰ | Farmers News Update

ਕਿਸਾਨ ਆਗੂ ਚੱਠਾ ਨੇ ਕਿਹਾ ਕਿ ਇੱਕ ਪਾਸੇ ਤਾਂ ਪੰਜਾਬ ਸਰਕਾਰ ਫਸਲੀ ਵਿਭਿੰਨਤਾ ਦੀ ਗੱਲ ਕਰਦੀ ਹੈ ਪ੍ਰੰਤੂ ਕਿਸਾਨਾਂ ਨੂੰ ਆਲੂ ਬੀਜਣ ਲਈ ਡੀਏਪੀ ਖਾਦ ਨਹੀਂ ਮਿਲ ਰਹੀ ਅਤੇ ਜੋ ਬਾਜ਼ਾਰ ਦੇ ਵਿੱਚੋਂ ਮਿਲਦੀ ਵੀ ਹੈ ਉਸ ’ਤੇ ਦੁਕਾਨਦਾਰ ਵੱਲੋਂ ਵਾਧੂ ਸਮਾਨ ਦਿੱਤਾ ਜਾ ਰਿਹਾ ਹੈ ਇਸ ਲਈ ਪੰਜਾਬ ਸਰਕਾਰ ਕੋਆਪਰੇਟਿਵ ਸੁਸਾਇਟੀਆਂ ਰਾਹੀਂ ਤੁਰੰਤ ਕਿਸਾਨਾਂ ਨੂੰ ਡੀਏਪੀ ਮੁਹੱਈਆ ਕਰਵਾਵੇ ਅਤੇ ਜੋ ਪਹਿਲਾ ਪੰਜਾਬ ਸਰਕਾਰ ਦੀਆਂ ਕੋਅਪ੍ਰਟਿਵ ਸੋਸਾਇਟੀਆਂ ਰਾਹੀਂ ਸੈਂਪਲ ਫੇਲ੍ਹ ਹੋਇਆ ਡੀਏਪੀ ਕਿਸਾਨਾਂ ਨੂੰ ਵੰਡਿਆ ਗਿਆ ਸੀ ਉਸ ਦਾ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਅਤੇ ਜੋ ਦੋਸ਼ੀ ਅਧਿਕਾਰੀਆਂ ਉੱਪਰ ਕਾਰਵਾਈ ਕਰਨ ਲਈ ਕਮੇਟੀ ਗਠਨ ਕੀਤੀ ਗਈ ਸੀ ਉਸ ਦੀ ਰਿਪੋਰਟ ਨੂੰ ਜਨਤਕ ਕੀਤਾ ਜਾਵੇ।

ਇਸ ਮੌਕੇ ਬਲਾਕ ਜਰਨਲ ਸਕੱਤਰ ਜੱਗੀ ਸਿੰਘ ਗੰਢੂਆਂ, ਪ੍ਰਧਾਨ ਹਰੀ ਸਿੰਘ ਚੱਠਾ, ਗੁਰਚਰਨ ਸਿੰਘ ਨਮੋਲ, ਕੇਵਲ ਸਿੰਘ ਜਵੰਧਾਂ, ਦਰਸ਼ਨ ਸਿੰਘ ਛਾਜਲਾ, ਦਲੇਲ ਸਿੰਘ ਚੱਠਾ, ਹਰਬੰਸ ਸਿੰਘ ਖਡਿਆਲ, ਜਗਦੇਵ ਸਿੰਘ ਸ਼ਾਹਪੁਰ ਕਲਾਂ, ਨਸੀਬ ਸਿੰਘ ਜਖੇਪਲ, ਕੁਲਵਿੰਦਰ ਸਿੰਘ ਮਹਿਲਾਂ, ਭਗਵੰਤ ਸਿੰਘ ਮੈਦੇਵਾਸ, ਭੋਲਾ ਸਿੰਘ ਨੀਲੋਵਾਲ, ਮਲਕੀਤ ਸਿੰਘ ਗੰਢੂਆਂ, ਜੋਗਿੰਦਰ ਸਿੰਘ ਛਾਜਲਾ ਆਦਿ ਹਾਜ਼ਰ ਸਨ।