ਸੁਫ਼ਨੇ ਵੀ ਹਕੀਕਤ ’ਚ ਬਦਲੇ ਜਾ ਸਕਦੇ ਹਨ

Dreams

ਸੰਸਾਰ ਦੇ ਹਰ ਵਿਅਕਤੀ ਦਾ ਕੋਈ ਨਾ ਕੋਈ ਸੁਫ਼ਨਾ ਜ਼ਰੂਰ ਹੁੰਦਾ ਹੈ। ਹਰ ਵਿਅਕਤੀ ਦੇ ਆਪਣੇ ਅਤੇ ਆਪਣੇ ਪਰਿਵਾਰ ਜਾਂ ਦੇਸ਼, ਕੌਮ ਅਤੇ ਸਮਾਜ ਲਈ ਕੁਝ ਸੁਫ਼ਨੇ ਜ਼ਰੂਰ ਹੁੰਦੇ ਹਨ ਅਤੇ ਹਰ ਵਿਅਕਤੀ ਆਪਣੇ ਸੁਫ਼ਨਿਆਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਵੀ ਕਰਦਾ ਹੈ ਅਤੇ ਇਸੇ ਕੋਸ਼ਿਸ਼ ਵਿੱਚ ਕਈਆਂ ਦੇ ਸੁਫ਼ਨੇ ਪੂਰੇ ਹੋ ਜਾਂਦੇ ਹਨ ਤੇ ਕਈਆਂ ਦੇ ਸੁਫ਼ਨੇ ਪੂਰੇ ਹੁੰਦੇ-ਹੁੰਦੇ ਰਹਿ ਜਾਂਦੇ ਹਨ। ਜਿਨ੍ਹਾਂ ਦੇ ਸੁਫ਼ਨੇ ਪੂਰੇ ਹੋ ਜਾਂਦੇ ਹਨ ਉਹ ਹੋਰ ਸੁਫ਼ਨਿਆਂ ਨੂੰ ਪੂਰਾ ਕਰਨ ਵਿੱਚ ਜੁਟ ਜਾਂਦੇ ਹਨ ਅਤੇ ਜਿਨ੍ਹਾਂ ਦੇ ਸੁਫ਼ਨੇ ਅਧੂਰੇ ਰਹਿ ਜਾਂਦੇ ਹਨ ਉਹ ਜਾਂ ਤਾਂ ਨਿਰਾਸ਼ਾ ਦੇ ਆਲਮ ਵਿੱਚ ਚਲੇ ਜਾਂਦੇ ਹਨ ਜਾਂ ਫਿਰ ਆਪਣੀ ਹੀ ਕਿਸਮਤ ਨੂੰ ਦੋਸ਼ੀ ਠਹਿਰਾਉਂਦੇ ਹੋਏ ਹਲਾਤਾਂ ਨਾਲ ਸਮਝੌਤਾ ਕਰ ਲੈਂਦੇ ਹਨ।

ਅਸਲ ਵਿੱਚ ਜਿਨ੍ਹਾਂ ਲੋਕਾਂ ਦੇ ਸੁਫ਼ਨੇ ਸਾਕਾਰ ਹੁੰਦੇ ਹਨ ਅਤੇ ਜਿਨ੍ਹਾਂ ਦੇ ਸੁਫ਼ਨੇ ਅਧੂਰੇ ਰਹਿ ਜਾਂਦੇ ਹਨ ਤਾਂ ਕੁਝ ਨਾ ਕੁਝ ਫ਼ਰਕ ਤਾਂ ਜ਼ਰੂਰ ਹੁੰਦਾ ਹੈ ਅਜਿਹੇ ਲੋਕਾਂ ਵਿੱਚ। ਜਿਸ ਵਿਅਕਤੀ ਨੇ ਆਪਣਾ ਕੋਈ ਸੁਫ਼ਨਾ ਸੱਚ ਕਰ ਦਿਖਾਉਣਾ ਹੈ, ਉਸ ਲਈ ਇਹ ਜਾਣਨਾ ਵੀ ਅਤਿ ਜ਼ਰੂਰੀ ਹੈ ਕਿ ਉਸਦਾ ਜੀਵਨ ਵਿੱਚ ਟੀਚਾ ਕੀ ਹੈ ਅਤੇ ਜੋ ਸੁਫ਼ਨਾ ਉਸਨੇ ਆਪਣੇ ਮਨ ਵਿੱਚ ਸੰਜੋਇਆ ਹੈ, ਕੀ ਉਸਨੇ ਉਹ ਸੁਫ਼ਨਾ ਖੁੱਲ੍ਹੀਆਂ ਅੱਖਾਂ ਨਾਲ ਦੇਖਿਆ ਹੈ ਜਾਂ ਫਿਰ ਸਭ ਉਸਦੇ ਮਨ ਦੇ ਖਿਆਲੀ ਪੁਲਾਵ ਹਨ? ਦਰਅਸਲ ਸੱਚਾਈ ਇਹ ਹੈ ਕਿ ਰਾਤ ਨੂੰ ਨੀਂਦ ਵਿੱਚ ਸੁਫ਼ਨੇ ਤਾਂ ਸਾਰੇ ਹੀ ਲੈਂਦੇ ਹਨ, ਅਤੇ ਅਜਿਹੇ ਸੁਫ਼ਨੇ ਨੀਂਦ ’ਚੋਂ ਅੱਖ ਖੁੱਲ੍ਹਦੇ ਸਾਰ ਹੀ ਟੁੱਟ ਜਾਂਦੇ ਹਨ ਅਤੇ ਨੀਂਦ ਵਿੱਚ ਵੇਖੇ ਸੁਫ਼ਨੇ ਯਥਾਰਥ ਨਹੀਂ ਬਣਦੇ ਹੁੰਦੇ। (Dreams)

ਇੱਕ ਮਹਾਨ ਸੰਤ ਜੀ ਤਾਂ ਅਕਸਰ ਕਿਹਾ ਕਰਦੇ ਸੀ- ਸੁਫ਼ਨਿਆਂ ਦੇ ਪੁੱਤ-ਪੋਤੇ, ਕਦੇ ਵੇਖੇ ਨਹੀਂ ਹਲ਼ ਵਾਹੁੰਦੇ। ਗੱਲ ਵੀ ਸਹੀ ਹੈ ਕਿ ਜੇਕਰ ਕੋਈ ਸੁਫ਼ਨੇ ’ਚ ਇਹ ਵੇਖੀ ਜਾਵੇ ਕਿ ਉਸਦੇ ਖੇਤ, ਦੁਕਾਨ, ਬਿਜ਼ਨਸ, ਵਪਾਰ ਨੂੰ ਕੋਈ ਹੋਰ ਆਪਣੇ-ਆਪ ਸੰਭਾਲ ਲਵੇਗਾ ਤਾਂ ਇਹ ਸੁਫ਼ਨਾ ਉਸਦਾ ਫੋਕਾ ਵਹਿਮ ਭਲੇ ਹੀ ਸਾਬਿਤ ਹੋ ਸਕਦਾ ਪਰ ਹਕੀਕਤ ਕਦੇ ਨਹੀਂ ਹੋ ਸਕਦਾ। ਇਸ ਲਈ ਇਨਸਾਨ ਨੂੰ ਕਦੇ ਵੀ ਨੀਂਦ ਵਿੱਚ ਸੁਫ਼ਨੇ ਨਹੀਂ ਬੁਣਨੇ ਚਾਹੀਦੇ ਸਗੋਂ ਖੁੱਲ੍ਹੀਆਂ ਅੱਖਾਂ ਨਾਲ ਵੇਖੇ ਸੁਫ਼ਨੇ ਹੀ ਸੱਚ ਸਾਬਿਤ ਹੋ ਸਕਦੇ ਹਨ, ਉਹ ਵੀ ਜੇਕਰ ਪੂਰੀ ਲਗਨ ਅਤੇ ਮਿਹਨਤ ਨਾਲ ਉਨ੍ਹਾਂ ਨੂੰ ਪੂਰਾ ਕਰਨ ਦਾ ਹੰਭਲਾ ਮਾਰਿਆ ਜਾਵੇ। (Dreams)

ਸੁਫ਼ਨਿਆਂ ਨੂੰ ਹਕੀਕਤ ਵਿੱਚ ਬਦਲਣ ਲਈ ਸਭ ਤੋਂ ਪਹਿਲਾਂ ਇਹ ਯਕੀਨੀ ਕਰ ਲੈਣਾ ਚਾਹੀਦਾ ਹੈ ਕਿ ਸਾਡਾ ਜੋ ਵਿਚਾਰ ਜਾਂ ਸੁਫ਼ਨਾ ਅਸੀਂ ਲਿਆ ਹੈ, ਕੀ ਅਸੀਂ ਉਸ ਪ੍ਰਤੀ ਦਿ੍ਰੜ ਸੰਕਲਪਿਤ ਹਾਂ? ਜੇਕਰ ਇੱਕ ਵਾਰ ਇਹ ਯਕੀਨੀ ਹੋ ਜਾਵੇ ਕਿ ਅਸੀਂ ਆਪਣੇ ਸੁਫ਼ਨੇ ਨੂੰ ਲੈ ਕੇ ਪੂਰਨ ਤੌਰ ’ਤੇ ਸੰਕਲਪਿਤ ਹਾਂ ਤਾਂ ਫਿਰ ਸਾਨੂੰ ਜ਼ਿਆਦਾ ਦੇਰੀ ਨਾ ਕਰਦੇ ਹੋਏ, ਆਪਣੇ ਆਰਾਮ ਅਤੇ ਸੁੱਖ-ਸੁਵਿਧਾ ਦੀ ਚਿੰਤਾ ਛੱਡਦੇ ਹੋਏ ਇੱਕ ਚਿੱਤ ਹੋ ਕੇ ਆਪਣੇ ਸੁਫ਼ਨੇ ਨੂੰ ਸਾਕਾਰ ਕਰਨ ਵਿੱਚ ਜੁਟ ਜਾਣਾ ਚਾਹੀਦਾ ਹੈ। ਇੱਕ ਯੋਜਨਾਬੱਧ ਤਰੀਕੇ ਨਾਲ ਆਪਣੇ ਟੀਚੇ ਨੂੰ ਧਿਆਨ ਵਿੱਚ ਰੱਖਦੇ ਹੋਏ ਛੋਟੀ-ਛੋਟੀ ਕੋਸ਼ਿਸ਼ ਤੋਂ ਸ਼ੁਰੂ ਕਰੋ ਅਤੇ ਵੱਡੀ ਤੋਂ ਵੱਡੀ ਕੋਸ਼ਿਸ਼ ਤੱਕ ਜਾਰੀ ਰੱਖੋ। (Dreams)

ਤਾਂ ਜੋ ਤੁਸੀਂ ਆਪਣੇ ਸੁਫ਼ਨੇ ਨੂੰ ਸੱਚ ਕਰ ਸਕੋ । ਆਪਣੀਆਂ ਕੋਸ਼ਿਸ਼ਾਂ ਤੇ ਮਿਹਨਤ ਦੀ ਲੜੀ ਕਦੇ ਟੁੱਟਣ ਨਾ ਦਿਓ । ਵੱਡੇ ਟੀਚੇ ਨੂੰ ਛੋਟੇ-ਛੋਟੇ ਟੀਚਿਆਂ ਵਿੱਚ ਵੰਡ ਲਓ ਅਤੇ ਫਿਰ ਇੱਕ-ਇੱਕ ਕਰਕੇ ਉਨ੍ਹਾਂ ਛੋਟੇ-ਛੋਟੇ ਟੀਚਿਆਂ ਨੂੰ ਪੂਰਾ ਕਰਦੇ ਜਾਓ। ਇਸ ਤਰ੍ਹਾਂ ਕਰਦੇ-ਕਰਦੇ ਤੁਸੀਂ ਆਪਣੇ ਟੀਚੇ ਦੀ ਪ੍ਰਾਪਤੀ ਵੱਲ ਵਧਦੇ ਚਲੇ ਜਾਓਗੇ। ਸੁਫ਼ਨਿਆਂ ਨੂੰ ਪੂਰਾ ਕਰਨ ਦੌਰਾਨ ਸਾਨੂੰ ਬਹੁਤ ਸਾਰੇ ਉਲਟ ਹਾਲਾਤਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ, ਫਿਰ ਵੀ ਉਨ੍ਹਾਂ ਸਭ ਦਾ ਮੁਕਾਬਲਾ ਹਿੰਮਤ ਅਤੇ ਸਬਰ ਨਾਲ ਕਰਦੇ ਰਹਿਣਾ ਚਾਹੀਦਾ ਹੈ। ਟੀਚੇ ਦੀ ਪ੍ਰਾਪਤੀ ਦੇ ਰਸਤੇ ਵਿੱਚ ਆਰਥਿਕ, ਸਮਾਜਿਕ, ਮਾਨਸਿਕ, ਸਰੀਰਿਕ ਤੇ ਪਰਿਵਾਰਕ ਆਦਿ ਕਈ ਤਰ੍ਹਾਂ ਦੀਆਂ ਔਂਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਪਰ ਮਜ਼ਬੂਤ ਇਰਾਦਿਆਂ ਤੇ ਇਮਾਨਦਾਰ ਕੋਸ਼ਿਸ਼ਾਂ ਅੱਗੇ ਸਭ ਔਂਕੜਾਂ ਚਾਹੇ ਉਹ ਪਹਾੜ ਜਿੱਡੀਆਂ ਵੀ ਕਿਉਂ ਨਾ ਹੋਣ, ਸਭ ਦੂਰ ਹੋ ਜਾਇਆ ਕਰਦੀਆਂ ਹਨ। ਇਸ ਦੀਆਂ ਕਈ ਉਦਾਹਰਨਾਂ ਸਾਡੇ ਇਤਿਹਾਸ ਅਤੇ ਵਰਤਮਾਨ ਵਿੱਚ ਮੌਜੂਦ ਹਨ, ਜਿਵੇਂ ਕਿ ਦਸ਼ਰਥ ਮਾਂਝੀ (ਪਰਬਤ ਪੁਰਸ਼), ਜਿਸ ਨੇ ਆਪਣੇ ਪਿੰਡ ਦੇ ਇੱਕ ਪਹਾੜ ਦੀ ਵਜ੍ਹਾ ਕਾਰਨ ਹੋਈ ਆਪਣੀ ਪਤਨੀ ਦੀ ਮੌਤ ਤੋਂ ਬਾਅਦ ਇੱਕ ਸੁਫ਼ਨਾ ਲਿਆ ਸੀ ਕਿ ਉਸਦੀ ਪਤਨੀ ਤਾਂ ਉਸ ਤੋਂ ਵਿੱਛੜ ਗਈ ਪਰ ਪਿੰਡ ਦੇ ਦੂਸਰੇ ਲੋਕਾਂ ਨੂੰ ਹੋਰ ਕਠਿਨਾਈ ਨਾ ਹੋਵੇ ਤਾਂ ਇਸ ਲਈ ਦਸ਼ਰਥ ਮਾਂਝੀ ਨੇ ਮਨ ’ਚ ਇਹ ਸੰਕਲਪ ਕੀਤਾ। (Dreams)

ਕਿ ਉਹ ਪਿੰਡ ਦੇ ਰਸਤੇ ਵਿੱਚ ਪੈਂਦੇ ਗਹਿਲੋਰ ਨਾਮਕ ਪਹਾੜ ਨੂੰ ਕੱਟ ਕੇ ਲੋਕਾਂ ਦੀ ਸਹੂਲਤ ਲਈ ਇੱਕ ਰਾਹ ਬਣਾਵੇਗਾ ਅਤੇ ਉਸਨੇ ਇਹ ਸੁਫ਼ਨਾ ਸੱਚ ਵੀ ਕਰ ਵਿਖਾਇਆ। ਉਸਨੇ 22 ਸਾਲ ਲਗਾਤਰ ਸਿਰਫ ਸ਼ੈਣੀ ਅਤੇ ਹਥੌੜੇ ਦੀ ਮੱਦਦ ਨਾਲ ਪੂਰਾ ਪਹਾੜ, ਵਿਚੋਂ ਕੱਟ ਕੇ ਆਪਣੇ ਪਿੰਡ ਵਾਸੀਆਂ ਦੀ ਆਵਾਜਾਈ ਤੇ ਆਸਾਨ ਜਿੰਦਗੀ ਲਈ ਇੱਕ ਸੌਖਾ ਰਾਹ ਬਣਾ ਦਿੱਤਾ। ਸੋ ਜੇਕਰ ਕੋਈ ਵਿਅਕਤੀ ਆਪਣੇ ਸੁਫ਼ਨੇ ਪੂਰੇ ਕਰਨ ਲਈ ਤਨ ਮਨ ਧਨ ਨਾਲ ਆਪਣੀ ਪੂਰੀ ਵਾਹ ਲਾਉਂਦਾ ਹੈ ਤਾਂ ਕਿਸਮਤ ਵੀ ਉਸ ਦੀ ਮਿਹਨਤ ਤੇ ਲਗਨ ਕਰਕੇ ਉਸਦਾ ਜਰੂਰ ਸਾਥ ਦਿੰਦੀ ਹੈ। ਆਪਣੇ ਸੁਪਨਿਆਂ ਨੂੰ ਪੂਰਾ ਕੀਤਾ ਜਾ ਸਕਦਾ ਹੈ। (Dreams)

ਇਹੀ ਵਿਚਾਰ ਰੱਖਦੇ ਹੋਏ ਵੱਧ ਤੋਂ ਵੱਧ ਸਫ਼ਲ ਲੋਕਾਂ ਦੀਆਂ ਜੀਵਨੀਆਂ ਪੜ੍ਹਨੀਆਂ ਚਾਹੀਦੀਆਂ ਹਨ, ਉਨ੍ਹਾਂ ਦੇ ਜੀਵਨ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ, ਆਪਣੇ ਮਨ ਨੂੰ ਇਕਾਗਰ ਕਰਦੇ ਹੋਏ ਹਮੇਸ਼ਾ ਸਕਾਰਾਤਮਕ ਸੋਚ ਦਾ ਧਾਰਨੀ ਬਣਨਾ ਚਾਹੀਦਾ ਹੈ ਤੇ ਆਪਣੇ ਸੁਫ਼ਨਿਆਂ ਨੂੰ ਪੂਰਾ ਕਰਨ ਲਈ ਮਿਹਨਤ ਦੇ ਨਾਲ-ਨਾਲ ਆਪਣੇ ਪਰਿਵਾਰ ਤੇ ਦੋਸਤਾਂ-ਮਿੱਤਰਾਂ ਦਾ ਸਹਿਯੋਗ ਵੀ ਜੇਕਰ ਮਿਲੇ ਤਾਂ ਜਰੂਰ ਲੈਣਾ ਚਾਹੀਦਾ ਹੈ ਅਤੇ ਨਾਲ-ਨਾਲ ਪ੍ਰਭੂ ਪਰਮਾਤਮਾ ਦਾ ਵੀ ਹਰ ਪਲ ਧਿਆਨ ਰੱਖਣਾ ਚਾਹੀਦਾ ਹੈ ਤਾਂ ਜੋ ਤੁਹਾਡੇ ਸੁਫ਼ਨੇ ਜ਼ਲਦ ਤੋਂ ਜ਼ਲਦ ਸਕਾਰ ਹੋ ਸਕਣ। ਯਾਦ ਰੱਖੋ ਸਫਲਤਾ ਇੱਕ ਦਿਨ ਵਿੱਚ ਨਹੀਂ ਮਿਲਦੀ ਪਰ ਜੇਕਰ ਇਰਾਦੇ ਮਜ਼ਬੂਤ ਹੋਣ ਤਾਂ ਇੱਕ ਦਿਨ ਜ਼ਰੂਰ ਮਿਲਦੀ ਹੈ। (Dreams)

ਸ੍ਰੀ ਮੁਕਤਸਰ ਸਾਹਿਬ
ਮੋ. 90413-47351
ਯਸ਼ਪਾਲ ਮਾਹਵਰ

LEAVE A REPLY

Please enter your comment!
Please enter your name here