ਦੇਸ਼ ਲਈ ਜੀ ਤੋੜ ਕੰਮ ਕਰਨ ਵਾਲੇ ਡਾ. ਭੀਮ ਰਾਓ ਅੰਬੇਦਕਰ
ਭਾਰਤ ਰਤਨ ਡਾ. ਬੀ. ਆਰ. ਅੰਬੇਡਕਰ ਨੂੰ ਮਹਿਜ਼ ਦਲਿਤਾਂ ਦਾ ਮਸੀਹਾ ਜਾਂ ਨਾਇਕ ਦੇ ਤੌਰ ’ਤੇ ਹੀ ਨਹੀਂ ਜਾਣਿਆ ਜਾਂਦਾ ਸਗੋਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਤੇ ਇੱਕ ਮਹਾਨ ਚਿੰਤਕ ਵਜੋਂ ਵੀ ਸਤਿਕਾਰਿਆ ਜਾਂਦਾ ਹੈ। ਉਹ ਇੱਕ ਨਾਂਅ ਹੀ ਨਹੀਂ, ਇੱਕ ਯੁੱਗ ਹੈ, ਇੱਕ ਚਿੰਨ੍ਹ ਹੈ ਵਿਦਰੋਹ ਦਾ ਜੋ ਸਾਰੀ ਉਮਰ ਦਲਿਤਾਂ ਦੇ ਹੱਕਾਂ ਲਈ ਜੂਝਦਾ ਰਿਹਾ। ਇੱਕ ਅਜਿਹਾ ਚਾਨਣ ਮੁਨਾਰਾ ਜਿਸਨੇ ਡਿੱਗੇ ਲੋਕਾਂ ਨੂੰ ਗਿਆਨ ਦੀ ਰੌਸ਼ਨੀ ਦੇ ਕੇ ਆਪਣੇ ਹੱਕਾਂ ਦੀ ਲੜਾਈ ਲੜਨ ਲਈ ਹਲੂਣਿਆ। ਉਹ ਖੁੱਲੇ੍ਹ ਵਿਚਾਰਾਂ ਵਾਲੇ, ਧੁਰ ਅੰਦਰ ਤੱਕ ਲੋਕਤੰਤਰ ਪੱਖੀ ਸੋਚ ਤੇ ਅਮਲਾਂ ਵਾਲੇ ਅਜਿਹੇ ਇਨਸਾਨ ਸਨ ਜਿਸ ਨੇ ਨਿਆਂ, ਆਜ਼ਾਦੀ, ਬਰਾਬਰੀ ਤੇ ਭਾਈਚਾਰੇ ਦੀਆਂ ਲੋਕਤੰਤਰੀ ਕਦਰਾਂ-ਕੀਮਤਾਂ ਨੂੰ ਹੱਲਾਸ਼ੇਰੀ ਦਿੱਤੀ। ਉਹ ਵਿਹਾਰਕ ਤੇ ਸਮਾਜਿਕ ਨਿਆਂ ਵਿੱਚ ਵਿਸ਼ਵਾਸ ਰੱਖਦੇ ਸਨ।
ਉਂਝ ਤਾਂ ਸੰਸਾਰ ਦੇ ਸਭ ਹਿੱਸਿਆਂ ’ਚ ਹੀ ਅਜਿਹੀਆਂ ਜਾਤਾਂ ਮੌਜੂਦ ਹਨ, ਜਿਨ੍ਹਾਂ ਨੂੰ ਨੀਵੇਂ ਕਿਹਾ ਜਾਂਦਾ ਹੈ, ਪਰ ਭਾਰਤ ’ਚ ਅਛੂਤ ਕਹੇ ਜਾਣ ਵਾਲੇ ਅਨੇਕਾਂ ਸਦੀਆਂ ਤੋਂ ਹੀ ਜ਼ਿਆਦਤੀਆਂ ਦਾ ਸ਼ਿਕਾਰ ਹੁੰਦੇ ਆਏ ਹਨ। ਅਛੂਤ ਦੀ ਆਵਾਜ਼, ਛੋਹ ਤੇ ਪਰਛਾਵਾਂ ਤੱਕ ਦੂਜਿਆਂ ਲਈ ਮਾੜੇ ਸਮਝੇ ਜਾਂਦੇ ਸਨ। ਉਨ੍ਹਾਂ ਦੇ ਸਿਰਫ਼ ਫ਼ਰਜ਼ ਹੀ ਸਨ ਹੱਕ ਨਹੀਂ। ਇਨਸਾਨ ਹੋ ਕੇ ਵੀ ਉਹ ਪਸ਼ੂਆਂ ਤੋਂ ਭੈੜਾ ਜੀਵਨ ਬਤੀਤ ਕਰਦੇ ਸਨ। ਕੁੱਝ ਅਜਿਹੇ ਹੀ ਧੁੰਦਲੇਪਣ ’ਚ 14 ਅਪਰੈਲ 1891 ਨੂੰ ਮੱਧ ਪ੍ਰਦੇਸ਼ ਦੇ ਮਹੂ ਕਸਬੇ ਦੀ ਮਿਲਟਰੀ ਛਾਉਣੀ ਵਿਖੇ ‘ਅੰਬੇਡਕਰ’ ਰੂਪੀ ਸੂਰਜ ਪ੍ਰਕਾਸ਼ਮਾਨ ਹੋਇਆ, ਜਿਸ ਦੇ ਸੰਘਰਸ਼ਾਂ ਤੇ ਜੱਦੋ-ਜਹਿਦ ਨਾਲ ਇਹ ਧੁੰਦ ਥੋੜ੍ਹੀ-ਥੋੜ੍ਹੀ ਛਟਣੀ ਸ਼ੁਰੂ ਹੋ ਗਈ।
ਡਾ. ਅੰਬੇਡਕਰ ਦੇ ਪਿਤਾ ਸੂਬੇਦਾਰ ਰਾਮਜੀ ਮਾਲੋਜੀ ਸਕਪਾਲ ਬਿ੍ਰਟਿਸ਼ ਇੰਡੀਅਨ ਆਰਮੀ ’ਚ ਨੌਕਰੀ ਕਰਦੇ ਸਨ ਤੇ ਮਾਤਾ ਭੀਮਾ ਬਾਈ ਬੜੀ ਨੇਕ ਤੇ ਸਮਝਦਾਰ ਇਸਤਰੀ ਸੀ। ਉਹ ਮਹਾਰ ਜਾਤੀ ਨਾਲ ਸਬੰਧ ਰੱਖਦੇ ਸਨ। ਭੀਮ ਰਾੳ ਅੰਬੇਦਕਰ ਦਾ ਉਪਨਾਮ ਸਕਪਾਲ ਸੀ ਪਰ ਉਨ੍ਹਾਂ ਦੇ ਪਿਤਾ ਜੀ ਨੇ ਸਕੂਲ ਦੇ ਰਜਿਸਟਰ ’ਚ ‘ਅੰਬਾਡਵੇਕਰ’ ਦਰਜ ਕਰਵਾਇਆ। ਮਰਾਠੀ ਲੋਕ ਆਪਣਾ ਉਪਨਾਮ ਬਣਾਉਣ ਲਈ ਆਪਣੇ ਪਿੰਡ ਦੇ ਨਾਂਅ ਪਿੱਛੇ ‘ਕਰ’ ਸ਼ਬਦ ਲਾ ਲੈਂਦੇ ਸਨ ਕਿਉਂਕਿ ਭੀਮ ਦਾ ਜੱਦੀ ਪਿੰਡ ਅੰਬਾਡਵੇ ਸੀ ਬਾਅਦ ਵਿੱਚ ਉਨ੍ਹਾਂ ਦੇ ਇੱਕ ਬ੍ਰਹਾਮਣ ਅਧਿਆਪਕ ਨੇ ਅੰਬਾਡਵੇਕਰ ਤੋਂ ਬਦਲ ਕੇ ਅੰਬੇਦਕਰ ਕਰ ਦਿੱਤਾ ਤਾਂ ਕਿ ਨਾਂਅ ਦੇ ਉਚਾਰਨ ’ਚ ਸੌਖ ਰਹੇ। 17 ਸਾਲ ਦੀ ਉਮਰ ’ਚ ਇਨ੍ਹਾਂ ਦਾ ਵਿਆਹ ਰਾਮਾ ਬਾਈ ਨਾਲ ਹੋ ਗਿਆ
ਅਛੂਤ ਹੋਣ ਕਰਕੇ ਭੀਮ ਰਾਓ ਅੰਬੇਡਕਰ ਨੂੰ ਬਾਕੀ ਵਿਦਿਆਰਥੀਆਂ ਤੋਂ ਅਲੱਗ ਬੈਠਣਾ ਪੈਂਦਾ ਸੀ। ਕਿ੍ਰਕਟ ਦਾ ਸ਼ੌਂਕ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਦੂਜੇ ਵਿਦਿਆਰਥੀਆਂ ਨਾਲ ਖੇਡਣ ਦੀ ਆਗਿਆ ਨਹੀਂ ਸੀ। ਇੱਕ ਵਾਰ ਖੂਹ ਤੋਂ ਪਾਣੀ ਪੀ ਲੈਣ ਕਾਰਨ ਭੀਮ ਨੂੰ ਲੋਕਾਂ ਨੇ ਬੇਰਹਿਮੀ ਨਾਲ ਕੁੱਟਿਆ। ਇਸ ਤਰ੍ਹਾਂ ਬਚਪਨ ਤੋਂ ਹੀ ਅੰਬੇਡਕਰ ਸਾਹਿਬ ਨੂੰ ਬੇਇੱਜ਼ਤ ਹੋਣਾ ਪਿਆ। ਪਰ ਉਨ੍ਹਾਂ ਨੇ ਹਿੰਮਤ ਨਾ ਹਾਰੀ। 1907 ’ਚ ਕਿਸੇ ਅਛੂਤ ਵੱਲੋਂ ਮੈਟਿ੍ਰਕ ਪਾਸ ਕਰ ਲੈਣਾ ਕਿਸੇ ਅਜੂਬੇ ਤੋਂ ਘੱਟ ਨਹੀਂ ਸੀ।
ਘਰ ਦੀ ਆਰਥਿਕ ਹਾਲਤ ਕਮਜ਼ੋਰ ਹੋਣ ਦੇ ਬਾਵਜ਼ੂਦ ਉਨ੍ਹਾਂ ਨੇ ਮੁੰਬਈ ਦੇ ਐਲਿਫ਼ਸਟੋਨ ਕਾਲਜ਼ ਤੋਂ ਬੀ. ਏ. ਪਾਸ ਕਰ ਲਈ। ਬੜੋਦਾ ਰਿਆਸਤ ਦੇ ਮਹਾਰਾਜਾ ਨੇ 1913 ’ਚ ਕੁੱਝ ਲੜਕਿਆਂ ਨੂੰ ਉੁਚ ਵਿੱਦਿਆ ਹਾਸਲ ਕਰਨ ਲਈ ਅਮਰੀਕਾ ਭੇਜਿਆ, ਜਿਨ੍ਹਾਂ ’ਚ ਭੀਮ ਰਾਓ ਅੰਬੇਡਕਰ ਵੀ ਸਨ। ਭਾਰਤ ਦੇ ਪਹਿਲੀ ਕਤਾਰ ਦੇ ਨੇਤਾਵਾਂ ਵਿਚੋਂ ਅੰਬੇਦਕਰ ਪਹਿਲਾ ਸੀ ਜੋ ਲਿੰਕਨ ਅਤੇ ਵਾਸ਼ਿੰਗਟਨ ਦੇ ਦੇਸ਼ ਪੜ੍ਹਨ ਜਾ ਰਿਹਾ ਸੀ। ਅਮਰੀਕਾ ਵਿਚਲੀ ਜ਼ਿੰਦਗੀ ਅਨੋਖੀ ਸੀ ਅਤੇ ਅੰਬੇਦਕਰ ਨੂੰ ਨਿਊਯਾਰਕ ਵਿਚ ਕਈ ਨਵੇਂ ਤਜਰਬੇ ਹੋਏ। ਹੋਰ ਵਿਦਿਆਰਥੀਆਂ ਅਤੇ ਸਹਿਪਾਠੀਆਂ ਨਾਲ ਉਹ ਆਜ਼ਾਦੀ ਨਾਲ ਫਿਰ ਤੁਰ ਸਕਦਾ ਸੀ। ਉਹ ਪ੍ਹੜ ਸਕਦਾ, ਲਿਖ ਸਕਦਾ, ਤੁਰ ਸਕਦਾ, ਨਹਾ ਸਕਦਾ ਅਤੇ ਬਰਾਬਰੀ ਦੀ ਭਾਵਨਾ ਨਾਲ ਆਰਾਮ ਕਰ ਸਕਦਾ ਸੀ। ਇਹ ਤਾਂ ਦੁਨੀਆਂ ਹੀਂ ਨਵੀਂ ਸੀ।
ਇਸ ਨਾਲ ਉਸ ਦਾ ਮਾਨਸਿਕ ਦਿਸਹੱਦਾ ਚੌੜੇਰਾ ਹੋਇਆ। ਉਸ ਦੀ ਜ਼ਿੰਦਗੀ ਵਿਚ ਨਵੇਂ ਅਰਥਾਂ ਦੀ ਰੌਸ਼ਨੀ ਦਾ ਸੰਚਾਰ ਹੋਇਆ। 1915 ’ਚ ਅਮਰੀਕਾ ਦੀ ਕੋਲੰਬੀਆ ਯੂਨੀਵਰਸਿਟੀ ਤੋਂ ਇਨ੍ਹਾਂ ਨੇ ਐਮ. ਏ. ਦੀ ਡਿਗਰੀ ਪ੍ਰਾਪਤ ਕਰ ਲਈ। ਅਮਰੀਕਾ ਦੇ ਆਜ਼ਾਦ, ਖੁਸ਼ਹਾਲ ਤੇ ਖੁੱਲ ਭਰੇ ਵਾਤਾਵਰਣ ਨੂੰ ਵੇਖ ਕੇ ਅੰਬੇਡਕਰ ਦਾ ਦਿਲ ਤੰਗੀਆਂ-ਤੁਰਸ਼ੀਆਂ ਸਹਿੰਦੇ, ਗੁਲਾਮੀਆਂ ਹੰਢਾਉਂਦੇ ਅਛੂਤ ਭਰਾਵਾਂ ਲਈ ਤੜਪ ਉੱਠਿਆ। ਮਈ 1916 ’ਚ ਕੋਲੰਬੀਆ ਯੂਨੀਵਰਸਿਟੀ ’ਚ ਜਾਤ-ਪਾਤ ਦੀ ਉਤਪਤੀ, ਬਣਤਰ ਅਤੇ ਵਿਕਾਸ ਦੇ ਵਿਸ਼ੇ ’ਤੇ ਲੰਬਾ ਲੇਖ ਲਿਖਿਆ ਤਾਂ ਉਨ੍ਹਾਂ ਨੇ ‘ਨੈਸ਼ਨਲ ਡਿਵੀਡੈਂਡ ਆਫ਼ ਇੰਡੀਆ’ ਥੀਸਸ ਲਿਖਿਆ, ਜਿਸ ਨਾਲ ਉਨ੍ਹਾਂ ਨੇ ਪੀ.ਐੱਚ.ਡੀ. ਦੀ ਡਿਗਰੀ ਪ੍ਰਾਪਤ ਕੀਤੀ।
ਇਸ ਤਰ੍ਹਾਂ ਉਹ ਭੀਮ ਰਾਓ ਤੋਂ ਡਾ. ਭੀਮ ਰਾਓ ਅੰਬੇਡਕਰ ਬਣ ਗਏ। ਇੰਨੀਆਂ ਡਿਗਰੀਆਂ ਪ੍ਰਾਪਤ ਕਰਨ ਦੇ ਬਾਵਜ਼ੂਦ ਵੀ ਡਾ. ਅੰਬੇਡਕਰ ਦੀ ਜਗਿਆਸੂ ਬਿਰਤੀ ਤਿ੍ਰਪਤ ਨਹੀਂ ਹੋਈ ਸੀ, ਉਹ ਚਾਹੁੰਦੇ ਸਨ ਕਿ ਕਿਸੇ ਤਰ੍ਹਾਂ ਲੰਡਨ ਜਾ ਕੇ ਕਾਨੂੰਨ ਤੇ ਅਰਥਸ਼ਾਸਤਰ ਦੀ ਵਿਚਕਾਰ ਛੱਡੀ ਪੜ੍ਹਾਈ ਮੁੰਕਮਲ ਕੀਤੀ ਜਾਵੇ। ਇਸ ਲਈ ਉਨ੍ਹਾਂ ਨੇ ਮੁੰਬਈ ਦੇ ਇੱਕ ਕਾਲਜ ਅੰਦਰ ਪ੍ਰੋਫ਼ੈਸਰੀ ਕਬੂਲ ਕੀਤੀ। ਇੱਥੇ ਕੁੱਝ ਗੁਜਰਾਤੀ ਪੋ੍ਰਫ਼ੈਸਰਾਂ ਨੇ ਡਾ. ਸ਼ਾਹਿਬ ਦੇ ਸਾਂਝੇ ਘੜੇ ਚੋਂ ਪਾਣੀ ਪੀਣ ਤੇ ਇਤਰਾਜ਼ ਕੀਤਾ। ਇਸ ਅਪਮਾਨ ਦੇ ਬਾਵਜ਼ੂਦ ਵੀ ਉਹ ਸਮਾਜਿਕ ਕੋੜ੍ਹ ਦੇ ਖ਼ਿਲਾਫ ਆਪਣੀ ਦੱਬੀ-ਕੁਚਲੀ ਕੌਮ ਨੂੰ ਜਗਾਉਣ ਲਈ ਸਿਰ-ਤੋੜ ਯਤਨ ਕਰਦੇ ਰਹੇ। ਉਨ੍ਹਾਂ ਨੇ 1919 ’ਚ ‘ਮੂਕ ਨਾਇਕ’ ਨਾਂਅ ਦਾ ਪੰਦਰਾ ਰੋਜ਼ਾ ਅਖ਼ਬਾਰ ਵੀ ਜਾਰੀ ਕੀਤਾ। 1920 ’ਚ ਉਹ ਅਗਲੇਰੀ ਪੜ੍ਹਾਈ ਲਈ ਲੰਡਨ ਚਲੇ ਗਏ। 1923 ’ਚ ਆਪ ਲੰਡਨ ਤੋਂ ਬੈਰਿਸਟਰ ਤੇ ਡਾਕਟਰ ਆਫ਼ ਫ਼ਿਲਾਸਫ਼ੀ ਬਣਕੇ ਪਰਤੇ। 3 ਅਪਰੈਲ 1927 ਨੂੰ ਮੁੰਬਈ ਤੋਂ ਉਨ੍ਹਾਂ ਨੇ ਮਰਾਠੀ ਭਾਸ਼ਾ ’ਚ ਵੀ ਆਪਣਾ ਅਖ਼ਬਾਰ ਕੱਢਿਆ।
ਡਾ. ਅੰਬੇਡਕਰ ਸਾਹਿਬ ਦੀ ਸ਼ਖ਼ਸੀਅਤ ਇਕ ਦਰਿਆ ਵਰਗੀ ਸੀ। ਜਿਸ ’ਚ ਨਿੱਤ ਨਵਾਂ ਵਿਕਾਸ ਹੁੰਦਾ ਰਿਹਾ। ਸਦੀਆਂ ਤੋਂ ਜ਼ੁਲਮ ਦੀ ਚੱਕੀ ’ਚ ਪਿਸ ਰਹੇ ਲੋਕਾਂ ਨੂੰ ਉਨ੍ਹਾਂ ਸੁਨੇਹਾ ਦਿੱਤਾ ਕਿ ਜੇਕਰ ਉਹ ਇੱਜ਼ਤ ਦਾ ਜੀਵਨ ਜੀਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਆਤਮ-ਸਹਾਇਤਾ ’ਤੇ ਭਰੋਸਾ ਕਰਨਾ ਹੋਵੇਗਾ। ਡਾ. ਅੰਬੇਡਕਰ ਸਾਹਿਬ ਦੀਆਂ ਤਕਰੀਰਾਂ ਨੇ ਲੋਕਾਂ ਨੂੰ ਧੁਰ ਅੰਦਰ ਤੱਕ ਹਲੂਣ ਦਿੱਤਾ ਤੇ ਉਹ ਗੁਲਾਮੀ ਵਿਰੋਧੀ ਕਾਫ਼ਲੇ ’ਚ ਸ਼ਾਮਲ ਹੋ ਕੇ ਤੁਰਨ ਲੱਗੇ। ਇੱਕ ਵਕੀਲ ਦੇ ਤੌਰ ’ਤੇ ਗਰੀਬਾਂ ਦੇ ਕੇਸ ਲਈ ਕਈ ਵਾਰ ਮੁਫ਼ਤ ਲੜਦੇ। ਇਸੇ ਦੌਰਾਨ ਮੁੰਬਈ ਦੇ ਰਾਜਪਾਲ ਨੇ ਡਾ. ਅੰਬੇਦਕਰ ਨੂੰ ਮੁੰਬਈ ਵਿਧਾਨ ਪ੍ਰੀਸ਼ਦ ਦਾ ਮੈਂਬਰ ਨਾਮਜ਼ਦ ਕਰ ਦਿੱਤਾ।
1930 ਦਾ ਵਰ੍ਹਾ ਭਾਰਤੀ ਇਤਿਹਾਸ ’ਚ ਵਿਸ਼ੇਸ਼ ਤੌਰ ’ਤੇ ਵਰਨਣਯੋਗ ਹੈ। ਇਸ ਸਾਲ ਲੰਡਨ ’ਚ ਗੋਲਮੇਜ਼ ਕਾਨਫਰੰਸ ਹੋਈ। ਡਾ. ਅੰਬੇਦਕਰ ਨੇ ਇਸ ’ਚ ਸ਼ਾਮਲ ਹੋ ਕੇ ਅਛੂਤਾਂ ਦੇ ਕਈ ਨੁਕਤੇ ਉਭਾਰੇ। ਪਹਿਲੀ ਗੋਲਮੇਜ਼ ਕਾਨਫਰੰਸ ਦੀ ਪ੍ਰਾਪਤੀ ’ਚ ਅਖੰਡ ਭਾਰਤ ਦਾ ਵਿਚਾਰ ਤਾਂ ਉਪਜਿਆ ਹੀ ਸੀ, ਨਾਲ ਹੀ ਇਸ ਦੀ ਵਿਸ਼ੇਸ਼ ਪ੍ਰਾਪਤੀ ਇਸ ਪੱਖੋਂ ਵੀ ਸੀ ਕਿ ਦਲਿਤ ਵਰਗ ਦੀ ਹਾਲਤ ਉੱਭਰ ਕੇ ਸੰਸਾਰ ਦੇ ਸਾਹਮਣੇ ਆਈ ਸੀ। ਇੱਥੇ ਹੀ ਮਹਾਤਮਾ ਗਾਂਧੀ ਨਾਲ ਆਪ ਦੇ ਵਿਚਾਰਧਾਰਾਈ ਵਿਰੋਧ ਪੈਦਾ ਹੋ ਗਏ।
ਉਹ ਚਾਹੁੰਦੇ ਸਨ ਕਿ ਦਲਿਤ ਸਮਾਜ ਦੇ ਵਿਦਿਆਰਥੀ ਗਿਆਨ ਹਾਸਲ ਕਰਨ ਅਤੇ ਸਮਾਜ ਦੀ ਅਗਵਾਈ ਕਰਨ। ਇਸ ਲਈ ਉਨ੍ਹਾਂ ਨੇ ਆਪਣੀ ਵਿਦਵਤਾ ਭਰਪੂਰ ਗੱਲਬਾਤ ਨਾਲ ਗਵਰਨਰ ਨੂੰ ਸਰਕਾਰੀ ਖ਼ਰਚੇ ’ਤੇ ਅਛੂਤ ਬੱਚਿਆਂ ਦੇ ਬੈਚ ਨੂੰ ਉੱਚ-ਸਿੱਖਿਆ ਪ੍ਰਾਪਤ ਕਰਨ ਲਈ ਇੰਗਲੈਂਡ ਭੇਜਣ ਲਈ ਹਾਂ ਕਰਵਾ ਲਈ। ਇਸ ‘ਕੋਲੋਂਬੋ ਪਲਾਨ’ ਤਹਿਤ 1944 ’ਚ 15 ਵਿਦਿਆਰਥੀਆਂ ਦਾ ਪਹਿਲਾ ਬੈਚ ਭੇਜਿਆ ਗਿਆ ਤੇ 1946 ’ਚ 16 ਵਿਦਿਆਰਥੀਆਂ ਦਾ ਦੂਜਾ ਬੈਚ ਭੇਜਿਆ ਗਿਆ ਤਾਂ ਜੋ ਉਹ ਸਾਰੇ ਵਾਪਸ ਆ ਕੇ ਆਪਣੇ ਸਮਾਜ ਨੂੰ ਜਿੱਲ੍ਹਣ ’ਚੋਂ ਕੱਢਣ ਲਈ ਕੰਮ ਕਰਨ। ਪਰ ਹੋਇਆ
ਇਸ ਤੋਂ ਉਲਟ ਕਿਉਂਕਿ ਬਹੁਤੇ ਦਲਿਤ ਵਿਦਿਆਰਥੀ ਪੜ੍ਹ ਕੇ ਵਿਦੇਸ਼ਾਂ ਵਿੱਚ ਹੀ ਸੈਟਲ ਹੋ ਗਏ। ਉਨ੍ਹਾਂ ਦੇ ਦਿੱਤੇ ਪਹਿਲੇ ਆਦੇਸ਼ ‘ਸਿੱਖਿਅਤ ਬਣੋ’ ਅਨੁਸਾਰ ਕੁੱਝ ਲੋਕਾਂ ਨੇ ਵਿੱਦਿਆ ਪ੍ਰਾਪਤੀ ਨੂੰ ਆਪਣੀ ਨਿੱਜੀ ਸਫ਼ਲਤਾ ਦਾ ਸਾਧਨ ਬਣਾ ਕੇ ਆਪਣੇ ਪਰਿਵਾਰ ਤੱਕ ਹੀ ਸੀਮਤ ਕਰ ਲਿਆ। ਦੂਜਾ ਆਦੇਸ਼ ‘ਸੰਘਰਸ਼ ਕਰੋ’ ਨੂੰ ਸਿਰਫ ਸਿਆਸੀ ਲੀਡਰਾਂ ਦਾ ਕੰਮ ਸਮਝ ਕੇ ਉਸ ਨੂੰ ਅਣਗੌਲਿਆ ਕਰ ਦਿੱਤਾ। ਤੀਜੇ ਆਦੇਸ਼ ‘ਸੰਗਠਿਤ ਹੋਵੋ’ ਅਨੁਸਾਰ ਉਸ ਬਾਰੇ ਸਮਾਜ ਦਾ ਰਵੱਈਆ ਹੀ ਉਲਟ ਦਿਸ਼ਾ ਵੱਲ ਹੋ ਗਿਆ ਲੱਗਦਾ।
ਬਾਬਾ ਸਾਹਿਬ ਨੂੰ ਵਧੇਰੇ ਕਰਕੇ ਸੰਵਿਧਾਨ ਦੇ ਨਿਰਮਾਤਾ ਵਜੋਂ ਜਾਣਿਆ ਜਾਂਦਾ ਹੈ। ਸਾਡੀ ਸੰਸਦੀ ਵਿਵਸਥਾ ਉਨ੍ਹਾਂ ਦੀ ਦੇਣ ਹੈ। ਉਨ੍ਹਾਂ ਦੇ ਯਤਨਾਂ ਸਦਕਾ ਹੀ ਤਿੰਨ ਰੰਗੇ ਕੌਮੀ ਝੰਡੇ ’ਚ ਅਸ਼ੋਕ ਚੱਕਰ ਦਾ ਨਿਸ਼ਾਨ ਰੱਖਿਆ ਗਿਆ। ਜਦੋਂ 3 ਅਗਸਤ ਨੂੰ ਬਣੇ ਪਹਿਲੇ ਕੇਂਦਰੀ ਮੰਡਲ ’ਚ ਆਪ ਨੂੰ ਕਾਨੂੰਨ ਮੰਤਰੀ ਬਣਾਇਆ ਗਿਆ ਤਾਂ ਅੰਬੇਡਕਰ ਸਾਹਿਬ ਨੇ ਔਰਤਾਂ ਦੀ ਉੱਨਤੀ ਤੇ ਮੁਕਤੀ ਵਾਸਤੇ ਪੂਰੀ ਵਾਹ ਲਾਈ
26 ਜਨਵਰੀ 1950 ਨੂੰ ਉਨ੍ਹਾਂ ਵੱਲੋਂ ਦੁਆਰਾ ਬਣਾਈਆਂ 395 ਧਾਰਾਵਾਂ ਤੇ 9 ਅਨੁਸੂਚੀਆਂ ਵਾਲਾ ਸੰਵਿਧਾਨ ਲਾਗੂ ਕਰ ਦਿੱਤਾ ਗਿਆ। ਆਪ ਭਾਵੇਂ ਕਿਸੇ ਵੀ ਅਹੁਦੇ ’ਤੇ ਰਹੇ ਆਪ ਦਾ ਪ੍ਰਮੁੱਖ ਉਦੇਸ਼ ਅਛੂਤਾਂ ਦੀ ਭਲਾਈ ਹੀ ਰਿਹਾ। ਬਾਬਾ ਸਾਹਿਬ ਨੇ ਕਈ ਕਿਤਾਬਾਂ ਵੀ ਲਿਖੀਆਂ। ਗਰੀਬ ਲੋਕਾਂ ਦੇ ਹੱਕਾਂ ਲਈ ਲੜਦੀ ਇਹ ਸ਼ਖ਼ਸੀਅਤ 6 ਦਸੰਬਰ 1956 ਨੂੰ ਆਪਣਾ ਭੌਤਿਕ ਚੋਲਾ ਤਿਆਗ ਕੇ ਸਦਾ ਲਈ ਅਲੋਪ ਹੋ ਗਈ। ਉਨ੍ਹਾਂ ਦੇ ਮਹਾਨ ਕਾਰਜਾਂ ਨੂੰ ਸਲਾਮ ਕਰਦਿਆਂ ਭਾਰਤ ਸਰਕਾਰ ਨੇ ਉਨ੍ਹਾਂ ਨੂੰ 1990 ਵਿੱਚ ਸਰਵਉੁਚ ਸਨਮਾਨ ‘ਭਾਰਤ ਰਤਨ’ ਨਾਲ ਨਿਵਾਜ਼ਿਆ।
‘ਸਟੇਟ ਐਵਾਰਡੀ’
ਸੰਸਥਾਪਕ: ਮਿਸ਼ਨ ‘ਜ਼ਿੰਦਗੀ ਖ਼ੂਬਸੂਰਤ ਹੈ’
ਇੰਗਲਿਸ਼ ਕਾਲਜ, ਮਾਲੇਰਕੋਟਲਾ
ਮੋ. 98140-96108
ਪ੍ਰੋ. ਮਨਜੀਤ ਤਿਆਗੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.