Happiness Report: ਹਾਲ ਹੀ ’ਚ ਪ੍ਰਕਾਸ਼ਿਤ ਵਿਸ਼ਵ ਪ੍ਰਸੰਨਤਾ ਰਿਪੋਰਟ ਆਪਣੀਆਂ ਖਾਮੀਆਂ ਕਾਰਨ ਵਿਆਪਕ ਆਲੋਚਨਾ ਦਾ ਸ਼ਿਕਾਰ ਹੋਈ ਹੈ। ਕਈ ਦੇਸ਼ਾਂ, ਖਾਸ ਕਰਕੇ ਵਿਕਾਸਸ਼ੀਲ ਦੇਸ਼ਾਂ ’ਚ , ਇਹ ਧਾਰਨਾ ਤੇਜ਼ੀ ਨਾਲ ਬਣ ਰਹੀ ਹੈ ਕਿ ਇਸ ਰਿਪੋਰਟ ਦੇ ਨਤੀਜੇ ਸਟੀਕ ਨਹੀਂ ਹਨ। ਨਾਲ ਹੀ, ਇਹ ਰਿਪੋਰਟ ਕੁਝ ਦੇਸ਼ਾਂ ਅਤੇ ਸੰਸਕ੍ਰਿਤੀਆਂ, ਵਿਸੇਸ਼ ਤੌਰ ’ਤੇ ਵਿਸ਼ਵੀ ਉਤਰ ਅਤੇ ਪੱਛਮੀ ਦੇਸ਼ਾਂ ਦੀ ਛਵੀ ਨੂੰ ਮਜ਼ਬੂਤ ਕਰਨ ਦਾ ਕੰਮ ਕਰਦੀ ਪ੍ਰਤੀਤ ਹੁੰਦੀ ਹੈ।
ਭਾਰਤ ਦੇ ਸਬੰਧੀ ਵੀ ਇਸ ਰਿਪੋਰਟ ਦੇ ਨਤੀਜੇ ਸ਼ੱਕ ਤੋਂ ਪਰੇ ਨਹੀਂ ਹਨ। ਉਦਾਹਰਨ ਲਈ, ਪਾਕਿਸਤਾਨ ਦੀ ਰੈਂਕਿੰਗ 109 ਅਤੇ ਭਾਰਤ ਦੀ 118 ਹੋਣਾ ਕਿਸੇ ਲਈ ਵੀ ਸਵੀਕਾਰ ਕਰਨਾ ਮੁਸ਼ਕਿਲ ਹੈ। ਇਨ੍ਹਾਂ ਖਾਮੀਆਂ ਕਾਰਨ ਏਸ਼ੀਆ ਅਤੇ ਅਫਰੀਕਾ ਦੇ ਕਈ ਵਿਦਵਾਨਾਂ ਦਾ ਮੰਨਣਾ ਹੈ ਕਿ ਇਹ ਰਿਪੋਰਟ ਵਿਭਿੰਨ ਸੱਭਿਆਚਾਰ, ਖਾਸ ਕਰਕੇ ਵਿਕਾਸਸ਼ੀਲ ਦੇਸ਼ਾਂ ’ਚ ਪ੍ਰਸੰਨਤਾ ਦੇ ਵਾਸਤਵਿਕ ਤੱਤ ਨੂੰ ਦਰਸ਼ਾਉਣ ’ਚ ਅਸਫਲ ਰਹੀ ਹੈ। ਇਸ ਰਿਪੋਰਟ ’ਤੇ ਸਭ ਤੋਂ ਵੱਡਾ ਸਵਾਲ ਇਸ ਦੀ ਸਰਵੇ ਵਿਧੀ ਦੀ ਭਰੋਸੇਯੋਗਤਾ ਸਬੰਧੀ ਉਠ ਰਹੀ ਹੈ। ਇਹ ਇੱਕ ਵਿਡੰਬਨਾ ਹੀ ਹੈ ਕਿ ਡਾਟਾ ਇਕੱਠਾ ਕਰਨ ਲਈ ਹਰੇਕ ਦੇਸ਼ ’ਚ ਕੇਵਲ 1,000 ਤੋਂ 2000 ਲੋਕਾਂ ਤੋਂ ਸਵਾਲ ਪੁੱਛੇ ਜਾਂਦੇ ਹਨ, ਅਤੇ ਉਨ੍ਹਾਂ ਦੇ ਜਵਾਬਾਂ ਦੇ ਆਧਾਰ ’ਤੇ ਨਤੀਜੇ ਕੱਢੇ ਜਾਂਦੇ ਹਨ, ਚਾਹੇ ਉਸ ਦੇਸ਼ ਦੀ ਜਨਸੰਖਿਆ ਕਿੰਨੀ ਵੀ ਹੋਵੇ।
Read Also : Electricity Bill Punjab: ਰਿਕਸ਼ਾ ਚਾਲਕ ਨੂੰ ਪਾਵਰਕੌਮ ਦਾ ਕਰੰਟ, 26150 ਰੁਪਏ ਦਾ ਆਇਆ ਬਿੱਲ
ਇਹ ਸੋਚ ਕੇ ਵੀ ਹਾਸੋਹੀਣਾ ਲੱਗਦਾ ਹੈ ਕਿ ਭਾਰਤ ਵਰਗੇ ਵਿਸ਼ਾਲ ਦੇਸ਼, ਜਿੱਥੇ ਡੇਢ ਅਰਬ ਲੋਕ ਰਹਿੰਦੇ ਹਨ, ’ਚ ਕੇਵਲ ਇੱਕ-ਦੋ ਹਜ਼ਾਰ ਲੋਕਾਂ ਤੋਂ ਸਵਾਲ ਪੁੱਛ ਕੇ ਪੂਰੇ ਦੇਸ਼ ਦੀ ਪ੍ਰਸੰਨਤਾ ਦਾ ਮੁੱਲਾਂਕਣ ਕਰ ਲਿਆ ਜਾਵੇ। ਇਸ ਤੋਂ ਇਲਾਵਾ, ਸਵਾਲਾਂ ਦੀ ਕੁਦਰਤ ਵੀ ਆਲੋਚਨਾ ਦਾ ਕਾਰਨ ਬਣੀ ਹੈ। ਮਿਸਾਲ ਦੇ ਤੌਰ ’ਤੇ, ਇੱਕ ਸਵਾਲ ਹੈ, ਕੀ ਕੱਲ ਤੁਸੀਂ ਮੁਸਕਰਾਏ ਜਾਂ ਹੱਸੇ? ਇਹ ਬੇਹੱਦ ਅਜੀਬ ਹੈ ਕਿ ਅਜਿਹੇ ਸਵਾਲਾਂ ਦੇ ਅਧਾਰ ’ਤੇ ਕਿਸੇ ਦੇਸ਼ ਦੀ ਪ੍ਰਸੰਨਤਾ ਨੂੰ ਮਾਪਿਆ ਜਾਵੇ।
Happiness Report
ਰਿਪੋਰਟ ਦੀ ਆਲੋਚਨਾ ਇਸ ਦੇ ਸਮਾਜਿਕ ਅਤੇ ਸੱਭਿਆਚਾਰਕ ਪੱਖਪਾਤ ਲਈ ਵੀ ਹੋ ਰਹੀ ਹੈ। ਸਰਵੇ ’ਚ ਪੁੱਛੇ ਜਾਣ ਵਾਲੇ ਸਵਾਲ ਪੱਛਮੀ ਸਮਾਜ ਦੇ ਵਿਅਕਤੀਵਾਦੀ ਮੁੱਲਾਂ, ਜਿਵੇਂ ਸਮਾਜਿਕ ਸਮਰੱਥਨ ਅਤੇ ਉਦਾਰਤਾ, ’ਤੇ ਆਧਾਰਿਤ ਹਨ, ਜੋ ਵਿਕਾਸਸ਼ੀਲ ਦੇਸ਼ਾਂ ਦੀ ਵਾਸਤਵਿਕਤਾ ਦੀ ਸਹੀ ਨੁਮਾਇੰਦਗੀ ਨਹੀਂ ਕਰਦੇ। ਇਨ੍ਹਾਂ ਦੇਸ਼ਾਂ ’ਚ ਭਾਈਚਾਰੇ ਅਤੇ ਪਰਿਵਾਰ ਕਲਿਆਣ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਪ੍ਰਸੰਨਤਾ ਦੀ ਪਰਿਭਾਸ਼ਾ ਹਰ ਸਮਾਜ ਅਤੇ ਸੰਸਕ੍ਰਿਤੀ ’ਚ ਵੱਖ ਹੁੰਦੀ ਹੈ। ਉਦਾਹਰਨ ਲਈ, ਜਾਪਾਨ ਅਤੇ ਭੂਟਾਨ ਵਰਗੇ ਦੇਸ਼ਾਂ ’ਚ ਪ੍ਰਸੰਨਤਾ ਨੂੰ ਸੰਤੋਸ਼ ਜਾਂ ਸੰਤੁਸ਼ਟੀ ਨਾਲ ਜੋੜਿਆ ਜਾਂਦਾ ਹੈ, ਨਾ ਕਿ ਜਿਆਦਤਰ ਆਨੰਦ ਨਾਲ। ਪਰ ਇਹ ਰਿਪੋਰਟ ਇਨ੍ਹਾਂ ਸੱਭਿਆਚਾਰ ਫਰਕਾਂ ਨੂੰ ਨਜ਼ਰਅੰਦਾਜ਼ ਕਰਦੀ ਹੈ, ਜਿਸ ਨਾਲ ਇਸ ਦੇ ਮੁਲਾਂਕਣ ’ਚ ਪੱਖਪਾਤ ਝਲਕਦਾ ਹੈ। ਕਈ ਏਸ਼ੀਆਈ ਅਤੇ ਅਫਰੀਕੀ ਸੱਭਿਆਚਾਰਕ ’ਚ ਸਮਾਜਿਕ ਸਦਭਾਵ ਅਤੇ ਸਮੂਹਿਕ ਕਲਿਆਣ ਨੂੰ ਵਿਅਕਤੀਗਤ ਪ੍ਰਸੰਨਤਾ ਤੋਂ ਉਪਰ ਰੱਖਿਆ ਜਾਂਦਾ ਹੈ।
ਆਰਥਿਕ ਪੱਖਪਾਤ ਵੀ ਇਸ ਰਿਪੋਰਟ ਦੀ ਆਲੋਚਨਾ ਦਾ ਇੱਕ ਵੱਡਾ ਕਾਰਨ ਹੈ। ਇਸ ’ਚ ਸਕਲ ਘਰੇਲੂ ਉਤਪਾਦ (ਜੀਡੀਪੀ) ਅਤੇ ਭੌਤਿਕ ਸੰਕੇਤਕਾਂ ’ਤੇ ਜ਼ਰੂਰਤ ਤੋਂ ਜ਼ਿਆਦਾ ਜ਼ੋਰ ਦਿੱਤਾ ਗਿਆ ਹੈ, ਜੋ ਸੁਭਾਵਿਕ ਤੌਰ ’ਤੇ ਧਨੀ ਦੇਸ਼ਾਂ ਨੂੰ ਬਿਹਤਰ ਸਥਿਤੀ ’ਚ ਦਿਖਾਉਂਦਾ ਹੈ। ਵਿਕਾਸਸ਼ੀਲ ਦੇਸ਼ਾਂ ਦੀ ਸਮਾਜਿਕ-ਆਰਥਿਕ ਚੁਣੌਤੀਆਂ, ਜਿਵੇਂ ਗਰੀਬੀ, ਅਸਮਾਨਤਾ ਅਤੇ ਬੁਨਿਆਦੀ ਸੇਵਾਵਾਂ ਦੀ ਕਮੀ ਨੂੰ ਨਜ਼ਰ ਅੰਦਾਜ਼ ਕੀਤਾ ਜਾਂਦਾ ਹੈ। ਇਹ ਰਿਪੋਰਟ ਦੇਸ਼ਾਂ ਅੰਦਰ ਪੈਸਾ ਵੰਡਣ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਨਹੀਂ ਕਰਦੀ, ਜਿਸ ਕਾਰਨ ਅੰਦਰੂਨੀ ਅਸਮਾਨਤਾਵਾਂ ਵਾਲੇ ਦੇਸ਼ ਵਾਸਤਵਿਕਤਾ ਤੋਂ ਜ਼ਿਆਦਾ ਸੁਖ ਦਿਖ ਸਕਦੇ ਹਨ।
Happiness Report
ਇਸ ਰਿਪੋਰਟ ਦੇ ਪੱਖਪਾਤ ਅਤੇ ਖਾਮੀਆਂ ਨੂੰ ਸਾਬਤ ਕਰਨ ਲਈ ਇੱਕ ਉਦਾਹਰਨ ਕਾਫੀ ਹੈ- ਭਾਰਤ ਦੀ ਨੇਪਾਲ ਅਤੇ ਪਾਕਿਸਤਾਨ ਨਾਲ ਤੁਲਨਾ। ਵਿਸ਼ਵ ਪ੍ਰਸੰਨਤਾ ਰਿਪੋਰਟ ’ਚ ਭਾਰਤ 118ਵੇਂ ਸਥਾਨ ’ਤੇ ਹੈ, ਜੋ ਨੇਪਾਲ (92ਵੇਂ) ਅਤੇ ਪਾਕਿਸਤਾਨ (109ਵੇਂ ) ਤੋਂ ਹੇਠਾਂ ਹੈ। ਇਹ ਰੈਂਕਿੰਗ ਇਨ੍ਹਾਂ ਦੇਸ਼ਾਂ ਦੀ ਸਮਾਜਿਕ ਆਰਥਿਕ ਵਾਸਤਵਿਕਤਾ ਨਾਲ ਮੇਲ ਨਹੀਂ ਖਾਂਦੀ। ਭਾਰਤ ’ਚ ਇਨ੍ਹਾਂ ਦੇਸ਼ਾਂ ਦੀ ਤੁਲਨਾ ’ਚ ਵੱਡੀ ਜਨਸੰਖਿਆ ਦੇ ਬਾਵਜੂਦ ਬਿਹਤਰ ਖਾਧ ਵਿਵਸਥਾ, ਸਮਾਜਿਕ ਸੁਰੱਖਿਆ ਯੋਜਨਾਵਾਂ, ਆਰਥਿਕ ਵਿਕਾਸ ਅਤੇ ਮਜ਼ਬੂਤ ਬੁਨਿਆਦੀ ਢਾਂਚਾ ਮੌਜੂਦ ਹੈ। ਫਿਰ ਵੀ, ਭਾਰਤ ਦਾ ਹੇਠਲੇ ਪਾਇਦਾਨ ’ਤੇ ਹੋਣਾ ਇਸ ਸੂਚਅੰਕ ਦੀ ਭਰੋਸੇਯੋਗਤਾ ’ਤੇ ਸਵਾਲ ਉਠਾਉਂਦਾ ਹੈ।
ਇਹ ਰਿਪੋਰਟ ਭਾਰਤ ਦੀ ਸਮਾਜਿਕ ਢਾਂਚੇ ਨੂੰ ਵੀ ਨਜ਼ਰਅੰਦਾਜ਼ ਕਰਦੀ ਹੈ, ਜੋ ਭਾਈਚਾਰੇ ਅਤੇ ਪਰਿਵਾਰਕ ਜੁੜਾਅ ’ਤੇ ਜ਼ੋਰ ਦਿੰਦੀ ਹੈ। ਇਸ ਦੇ ਉਲਟ, ਪਾਕਿਸਤਾਨ ਅਤੇ ਨੇਪਾਲ ’ਚ ਆਰਿਥਕ ਅਤੇ ਸਿਆਸੀ ਚੁਣੌਤੀਆਂ, ਜਿਵੇਂ ਅਸਿਥਰਤਾ ਅਤੇ ਵਿਆਪਕ ਗਰੀਬੀ ਮੌਜੂਦ ਹੈ। ਇਨ੍ਹਾਂ ਮੁੱਦਿਆਂ ਦੇ ਬਾਵਜੂਦ ਇਨ੍ਹਾਂ ਦਾ ਭਾਰਤ ਤੋਂ ਬਿਹਤਰ ਰੈਂਕਿੰਗ ’ਚ ਹੋਣਾ ਇਸ ਗੱਲ ਦਾ ਸਬੂਤ ਹੈ ਕਿ ਪ੍ਰਸੰਨਤਾ ਮਾਪਣ ਦੀ ਵਿਧੀ ’ਚ ਪੱਖਪਾਤ ਅਤੇ ਖਾਮੀਆਂ ਹਨ।
ਨਤੀਜੇ ਦੇ ਤੌਰ ’ਤੇ ਕਿਹਾ ਜਾ ਸਕਦਾ ਹੈ ਕਿ ਪ੍ਰਸੰਨਤਾ ਨੂੰ ਮਾਪਣ ਲਈ ਇੱਕ ਨਿਰਪੱਖ ਸੂਚਅੰਕ ਦੀ ਜ਼ਰੂਰਤ ਹੈ, ਜਿਸ ’ਚ ਸੱਭਿਆਚਾਰਕ ਸੰਵੇਦਨਸ਼ੀਲਤਾ ਨੂੰ ਸ਼ਾਮਲ ਕੀਤਾ ਜਾਵੇ। ਸਰਵੇਖਣ ਦੇ ਸਵਾਲਾਂ ਨੂੰ ਫਿਰ ਤੋਂ ਡਿਜਾਇਨ ਕਰਨਾ ਹੋਵੇਗਾ। ਭਾਤਰ, ਚੀਨ, ਬ੍ਰਾਜੀਲ ਵਰਗੇ ਵੱਡੇ ਦੇਸ਼ਾਂ ਲਈ ਨਮੂਨਾ ਅਕਾਰ ਨੂੰ ਕਾਫੀ ਵਧਾਉਣਾ ਚਾਹੀਦਾ ਹੈ ਅਤੇ ਵਿਭਿੰਨ ਸਮਾਜਿਕ ਆਰਥਿਕ ਸਮੂਹਾਂ, ਖੇਤਰਾਂ ਅਤੇ ਸੱਭਿਆਚਾਰ ਦਾ ਸਹੀ ਨੁਮਾਇੰਦਗੀ ਯਕੀਨੀ ਕਰਨੀ ਚਾਹੀਦੀ ਹੈ। ਰਿਪੋਰਟ ’ਚ ਆਮਦਨ ਅਸਮਾਨਤਾ, ਸਿੱਖਿਆ, ਸਿਹਤ ਸੇਵਾਵਾਂ ਤੱਕ ਪਹੁੰਚ ਅਤੇ ਸਮਾਜਿਕ ਗਤੀਸ਼ੀਲਤਾ ਵਰਗੇ ਠੋਸ ਸਵਾਲਾਂ ਨੂੰ ਸ਼ਾਮਲ ਕਰਨਾ ਜ਼ਰੂਰੀ ਹੈ। ਇਹ ਕਾਰਕ ਵਿਕਾਸਸ਼ੀਲ ਦੇਸ਼ਾਂ ’ਚ ਪ੍ਰਸੰਨਤਾ ਦੀ ਵਾਸਤਵਿਕਤਾ ਸਥਿਤੀ ਨੂੰ ਸਮਝਣ ਲਈ ਅਹਿਮ ਹੈ। ਇਨ੍ਹਾਂ ਖਾਮੀਆਂ ਨੂੰ ਦੂਰ ਕਰਕੇ ਹੀ ਵਿਸ਼ਵ ਪ੍ਰਸੰਨਤਾ ਰਿਪੋਰਟ ਇੱਕ ਭਰੋਸੇਮੰਦ ਅਤੇ ਸਮਾਵੇਸ਼ੀ ਉਪਕਰਨ ਬਣ ਸਕਦੀ ਹੈ, ਜੋ ਦੁਨੀਆ ਭਰ ਦੇ ਲੋਕਾਂ ਦੀ ਵਿਵਿਧ ਵਾਸਤਵਿਕਤਾ ਨੂੰ ਸਹੀ ਢੰਗ ਨਾਲ ਦਰਸ਼ਾ ਸਕੇ।
ਇਹ ਲੇਖਕ ਦੇ ਆਪਣੇ ਵਿਚਾਰ ਹਨ।