ਹਰਿਆਣਾ ਦੇ ਇੱਕ ਨੌਜਵਾਨ ਦੀ ਅਮਰੀਕਾ ’ਚ ਗੈਰ-ਕਾਨੂੰਨੀ ਤੌਰ ’ਤੇ ਪ੍ਰਵਾਸ ਕਰਨ (Abroad) ਦੇ ਯਤਨਾਂ ’ਚ ਮੌਤ ਹੋ ਗਈ ਹੈ। ਚਰਚਾ ਹੈ ਕਿ ਕਿਸੇ ਏਜੰਟ ਨੇ 40 ਲੱਖ ਲੈ ਕੇ ਉਸ ਨੂੰ ਅਮਰੀਕਾ ਦਾ ਬਾਰਡਰ ਪਾਰ ਕਰਵਾਉਣ ਦਾ ਸੌਦਾ ਕੀਤਾ ਸੀ। ਅਸਲ ’ਚ ਪੰਜਾਬ ਨੂੰ ਵੇਖ ਕੇ ਹਰਿਆਣਾ ਸਮੇਤ ਹੋਰ ਰਾਜਾਂ ਦੇ ਨੌਜਵਾਨ ਵੀ ਧੜਾਧੜ ਵਿਦੇਸ਼ਾਂ ਦਾ ਰੁਖ ਕਰ ਰਹੇ ਹਨ। ਅਮਰੀਕਾ ਜਾਣ ਲਈ ਲੱਗ ਰਹੀਆਂ ਡੌਂਕੀਆਂ ਨੇ ਆਮ ਭਾਰਤੀ ਨੂੰ ਗਿਆਨਹੀਣ ਕਰ ਦਿੱਤਾ ਹੈ। ਪੜ੍ਹੇ-ਲਿਖੇ ਲੋਕ ਵੀ ਫਰਜ਼ੀ ਏਜੰਟਾਂ ਦੇ ਧੱਕੇ ਚੜ੍ਹ ਜ਼ਮੀਨ, ਪਲਾਟ ਵੇਚ ਪੈਸੇ ਨਾਲ ਏਜੰਟਾਂ ਦੀਆਂ ਝੋਲੀਆਂ ਭਰੀ ਜਾਂਦੇ ਹਨ।
ਭੇਤ ਬਣਿਆ ਮਾਮਲਾ | Abroad
ਅਮਰੀਕਾ ਜਾਣ ਵਾਲਿਆਂ ਦੀ ਮੌਤ ਤੇ ਕਤਲ ਦਾ ਭੇਤ ਬਣਿਆ ਹੋਇਆ ਹੈ। ਭੇਤਭਰੀ ਹਾਲਤ ’ਚ ਮੌਤ ਕਹਿਣ ਨਾਲ ਮਾਮਲਾ ਠੱਪ ਹੋ ਜਾਂਦਾ ਹੈ। ਬਿਨਾਂ ਸ਼ੱਕ ਸਰਕਾਰ ਨੂੰ ਫਰਜ਼ੀ ਏਜੰਟਾਂ ’ਤੇ ਸਖਤੀ ਕਰਨੀ ਚਾਹੀਦੀ ਹੈ ਪਰ ਨੌਜਵਾਨਾਂ ਤੇ ਉਹਨਾਂ ਦੇ ਮਾਪਿਆਂ ਦਾ ਵੀ ਫ਼ਰਜ਼ ਹੈ ਕਿ ਉਹ ਡੌਂਕੀਆਂ ਦੇ ਨਤੀਜਿਆਂ ਬਾਰੇ ਵੀ ਸੋਚਣ। ਡਾਲਰਾਂ ਦੀ ਚਮਕ ਵੇਖ ਕੇ ਬੱਚਿਆਂ ਨੂੰ ‘ਜਿਵੇਂ ਮਰਜ਼ੀ ਲੈ ਜਾਓ’ ਦੀ ਰਟ ਛੱਡਣੀ ਪੈਣੀ ਹੈ। ਫਰਜੀ ਏਜੰਟ ਕਿਵੇਂ ਨਾ ਕਿਵੇਂ ਕਾਨੂੰਨੀ ਕਾਰਵਾਈ ਤੋਂ ਬਚੇ ਰਹਿੰਦੇ ਹਨ, ਪਰ ਵੇਖਾ-ਵੇਖੀ ਵਿਦੇਸ਼ ਜਾਣ ਬਾਰੇ ਨੌਜਵਾਨਾਂ ਨੂੰ ਸੋਚਣਾ ਪਵੇਗਾ ਔਖੇ ਰਾਹਾਂ, ਜੰਗਲਾਂ, ਮਾਰੂਥਲਾਂ, ਸਮੁੰਦਰਾਂ ’ਚੋਂ ਲੰਘ ਕੇ ਸਰਹੱਦਾਂ ਪਾਰ ਕਰਨੀਆਂ ਖਤਰੇ ਤੋਂ ਖਾਲੀ ਨਹੀਂ।
ਸਮਝਣ ਦੀ ਲੋੜ | Abroad
ਪਿਛਲੇ ਦੋ-ਤਿੰਨ ਦਹਾਕਿਆਂ ਤੋਂ ਇਹ ਰੁਝਾਨ ਬਣਿਆ ਹੋਇਆ ਹੈ। ਜੋ ਲੋਕ ਅਮਰੀਕਾ ਪਹੁੰਚ ਜਾਂਦੇ ਹਨ ਉਹ ਦੂਜਿਆਂ ਨੂੰ ਆਉਣ ਦਾ ਸੁਨੇਹਾ ਦਿੰਦੇ ਹਨ ਪਰ ਸਾਰੇ ਪਹੁੰਚਦੇ ਨਹੀਂ। ਵਿਦੇਸ਼ ਜਾਣਾ ਕੋਈ ਮਾੜਾ ਨਹੀਂ ਪਰ ਕਾਨੂੰਨੀ ਤਰੀਕੇ ਅਤੇ ਜ਼ਰੂਰਤ ਅਨੁਸਾਰ ਹੀ ਜਾਣਾ ਚਾਹੀਦਾ ਹੈ। ਵਿਦੇਸ਼ ਅੰਦਰ ‘ਸਭ ਅੱਛਾ’ ਨਹੀਂ। ਉੱਥੋਂ ਦੀ ਕਲਚਰ ਤੇ ਕੰਮਕਾਰ ਨੂੰ ਸਮਝਣ ਦੀ ਲੋੜ ਹੈ ਤੇ ਇੱਧਰ ਆਪਣੇ ਦੇਸ਼ ਅੰਦਰ ਦੀਆਂ ਸੰਭਾਵਨਾਵਾਂ ’ਤੇ ਗੌਰ ਕਰਨੀ ਬਣਦੀ ਹੈ। ਅਸਲ ’ਚ ਬਾਹਰ ਜਾਣ ਲਈ ਸੋਚ ਬਣਾਉਣੀ ਚਾਹੀਦੀ ਹੈ ਨਾ ਕਿ ਤਿਆਰੀ ਕਰਨੀ ਚਾਹੀਦੀ ਹੈ। ਜਿਹੜੇ ਲੋਕ ਵਿਦੇਸ਼ ਦੇ ਹਾਲਾਤਾਂ ’ਤੇ ਗੌਰ ਕਰਦੇ ਹਨ ਅਤੇ ਕਾਨੂੰਨੀ ਤਰੀਕੇ ਨਾਲ ਜਾਂਦੇ ਹਨ ਉਹ ਉੱਥੇ ਆਪਣੀਆਂ ਜੜ੍ਹਾਂ ਮਜ਼ਬੂਤ ਕਰਦੇ ਹਨ। ਸਰਕਾਰਾਂ ਨੂੰ ਏਜੰਟਾਂ ਖਿਲਾਫ਼ ਕਾਨੂੰਨੀ ਕਾਰਵਾਈ ਤੱਕ ਸੀਮਿਤ ਰਹਿਣ ਦੀ ਬਜਾਇ ਲੋਕਾਂ ਨੂੰ ਵਿਦੇਸ਼ ਜਾਣ ਬਾਰੇ ਮੁਫ਼ਤ ਤੇ ਸਹੀ ਸਲਾਹ ਮੁਹੱਈਆ ਕਰਵਾਉਣ ’ਤੇ ਜ਼ੋਰ ਦੇਣਾ ਚਾਹੀਦਾ ਹੈ।
ਧੋਖਾਧੜੀ ਦੇ ਮਾਮਲੇ | Abroad
ਅਜੇ ਤੱਕ ਆਮ ਲੋਕਾਂ ਨੂੰ ਇਹ ਹੀ ਨਹੀਂ ਪਤਾ ਹੁੰਦਾ ਕਿ ਉਹਨਾਂ ਦੇ ਸ਼ਹਿਰ ਕਿਹੜਾ ਏਜੰਟ ਮਾਨਤਾ ਪ੍ਰਾਪਤ ਹੈ ਤੇ ਕਿਹੜਾ ਫਰਜ਼ੀ ਹੈ? ਕਈ ਫਰਜ਼ੀ ਏਜੰਟ ਜਿਨ੍ਹਾਂ ਦਾ ਕੋਈ ਦਫ਼ਤਰ ਨਹੀਂ ਹੁੰਦਾ ਸਿਰਫ਼ ਮੋਬਾਇਲ ਫੋਨ ’ਤੇ ਕੰਮ ਕਰਦੇ ਹਨ ਅਜਿਹੇ ਫੋਨ ਨੰਬਰਾਂ ਤੋਂ ਸੁਚੇਤ ਰਹਿਣ ਲਈ ਪ੍ਰਸ਼ਾਸਨ ਲੋਕਾਂ ਨੂੰ ਜਾਣਕਾਰੀ ਦੇ ਸਕਦਾ ਹੈ। ਉਂਜ ਹੈਰਾਨੀ ਦੀ ਗੱਲ ਹੈ ਕਿ ਰੋਜ਼ਾਨਾ ਹੀ ਫਰਜੀ ਏਜੰਟਾਂ ਖਿਲਾਫ਼ ਧੋਖਾਧੜੀ ਦੇ ਪਰਚੇ ਦਰਜ ਹੋਣ ਅਤੇ ਡੌਂਕੀਆਂ ’ਚ ਮਰਦੇ ਨੌਜਵਾਨਾਂ ਦੀ ਜਾਣਕਾਰੀ ਹੋਣ ਦੇ ਬਾਵਜੂਦ ਲੋਕ ਸਬਕ ਲੈਣ ਲਈ ਤਿਆਰ ਨਹੀਂ।
ਇਹ ਵੀ ਪੜ੍ਹੋ: ਨਵਜੋਤ ਸਿੱਧੂ ਦੀ ਸੁਰੱਖਿਆ ’ਚ ਕੀਤੀ ਕਟੌਤੀ
ਮੈਕਸੀਕੋ ’ਚ ਪਿਛਲੇ ਸਾਲ ਦੋ ਮਹੀਨਿਆਂ ’ਚ ਪੰਜ ਹਜ਼ਾਰ ਦੇ ਕਰੀਬ ਭਾਰਤੀਆਂ ਦੀ ਗਿ੍ਰਫ਼ਤਾਰੀ ਹੋਈ ਸੀ ਇਸ ਤੋਂ ਇਲਾਵਾ ਕਿੰਨੇ ਭਾਰਤੀ ਬਚ ਨਿੱਕਲਣ ’ਚ ਕਾਮਯਾਬ ਹੋ ਗਏ ਹੋਣਗੇ, ਉਨ੍ਹਾਂ ਦੀ ਗਿਣਤੀ ਵੱਖ ਹੈ। ਇੱਕ ਸਾਲ ’ਚ 50 ਹਜ਼ਾਰ ਤੋਂ ਵੱਧ ਭਾਰਤੀਆਂ ਦੇ ਅਮਰੀਕਾ ’ਚ ਦਾਖਲ ਹੋਣ ਦੀ ਖਬਰ ਹੈ। ਇਹ ਮਾਮਲਾ ਬੜਾ ਗੰਭੀਰ ਹੈ ਕੇਂਦਰ ਸਮੇਤ ਰਾਜ ਸਰਕਾਰਾਂ ਨੂੰ ਇਸ ਮਸਲੇ ਦਾ ਹੱਲ ਲੱਭਣ ਲਈ ਕੋਈ ਠੋਸ ਨੀਤੀ ਤੇ ਪ੍ਰੋਗਰਾਮ ਬਣਾਉਣਾ ਚਾਹੀਦਾ ਹੈ। ਭਾਰਤੀ ਸ਼ਾਨ ਨਾਲ ਕਿਸੇ ਦੇਸ਼ ਜਾਣਾ ਤਾਂ ਚੰਗੀ ਗੱਲ ਹੈ, ਪਰ ਅਪਰਾਧੀ ਬਣ ਕੇ ਦੁੱਖ ਭੋਗਣਾ ਦੇਸ਼ ਦੀ ਸ਼ਾਨ ’ਤੇ ਵੀ ਧੱਬਾ ਹੈ। ਇਹ ਸਮੱਸਿਆ ਸਰਕਾਰ ਦੀ ਤਰਜੀਹ ਹੋਣੀ ਚਾਹੀਦੀ ਹੈ।