ਅਧੂਰੀ ਜਾਣਕਾਰੀ ਨਾਲ ਨਾ ਸ਼ੁਰੂ ਕਰੋ ਮੋਬਾਇਲ ਪੇਮੈਂਟ ਐਪ ਦਾ ਇਸਤੇਮਾਲ
ਦੁਨੀਆਂ ਦਾ ਕੋਈ ਵੀ ਕੰਮ ਕਰਨਾ ਹੋਵੇ ਤਾਂ ਉਸ ਬਾਰੇ ਪੂਰਨ ਜਾਣਕਾਰੀ ਹਾਸਲ ਕਰਨਾ ਪਹਿਲਾ ਪੜਾਅ ਹੈ। ਬਗੈਰ ਜਾਣਕਾਰੀ ਤੋਂ ਕੰਮ ਕਰਨਾ ਅਸੁਰੱਖਿਅਤ ਹੀ ਨਹੀਂ ਖ਼ਤਰਨਾਕ ਵੀ ਹੋ ਸਕਦਾ ਹੈ। ਅੱਧੀ-ਅਧੂਰੀ ਜਾਣਕਾਰੀ ਹੋਣਾ ਉਸ ਤੋਂ ਵੀ ਜ਼ਿਆਦਾ ਖ਼ਤਰਨਾਕ ਹੈ ਕਿਉਂਕਿ ਅਣਜਾਣ ਬੰਦਾ ਨਵੇਂ ਕੰਮ ਤੋਂ ਪਰਹੇਜ਼ ਕਰੇਗਾ ਪਰ ਥੋੜ੍ਹੀ-ਬਹੁਤੀ ਜਾਣਕਾਰੀ ਰੱਖਣ ਵਾਲਾ ਬੰਦਾ ਪੰਗਾ ਜ਼ਰੂਰ ਲਵੇਗਾ ਜਿੱਥੇ ਨੁਕਸਾਨ ਹੋਣਾ ਸੁਭਾਵਿਕ ਹੈ।
ਅੱਜ ਤਕਨਾਲੋਜੀ ਦਾ ਯੁੱਗ ਹੈ ਤਕਨੀਕ ਨੇ ਇੰਨੀ ਤਰੱਕੀ ਕਰ ਲਈ ਹੈ ਕਿ ਇਸ ਦੀ ਪਹੁੰਚ ਹਰ ਖੇਤਰ ਵਿੱਚ ਬਣ ਗਈ ਹੈ। ਨਿੱਕੇ ਤੋਂ ਨਿੱਕੇ ਕੰਮਾਂ ਵਿੱਚ ਤਕਨੀਕ ਦੀ ਵਰਤੋਂ ਹੋਣ ਲੱਗ ਪਈ ਹੈ। ਸੰਚਾਰ ਦੇ ਅਨੇਕਾਂ ਸਾਧਨ ਦੂਰ-ਦੁਰਾਡੇ ਪਿੰਡਾਂ ਤੱਕ ਪਹੁੰਚ ਚੁੱਕੇ ਹਨ। ਨਿੱਕੇ ਜਿਹੇ ਮੋਬਾਇਲ ਫੋਨ ਦੀ ਵਰਤੋਂ ਨਾਲ ਦੁਨੀਆਂ ਦੇ ਕਿਸੇ ਕੋਨੇ ਵਿੱਚ ਵੀ ਗੱਲਬਾਤ ਸੰਭਵ ਹੋ ਗਈ ਹੈ। ਹੁਣ ਤਾਂ ਸਮਾਰਟ ਫੋਨ ਨਾਲ ਵੀਡੀਓ ਕਾਲ, ਈ-ਮੇਲ, ਈ-ਬੈਂਕਿੰਗ, ਈ-ਗਵਰਨੈਂਸ ਆਦਿ ਸਹੂਲਤਾਂ ਵੀ ਘਰ ਬੈਠੇ ਹਾਸਲ ਕੀਤੀਆਂ ਜਾ ਸਕਦੀਆਂ ਹਨ। ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਤਾਲਾਬੰਦੀ ਕਾਰਨ ਇਨ੍ਹਾਂ ਸਹੂਲਤਾਂ ਦੀ ਵਰਤੋਂ ਵੱਡੇ ਪੱਧਰ ‘ਤੇ ਹੋਣ ਲੱਗੀ ਹੈ। ਸਕੂਲ ਬੰਦ ਹੋਣ ਕਾਰਨ ਵਿਦਿਆਰਥੀ ਘਰ ਬੈਠੇ ਆਨਲਾਈਨ ਸਿੱਖਿਆ ਪ੍ਰਾਪਤ ਕਰ ਰਹੇ ਹਨ। ਯੂਨੀਵਰਸਿਟੀਆਂ ਦੇ ਪੇਪਰ ਤੱਕ ਆਨਲਾਈਨ ਹੋ ਰਹੇ ਹਨ।
ਇਸ ਤੋਂ ਇਲਾਵਾ ਆਨਲਾਈਨ ਭੁਗਤਾਨ ਮੋਬਾਇਲ ਫੋਨ ਐਪਲੀਕੇਸ਼ਨਾਂ ਦੀ ਵਰਤੋਂ ਵੀ ਵੱਡੇ ਪੱਧਰ ‘ਤੇ ਹੋਣ ਲੱਗੀ ਹੈ। ਪੇਟੀਐੱਮ, ਗੂਗਲ ਪੇ, ਯੋਨੋ ਆਦਿ ਐਪਸ ਦੀ ਵਰਤੋਂ ਬਿੱਲ ਭਰਨ, ਖਰੀਦਦਾਰੀ ਕਰਨ, ਟਿਕਟਾਂ ਖ਼ਰੀਦਣ, ਰਿਚਾਰਜ਼ ਕਰਵਾਉਣ ਆਦਿ ਲਈ ਕੀਤੀ ਜਾ ਸਕਦੀ ਹੈ। ਇਨ੍ਹਾਂ ਐਪਸ ਦੀ ਵਰਤੋਂ ਨਾਲ ਜਿੱਥੇ ਪੈਸੇ ਦਾ ਲੈਣ-ਦੇਣ ਅਸਾਨ ਹੋਇਆ ਹੈ, ਉੱਥੇ ਆਨਲਾਈਨ ਪੈਸੇ ਚੋਰੀ ਕਰਨ ਵਾਲਿਆਂ ਲਈ ਵੀ ਕੰਮ ਕਾਫੀ ਅਸਾਨ ਹੋ ਗਿਆ ਹੈ। ਭਾਵੇਂ ਇਨ੍ਹਾਂ ਐਪਸ ਦੇ ਨਿਰਮਾਤਾਵਾਂ ਅਤੇ ਬੈਂਕਾਂ ਵੱਲੋਂ ਸੁਰੱਖਿਆ ਦਾ ਪੂਰਾ ਪ੍ਰਬੰਧ ਕੀਤਾ ਜਾਂਦਾ ਹੈ ਪਰ ਚੋਰ ਕੋਈ ਨਾ ਕੋਈ ਜੁਗਾੜ ਲਗਾ ਹੀ ਲੈਂਦੇ ਹਨ। ਜ਼ਿਆਦਾਤਰ ਇਨ੍ਹਾਂ ਚੋਰੀਆਂ ਦਾ ਸ਼ਿਕਾਰ ਸੁਰੱਖਿਆ ਨਿਯਮਾਂ ਦੀ ਜਾਣਕਾਰੀ ਨਾ ਰੱਖਣ ਵਾਲੇ ਬਣਦੇ ਹਨ। ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਇਨ੍ਹਾਂ ਐਪਸ ਦੀ ਵਰਤੋਂ ਸ਼ੁਰੂ ਕਰਨ ਤੋਂ ਪਹਿਲਾਂ ਸੁਰੱਖਿਆ ਪਹਿਲੂਆਂ ਦੀ ਪੂਰਨ ਜਾਣਕਾਰੀ ਹਾਸਲ ਕੀਤੀ ਜਾਵੇ।
ਮੁੱਖ ਰੂਪ ਵਿੱਚ ਸਾਡਾ ਜੋ ਮੋਬਾਇਲ ਨੰਬਰ ਬੈਂਕ ਖਾਤੇ ਨਾਲ ਜੁੜਿਆ ਹੁੰਦਾ ਹੈ ਜਾਂ ਜਿਸ ਸਮਾਰਟਫੋਨ ਵਿੱਚ ਅਸੀਂ ਇਸ ਤਰ੍ਹਾਂ ਦੀਆਂ ਭੁਗਤਾਨ ਐਪਸ ਵਰਤਦੇ ਹਾਂ, ਉਸ ਨੂੰ ਵਿਸ਼ੇਸ਼ ਧਿਆਨ ਨਾਲ ਆਪਣੇ ਕੋਲ ਰੱਖਣ ਦੀ ਲੋੜ ਹੈ। ਉਸ ਫੋਨ ਨੂੰ ਸਕਰੀਨ ਲੌਕ ਲਾਜ਼ਮੀ ਲਾ ਕੇ ਰੱਖਣਾ ਚਾਹੀਦਾ ਹੈ ਅਤੇ ਬੱਚਿਆਂ ਜਾਂ ਕਿਸੇ ਹੋਰ ਨੂੰ ਫੜਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਕਿਸੇ ਵੀ ਐਪਸ ਦੀ ਵਰਤੋਂ ਕਰਨ ਤੋਂ ਪਹਿਲਾਂ ਉਸ ਬਾਰੇ ਸਿੱਖਣਾ ਚਾਹੀਦਾ ਹੈ। ਪਾਸਵਰਡ ਮਜ਼ਬੂਤ ਬਣਾਉਣ ਚਾਹੀਦਾ ਹੈ ਤਾਂ ਜੋ ਕੋਈ ਸੌਖਾ ਅੰਦਾਜ਼ਾ ਨਾ ਲਾ ਸਕੇ ਅਤੇ ਪਾਸਵਰਡ ਨੂੰ ਮੋਬਾਇਲ ਫੋਨ ਵਿੱਚ ਸੰਭਾਲ ਕੇ ਨਹੀਂ ਰੱਖਣਾ ਚਾਹੀਦਾ। ਭੁਗਤਾਨ ਕਰਨ ਸਮੇਂ ਆਇਆ ਓ. ਟੀ. ਪੀ. (ਵਨ ਟਾਈਮ ਪਾਸਵਰਡ) ਕਿਸੇ ਨਾਲ ਸਾਂਝਾ ਨਹੀਂ ਕਰਨਾ ਚਾਹੀਦਾ ਕਿਉਂਕਿ ਉਹ ਛੇ ਅੱਖਰਾਂ ਦਾ ਪਾਸਵਰਡ ਭੁਗਤਾਨ ਕਰਨ ਲਈ ਇੱਕ ਤਰ੍ਹਾਂ ਦੇ ਸਾਡੇ ਹਸਤਾਖ਼ਰ ਹਨ ਅਤੇ ਉਸ ਨਾਲ ਅਸੀਂ ਭੁਗਤਾਨ ਦੀ ਪ੍ਰਵਾਨਗੀ ਦਿੰਦੇ ਹਾਂ।
ਬਹੁਤ ਸਾਰੇ ਚਲਾਕ ਕਿਸਮ ਦੇ ਲੋਕ ਇਹ ਕਹਿੰਦੇ ਹਨ ਕਿ ਤੁਹਾਨੂੰ ਪੈਸੇ ਭੇਜਣੇ ਹਨ ਪਰ ਖੁਦ ਪੈਸੇ ਪ੍ਰਾਪਤ ਕਰਨ ਦੀ ਬੇਨਤੀ ਭੇਜ ਕੇ ਠੱਗ ਲੈਂਦੇ ਹਨ। ਯਾਦ ਰੱਖੋ ਸਿਰਫ਼ ਭੁਗਤਾਨ ਕਰਨ ਸਮੇਂ ਹੀ ਆਪਣਾ ਪਿਨ ਜਾਂ ਓ. ਟੀ. ਪੀ. ਨੰਬਰ ਦਰਜ਼ ਕਰਨ ਦੀ ਜ਼ਰੂਰਤ ਹੁੰਦੀ ਹੈ ਪੈਸੇ ਪ੍ਰਾਪਤ ਕਰਨ ਲਈ ਅਜਿਹਾ ਕੁਝ ਕਰਨ ਦੀ ਜ਼ਰੂਰਤ ਨਹੀਂ ਹੁੰਦੀ।
ਅਕਸਰ ਸਾਈਬਰ ਚੋਰ ਚੋਰੀ ਦੀਆਂ ਨਵੀਆਂ-ਨਵੀਆਂ ਤਰਕੀਬਾਂ ਲੱਭ ਕੇ ਲੋਕਾਂ ਨੂੰ ਫੋਨ ਉੱਤੇ ਵਰਗਲਾ ਕੇ ਲੁੱਟ ਲੈਂਦੇ ਹਨ। ਧਿਆਨ ਰੱਖੋ ਬੈਂਕ ਕਦੇ ਫੋਨ ਉੱਤੇ ਏ. ਟੀ. ਐਮ. ਨੰਬਰ, ਪਿੰਨ ਨੰਬਰ ਜਾਂ ਪਾਸਵਰਡ ਨਹੀਂ ਪੁੱਛਦਾ ਜੇਕਰ ਕੋਈ ਅਜਿਹਾ ਪੁੱਛਦਾ ਹੈ ਤਾਂ ਕਿਸੇ ਨੂੰ ਆਪਣੀ ਬੈਂਕ, ਏ. ਟੀ. ਐਮ., ਸਿਮ ਕਾਰਡ ਜਾਂ ਪਹਿਚਾਣ ਪੱਤਰ ਨੰਬਰ ਸਬੰਧੀ ਜਾਣਕਾਰੀ ਫੋਨ ਉੱਤੇ ਕਦੇ ਨਹੀਂ ਦੇਣੀ ਚਾਹੀਦੀ। ਇਸ ਤਰ੍ਹਾਂ ਦੀਆਂ ਕੁਝ ਗੱਲਾਂ ਦਾ ਧਿਆਨ ਰੱਖ ਕੇ ਅਸੀਂ ਇਨ੍ਹਾਂ ਐਪਸ ਦੀ ਵਰਤੋਂ ਆਪਣੇ ਫਾਇਦੇ ਲਈ ਕਰ ਸਕਦੇ ਹਾਂ ਪਰ ਜਾਣਕਾਰੀ ਤੋਂ ਬਿਨਾਂ ਨਿੱਕੀ ਜਿਹੀ ਅਣਗਹਿਲੀ ਸਾਡਾ ਵੱਡਾ ਨੁਕਸਾਨ ਕਰ ਸਕਦੀ ਹੈ।
ਮੋ. 98768-88177
ਚਾਨਣ ਦੀਪ ਸਿੰਘ ਔਲਖ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.