ਬਾਰ੍ਹਵੀਂ ਤੋਂ ਬਾਅਦ ਕਾਲਜ ਦੀ ਚੋਣ ਸਮੇਂ ਜਲਦਬਾਜ਼ੀ ਨਾ ਕਰੋ

Don't Rush College Selection After Twelfth

ਬਾਰ੍ਹਵੀਂ ਤੋਂ ਬਾਅਦ ਕਾਲਜ ਦੀ ਚੋਣ ਸਮੇਂ ਜਲਦਬਾਜ਼ੀ ਨਾ ਕਰੋ

12ਵੀਂ ਪਾਸ ਕਰ ਲੈਣ ਤੋਂ ਬਾਅਦ ਹਰ ਵਿਦਿਆਰਥੀ ਦਾ ਸਭ ਤੋਂ ਅਹਿਮ ਫੈਸਲਾ ਹੁੰਦਾ ਹੈ ਕਿ ਉਸ ਨੇ ਕਿਸ ਕਾਲਜ ’ਚ ਦਾਖਲਾ ਲੈਣਾ ਹੈ। ਅਕਸਰ ਮਨ ਨੂੰ ਲੁਭਾਉਣ ਵਾਲੇ ਤੇ ਗੁੰਮਰਾਕੁਨ ਵਿਗਿਆਪਨ, ਸੁਣੀਆਂ-ਸੁਣਾਈਆਂ ਗੱਲਾਂ ਤੇ ਹੋਰਾਂ ਦੀ ਦੇਖਾਦੇਖੀ ਬੱਚੇ ਅਤੇ ਮਾਪੇ ਗਲਤ ਕਾਲਜ ਦੀ ਚੋਣ ਕਰ ਲੈਂਦੇ ਹਨ ਜੋ ਵਿਦਿਆਰਥੀ ਦੇ ਭਵਿੱਖ ਲਈ ਗਲਤ ਸਾਬਤ ਹੁੰਦਾ ਹੈ।

ਬੱਚੇ ਜੋ ਸਭ ਤੋਂ ਵੱਡੀ ਭੁੱਲ ਕਰਦੇ ਹਨ, ਉਹ ਇਹ ਕਿ ਦਾਖਲਾ ਭਰਨ ਤੋਂ ਪਹਿਲਾਂ ਲੋੜੀਂਦੀ ਖੋਜ਼ ਅਤੇ ਪੁੱਛਗਿੱਛ ਨਾ ਕਰਨਾ। ਪਰ ਇਹ ਤੈਅ ਕਿਵੇਂ ਹੋਵੇਗਾ ਕਿ ਤੁਹਾਡੇ ਵੱਲੋਂ ਕੀਤੀ ਗਈ ਚੋਣ ਠੀਕ ਹੈ ਜਾਂ ਨਹੀਂ।

ਹਰ ਵਿਦਿਆਰਥੀ ਅਲੱਗ ਹੁੰਦਾ ਹੈ, ਉਸ ਦੀ ਸੋਚ, ਪਸੰਦ ਅਤੇ ਸ਼ਖਸੀਅਤ ਸਭ ਅਲੱਗ ਹੁੰਦਾ ਹੈ, ਇਹ ਗੱਲ ਯਾਦ ਰੱਖੋ, ਕਿ ਇਸ ਦੀ ਕੋਈ ਗਾਰੰਟੀ ਨਹੀਂ ਹੈ ਕਿ ਜਿਸ ਕਾਲਜ ’ਚ ਤੁਸੀਂ ਦਾਖਲਾ ਲੈਂਦੇ ਹੋ, ਉਸ ਦੀ ਰੈਂਕਿੰਗ ਤੁਹਾਨੂੰ ਸਫਲਤਾ ਦਿਵਾਏਗੀ। ਸਿੱਖਿਆ ਮਾਹਿਰ ਵੀ ਕਹਿੰਦੇ ਹਨ ਕਿ ਵਿਦਿਆਰਥੀ ਅਤੇ ਮਾਪਿਆਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਕਾਲਜ ਤਲਾਸ਼ ਕਰਨ ਦੀ ਪ੍ਰਕਿਰਿਆ ’ਚ ਜਿਆਦਾ ਧਿਆਨ ਵਿਦਿਆਰਥੀ ਦੀ ਜ਼ਰੂਰਤ, ਉਸ ਦੀ ਯੋਗਤਾ ਅਤੇ ਕਮਜ਼ੋਰੀਆਂ ’ਤੇ ਦੇਣਾ ਚਾਹੀਦਾ ਹੈ।

ਕਾਲਜ ਦੀ ਚੋਣ ਕਰਦੇ ਸਮੇਂ ਕੁਝ ਗੱਲਾਂ ਨੂੰ ਸਮਝਣਾ ਜ਼ਰੂਰੀ ਹੈ। ਸਭ ਤੋਂ ਪਹਿਲਾਂ ਪੂਰੀ ਤਰ੍ਹਾਂ ਪਤਾ ਕਰੋ ਕਿ ਜਿਸ ਕਾਲਜ ਜਾਂ ਯੂਨੀਵਰਸਿਟੀ ’ਚ ਦਾਖਲਾ ਲੈ ਰਹੇ ਹੋ ਉਹ ਮਾਨਤਾ ਪ੍ਰਾਪਤ ਹੈ ਜਾਂ ਨਹੀਂ। ਕਾਲਜ ’ਚ ਦਾਖਲੇ ਲਈ ਨੰਬਰਾਂ ਦੀ ਬਣਨ ਵਾਲੀ ਮੈਰਿਟ ’ਚ ਕੱਟ ਆਫ ਫੀਸਦ ਬਾਰੇ ਪਹਿਲਾਂ ਪੜਤਾਲ ਕਰ ਲਵੋ। ਕਾਲਜ ’ਚ ਵਿਦਿਆਰਥੀਆਂ ਦੀ ਗਿਣਤੀ ਅਤੇ ਹੋ ਸਕੇ ਤਾਂ ਉਨ੍ਹਾਂ ਦੇ ਪਿਛੋਕੜ ਬਾਰੇ ਵੀ ਨਜ਼ਰ ਮਾਰੋ। ਕਾਲਜ ਦੀ ਵੈੱਬਸਾਈਟ ਤੋਂ ਇਲਾਵਾ ਸੋਸ਼ਲ ਮੀਡੀਆ ਸਰਗਰਮੀਆਂ ’ਤੇ ਵੀ ਧਿਆਨ ਦਿਓ, ਉੱਥੋਂ ਤੁਹਾਨੂੰ ਇਹ ਪਤਾ ਲੱਗੇਗਾ ਕਿ ਉੱਥੋਂ ਦੇ ਵਿਦਿਆਰਥੀ ਕਿਹੜੀਆਂ ਚੀਜ਼ਾਂ ਤੋਂ ਖੁਸ਼ ਜਾਂ ਨਾ-ਖੁਸ਼ ਹਨ। ਕਾਲਜ ’ਚ ਪੜ੍ਹਾਉਣ ਵਾਲੇ ਸਟਾਫ ਬਾਰੇ ਵੀ ਜਾਣਨ ਦੀ ਕੋਸ਼ਿਸ਼ ਕਰੋ, ਕਿਉਂਕਿ ਯੋਗ ਅਤੇ ਤਜ਼ੁਰਬੇਕਾਰ ਸਟਾਫ ਬਿਨਾਂ ਗੱਲ ਨਹੀਂ ਬਣਨੀ।

ਕਾਲਜ ਦੇ ਮੌਜੂਦਾ ਵਿਦਿਆਰਥੀਆਂ ਤੇ ਹਾਲ ਹੀ ’ਚ ਗ੍ਰੈਜੂਏਟ ਹੋਏ ਵਿਦਿਆਰਥੀਆਂ ਨਾਲ ਗੱਲਬਾਤ ਜ਼ਰੂਰ ਕਰੋ। ਇਸ ’ਚ ਸਾਬਕਾ ਜਾਂ ਐਲੂਮਨੀ ਵਿਦਿਆਰਥੀਆਂ ਦਾ ਪਤਾ ਲਾ ਕੇ ਉਨ੍ਹਾਂ ਨਾਲ ਰਾਬਤਾ ਕੀਤਾ ਜਾ ਸਕਦਾ ਹੈ। ਕਾਲਜ ਦਾ ਪਿਛਲੇ ਪੰਜ ਸਾਲਾਂ ਦਾ ਪਲੇਸਮੈਂਟ ਰਿਕਾਰਡ ਅਤੇ ਕੋਰਸਾਂ ਲਈ ਇੰਟਰਨਸ਼ਿੱਪ ਜਾਂ ਟਰੇਨਿੰਗ ਦੇਣ ਵਾਲੇ ਅਦਾਰਿਆਂ ਬਾਰੇ ਜਾਣਕਾਰੀ ਜ਼ਰੂਰ ਹਾਸਲ ਕਰੋ। ਕਾਲਜ ਕੈਂਪਸ ਬਾਰੇ ਪਤਾ ਕਰੋ , ਹੋ ਸਕੇ ਤਾਂ ਖੁਦ ਜਾ ਕੇ ਉੱਥੋਂ ਬਾਰੇ ਸਮੁੱਚੀ ਜਾਣਕਾਰੀ ਲਵੋ ਅਤੇ ਕਾਲਜ ਵਿਚ ਕੁਝ ਸਮਾਂ ਬਿਤਾਓ, ਇਸ ਨਾਲ ਤੁਹਾਨੂੰ ਕਾਲਜ ਦਾ ਅਕਸ ਪਤਾ ਲੱਗਣ ’ਚ ਸਹਾਇਤਾ ਮਿਲੇਗੀ। ਕਾਲਜ ’ਚ ਅਧਿਆਪਨ ਸਮੱਗਰੀ, ਲਾਇਬੇ੍ਰਰੀ, ਹੋਸਟਲ, ਸੁਰੱਖਿਆ, ਖਾਣ-ਪੀਣ, ਟਰਾਂਸਪੋਰਟ ਸਿਸਟਮ ਅਤੇ ਖੋਜ ਤਕਨੀਕ (ਰਿਸਰਚ) ਵਿਭਾਗ ਆਦਿ ਸਹੂਲਤਾਂ ਕਿਸ ਤਰ੍ਹਾਂ ਦੀਆਂ ਹਨ, ਇਹ ਵੀ ਦੇਖਣਾ ਲਾਜ਼ਮੀ ਹੈ।

ਹਰਪ੍ਰੀਤ ਸਿੰਘ ਬਰਾੜ,
ਮੇਨ ਏਅਰ ਫੋਰਸ ਰੋਡ, ਬਠਿੰਡਾ

 

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ