ਨਹੀਂ ਭੁੱਲਦਾ ਚੇਤਿਆਂ ‘ਚੋਂ ਬੇਬੇ ਦਾ ਚੁੱਲ੍ਹੇ ‘ਤੇ ਰਿੰਨ੍ਹਿਆ ਸਾਗ
ਸਰ੍ਹੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਪੰਜਾਬੀਆਂ ਦੀ ਮਨ ਭਾਉਂਦੀ ਖੁਰਾਕ ਸੀ ਅੱਜ ਵੀ ਹੈ ਤੇ ਹਮੇਸ਼ਾ ਰਹੇਗੀ। ਪੰਜਾਬ ਸੂਬਾ ਕਿਸੇ ਸਮੇਂ ਬਹੁਤ ਹੀ ਖੁਸ਼ਹਾਲ ਸੂਬਾ ਰਿਹਾ ਹੈ, ਬੇਸ਼ੱਕ ਅੱਜ ਵੀ ਪੰਜਾਬ ਭਾਰਤ ਦੇਸ਼ ਦੇ ਸਾਰੇ ਹੀ ਸੂਬਿਆਂ ‘ਚੋਂ ਮੋਹਰੀ ਸੂਬਾ ਹੈ, ਪਰ ਚੰਦਰੇ ਨਸ਼ਿਆਂ ਦੇ ਪ੍ਰਕੋਪ ਨੇ ਇਸ ਦੀ ਓਹ ਪਹਿਲੀ ਦਿੱਖ ਨੂੰ ਥੋੜ੍ਹੀ-ਬਹੁਤੀ ਢਾਹ ਜ਼ਰੂਰ ਲਾਈ ਹੈ ਪੰਜਾਬੀਆਂ ਦੇ ਮਨ ਭਾਉਂਦੇ ਖਾਣੇ ਵਿੱਚ ਸਰ੍ਹੋਂ ਦਾ ਸਾਗ, ਮੱਕੀ ਦੀ ਰੋਟੀ ਤੇ ਚਾਟੀ ਵਾਲ਼ੀ ਲੱਸੀ ਦਾ ਬਹੁਤ ਮਹੱਤਵ ਹੈ। ਪਰ ਸਾਡੀ ਜੋ ਅਜੋਕੀ ਨੌਜਵਾਨ ਪੀੜ੍ਹੀ ਹੈ ਉਨ੍ਹਾਂ ਨੂੰ ਮੱਕੀ ਦੀ, ਬਾਜਰੇ ਦੀ, ਜਾਂ ਫਿਰ ਸਰ੍ਹੋਂ ਦਾ ਸਾਗ ਬਿਲਕੁਲ ਵੀ ਨਹੀਂ ਭਾਉਂਦਾ ਮਤਲਬ ਖਾ ਕੇ ਰਾਜ਼ੀ ਨਹੀਂ ਹੈ ਹਾਂ ਅਜੋਕੇ ਸਮੇਂ ਵਿੱਚ ਬਰਗਰ, ਪੀਜ਼ੇ, ਨੂਡਲਜ਼, ਪੌਪ ਕੌਰਨ ਭਾਵ ਬਜ਼ਾਰੂ ਚੀਜ਼ਾਂ ਖਾ-ਖਾ ਕੇ ਬਿਨ ਮਤਲਬ ਤੋਂ ਪੇਟ ਵਧਾਏ ਹੋਏ ਹਨ।
ਪੰਜਾਬੀਆਂ ਦੀ ਮਹਿਮਾਨ ਨਿਵਾਜ਼ੀ ਦੀਆਂ ਗੱਲਾਂ ਕੁੱਲ ਦੁਨੀਆਂ ਵਿੱਚ ਮਸ਼ਹੂਰ ਹਨ ਸਿਆਲ਼ ਦੀ ਰੁੱਤ ਵਿੱਚ ਹਰ ਘਰ ਵਿੱਚ ਹੀ ਪੁਰਾਤਨ ਸਮਿਆਂ ਵਿੱਚ ਸਾਗ ਬਣਦਾ ਰਿਹਾ ਹੈ, ਤੇ ਇਸ ਦੀ ਇੱਕ ਖਾਸੀਅਤ ਇਹ ਵੀ ਸੀ ਕਿ ਜਿੰਨਾ ਸਾਗ ਬੇਹਾ ਹੋਵੇਗਾ। ਓਨਾ ਹੀ ਤੜਕਾ ਲਾ-ਲਾ ਕੇ ਸਵਾਦੀ ਬਣ ਜਾਂਦਾ ਸੀ ਬੇਸ਼ੱਕ ਅਜੋਕੇ ਸਮਿਆਂ ਵਿੱਚ ਵੀ ਘਰਾਂ ਵਿੱਚ ਜਾਂ ਆਮ ਸੜਕ ਕਿਨਾਰੇ ਬਣੇ ਢਾਬਿਆਂ ‘ਤੇ ਸਾਗ ਬਣਦਾ ਹੈ ਤੇ ਲੋਕ ਚਾਹ ਕੇ ਖਾਂਦੇ ਵੀ ਹਨ ਪਰ ਹੁਣ ਇਹ ਕੂਕਰਾਂ ਵਿੱਚ ਬਣਦਾ ਕਰਕੇ ਓਨਾ ਲਾਜਵਾਬ ਜਾਂ ਸਵਾਦੀ ਨਹੀਂ ਬਣਦਾ, ਜਿੰਨਾ ਪਹਿਲੇ ਸਮਿਆਂ ਵਿੱਚ ਬੇਬੇ ਚੁੱਲ੍ਹੇ ਮੂਹਰੇ ਬੈਠ ਕੇ ਗੰਦਲਾਂ ਨੂੰ ਸਵਾਰ ਕੇ ਨਾਲ ਦੀ ਨਾਲ ਚੀਰ ਕੇ ਮੱਠੀ-ਮੱਠੀ ਅੱਗ ‘ਤੇ ਰਿੰਨ੍ਹਦੀ ਰਹੀ ਹੈ। ਲੋੜ ਮੁਤਾਬਕ ਬੇਬੇ ਨੇ ਬਾਥੂ, ਪਾਲਕ, ਮੇਥੇ, ਹਰੀਆਂ ਮਿਰਚਾਂ, ਅਦਰਕ, ਲਸਣ, ਨਮਕ ਆਦਿ ਪਾ ਕੇ ਜਦ ਮੱਠੀ-ਮੱਠੀ ਅੱਗ ‘ਤੇ ਰਿੰਨ੍ਹਣਾ ਤੇ ਬਾਅਦ ਵਿੱਚ ਮੱਕੀ ਦੇ ਆਟੇ ਦਾ ਅੱਲਣ ਪਾ ਕੇ ਘੋਟ-ਘੋਟ ਕੇ ਇੱਕ ਜਾਨ ਕਰਕੇ ਭੂਕਾਂ ਵਾਲੇ ਗੰਢਿਆਂ ਦਾ ਤੜਕਾ ਲਾਉਣਾ ਤੇ ਫਿਰ ਸਾਰੇ ਹੀ ਟੱਬਰ ਨੇ ਚੁੱਲ੍ਹੇ ਦੇ ਦੁਆਲ਼ੇ ਬੈਠ ਕੇ ਬੇਬੇ ਨੇ ਜੋ ਮੱਕੀ ਦੀ ਰੋਟੀ ਬਣਾਈ ਹੁੰਦੀ ਸੀ ਸਾਗ ਨਾਲ ਖਾਣੀ ਤੇ ਤਾਜਾ ਕੱਢਿਆ ਹੋਇਆ ਮੱਖਣ ਬੇਬੇ ਨੇ ਖੁੱਲ੍ਹੇ ਸੁਭਾਅ ਮੁਤਾਬਿਕ ਖੁੱਲ੍ਹਾ ਹੀ ਸਭਨਾਂ ਨੂੰ ਪਾਉਣਾ ਉਹ ਗੱਲਾਂ ਹੀ ਕੁੱਝ ਹੋਰ ਸਨ ਸਵਾਦ-ਸਵਾਦ ‘ਚ ਅਣਗਿਣਤ ਹੀ ਰੋਟੀਆਂ ਖਾ ਜਾਣੀਆਂ।
ਸਾਗ ਬਣਾਉਣ ਦੇ ਤੌਰ-ਤਰੀਕਿਆਂ ਵਿੱਚ ਜ਼ਮੀਨ-ਅਸਮਾਨ ਦਾ ਅੰਤਰ ਆ ਗਿਆ
ਅਜੋਕੇ ਸਮੇਂ ਵਿੱਚ ਵੀ ਬੇਸ਼ੱਕ ਸਰ੍ਹੋਂ ਦਾ ਸਾਗ, ਮੱਕੀ ਦੀ ਰੋਟੀ ਕੋਈ-ਕੋਈ ਘਰ ਬਣਾਉਂਦਾ ਹੈ। ਤੰਦੂਰ ਵੀ ਛੋਟੇ-ਛੋਟੇ ਚੱਕਵੇਂ ਜਿਹੇ ਲਿਆ ਕੇ ਬਹੁਤੇ ਘਰਾਂ ਨੇ ਘਰੇ ਰੱਖੇ ਹੋਏ ਹਨ, ਪਰ ਸਾਗ ਬਣਾਉਣ ਦੇ ਤੌਰ-ਤਰੀਕਿਆਂ ਵਿੱਚ ਜ਼ਮੀਨ-ਅਸਮਾਨ ਦਾ ਅੰਤਰ ਆ ਗਿਆ ਹੈ ਕੂਕਰਾਂ ਵਿੱਚ ਬਣਿਆ ਸਾਗ ਨਾ ਤਾਂ ਪੂਰਾ ਰਿੱਝਦਾ ਹੈ ਨਾ ਹੀ ਕੋਈ ਮੱਕੀ ਦੇ ਆਟੇ ਦਾ ਅੱਲਣ ਪਾਉਂਦਾ ਹੈ ਤੇ ਮੱਖਣ ਜਾਂ ਘਿਓ ਪਾਉਣ ਨਾਲ ਤਾਂ ਨੱਬੇ ਫੀਸਦੀ ਲੋਕਾਂ ਨੂੰ ਮਰੋੜ ਲੱਗ ਜਾਂਦੇ ਹਨ ਇਸ ਲਈ ਓਹ ਸਮੇਂ ਬੜੇ ਯਾਦ ਆਉਂਦੇ ਹਨ ਕਾਸ਼! ਉਹ ਸਮੇਂ ਸਾਡੇ ਪੰਜਾਬ ਵਿੱਚ ਮੁੜ ਆ ਜਾਣ! ਪਰ ਗਿਆ ਸਮਾਂ ਦੋਸਤੋ ਕਦੇ ਵਾਪਸ ਨਹੀਂ ਆਉਣਾ, ਚੇਤਿਆਂ ਵਿੱਚ ਜ਼ਰੂਰ ਵੱਸਿਆ ਹੋਇਆ ਹੈ ਤੇ ਉਹ ਹੀ ਪਾਠਕਾਂ ਨਾਲ ਸਾਂਝਾ ਕਰਕੇ ਰੂਹ ਨੂੰ ਸਕੂਨ ਮਿਲ ਜਾਂਦਾ ਹੈ।
ਜਸਵੀਰ ਸ਼ਰਮਾ ਦੱਦਾਹੂਰ,
ਸ੍ਰੀ ਮੁਕਤਸਰ ਸਾਹਿਬ, ਮੋ. 95691-49556
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ