ਸਾਕਾ ਸਰਹੰਦ ਦਾ ਅਹਿਮ ਪਾਤਰ ਦੀਵਾਨ ਟੋਡਰ ਮੱਲ
ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ,ਬਾਬਾ ਫ਼ਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਤੋਂ ਬਾਅਦ ਉਨ੍ਹਾਂ ਦੀਆਂ ਮਿ੍ਰਤਕ ਦੇਹਾਂ ਨੂੰ ਬੇਅਦਬੀ ਤੋਂ ਬਚਾਉਣ ਲਈ ਆਪਣੇ ਕੋਲੋਂ ਵੱਡਾ ਧਨ ਖਰਚ ਕੇ ਪੂਰੇ ਸਨਮਾਨ ਸਾਹਿਤ ਉਨ੍ਹਾਂ ਦੇ ਅੰਤਿਮ ਸੰਸਕਾਰ ਕਰਨ ਵਾਲੇ ਸੇਠ ਟੋਡਰ ਮੱਲ ਦਾ ਰਹਿੰਦੀ ਦੁਨੀਆਂ ਤੱਕ ਯਾਦ ਰਹਿਣਗੇ।
ਸਰਹਿੰਦ ਵਿਚ ਰਹਿਣ ਵਾਲੇ ਦੀਵਾਨ ਟੋਡਰ ਮੱਲ ਜੀ ਇੱਕ ਧਨਾਢ ਵਪਾਰੀ ਹੋਣ ਦੇ ਨਾਲ-ਨਾਲ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਸੱਚੇ ਸ਼ਰਧਾਲੂ ਵੀ ਸਨ।ਜਿਸ ਹਵੇਲੀ ਵਿਚ ਦੀਵਾਨ ਸਾਹਿਬ ਅਤੇ ਉਨ੍ਹਾਂ ਦਾ ਪਰਿਵਾਰ ਨਿਵਾਸ ਕਰਦਾ ਸੀ ਉਸ ਨੂੰ ‘ਜਹਾਜ਼ ਮਹੱਲ’ ਕਿਹਾ ਜਾਂਦਾ ਸੀ। ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਂ ਅਤੇ ਉਸ ਦੇ ਅਹਿਲਕਾਰਾਂ ਨੇ 13 ਪੋਹ ਨੂੰ ਗੁਰੂ ਕੇ ਲਾਲਾਂ ’ਤੇ ਕਹਿਰ ਨੀਹਾਂ ਵਿਚ ਚਿਣਕੇ] ਵਰਤਾ ਕੇ ਇੱਕ ਸ਼ਾਹੀ ਫ਼ੁਰਮਾਨ ਜਾਰੀ ਕਰ ਦਿੱਤਾ ਕਿ ਹਕੂਮਤ ਦੇ ਬਾਗੀਆਂ ਦਾ ਸਰਕਾਰੀ ਜ਼ਮੀਨ ਉਪਰ ਅੰਤਿਮ ਸੰਸਕਾਰ ਨਹੀਂ ਕੀਤਾ ਜਾ ਸਕਦਾ।
ਫ਼ੁਰਮਾਨ ਵਿਚ ਇਹ ਵੀ ਸ਼ਰਤ ਸੀ ਕਿ ਜੇ ਕੋਈ ਇਨ੍ਹਾਂ ਤਿੰਨਾਂ ਦਾ ਸੰਸਕਾਰ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਸਰਹਿੰਦ ਦੇ ਚੌਧਰੀ ਅੱਟੇ ਕੋਲੋਂ ਸੰਸਕਾਰ ਜੋਗੀ ਜਮੀਨ ਮੁੱਲ ਖਰੀਦਣੀ ਪਵੇਗੀ।ਸੰਸਕਾਰ ਲਈ ਲੋੜੀਂਦੀ ਜਮੀਨ ਵਾਸਤੇ ਓਨੀ ਥਾਂ ਉਪਰ ਸੋਨੇ ਦੇ ਸਿੱਕੇ [ਅਸ਼ਰਫ਼ੀਆਂ] ਖੜ੍ਹੇ ਕਰਨੇ ਪੈਣੇ ਸਨ ਜੋ ਕਿਸੇ ਮਾੜੇ-ਤੀੜੇ ਬੰਦੇ ਦੀ ਪਹੁੰਚ ਦੀ ਗੱਲ ਨਹੀਂ ਸੀ।
ਦੁਨੀਆਂ ਦੀ ਇਸ ਮਹਿੰਗੀ ਜਮੀਨ ਦੀ ਖਰੀਦ ਲਈ ਵੱਡੇ ਹੌਂਸਲੇ ਅਤੇ ਧਨ ਦੀ ਲੋੜ ਸੀ। ਵਕਤ\ਵਖ਼ਤ ਦੀ ਇਸ ਵੱਡੀ ਅਤੇ ਇਤਿਹਾਸਕ ਲੋੜ ਨੂੰ ਪੂਰਾ ਕਰਨ ਅੱਗੇ ਆਏ ਦੀਵਾਨ ਟੋਡਰ ਮੱਲ ਜੀ ਜਿੰਨ੍ਹਾਂ ਨੇ ਉਸ ਸਮੇਂ ਲਗਭਗ 78000 ਸੋਨੇ ਦੀਆਂ ਮੋਹਰਾਂ ਨੂੰ ਖੜਿ੍ਹਆਂ ਕਰਕੇ ਗੁਰੂ ਘਰ ਦੇ ਪ੍ਰਤੀ ਆਪਣੇ ਫ਼ਰਜ਼ ਨੂੰ ਨਿਭਾਇਆ ਅਤੇ ਸਿੱਖ ਇਤਿਹਾਸ ਦੇ ਅਮਰ ਪਾਤਰ ਬਣ ਗਏ। ਦੀਵਾਨ ਸਾਹਿਬ ਦੀ ਇਸ ਵੱਡਮੁੱਲੀ ਅਤੇ ਨੇਕ ਸੇਵਾ ਨੂੰ ਯਾਦ ਰੱਖਦਿਆਂ ਉਨ੍ਹਾਂ ਦੇ ਨਾਂਅ ਉਪਰ ਜਿਥੇ ‘ਦੀਵਾਨ ਟੋਡਰ ਮੱਲ ਮਾਰਗ’ ਅਤੇ ‘ਦੀਵਾਨ ਟੋਡਰ ਮੱਲ ਯਾਦਗਾਰੀ ਗੇਟ’ ਬਣਾਏ ਗਏ ਹਨ ਉਥੇ ਨਾਲ ਹੀ ਇੱਕ ਵਿਸ਼ਾਲ ‘ਦੀਵਾਨ ਟੋਡਰ ਮੱਲ ਹਾਲ’ ਵੀ ਉਸਾਰਿਆ ਗਿਆ ਹੈ।
ਗਲੀ ਨੰ: 8 ਰਿਸ਼ੀ ਨਗਰ ਐਕਸਟੈਂਸ਼ਨ [ਲੁਧਿਆਣਾ] ਮੋਬ:9463132719
ਰਮੇਸ਼ ਬੱਗਾ ਚੋਹਲਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.