Diwali 2024: ਬਠਿੰਡਾ ਜ਼ਿਲ੍ਹੇ ਦੇ ਅੱਧੀ ਦਰਜ਼ਨ ਪਿੰਡਾਂ ‘ਚ ਪਟਾਖੇ ਚਲਾਉਣ ‘ਤੇ ਪਾਬੰਦੀ
Diwali 2024: ਬਠਿੰਡਾ (ਸੁਖਜੀਤ ਮਾਨ)। ਬਠਿੰਡਾ ਜ਼ਿਲ੍ਹੇ ਦੇ ਅੱਧੀ ਦਰਜ਼ਨ ਪਿੰਡਾਂ ‘ਚ ਪਟਾਖੇ ਚਲਾਉਣ (Crackers Online) ‘ਤੇ ਪਾਬੰਦੀ ਲੱਗੀ ਹੈ। ਕੋਈ ਵੀ ਤਿੱਥ ਤਿਉਹਾਰ ਆਉਂਦਾ ਹੈ ਤਾਂ ਇਹਨਾਂ ਪਿੰਡਾਂ ਦੇ ਨਿਆਣਿਆਂ-ਸਿਆਣਿਆਂ ਨੂੰ ਆਪਣੇ ਚਾਵਾਂ ਨੂੰ ਦਬਾਉਣਾ ਪੈਂਦਾ ਹੈ। ਬੱਚੇ ਪਟਾਖੇ ਚਲਾਉਣ ਦੀ ਜਿੱਦ ਕਰਦੇ ਨੇ ਤਾਂ ਮਾਪਿਆਂ ਦੀ ਘੂਰ ਚੱਲਣੀ ਪੈਂਦੀ ਹੈ। ਜ਼ਿਆਦਾ ਜਿੱਦ ਕਰਨ ਵਾਲੇ ਬੱਚਿਆਂ ਨੂੰ ਮਾਪੇ ਨਾਨਕੇ ਜਾਂ ਹੋਰ ਰਿਸ਼ਤੇਦਾਰੀਆਂ ‘ਚ ਭੇਜਕੇ ਉਹਨਾਂ ਦੇ ਚਾਅ ਨੂੰ ਪੂਰਾ ਕਰਦੇ ਹਨ। ਪਟਾਖੇ ਚਲਾਉਣ ‘ਤੇ ਇਹ ਪਾਬੰਦੀ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਲਗਾਈ ਗਈ ਹੈ। Bathinda News
Read Also : Karva Chauth 2024: ਕਰਵਾਚੌਥ ਲਈ ਬੈਸਟ ਮਹਿੰਦੀ ਡਿਜ਼ਾਇਨ
ਜ਼ਿਲ੍ਹਾ ਮੈਜਿਸਟਰੇਟ ਸ਼ੌਕਤ ਅਹਿਮਦ ਪਰੇ ਵੱਲੋਂ ਜ਼ਾਰੀ ਹੁਕਮਾਂ ‘ਚ ਕਿਹਾ ਗਿਆ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਰਿਫਾਇਨਰੀ (ਤੇਲ ਸੋਧਕ ਕਾਰਖਾਨਾ) ਫੁੱਲੋਖਾਰੀ ਦੇ ਨਜਦੀਕ ਪੈਂਦੇ ਪਿੰਡਾਂ (ਫੁੱਲੋਖਾਰੀ, ਰਾਮਾਂ ਮੰਡੀ, ਰਾਮਾਂ ਪਿੰਡ, ਰਾਮਸਰਾ, ਗਿਆਨਾ, ਕਣਕਵਾਲ) ’ਚ ਅਤੇ ਪਿੰਡ ਫੂਸ ਮੰਡੀ ਵਿਖੇ ਵੱਖ-ਵੱਖ ਤੇਲ ਕੰਪਨੀਆਂ ਦੇ ਤੇਲ ਭੰਡਾਰ ਹੋਣ ਕਾਰਨ ਦੀਵਾਲੀ ਦਾ ਤਿਉਹਾਰ, ਗੁਰਪੁਰਬ, ਕ੍ਰਿਸਮਿਸ, ਨਵਾਂ ਸਾਲ ਮਨਾਉਣ ਸਮੇਂ ਪਟਾਕੇ ਚਲਾਉਣ ਨਾਲ ਤੇਲ ਸੋਧਕ ਕਾਰਖਾਨੇ/ਤੇਲ ਭੰਡਾਰ ਵਿੱਚ ਕੋਈ ਵੀ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ। ਇਨ੍ਹਾਂ ਪਿੰਡਾਂ ਤੇ ਆਲੇ-ਦੁਆਲੇ ਦੇ ਖੇਤਰ ’ਚ ਪਟਾਖੇ ਚਲਾਉਣ ’ਤੇ ਪੂਰਨ ਤੌਰ ’ਤੇ ਪਾਬੰਦੀ ਲਗਾਈ ਜਾਂਦੀ ਹੈ। Diwali 2024
ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ ਬਾਕੀ ਥਾਵਾਂ ‘ਤੇ ਦੁਸਹਿਰਾ, ਦੀਵਾਲੀ ਦਾ ਤਿਉਹਾਰ, ਗੁਰਪੁਰਬ, ਕ੍ਰਿਸਮਿਸ, ਨਵਾਂ ਸਾਲ ਮਨਾਉਣ ’ਤੇ ਪਟਾਖੇ-ਆਤਿਸ਼ਬਾਜ਼ੀ ਆਦਿ ਚਲਾਉਣ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਹੈ। ਜਾਰੀ ਹੁਕਮ ਅਨੁਸਾਰ ਜ਼ਿਲ੍ਹਾ ਮੈਜਿਸਟਰੇਟ ਨੇ ਅੱਜ ਮਨਾਏ ਜਾਣ ਵਾਲੇ ਦੁਸਹਿਰੇ ਦੇ ਤਿਉਹਾਰ ’ਤੇ ਸ਼ਾਮ 6 ਤੋਂ ਸ਼ਾਮ 7 ਵਜੇ ਤੱਕ, 31 ਅਕਤੂਬਰ ਨੂੰ ਦੀਵਾਲੀ ਵਾਲੀ ਰਾਤ ਨੂੰ ਸ਼ਾਮ 8 ਤੋਂ ਰਾਤ 10 ਵਜੇ ਤੱਕ, 15 ਨਵੰਬਰ ਨੂੰ ਗੁਰਪੁਰਬ ਦੇ ਮੌਕੇ ’ਤੇ ਸਵੇਰੇ 4 ਤੋਂ ਸਵੇਰੇ 5 ਵਜੇ (ਇੱਕ ਘੰਟਾ) ਰਾਤ 9 ਤੋਂ ਰਾਤ 10 ਵਜੇ ਤੱਕ (ਇੱਕ ਘੰਟਾ) ਤੇ ਕ੍ਰਿਸਮਿਸ/ਨਵਾਂ ਸਾਲ ਮੌਕੇ ਰਾਤ 11:55 ਵਜੇ ਤੋਂ ਸਵੇਰੇ 12:30 ਵਜੇ ਤੱਕ ਪਟਾਖੇ ਚਲਾਉਣ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਹੈ।
Bathinda News
ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਜੇਕਰ ਪਟਾਖੇ ਚਲਾਉਣ ਦੇ ਸਮੇਂ ਵਿੱਚ ਮਾਨਯੋਗ ਸੁਪਰੀਮ ਕੋਰਟ/ਪੰਜਾਬ ਤੇ ਹਰਿਆਣਾ ਹਾਈਕੋਰਟ ਜਾਂ ਪੰਜਾਬ ਸਰਕਾਰ ਵੱਲੋਂ ਕੋਈ ਤਬਦੀਲੀ ਕੀਤੀ ਜਾਂਦੀ ਹੈ ਤਾਂ ਉਸ ਤਬਦੀਲੀ ਅਨੁਸਾਰ ਹੀ ਪਟਾਖੇ ਚਲਾਏ ਜਾ ਸਕਣਗੇ, ਜਿਸ ਸਬੰਧੀ ਵੱਖਰੇ ਤੌਰ ’ਤੇ ਕੋਈ ਹੁਕਮ ਜਾਰੀ ਨਹੀਂ ਕੀਤਾ ਜਾਵੇਗਾ।
ਪਾਬੰਦੀ ਵਾਲੇ ਪਿੰਡਾਂ ‘ਚ ਰਹਿੰਦਾ ਹੈ ਪੁਲਿਸ ਦਾ ਪਹਿਰਾ
ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਜਿਹੜੇ ਪਿੰਡਾਂ ਵਿੱਚ ਪਟਾਖੇ ਚਲਾਉਣ ‘ਤੇ ਪਾਬੰਦੀ ਲਗਾਈ ਗਈ ਹੈ, ਉਹਨਾਂ ਪਿੰਡਾਂ ‘ਚ ਖਾਸ ਦਿਨਾਂ ‘ਤੇ ਪੁਲਿਸ ਦਾ ਪਹਿਰਾ ਵੀ ਰਹਿੰਦਾ ਹੈ। ਪੁਲਿਸ ਵੱਲੋਂ ਗਲੀਆਂ ‘ਚ ਹੂਟਰ ਵਜਾ ਕੇ ਲੋਕਾਂ ਨੂੰ ਚੌਕਸ ਕੀਤਾ ਜਾਂਦਾ ਹੈ ਤੇ ਸਪੀਕਰ ਰਾਹੀਂ ਨਿਯਮਾਂ ਦੀ ਪਾਲਣਾ ਦਾ ਹੋਕਾ ਵੀ ਦਿੱਤਾ ਜਾਂਦਾ ਹੈ। ਜੋ ਲੋਕ ਹੁਕਮਾਂ ਦੀ ਉਲੰਘਣਾ ਕਰਦੇ ਹਨ ਉਹਨਾਂ ਖਿਲਾਫ਼ ਕਾਰਵਾਈ ਕੀਤੀ ਜਾਂਦੀ ਹੈ।
ਫਾਇਦੇ ਘੱਟ, ਮੁਸੀਬਤਾਂ ਵੱਧ : ਪਿੰਡ ਵਾਸੀ
ਜਿਹੜੇ ਪਿੰਡਾਂ ਵਿੱਚ ਪ੍ਰਸ਼ਾਸਨ ਵੱਲੋਂ ਪਟਾਖੇ ਚਲਾਉਣ ‘ਤੇ ਪਾਬੰਦੀ ਲਗਾਈ ਗਈ ਹੈ, ਉੱਥੋਂ ਦੇ ਬਾਸਿੰਦਆਂ ਦਾ ਕਹਿਣਾ ਹੈ ਕਿ ਉਹ ਤਾਂ ਬਾਰੂਦ ਦੇ ਢੇਰ ‘ਤੇ ਜ਼ਿੰਦਗੀ ਕੱਟਦੇ ਹਨ। ਜਿਹੜੇ ਅਦਾਰਿਆਂ ਕਰਕੇ ਉਹਨਾਂ ‘ਤੇ ਪਾਬੰਦੀਆਂ ਮੜੀਆਂ ਜਾਂਦੀਆਂ ਹਨ, ਉਹਨਾਂ ਅਦਾਰਿਆਂ ਦੇ ਫਾਇਦੇ ਘੱਟ ਤੇ ਮੁਸੀਬਤਾਂ ਵੱਧ ਹਨ। ਸਰਕਾਰ ਪਾਬੰਦੀਆਂ ਦੇ ਨਾਲ-ਨਾਲ ਉਹਨਾਂ ਦੇ ਪਿੰਡਾਂ ਦੇ ਵੱਖਰੇ ਵਿਕਾਸ ਵੀ ਕਰਵਾਵੇ।