ਜ਼ਿਲ੍ਹਾ ਮੈਂਟਰ, ਬਲਾਕ ਮੈਂਟਰ ਅਤੇ ਪੜ੍ਹੋ ਪੰਜਾਬ ਪ੍ਰੋਜੈਕਟ ਅਧੀਨ ਗ਼ੈਰ ਵਿੱਦਿਅਕ ਕੰਮਾਂ ’ਤੇ ਤਾਇਨਾਤ 2000 ਤੋਂ ਵੱਧ ਅਧਿਆਪਕ ਤੁਰੰਤ ਸਕੂਲਾਂ (Schools ) ਵਿੱਚ ਵਾਪਸ ਭੇਜੇ ਜਾਣ
ਕੋਟਕਪੂਰਾ , (ਅਜੈ ਮਨਚੰਦਾ/ਸੁਭਾਸ਼ ਸ਼ਰਮਾ)। ਗੌਰਮਿੰਟ ਸਕੂਲ (Schools) ਟੀਚਰਜ਼ ਯੂਨੀਅਨ ਪੰਜਾਬ ਨੇ ਸਿੱਖਿਆ ਮੰਤਰੀ ਪੰਜਾਬ ਸਰਕਾਰ ਗੁਰਮੀਤ ਸਿੰਘ ਮੀਤ ਹੇਅਰ ਦੇ ਨਾਂਅ ਇੱਕ ਪੱਤਰ ਲਿਖ ਕੇ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਹੈ ਕਿ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਮੱਗਰ ਸਿੱਖਿਆ ਅਭਿਆਨ ਅਧੀਨ ਪੰਜਾਬ ਦੇ ਸਰਕਾਰੀ ਸੀਨੀਅਰ ਸੈਕੰਡਰੀ, ਹਾਈ ਤੇ ਮਿਡਲ ਸਕੂਲਾਂ ਵਿੱਚ ਕੰਮ ਕਰਦੇ ਅਧਿਆਪਕਾ ਵਿੱਚੋਂ ਸਾਇੰਸ , ਹਿਸਾਬ , ਸਮਾਜਿਕ ਸਿੱਖਿਆ -ਅੰਗਰੇਜ਼ੀ , ਪੰਜਾਬੀ ਤੇ ਕੰਪਿਊਟਰ ਵਿਸ਼ਿਆਂ ਲਈ ਜ਼ਿਲ੍ਹਾ ਪੱਧਰ ਤੇ 5 -5 ਜ਼ਿਲ੍ਹਾ ਮੈਂਟਰ ਲਾਏ ਹੋਏ ਹਨ ਅਤੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਕੁੱਲ 115 ਜ਼ਿਲ੍ਹਾ ਮੈਂਟਰ ਆਪਣੇ ਆਪਣੇ ਸਕੂਲਾਂ ਵਿੱਚੋਂ ਫਾਰਗ ਕਰ ਕੇ ਰਿਪੋਰਟਾਂ ਇਕੱਠੀਆਂ ਕਰਨ ਲਈ ਇਨ੍ਹਾਂ ਗ਼ੈਰ ਵਿੱਦਿਅਕ ਕੰਮਾਂ ’ਤੇ ਲਗਾਏ ਹੋਏ ਹਨ ।
1255 ਅਧਿਆਪਕ ਗ਼ੈਰ ਵਿੱਦਿਅਕ ਕੰਮਾਂ ’ਤੇ ਤਾਇਨਾਤ ਕੀਤੇ ਹੋਏ
ਇਸੇ ਤਰ੍ਹਾਂ ਪੰਜਾਬ ਦੇ 228 ਵਿਦਿਅਕ ਬਲਾਕਾਂ ਵਿੱਚ ਇਨ੍ਹਾਂ ਪੰਜ ਵਿਸ਼ਿਆਂ ਦੇ 1140 ਅਧਿਆਪਕ ਬਲਾਕ ਮੈਂਟਰ ਵਜੋਂ ਆਨ ਡਿਊਟੀ ਨਿਯੁਕਤ ਕਰਕੇ ( ਕੁੱਲ 1255 ਅਧਿਆਪਕ ) ਗ਼ੈਰ ਵਿੱਦਿਅਕ ਕੰਮਾਂ ਤੇ ਤਾਇਨਾਤ ਕੀਤੇ ਹੋਏ ਹਨ । ਜੱਥੇਬੰਦੀ ਦੇ ਸੂਬਾ ਸਰਪ੍ਰਸਤ ਚਰਨ ਸਿੰਘ ਸਰਾਭਾ , ਸੂਬਾ ਪ੍ਰਧਾਨ ਸੁਰਿੰਦਰ ਕੁਮਾਰ ਪੁਆਰੀ , ਜਨਰਲ ਸਕੱਤਰ ਗੁਰਪ੍ਰੀਤ ਸਿੰਘ ਮਾੜੀਮੇਘਾ, ਸੀਨੀਅਰ ਮੀਤ ਪ੍ਰਧਾਨ ਪ੍ਰਵੀਨ ਕੁਮਾਰ ਲੁਧਿਆਣਾ ਤੇ ਸੁਖਜਿੰਦਰ ਸਿੰਘ ਖਾਨਪੁਰ , ਵਿੱਤ ਸਕੱਤਰ ਨਵੀਨ ਸੱਚਦੇਵਾ ਤੇ ਸੂਬਾਈ ਸਲਾਹਕਾਰ ਪ੍ਰੇਮ ਚਾਵਲਾ ਨੇ ਅੱਗੇ ਦੱਸਿਆ ਕਿ ਰਾਜ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਚੱਲ ਰਹੇ ‘
ਪਡ਼੍ਹੋ ਪੰਜਾਬ ਪ੍ਰੋਜੈਕਟ ” ਲਈ ਜ਼ਿਲ੍ਹਾ ਪੱਧਰ ਤੇ ਇੱਕ ਪ੍ਰੋਜੈਕਟ ਕੋਆਰਡੀਨੇਟਰ ਅਤੇ ਇੱਕ ਸਹਾਇਕ ਪ੍ਰਾਜੈਕਟ ਕੋਆਰਡੀਨੇਟਰ ਅਧਿਆਪਕ ਨੂੰ ਆਨ ਡਿਊਟੀ ਲੈਕੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ 46 ਅਧਿਆਪਕ ਅਤੇ ਪੰਜਾਬ ਦੇ 228 ਵਿੱਦਿਅਕ ਬਲਾਕਾਂ ਵਿੱਚ ਬਲਾਕ ਮਾਸਟਰ ਟ੍ਰੇਨਰ ਅਤੇ ਕਲੱਸਟਰ ਮਾਸਟਰ ਟ੍ਰੇਨਰ 228 *2 = 456 ਅਧਿਆਪਕ ਆਨ ਡਿਊਟੀ ਲੈ ਕੇ ਗ਼ੈਰ ਵਿੱਦਿਅਕ ਕੰਮਾਂ ਤੇ ਲਗਾਏ ਹੋਏ ਹਨ ਤੇ ਪ੍ਰਾਇਮਰੀ ਵਿਭਾਗ ਅਧੀਨ 502 ਅਧਿਆਪਕ ਗ਼ੈਰ ਵਿੱਦਿਅਕ ਕੰਮਾਂ ’ਤੇ ਲਗਾਏ ਹੋਏ ਹਨ ।
ਅਧਿਆਪਕ ਆਗੂਆਂ ਨੇ ਅਫ਼ਸੋਸ ਜ਼ਾਹਿਰ ਕੀਤਾ ਕਿ ਸਿੱਖਿਆ ਵਿਭਾਗ ਪੰਜਾਬ ਨੇ ਗਿਣੀ ਮਿਥੀ ਸਾਜ਼ਿਸ਼ ਅਧੀਨ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਦੇ ਬਣਦੇ ਰੋਲ ਨੂੰ ਮਿੱਟੀ ਵਿੱਚ ਮਿਲਾ ਕੇ ਰੱਖ ਦਿੱਤਾ ਹੈ ਅਤੇ ਅਧਿਆਪਕਾਂ ਦੀ ਚੈਕਿੰਗ ਕਰਨ ਲਈ ਅਧਿਆਪਕ ਹੀ ਤਾਇਨਾਤ ਕੀਤੇ ਹੋਏ ਹਨ ਜੋ ਕਿ ਚੈਕਿੰਗ ਕਰਨ ਦਾ ਕੰਮ ਘੱਟ ਤੇ ਕਿੜਾਂ ਕੱਢਣ ਦਾ ਕੰਮ ਵੱਧ ਕਰ ਰਹੇ ਹਨ ।
ਪੰਜਾਬ ਦੇ ਸਿੱਖਿਆ ਮੰਤਰੀ ਮੀਤ ਹੇਅਰ ਤੋਂ ਕੀਤੀ ਮੰਗ
ਅਧਿਆਪਕ ਆਗੂਆਂ ਨੇ ਪੰਜਾਬ ਦੇ ਸਿੱਖਿਆ ਮੰਤਰੀ ਮੀਤ ਹੇਅਰ ਤੋਂ ਮੰਗ ਕੀਤੀ ਹੈ ਕਿ ਗ਼ੈਰ ਵਿੱਦਿਅਕ ਕੰਮਾਂ ਤੇ ਲਗਾਏ ਹੋਏ ਇਹ ਸਾਰੇ ਅਧਿਆਪਕ ਤੁਰੰਤ ਆਪਣੇ ਆਪਣੇ ਸਕੂਲਾਂ ਵਿੱਚ ਵਾਪਸ ਭੇਜੇ ਜਾਣ ਕਿਉਂਕਿ ਸਕੂਲਾਂ ਵਿੱਚ ਪਹਿਲਾਂ ਹੀ ਬਹੁਤ ਵੱਡੇ ਪੱਧਰ ’ਤੇ ਅਸਾਮੀਆਂ ਖਾਲੀ ਹੋਣ ਕਾਰਨ ਅਤੇ ਇਹਨਾਂ 2000 ਦੇ ਕਰੀਬ ਅਧਿਆਪਕਾਂ ਦੇ ਸਕੂਲਾਂ ਵਿਚੋਂ ਬਾਹਰ ਹੋਣ ਕਾਰਨ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਬੱਚਿਆਂ ਦੀ ਸਿੱਖਿਆ ਅਤੇ ਗੁਣਾਤਮਿਕ ਪੱਖ ਨੂੰ ਭਾਰੀ ਸੱਟ ਵੱਜੀ ਰਹੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ