ਅਨੁਸ਼ਾਸਨ ਅਤੇ ਜੀਵਨ

ਅਨੁਸ਼ਾਸਨ ਅਤੇ ਜੀਵਨ

ਸਮਾਜ ਵਿੱਚ ਰਹਿਣ ਵਾਲੇ ਹਰ ਇੱਕ ਵਿਅਕਤੀ ਨੂੰ ਅਜ਼ਾਦੀ ਨਾਲ ਰਹਿਣ, ਆਪਣੇ ਦਸਤੂਰ ਅਤੇ ਤਰੀਕਿਆਂ ਨਾਲ ਜ਼ਿੰਦਗੀ ਜਿਉਣ ਦਾ ਅਧਿਕਾਰ ਹੈ। ਭਾਰਤੀ ਸੰਵਿਧਾਨ ਵਿੱਚ ਮੌਲਿਕ ਅਧਿਕਾਰ ਤੇ ਮੁੱਢਲੇ ਕਰਤੱਵ ਸ਼ਾਮਿਲ ਕੀਤੇ ਗਏ ਹਨ। ਸੰਵਿਧਾਨ ਵਿੱਚ ਦਰਜ ਮੌਲਿਕ ਅਧਿਕਾਰਾਂ ਵਿੱਚ ਇੱਕ ਅਧਿਕਾਰ ਸੁਤੰਤਰਤਾ ਦਾ ਅਧਿਕਾਰ ਵੀ ਸ਼ਾਮਲ ਕੀਤਾ ਗਿਆ ਹੈ ਜੋ ਹਰ ਇੱਕ ਭਾਰਤ ਵਾਸੀ ਨੂੰ ਅਜ਼ਾਦੀ ਪ੍ਰਦਾਨ ਕਰਦਾ ਹੈ ਪਰ ਇੱਕ ਵਿਅਕਤੀ ਦੀ ਅਜ਼ਾਦੀ ਕਿਸੇ ਦੂਜੇ ਵਿਅਕਤੀ ਦੀ ਅਜ਼ਾਦੀ ਵਿੱਚ ਕੋਈ ਰੁਕਾਵਟ ਜਾਂ ਵਿਘਨ ਨਾ ਪਾਵੇ

ਇਸ ਲਈ ਨਿਆਂਪਾਲਿਕਾ ਦੀ ਸਥਾਪਨਾ ਕੀਤੀ ਗਈ ਹੈ। ਜੇਕਰ ਕਿਸੇ ਵਿਅਕਤੀ ਨੂੰ ਅਜ਼ਾਦੀ ਨਾਲ ਜ਼ਿੰਦਗੀ ਗੁਜਾਰਨ ਵਿੱਚ ਕੋਈ ਮੁਸ਼ਕਲ ਆਉਂਦੀ ਹੈ ਜਾਂ ਜੇਕਰ ਕਿਸੇ ਵਿਅਕਤੀ ਨੂੰ ਉਸ ਦੀ ਅਜਾਦੀ ਖਤਰੇ ਵਿੱਚ ਲੱਗਦੀ ਹੈ ਤਾਂ ਉਹ ਅਦਾਲਤ ਦਾ ਦਰਵਾਜਾ ਖੜਕਾ ਸਕਦਾ ਹੈ। ਕਾਨੂੰਨ ਅਜਿਹੇ ਹੀ ਬੰਧਨ ਹਨ ਜੋ ਸਮਾਜ ਵਿੱਚ ਰਹਿ ਰਹੇ ਹਰੇਕ ਵਿਅਕਤੀ ਦੀ ਅਜ਼ਾਦੀ ਅਤੇ ਅਧਿਕਾਰਾਂ ਨੂੰ ਸਰੁੱਖਿਆ ਮੁਹੱਈਆ ਕਰਵਾਉਣ ਲਈ ਸਹਾਇਕ ਹਨ।

ਰੋਜ਼ਮਰਾ ਦੀ ਜ਼ਿੰਦਗੀ ਦੌਰਾਨ ਸਾਨੂੰ ਵੀ ਕਈ ਪ੍ਰਕਾਰ ਦੇ ਬੰਧਨਾਂ ਵਿੱਚ ਬੰਨ੍ਹ ਕੇ ਰੱਖਿਆ ਜਾਂਦਾ ਹੈ ਜਿਸ ਨੂੰ ਪੰਜਾਬੀ ਵਿੱਚ ਅਨੁਸ਼ਾਸਨ ਅਤੇ ਅੰਗਰੇਜੀ ਵਿੱਚ ਡਿਸਪਲਿਨ ਦਾ ਨਾਂ ਦਿੱਤਾ ਗਿਆ ਹੈ। ਅਨੁਸ਼ਾਸਨ ਸਵੈ-ਇੱਛੁਕ ਤੇ ਠੋਸਿਆ ਗਿਆ ਦੋ ਤਰ੍ਹਾਂ ਦਾ ਹੁੰਦਾ ਹੈ। ਸਵੈ-ਇੱਛੁਕ ਅਨੁਸ਼ਾਸਨ ਅਜਿਹਾ ਅਨੁਸ਼ਾਸਨ ਹੁੰਦਾ ਹੈ ਜੋ ਕਿ ਸਾਡੀ ਇੱਛਾ-ਸ਼ਕਤੀ ’ਤੇ ਨਿਰਭਰ ਕਰਦਾ ਹੈ ਜਾਂ ਕਹਿ ਲਵੋ ਜੋ ਸਾਡੀ ਮਰਜ਼ੀ ’ਤੇ ਨਿਰਭਰ ਕਰਦੇ ਹਨ, ਉਦਾਹਰਨ ਵਜੋਂ ਵੱਡਿਆਂ ਦਾ ਸਤਿਕਾਰ ਕਰਨਾ ਤੇ ਸਮੇਂ ਦੀ ਕਦਰ ਕਰਨਾ, ਪਰ ਦੂਜੇ ਪਾਸੇ ਠੋਸਿਆ ਗਿਆ ਅਨੁਸ਼ਾਸਨ ਇੱਛਾ-ਸ਼ਕਤੀ ਤੋਂ ਕੋਹਾਂ ਦੂਰ ਹੁੰਦਾ ਹੈ ਜੇਕਰ ਅਸੀਂ ਇਨ੍ਹਾਂ ਨਿਯਮਾਂ ਜਾਂ ਅਨੁਸ਼ਾਸਨ ਦੀ ਪਾਲਣਾ ਨਹੀਂ ਕਰਦੇ ਤੇ ਨਤੀਜੇ ਵਜੋਂ ਉਲੰਘਣਾ ਕਰਨ ’ਤੇ ਅਸੀਂ ਸਜਾ ਜਾਂ ਜ਼ੁਰਮਾਨੇ ਦੇ ਹੱਕਦਾਰ ਹੁੰਦੇ ਹਾਂ

ਬਚਪਨ ਤੋਂ ਲੈ ਕੇ ਜਵਾਨੀ ਦੀ ਦਹਿਲੀਜ ਤੋਂ ਗੁਜ਼ਰਦਾ ਹੋਇਆ ਬੁਢਾਪੇ ਤੱਕ ਅਨੁਸ਼ਾਸਨ ਜਿੰਦਗੀ ਦੇ ਹਰ ਇੱਕ ਪੜਾਅ ’ਤੇ ਮੌਜੂਦ ਰਹਿੰਦਾ ਹੈ। ਹਰ ਇੱਕ ਵਿਅਕਤੀ ਦੀ ਜ਼ਿੰਦਗੀ ਵਿੱਚ ਅਨੁਸ਼ਾਸਨ ਦੀ ਬਹੁਤ ਮਹੱਤਤਾ ਹੈ। ਜੇਕਰ ਸਭ ਤੋਂ ਪਹਿਲਾਂ ਵਿਦਿਆਰਥੀ ਜੀਵਨ ਦੀ ਗੱਲ ਕਰੀਏ ਤਾਂ ਵਿਦਿਆਰਥੀ ਦਾ ਸਮੇਂ ਸਿਰ ਉੱਠਣਾ, ਸਮੇਂ ਸਿਰ ਖਾਣਾ-ਪੀਣਾ, ਸਮੇਂ ਸਿਰ ਖੇਡਣਾ, ਸਮੇਂ ਸਿਰ ਪੜ੍ਹਾਈ ਕਰਨਾ, ਅਧਿਆਪਕਾਂ ਦਾ ਸਤਿਕਾਰ ਕਰਨਾ, ਇਮਾਨਦਾਰੀ ਰੱਖਣਾ ਤੇ ਸੱਚ ਬੋਲਣਾ ਅਨੁਸ਼ਾਸਨ ਦੀ ਹੀ ਦੇਣ ਹਨ। ਵਿਦਿਆਰਥੀ ਜੀਵਨ ਇੱਕ ਕੱਚੀ ਮਿੱਟੀ ਦੀ ਤਰ੍ਹਾਂ ਹੁੰਦਾ ਹੈ

ਜਿਸ ਨੂੰ ਅਸੀਂ ਜਿਸ ਰੂਪ ਵਿੱਚ ਢਾਲਣਾ ਚਾਹੀਏ ਉਸੇ ਰੂਪ ਨੂੰ ਹੀ ਉਹ ਧਾਰਨ ਕਰ ਲਵੇਗਾ ਵਿਦਿਆਰਥੀ ਸਕੂਲੀ ਸਿੱਖਿਆ ਨੂੰ ਪੂਰਾ ਕਰਦਾ ਹੋਇਆ ਕਾਲਜ, ਯੂਨੀਵਰਸਿਟੀ ਤੇ ਫਿਰ ਨੌਕਰੀ ਦੌਰਾਨ ਜ਼ਿੰਦਗੀ ਦੇ ਵੱਖ-ਵੱਖ ਪੜਾਵਾਂ ਵਿੱਚੋਂ ਗੁਜ਼ਰਦਾ ਹੈ ਪਰ ਉਸ ਦੁਆਰਾ ਕੀਤੇ ਕੰਮ ਅਨੁਸ਼ਾਸਨ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕਰਦੇ ਹਨ। ਚੰਗੀ ਸੰਗਤ ਵਿੱਚ ਰਹਿੰਦੇ ਵਿਦਿਆਰਥੀ ਨੇ ਚੰਗੀ ਤਰ੍ਹਾਂ ਅਨੁਸ਼ਾਸਨ ਨੂੰ ਜ਼ਿੰਦਗੀ ਵਿੱਚ ਢਾਲਦੇ ਹੋਏ ਚੰਗੇ ਬਣਨ ਦੀ ਕਲਪਨਾ ਕੀਤੀ ਹੁੰਦੀ ਹੈ ਪਰ ਮਾੜੀ ਤੇ ਬੁਰੀ ਸੰਗਤ ਵਿਦਿਆਰਥੀ ਨੂੰ ਚੰਗੇ ਰਾਹ ਪਾਉਣ ਦੀ ਥਾਂ ਕੁਰਾਹੇ ਪਾਉਣ ਦਾ ਕੰਮ ਕਰਦੀ ਹੈ। ਅਨੁਸ਼ਾਸਨ ਵਿੱਚ ਜ਼ਿੰਦਗੀ ਗੁਜਾਰਨੀ ਸਾਡੀ ਸ਼ਖਸੀਅਤ ਅਤੇ ਚੰਗੇ ਨਾਗਰਿਕ ਹੋਣ ਦੀ ਪਹਿਚਾਣ ਹੁੰਦੀ ਹੈ।

ਅਸੀਂ ਕਈ ਵਾਰ ਵਿਦੇਸ਼ਾਂ ਦੇ ਰਹਿਣ-ਸਹਿਣ ਦੀ ਆਪਣੇ ਦੇਸ਼ ਨਾਲ ਤੁਲਨਾ ਕਰਦੇ ਹੋਏ ਵਿਦੇਸ਼ਾਂ ਦੀ ਜਿੰਦਗੀ ਨੂੰ ਜਿਆਦਾ ਤਵੱਜੋ ਦੇਣ ਦੀ ਕੋਸ਼ਿਸ਼ ਕਰਦੇ ਹਾਂ ਪਰ ਅਸੀਂ ਤੁਲਨਾ ਕਰਦੇ ਹੋਏ ਇਹ ਸੋਚਣਾ ਤੇ ਸਮਝਣਾ ਛੱਡ ਦਿੰਦੇ ਹਾਂ ਕਿ ਕਮੀ ਕਿੱਥੇ ਹੈ। ਵਿਦੇਸ਼ਾਂ ਵਿੱਚ ਨਜ਼ਰ ਆ ਰਹੀ ਸਾਫ-ਸਫਾਈ, ਟ੍ਰੈਫਿਕ ਨਿਯਮਾਂ ਦੀ ਪਾਲਣਾ ਅਤੇ ਨੈਤਿਕ ਕਦਰਾਂ-ਕੀਮਤਾਂ ਦੀ ਹੋਂਦ ਬਰਕਰਾਰ ਰਹਿਣੀ ਅਨੁਸ਼ਾਸਨ ਦਾ ਹੀ ਨਤੀਜਾ ਹੈ। ਅਸੀਂ ਆਪਣੇ ਦੇਸ਼ ਵਿੱਚ ਤਾਂ ਕਾਨੂੰਨ ਨੂੰ ਛਿੱਕੇ ਟੰਗ ਕੇ ਰੱਖਦੇ ਹਾਂ ਪਰ ਵਿਦੇਸ਼ਾਂ ਵਿੱਚ ਸਜਾਵਾਂ ਤੇ ਜੁਰਮਾਨੇ ਦੇ ਡਰੋਂ ਅਸੀਂ ਨਿਯਮਾਂ ਦੀ ਪਾਲਣਾ ਕਰਦੇ ਹਾਂ। ਇਸ ਦਾ ਇਹ ਮਤਲਬ ਕਦੇ ਵੀ ਨਹੀਂ ਕਿ ਸਾਡੇ ਦੇਸ਼ ਵਿੱਚ ਕਾਨੂੰਨ ਨਹੀਂ ਹੈ ਪਰ ਸਾਡੇ ਦੇਸ਼ ਵਿੱਚ ਵਧੇ ਭਿ੍ਰਸ਼ਟਾਚਾਰ ਨੇ ਪ੍ਰਸ਼ਾਸਨ ਦੀ ਕਾਰਗੁਜਾਰੀ ਨੂੰ ਵੀ ਉਜਾਗਰ ਕੀਤਾ ਹੈ। ਅਨੁਸ਼ਾਸਨ ਸਿਖਾਉਣ ’ਚ ਜਿੰਨਾ ਯੋਗਦਾਨ ਸਕੂਲਾਂ, ਕਾਲਜਾਂ, ਆਲੇ-ਦੁਆਲੇ ਤੇ ਮਾਤਾ-ਪਿਤਾ ਦਾ ਹੈ ਉਨਾ ਯੋਗਦਾਨ ਮਿਆਰੀ ਸਾਹਿਤ ਤੇ ਚੰਗੀਆਂ ਪਾਠ ਪੁਸਤਕਾਂ ਦਾ ਵੀ ਹੈ ਜੋ ਸਾਡੀ ਸ਼ਖਸੀਅਤ ਨੂੰ ਨਿਰੰਤਰ ਤਰਾਸ਼ਣ ਦਾ ਕੰਮ ਕਰਦੀਆਂ ਹਨ।

ਜ਼ਿੰਦਗੀ ਵਿੱਚ ਆ ਰਹੀਆਂ ਮੁਸ਼ਕਲਾਂ ਤੇ ਸਮੱਸਿਆਵਾਂ ਵੀ ਅਨੁਸ਼ਾਸਨ ਨੂੰ ਵਧੇਰੇ ਮਜ਼ਬੂਤੀ ਪ੍ਰਦਾਨ ਕਰਦੀਆਂ ਹਨ। ਅਨੁਸ਼ਾਸਨ ਵਿੱਚ ਕੀਤਾ ਹਰ ਇੱਕ ਕੰਮ ਸਫਲਤਾ ਦੀ ਪੌੜੀ ਵੱਲ ਸਾਡਾ ਇੱਕ ਕਦਮ ਹੋਰ ਵਧਾ ਦਿੰਦਾ ਹੈ। ਅਨੁਸ਼ਾਸਨ ਤੋਂ ਬਿਨਾਂ ਮਨੁੱਖ ਜੰਗਲੀ ਤੇ ਪਸ਼ੂ ਸਮਾਨ ਹੈ ਜਿਸ ਤਰ੍ਹਾਂ ਪਸ਼ੂ ਇੱਧਰ-ਉੱਧਰ ਤੁਰੇ ਫਿਰਦੇ ਰਹਿੰਦੇ ਹਨ ਉਸੇ ਤਰ੍ਹਾਂ ਜ਼ਿੰਦਗੀ ਵਿੱਚੋਂ ਅਨੁਸ਼ਾਸਨ ਦੇ ਮਨਫੀ ਹੋਣ ਨਾਲ ਮਨੁੱਖ ਦਾ ਸੰਤੁਲਨ ਵੀ ਵਿਗੜ ਜਾਵੇਗਾ ਤੇ ਨਤੀਜੇ ਵਜੋਂ ਉਹ ਕੁਰਾਹੇ ਪੈ ਕੇ ਅਨਮੋਲ ਜ਼ਿੰਦਗੀ ਨੂੰ ਖਤਰੇ ਵਿੱਚ ਪਾ ਦੇਵੇਗਾ। ਅਨੁਸ਼ਾਸਨ ਜ਼ਿੰਦਗੀ ਵਿੱਚ ਉਨਾ ਹੀ ਜਰੂਰੀ ਹੈ ਜਿੰਨਾ ਕਿ ਜ਼ਿੰਦਗੀ ਜਿਉਣ ਲਈ ਰੋਟੀ, ਕੱਪੜਾ ਤੇ ਮਕਾਨ ਕਿਉਂਕਿ ਅਨੁਸ਼ਾਸਨ ਹੀ ਹੈ ਜੋ ਸਾਨੂੰ ਵਿਕਾਸ ਪੜਾਅ ਦੀ ਚੋਟੀ ’ਤੇ ਲਿਆ ਕੇ ਖੜ੍ਹਾ ਕਰਦਾ ਹੈ।

ਬੱਚੇ ਦੇ ਬਚਪਨ ਤੋਂ ਹੀ ਪਹਿਲਾ ਸਕੂਲ ਉਸ ਦਾ ਪਰਿਵਾਰ ਹੁੰਦਾ ਹੈ ਤੇ ਮਾਂ ਪਹਿਲੀ ਅਧਿਆਪਕ, ਉਸ ਤੋਂ ਬਾਅਦ ਸਕੂਲ ਵਿੱਚ ਹੋਰ ਵਿਦਿਆਰਥੀਆਂ ਨਾਲ ਮਿਲਾਪ ਦੇ ਨਾਲ-ਨਾਲ ਅਧਿਆਪਕਾਂ ਦੇ ਸੰਪਰਕ ’ਚ ਆਉਣ ਤੋਂ ਬਾਅਦ ਸਮਾਜਿਕ ਜੀਵਨ ’ਚ ਦਾਖਲ ਹੁੰਦਾ ਹੈ ਜਿੱਥੇ ਜਾਣ ਨਾਲ ਉਸ ਦਾ ਘੇਰਾ ਵਿਸ਼ਾਲ ਤੇ ਅਨੁਸ਼ਾਸਨ ਮਜਬੂਤ ਬਣਦਾ ਹੈ। ਸਾਨੂੰ ਖੁਦ ਨੂੰ ਅਨੁਸ਼ਾਸਨ ਵਿੱਚ ਰੱਖਦੇ ਹੋਏ ਇੱਕ ਚੰਗੇ ਨਾਗਰਿਕ ਹੋਣ ਦਾ ਸਬੂਤ ਦਿੰਦੇ ਹੋਏ ਆਪਣੇ ਬੱਚਿਆਂ ਵਿੱਚ ਵੀ ਇਸ ਦੀ ਉਤਪਤੀ ’ਤੇ ਜ਼ੋਰ ਦੇਣਾ ਚਾਹੀਦਾ ਹੈ ਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਵੀ ਚੰਗੀ ਸੋਚ ’ਤੇ ਪਹਿਰਾ ਦਿੰਦੀ ਹੋਈ ਦੇਸ਼ ਨੂੰ ਬੁਲੰਦੀਆਂ ’ਤੇ ਲਿਜਾ ਸਕੇ।
ਕਾਲਝਰਾਣੀ, ਬਠਿੰਡਾ
ਮੋ. 70873-67969
ਰਜਵਿੰਦਰ ਪਾਲ ਸ਼ਰਮਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ