ਨਿਊ ਯਾਦਵਿੰਦਰਾ ਕਲੋਨੀ ਸਮੇਤ ਹੋਰ ਥਾਵਾਂ ’ਤੇ ਡਾਇਰੀਆ ਦੇ ਮਰੀਜ਼ਾਂ ਦੀ ਗਿਣਤੀ 100 ’ਤੇ ਪੁੱਜੀ | Health Minister
ਪਟਿਆਲਾ (ਖੁਸ਼ਵੀਰ ਸਿੰਘ ਤੂਰ)। Health Minister : ਸਿਹਤ ਮੰਤਰੀ ਦੇ ਸ਼ਹਿਰ ’ਚ ਡਾਇਰੀਆ ਦਾ ਕਹਿਰ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਪਟਿਆਲਾ ਦੀ ਨਿਊ ਯਾਦਵਿੰਦਰਾ ਕਲੋਨੀ ਸਮੇਤ ਹੋਰ ਵੱਖ ਵੱਖ ਥਾਵਾਂ ’ਤੇ ਡਾਇਰੀਆ ਨਾਲ ਪੀੜਤ ਲੋਕਾਂ ਦੀ ਗਿਣਤੀ 100 ’ਤੇ ਪੁੱਜ ਗਈ ਹੈ। ਸਿਹਤ ਵਿਭਾਗ ਵੱਲੋਂ ਇਨ੍ਹਾਂ ਥਾਵਾਂ ’ਤੇ ਲਗਾਤਾਰ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਇੱਥੇ ਕੈਂਪ ਲਾਏ ਜਾ ਰਹੇ ਹਨ ਜਾਣਕਾਰੀ ਅਨੁਸਾਰ ਜਿੱਥੇ ਜਿੱਥੇ ਡਾਇਰੀਆ ਦੇ ਕੇਸ ਸਾਹਮਣੇ ਆਏ ਹਨ ਉੱਥੇ ਉੱਥੇ ਗੰਦਾ ਪਾਣੀ ਹੀ ਇਸਦਾ ਮੁੱਖ ਕਾਰਨ ਬਣਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਨਗਰ ਨਿਗਮ ਪ੍ਰਸ਼ਾਸਨ ਨੂੰ ਕਈ ਵਾਰ ਗੰਦਾ ਪਾਣੀ ਆਉਣ ਸੰਬੰਧੀ ਸ਼ਿਕਾਇਤਾਂ ਵੀ ਦੇ ਚੁੱਕੇ ਹਨ ਪਰ ਇਨ੍ਹਾਂ ’ਤੇ ਕੋਈ ਕਾਰਵਾਈ ਨਹੀਂ ਹੋਈ। ਪਿਛਲੇ ਦਿਨੀਂ ਇੱਕ ਬਜ਼ੁਰਗ ਦੀ ਸ਼ੱਕੀ ਤੌਰ ’ਤੇ ਮੌਤ ਵੀ ਹੋਈ ਹੈ। ਪਤਾ ਲੱਗਾ ਹੈ ਕਿ ਜ਼ਿਆਦਾਤਰ ਲੋਕਾਂ ਵੱਲੋਂ ਅਣ-ਅਧਿਕਾਰਤ ਪਾਣੀ ਵਾਲੇ ਕੁਨੈਕਸ਼ਨ ਲਾਏ ਗਏ ਹਨ ।
ਨਗਰ ਨਿਗਮ ਲੀਕੇਜ ਵਾਲੇ ਪਾਈਪਾਂ ਨੂੰ ਭਾਲਦਾ ਥੱਕਿਆ
ਇਸ ਦੇ ਨਾਲ ਹੀ ਨਗਰ ਨਿਗਮ ਵੱਲੋਂ ਪਾਣੀ ਦੀ ਸਪਲਾਈ ਲਈ ਪਾਈਆਂ ਪਾਈਪਾਂ ਵੀ ਲੀਕੇਜ਼ ਕਰ ਰਹੀਆਂ ਹਨ ਅਤੇ ਇੱਥੇ ਗੰਦਾ ਪਾਣੀ ਮਿਕਸ ਹੋ ਰਿਹਾ ਹੈ । ਨਗਰ ਨਿਗਮ ਦੇ ਮੁਲਾਜ਼ਮਾਂ ਵੱਲੋਂ ਭਾਵੇਂ ਕਿ ਇਸ ਲੀਕੇਜ ਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਉਨ੍ਹਾਂ ਨੂੰ ਅਜੇ ਲੀਕੇਜ ਵਾਲੇ ਪਾਈਪ ਹੀ ਨਹੀਂ ਲੱਭੇ। ਜਿੱਥੇ ਜਿੱਥੇ ਡਾਇਰੀਆ ਦੇ ਕੇਸ ਸਾਹਮਣੇ ਆ ਰਹੇ ਹਨ ਉਥੇ ਨਗਰ ਨਿਗਮ ਵੱਲੋਂ ਪਾਣੀ ਵਾਲੇ ਟੈਂਕ ਮੁਹੱਈਆ ਕਰਵਾਏ ਜਾ ਰਹੇ ਹਨ। (Health Minister)
Read Also : Shambhu Border: ਸਰਕਾਰ ਤੇ ਕਿਸਾਨਾਂ ਲਈ ਅਹਿਮ ਦੌਰ
ਇਸ ਦੌਰਾਨ ਕਈ ਲੋਕਾਂ ਨੇ ਦੱਸਿਆ ਕਿ ਜਿਹੜੇ ਟੈਂਕਾਂ ਵਿੱਚ ਪਾਣੀ ਮੁਹਈਆ ਕਰਵਾਇਆ ਜਾ ਰਿਹਾ ਹੈ ਉਹਨਾਂ ਦੀ ਹਾਲਤ ਵੀ ਕੋਈ ਬਹੁਤੀ ਵਧੀਆ ਨਹੀਂ ਅਤੇ ਉਹ ਵੀ ਜਰਜਰੇ ਹੋਏ ਪਏ ਹਨ। ਸਿਹਤ ਵਿਭਾਗ ਦੀਆਂ ਵੱਖ ਵੱਖ ਟੀਮਾਂ ਵੱਲੋਂ ਅੱਜ ਇਨ੍ਹਾਂ ਥਾਵਾਂ ਤੇ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ ਨਾਲ ਦਵਾਈਆਂ ਆਦਿ ਦੀ ਵੀ ਵੰਡ ਕੀਤੀ ਗਈ। ਪਹਿਲਾਂ ਪਟਿਆਲਾ ਦੇ ਝਿੱਲ ਸਮੇਤ ਪਾਤੜਾਂ ਵਿਖੇ ਡਾਇਰੀਆਂ ਨੇ ਆਪਣਾ ਕਹਿਰ ਢਾਇਆ ਸੀ ਅਤੇ ਹੁਣ ਪਟਿਆਲਾ ਸ਼ਹਿਰ ਦੀਆਂ ਵੱਖ ਵੱਖ ਕਲੋਨੀਆਂ ਵਿੱਚ ਡਾਇਰੀਆ ਲੋਕਾਂ ਦੀ ਸਿਹਤ ਦਾ ਨੁਕਸਾਨ ਕਰ ਰਿਹਾ ਹੈ।
ਡਾਇਰੀਆ ਨਾਲ ਪ੍ਰਭਾਵਿਤ ਲੋਕ ਇਨ੍ਹਾ ਗੱਲਾਂ ਦਾ ਰੱਖਣ ਧਿਆਨ: ਡਾ. ਸੁਮਿਤ ਸਿੰਘ
ਇੱਧਰ ਸਿਹਤ ਵਿਭਾਗ ਪਟਿਆਲਾ ਦੇ ਡਾਕਟਰ ਸੁਮਿਤ ਸਿੰਘ ਦਾ ਕਹਿਣਾ ਹੈ ਕਿ ਬਾਰਸਾਂ ਦੇ ਮੌਸਮ ’ਚ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਉਲਟੀ ਦਸਤ,ਡਾਇਰੀਆ ਦੇ ਕੇਸਾਂ ’ਚ ਵਾਧਾ ਵੇਖਣ ਨੂੰ ਮਿਲ ਰਿਹਾ। ਉਨ੍ਹਾਂ ਕਿਹਾ ਕਿ ਜੇਕਰ ਪਾਣੀ ’ਚ ਖਰਾਬੀ ਆ ਰਹੀ ਹੈ, ਪਾਣੀ ਗੰਦਲਾ ਜਾਂ ਮਿਕਸ ਹੋ ਕੇ ਆ ਰਿਹਾ ਹੈ, ਉਹਦੇ ’ਚ ਬਦਬੂ ਆ ਰਹੀ ਹੈ ਤਾਂ ਉਸ ਪਾਣੀ ਨੂੰ ਪੀਣ ਲਈ ਇਸਤੇਮਾਲ ਨਾ ਕਰੋ ਜਦੋਂ ਤੱਕ ਪਾਣੀ ਦੀ ਸਮੱਸਿਆ ਹੱਲ ਨਹੀਂ ਹੁੰਦੀ, ਤਦ ਤੱਕ ਪਾਣੀ ਵਿੱਚ ਕਲੋਰੀਨ ਦੀ ਗੋਲੀ ਪਾ ਜਾਂ ਉਬਾਲ ਕੇ ਪਾਣੀ ਪੀਣ ਲਈ ਵਰਤਿਆ ਜਾਵੇ।
ਉਲਟੀ ਦਸਤ ਲੱਗਣ ਦੀ ਸਥਿਤੀ ’ਚ ਨੇੜਲੇ ਸਿਹਤ ਕੇਂਦਰ ’ਤੇ ਜ਼ਰੂਰ ਸੰਪਰਕ ਕਰ ਛੇਤੀ ਦਵਾਈ ਲਓ, ਬੱਚਿਆਂ ਤੇ ਬਜ਼ੁਰਗਾਂ ਦਾ ਖਾਸ ਧਿਆਨ ਰੱਖੋ ।ਇੱਕ ਘਰ ’ਚ ਦੋ ਤੋਂ ਵੱਧ ਜਾ ਇਲਾਕੇ ਵਿੱਚ ਇੱਕ ਤੋਂ ਵੱਧ ਘਰ ਪ੍ਰਭਾਵਿਤ ਹੋਣ ’ਤੇ ਸੂਚਨਾ ਸਿਹਤ ਵਿਭਾਗ ਦੇ ਆਪਣੇ ਇਲਾਕੇ ਦੀ ਆਸਾ ਵਰਕਰ ਜਾਂ ਏਐਨਐਮ ਨੂੰ ਦਿੱਤੀ ਜਾਵੇ। ਸਿਹਤ ਵਿਭਾਗ ਵੱਲੋਂ ਵੰਡੇ ਜਾ ਰਹੇ ਪੈਕਟ ਅਤੇ ਕਲੋਰੀਨ ਦੀਆਂ ਗੋਲੀਆਂ ਦੀ ਦੱਸੇ ਅਨੁਸਾਰ ਵਰਤੋਂ ਕਰੋ ।