ਪਸ਼ੂਆਂ ਨੂੰ ਸਰਦੀ ਤੋਂ ਬਚਾਉਣ ਤੇ ਚਾਰੇ ਲਈ ਕਰ ਰਿਹੈ ਪਰਾਲੀ ਦੀ ਵਰਤੋਂ
ਐੱਮਏ, ਬੀਐਡ ਨੌਜਵਾਨ ਹੋਰਨਾਂ ਨੂੰ ਵੀ ਕਰ ਰਿਹੈ ਜਾਗਰੂਕ
ਸੁਧੀਰ ਅਰੋੜਾ, ਅਬੋਹਰ
ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਹਰ ਨਾਗਰਿਕ ਦਾ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਜਾਗਰੂਕ ਹੋਣਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਕਿਸਾਨ ਵੀਰਾਂ ਨੂੰ ਵੀ ਇਸ ਮੁਹਿੰਮ ਤਹਿਤ ਆਪਣਾ ਵੱਧ-ਚੜ੍ਹਕੇ ਯੋਗਦਾਨ ਪਾਉਣ ਲਈ ਪ੍ਰੇਰਿਤ ਕਰਦਿਆਂ ਹੋਰਨਾਂ ਕਿਸਾਨਾਂ ਨੂੰ ਜ਼ਿਲ੍ਹੇ ਦੇ ਪਿੰਡ ਪੱਟੀ ਸਦੀਕ ਦੇ ਅਗਾਂਹਵਧੂ ਤੇ ਨੌਜਵਾਨ ਕਿਸਾਨ ਗੁਰਪ੍ਰੀਤ ਸਿੰਘ ਤੋਂ ਸਿਖਣ ਦੀ ਅਪੀਲ ਕੀਤੀ ਹੈ, ਜਿਸ ਵੱਲੋਂ ਝੋਨੇ ਦੀ ਬਿਜਾਈ ਨਾ ਕਰਨ ਦੇ ਬਾਵਜੂਦ ਪਰਾਲੀ ਤੇ ਰਹਿੰਦ-ਖੂੰਹਦ ਨੂੰ ਵੱਖ-ਵੱਖ ਤਰੀਕਿਆਂ ਰਾਹੀਂ ਸੰਭਾਲਿਆ ਜਾ ਰਿਹਾ ਹੈ ਤੇ ਹੋਰਨਾਂ ਕਿਸਾਨਾਂ ਨੂੰ ਵੀ ਜਾਗਰੂਕ ਕੀਤਾ ਜਾ ਰਿਹਾ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਖੁਦ ਖੇਤੀ ਕਾਸ਼ਤ ਕਰਨ ਬਦਲੇ ਇਸ ਵਰ੍ਹੇ ਸਟੇਟ ਐਵਾਰਡ ਲੈ ਚੁੱਕੇ ਅਗਾਂਹਵਧੂ ਕਿਸਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਭਾਵੇਂ 30 ਏਕੜ ਰਕਬੇ ‘ਚ ਖੇਤੀ ਕੀਤੀ ਜਾ ਰਹੀ ਹੈ ਪਰ ਉਸ ਵੱਲੋਂ ਪਾਣੀ ਦੀ ਮਹੱਤਤਾ ਤੇ ਰਵਾਇਤੀ ਖੇਤੀ ਫਸਲ ਦੇ ਚੱਕਰਵਿਊ ‘ਚੋਂ ਨਿਕਲ ਕੇ ਸਹਾਇਕ ਧੰਦੇ ਵਜੋਂ ਡੇਅਰੀ ਫਾਰਮਿੰਗ ਦੇ ਕਿੱਤੇ ਨੂੰ ਵੀ ਅਪਣਾਇਆ ਜਾ ਰਿਹਾ ਹੈ। ਐੱਮਏ ਅਤੇ ਬੀਐਡ ਪਾਸ ਅਗਾਂਹਵਧੂ ਕਿਸਾਨ ਨੇ ਦੱਸਿਆ ਕਿ ਉਸ ਵੱਲੋਂ ਜਿੱਥੇ ਖੁਦ ਝੋਨੇ ਦੀ ਫਸਲ ਬੀਜਣ ਤੋਂ ਗੁਰੇਜ ਕੀਤਾ ਜਾ ਰਿਹਾ ਹੈ ਉੱਥੇ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਹੋਰਨਾਂ ਕਿਸਾਨਾਂ ਨੂੰ ਪਰਾਲੀ ਤੇ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਦੀ ਬਜਾਏ ਇਸ ਨੂੰ ਵੱਖ-ਵੱਖ ਤਰੀਕਿਆਂ ਨਾਲ ਵਰਤੋਂ ‘ਚ ਲਿਆਉਣ ਬਾਰੇ ਜਾਗਰੂਕ ਵੀ ਕੀਤਾ ਜਾ ਰਿਹਾ ਹੈ।
ਪੰਜਾਬ ਖੇਤੀਬਾੜੀ ਵਿਭਾਗ ਤੇ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਜੁੜੇ ਇਸ ਨੌਜਵਾਨ ਕਿਸਾਨ ਦਾ ਕਹਿਣਾ ਹੈ ਕਿ ਉਸ ਵੱਲੋਂ ਝੋਨੇ ਦੀ ਪਰਾਲੀ ਤੇ ਰਹਿੰਦ-ਖੂੰਹਦ ਨੂੰ ਨੇੜਲੇ ਪਿੰਡਾਂ ‘ਚੋਂ ਇਕੱਤਰ ਕਰਕੇ ਲਿਆਂਦਾ ਜਾਂਦਾ ਹੈ। ਬਾਅਦ ਵਿੱਚ ਉਸ ਵੱਲੋਂ ਝੋਨੇ ਦੀ ਪਰਾਲੀ ਤੇ ਰਹਿੰਦ-ਖੂੰਹਦ ਨੂੰ ਪਸ਼ੂਆਂ ਲਈ ਚਾਰੇ ਤੋਂ ਇਲਾਵਾ ਸਰਦੀਆਂ ਵਿੱਚ ਪਸ਼ੂਆਂ ਨੂੰ ਠੰਢ ਤੋਂ ਬਚਾਉਣ ਲਈ ਉਨ੍ਹਾਂ ਦੇ ਹੇਠ ਵਿਛਾਉਣ ਦੇ ਨਾਲ-ਨਾਲ ਇਸ ਨੂੰ ਬਾਇਓਗੈਸ ਅਤੇ ਦੇਸੀ ਖਾਦ ਪੈਦਾ ਕਰਕੇ ਖੇਤੀ ਲਈ ਵਰਤਿਆ ਜਾ ਰਿਹਾ ਹੈ। ਪ੍ਰੋਗਰੈਸਿਵ ਡੇਅਰੀ ਫਾਰਮਰ ਐਸੋਸੀਏਸ਼ਨ ਨਾਲ ਜੁੜੇ ਇਸ ਨੌਜਵਾਨ ਕਿਸਾਨ ਦਾ ਇਹ ਵੀ ਕਹਿਣਾ ਹੈ ਕਿ ਉਸ ਵੱਲੋਂ ਸਹਾਇਕ ਧੰਦੇ ਵਜੋਂ ਪਿਛਲੇ 5 ਸਾਲਾਂ ਤੋਂ ਡੇਅਰੀ ਫਾਰਮਿੰਗ ਨੂੰ ਵੀ ਕਿੱਤੇ ਵਜੋਂ ਅਪਣਾਇਆ ਜਾ ਰਿਹਾ ਹੈ।
ਉਸ ਵੱਲੋਂ ਡੇਅਰੀ ਫਾਰਮ ‘ਚ 40 ਵਿਦੇਸ਼ੀ ਨਸਲ ਦੀਆਂ ਗਾਵਾਂ ਤੇ 10 ਮੱਝਾਂ ਨੂੰ ਪਾਲਿਆ ਜਾ ਰਿਹਾ ਹੈ। ਸਹਿਕਾਰੀ ਖੇਤੀਬਾੜੀ ਸਭਾ ਖੂਈ ਖੇੜਾ ਰੂਕਣਪੁਰਾ ਦੀ ਸਹਿਕਾਰੀ ਸਭਾ ਦੇ ਪੰਜ ਸਾਲ ਪ੍ਰਧਾਨ ਰਹਿ ਚੁੱਕੇ ਇਸ ਕਿਸਾਨ ਨੇ ਹੋਰਨਾਂ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿਸਾਨ ਵੀਰ ਨਵੀਆਂ ਤਕਨੀਕ ਵਾਲੇ ਖੇਤੀਬਾੜੀ ਸੰਦਾਂ ਰਾਹੀਂ ਝੋਨੇ ਦੀ ਪਰਾਲੀ ਤੇ ਰਹਿੰਦ-ਖੂਹੰਦ ਨੂੰ ਅੱਗ ਨਾ ਲਗਾ ਕੇ ਜ਼ਮੀਨ ‘ਚ ਵਹਾਅ ਸਕਦੇ ਹਨ, ਜਿਸ ਨਾਲ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕਦਾ ਹੈ। ਉਨ੍ਹਾਂ ਬੇਰੁਜ਼ਗਾਰ ਨੌਜਵਾਨ ਕਿਸਾਨਾਂ ਨੂੰ ਇਹ ਵੀ ਕਹਿਣਾ ਹੈ ਕਿ ਉਨ੍ਹਾਂ ਨੂੰ ਵੀ ਖੇਤੀਬਾੜੀ ਵਿਭਾਗ, ਕ੍ਰਿਸ਼ੀ ਵਿਗਿਆਨ ਕੇਂਦਰ ਤੇ ਕੁਦਰਤੀ ਖੇਤੀ ਦੀ ਸਿੱਖਿਆ ਲੈ ਕੇ ਰਵਾਇਤੀ ਫਸਲੀ ਚੱਕਰ ‘ਚੋਂ ਨਿਕਲ ਕੇ ਸਹਾਇਕ ਧੰਦੇ ਅਪਣਾਉਣੇ ਚਾਹੀਦੇ ਹਨ, ਜਿਸ ਨਾਲ ਉਹ ਆਪਣੀ ਆਮਦਨ ‘ਚ ਵੀ ਵਾਧਾ ਕਰ ਸਕਦੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।