ਦੇਰ ਰਾਤ ਭਰਿਆ ਜਾਂਦਾ ਸੀ ਫਾਰਮ ਤਾਂ ਕਿ ਨਕਲ ਕਰਨ ਤੇ ਕਰਵਾਉਣ ਵਾਲੇ ਦਾ ਰੋਲ ਨੰਬਰ ਆਏ ਇਕੱਠਾ
ਜਿਹੜੇ ਅਧਿਆਪਕਾਂ ਨੇ ਭਰਿਆ ਹੋਇਐ ਟੈੱਟ ਉਨ੍ਹਾਂ ਖ਼ਿਲਾਫ਼ ਹੋਵੇਗੀ ਧਾਰਾ 144 ਤਹਿਤ ਕਾਰਵਾਈ
ਅਸ਼ਵਨੀ ਚਾਵਲਾ/ਚੰਡੀਗੜ੍ਹ। ਸਿੱਖਿਆ ਵਿਭਾਗ ਵਿੱਚ ਬੈਠੇ ਨਟਵਰ ਲਾਲ ਅਧਿਆਪਕ ਇਸ ਵਾਰ ਪੰਜਾਬ ਅਧਿਆਪਕ ਯੋਗਤਾ ਟੈਸਟ (ਪੀਟੈੱਟ) ਵਿੱਚ ਨਕਲ ਨਹੀਂ ਕਰਵਾ ਸਕਣਗੇ, ਕਿਉਂਕਿ ਇਨ੍ਹਾਂ ਦੀ ਚਲਾਕੀ ਤੋਂ ਸਿੱਖਿਆ ਵਿਭਾਗ ਨਾ ਸਿਰਫ਼ ਜਾਣੂੰ ਹੋ ਗਿਆ ਹੈ, ਸਗੋਂ ਇਨ੍ਹਾਂ ਨਟਵਰ ਲਾਲ ਅਧਿਆਪਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦਾ ਵੀ ਸਿੱਖਿਆ ਵਿਭਾਗ ਮਨ ਬਣਾ ਚੁੱਕਾ ਹੈ। ਸਿੱਖਿਆ ਵਿਭਾਗ ਵਿੱਚ ਨਟਵਰ ਲਾਲ ਅਧਿਆਪਕਾਂ ਦਾ ਗੋਰਖ ਧੰਦਾ ਅੱਜ ਤੋਂ ਨਹੀਂ ਸਗੋਂ ਕਾਫ਼ੀ ਪੁਰਾਣੇ ਸਮੇਂ ਤੋਂ ਚੱਲ ਰਿਹਾ ਸੀ ਪਰ ਸਿੱਖਿਆ ਵਿਭਾਗ ਦੀ ਪਕੜ ਵਿੱਚ ਇਸ ਸਾਲ ਆਏ ਹਨ ਕਿਉਂਕਿ ਕਿਸੇ ਵਿਅਕਤੀ ਵੱਲੋਂ ਸਿੱਖਿਆ ਵਿਭਾਗ ਨੂੰ ਗੁਪਤ ਰੂਪ ਵਿੱਚ ਸ਼ਿਕਾਇਤ ਭੇਜੀ ਗਈ ਹੈ।
ਸਿੱਖਿਆ ਵਿਭਾਗ ਵੱਲੋਂ ਇੱਕ ਪੱਤਰ ਜਾਰੀ ਕਰਦੇ ਹੋਏ ਸਖ਼ਤ ਆਦੇਸ਼ ਜਾਰੀ ਕਰ ਦਿੱਤੇ ਗਏ ਹਨ ਕਿ ਜਿਹੜੇ ਅਧਿਆਪਕਾਂ ਨੇ ਕਿਸੇ ਨੂੰ ਵੀ ਟੈਸਟ ਪਾਸ ਕਰਵਾਉਣ ਲਈ ਪੀ-ਟੈੱਟ ਅਪਲਾਈ ਕੀਤਾ ਹੈ, ਉਨ੍ਹਾਂ ਦੇ ਅਧਾਰ ਕਾਰਡ ਨੂੰ ਵਿਭਾਗੀ ਦਸਤਾਵੇਜ਼ ਨਾਲ ਚੈੱਕ ਕਰਦੇ ਹੋਏ ਉਨ੍ਹਾਂ ਖ਼ਿਲਾਫ਼ ਧਾਰਾ 144 ਤਹਿਤ ਸਖ਼ਤ ਕਾਰਵਾਈ ਕੀਤੀ ਜਾਵੇਗੀ, ਹਾਲਾਂਕਿ ਸਿੱਖਿਆ ਵਿਭਾਗ ਅੰਦਰ ਧਾਰਾ 144 ਤਹਿਤ ਕਿਹੜੀ ਕਾਰਵਾਈ ਹੋ ਸਕਦੀ ਹੈ, ਇਸ ਸਬੰਧੀ ਸਿੱਖਿਆ ਵਿਭਾਗ ਵੱਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਹੈ। ਇੱਥੇ ਹੀ ਨਕਲ ਕਰਵਾਉਣ ਮੌਕੇ ਫੜੇ ਗਏ ਅਧਿਆਪਕ ਜਾਂ ਫਿਰ ਹੋਰ ਸਟਾਫ਼ ਨੂੰ ਸਿੱਧਾ ਨੌਕਰੀ ਤੋਂ ਹੀ ਬਰਖ਼ਾਸਤ ਕਰ ਦਿੱਤਾ ਜਾਏਗਾ, ਜਿਸ ਵਿੱਚ ਨਾ ਹੀ ਕੋਈ ਅਪੀਲ ਚੱਲੇਗੀ ਅਤੇ ਨਾ ਹੀ ਕੋਈ ਦਲੀਲ ਲਈ ਜਾਵੇਗੀ।
ਨਹੀਂ ਚੱਲੇਗੀ ਅਪੀਲ ਤੇ ਨਾ ਹੀ ਸੁਣੀ ਜਾਵੇਗੀ ਕੋਈ ਦਲੀਲ
ਜਾਣਕਾਰੀ ਅਨੁਸਾਰ ਸਿੱਖਿਆ ਵਿਭਾਗ ਵੱਲੋਂ ਹਰ ਸਾਲ ਪੰਜਾਬ ਭਰ ਦੇ ਬੀਐਡ ਪਾਸ ਨੌਜਵਾਨਾਂ ਤੋਂ ਨੌਕਰੀ ਪ੍ਰਾਪਤ ਕਰਨ ਲਈ ਅਧਿਆਪਕ ਯੋਗਤਾ ਟੈਸਟ ਲਿਆ ਜਾਂਦਾ ਹੈ, ਇਸ ਟੈਸਟ ਨੂੰ ਪਾਸ ਕਰਨ ਵਾਲੇ ਨੌਜਵਾਨ ਹੀ ਸਿੱਖਿਆ ਵਿਭਾਗ ਵਿੱਚ ਅਧਿਆਪਕ ਦੀ ਨੌਕਰੀ ਲਈ ਅਪਲਾਈ ਕਰ ਸਕਦੇ ਹਨ। ਇਸ ਟੈਸਟ ਨੂੰ ਪਾਸ ਕਰਨ ਵਾਲੇ ਕੁਝ ਅਧਿਆਪਕਾਂ ਨੇ ਨਟਵਰ ਲਾਲ ਬਣਦੇ ਹੋਏ ਸਿੱਖਿਆ ਵਿਭਾਗ ਨਾਲ ਹੀ ਠੱਗੀ ਦਾ ਕੰਮ ਸ਼ੁਰੂ ਕਰ ਲਿਆ ਹੈ। ਸਿੱਖਿਆ ਵਿਭਾਗ ਵਿੱਚ ਕੰਮ ਕਰਨ ਵਾਲੇ ਅਧਿਆਪਕ ਉਨ੍ਹਾਂ ਨੌਜਵਾਨਾਂ ਦੇ ਨਾਲ ਮੁੜ ਤੋਂ ਹਰ ਸਾਲ ਪੀ-ਟੈਟ ਲਈ ਅਪਲਾਈ ਕਰਦੇ ਸਨ, ਜਿਹੜੇ ਨੌਜਵਾਨ ਟੈਸਟ ਪਾਸ ਹੀ ਨਹੀਂ ਕਰ ਪਾ ਰਹੇ ਸਨ। ਸਿੱਖਿਆ ਵਿਭਾਗ ਵੱਲੋਂ ਮੁੜ ਤੋਂ ਟੈਸਟ ਲਈ ਅਪਲਾਈ ਕਰਨ ਲਈ ਕੋਈ ਮਨਾਹੀ ਨਹੀਂ ਹੈ
ਜਿਸ ਕਾਰਨ ਇਹ ਨਟਵਰ ਲਾਲ ਅਧਿਆਪਕ ਇੱਕ ਵਾਰੀ ਨਹੀਂ ਸਗੋਂ ਹਰ ਸਾਲ ਟੈਸਟ ਲਈ ਅਪਲਾਈ ਕਰਦੇ ਹੋਏ ਆਪਣੇ ਅੱਗੇ ਅਤੇ ਪਿੱਛੇ ਬੈਠਣ ਵਾਲੇ ਵਿਦਿਆਰਥੀਆਂ ਨੂੰ ਟੈਸਟ ਵਿੱਚ ਨਕਲ ਕਰਵਾਉਂਦੇ ਸਨ। ਨਟਵਰਲਾਲ ਅਧਿਆਪਕਾਂ ਦਾ ਰੋਲ ਨੰਬਰ ਨਕਲ ਕਰਵਾਉਣ ਵਾਲੇ ਨੌਜਵਾਨਾਂ ਦੇ ਨਾਲ ਆਏ, ਇਸ ਲਈ ਅੱਧੀ ਰਾਤ ਤੋਂ ਬਾਅਦ ਹੀ ਟੈਸਟ ਲਈ ਅਪਲਾਈ ਕੀਤਾ ਜਾਂਦਾ ਸੀ, ਜਿਸ ਕਾਰਨ ਸੀਰੀਅਲ ਨੰਬਰ ਇੱਕ ਆਉਣ ਦੌਰਾਨ ਰੋਲ ਨੰਬਰ ਅਤੇ ਸੈਂਟਰ ਵੀ ਇੱਕੋ ਹੀ ਆਉਂਦਾ ਸੀ ਜਿਸ ਤੋਂ ਬਾਅਦ ਨਟਵਰ ਲਾਲ ਅਧਿਆਪਕ ਬਹੁਤ ਹੀ ਚਲਾਕੀ ਨਾਲ ਅੱਗੇ ਪਿੱਛੇ ਬੈਠਣ ਵਾਲੇ ਨੌਜਵਾਨਾਂ ਨੂੰ ਟੈਸਟ ਪਾਸ ਕਰਵਾਉਣ ਵਿੱਚ ਮਦਦ ਕਰਦੇ ਸਨ।
ਪੈਸੇ ਲਈ ਨਹੀਂ ਕੁਝ ਅਧਿਆਪਕ ਬਣੇ ਰਿਸ਼ਤੇਦਾਰੀ ਲਈ ਨਟਵਰ ਲਾਲ
ਸਿੱਖਿਆ ਵਿਭਾਗ ਵਿੱਚ ਪੀ-ਟੈੱਟ ਪਾਸ ਕਰਵਾਉਣ ਲਈ ਕੁਝ ਅਧਿਆਪਕ ਨਟਵਰ ਲਾਲ ਪੈਸਾ ਕਮਾਉਣ ਲਈ ਬਣੇ ਤਾਂ ਕੁਝ ਅਧਿਆਪਕ ਰਿਸ਼ਤੇਦਾਰੀ ਦੀ ਸ਼ਰਮ ਵਿੱਚ ਹੀ ਨਟਵਰ ਲਾਲ ਬਣ ਗਏ। ਇੱਕ ਰਿਸ਼ਤੇਦਾਰ ਨੂੰ ਟੈਸਟ ਪਾਸ ਕਰਵਾਉਣ ਤੋਂ ਬਾਅਦ ਹੋਰ ਰਿਸ਼ਤੇਦਾਰਾਂ ਦਾ ਵੀ ਹਰ ਸਾਲ ਟੈਸਟ ਪਾਸ ਕਰਵਾਉਣ ਲਈ ਦਬਾਅ ਹੁੰਦਾ ਸੀ, ਜਿਸ ਕਾਰਨ ਹਰ ਸਾਲ ਨਟਵਰ ਲਾਲ ਆਪਣੇ ਰਿਸ਼ਤੇਦਾਰਾਂ ਨੂੰ ਟੈਸਟ ਪਾਸ ਕਰਵਾਉਣ ਲਈ ਖੁਦ ਵੀ ਆਪਣਾ ਫਾਰਮ ਭਰਦੇ ਸਨ।
ਕੁਝ ਅਧਿਆਪਕਾਂ ਨੂੰ ਸਿਰਫ਼ ਸ਼ੌਂਕ ਪਰ ਹੁਣ ਆਉਣਗੇ ਗੇੜ ‘ਚ
ਪੰਜਾਬ ਅਧਿਆਪਕ ਯੋਗਤਾ ਟੈਸਟ ਨੂੰ ਭਰਨ ਵਾਲੇ ਹਰ ਅਧਿਆਪਕ ਨੂੰ ਨਟਵਰ ਲਾਲ ਨਹੀਂ ਕਿਹਾ ਜਾ ਸਕਦਾ ਹੈ, ਕਿਉਂਕਿ ਪੀ-ਟੈੱਟ ਦੀ ਪ੍ਰੀਖਿਆ ਵਿਭਾਗ ਵਿੱਚ ਹਰ ਸਾਲ ਆਪਣੇ ਆਪ ਦੀ ਯੋਗਤਾ ਨੂੰ ਚੈੱਕ ਕਰਨ ਲਈ ਕੁਝ ਅਧਿਆਪਕ ਸਿਰਫ਼ ਸ਼ੌਂਕ ਅਤੇ ਖੁਦ ਨੂੰ ਹੋਰ ਨਿਖਾਰਨ ਲਈ ਵੀ ਟੈਸਟ ਦਿੰਦੇ ਆ ਰਹੇ ਹਨ ਪਰ ਇਨ੍ਹਾਂ ਨਟਵਰਲਾਲ ਅਧਿਆਪਕਾਂ ਦੇ ਚੱਕਰ ਵਿੱਚ ਇਹ ਸ਼ੌਂਕੀਨ ਅਧਿਆਪਕ ਵੀ ਸਿੱਖਿਆ ਵਿਭਾਗ ਦੇ ਗੇੜ ਵਿੱਚ ਆਉਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।