ਦਿੱਲੀ ਨੂੰ ਹਥਿਆਰ ਨਹੀਂ, ਸੁਹਿਰਦਤਾ ਚਾਹੀਦੀ ਐ
Delhi Violence | ਦਿੱਲੀ ਵਿੱਚ ਪਿਛਲੇ ਕੁੱਝ ਦਿਨਾਂ ਤੋਂ ਜੋ ਹਾਲਾਤ ਬਣੇ ਹਨ, ਉਹ ਨਾ ਸਿਰਫ਼ ਤ੍ਰਾਸਦੀਪੂਰਨ ਅਤੇ ਸ਼ਰਮਨਾਕ ਹਨ, ਸਗੋਂ ਭਾਰਤ ਦੀ ਸੰਸਕ੍ਰਿਤੀ ਅਤੇ ਏਕਤਾ ਨੂੰ ਧੁੰਦਲਾ ਕਰਨ ਵਾਲੇ ਹਨ। ਇੰਗਲੈਂਡ ਅਤੇ ਸਕਾਟਲੈਂਡ ਦੀ ਦੋ ਹਫ਼ਤੇ ਦੀ ਯਾਤਰਾ ਤੋਂ ਦਿੱਲੀ ਪਰਤਣ ‘ਤੇ ਜੋ ਹਿੰਸਾ, ਸਾੜ-ਫੂਕ, ਤਬਾਹੀ ਦੇ ਹਾਲਾਤ ਦੇਖਣ ਨੂੰ ਮਿਲੇ, ਉਸ ਤੋਂ ਮਨ ਬਹੁਤ ਦੁਖੀ ਹੋਇਆ, ਉਂਜ ਇਨ੍ਹਾਂ ਭਿਆਨਕ ਅੱਤਿਆਚਾਰਾਂ, ਤੋੜ-ਭੰਨ੍ਹ ਅਤੇ ਹਿੰਸਾ ਦੇ ਹਾਲਾਤਾਂ ਤੋਂ ਸਾਰੇ ਬਹੁਤ ਦੁਖੀ ਹਨ।
ਇਨ੍ਹਾਂ ਵਿਡੰਬਨਾਪੂਰਨ ਹਾਲਾਤਾਂ ਨੇ ਹੁਣ ਇੱਕ ਅਜਿਹਾ ਰੰਗ ਲੈ ਲਿਆ ਹੈ ਕਿ ਇਸਦਾ ਹੱਲ ਕਰਨਾ ਔਖਾ ਹੋ ਗਿਆ ਹੈ। ਸੀਏਏ ਅਰਥਾਤ ਨਾਗਰਿਕਤਾ ਸੋਧ ਕਾਨੂੰਨ ਦੇ ਨਾਂਅ ‘ਤੇ ਦਿੱਲੀ ਦੇ ਕੁੱਝ ਇਲਾਕਿਆਂ ਵਿੱਚ ਫਿਰਕੂ ਹਿੰਸਾ ਦਾ ਤਾਂਡਵ ਹੋਇਆ ਹੈ, ਉਸ ਨਾਲ ਭਾਰਤ ਦਾ ਸਿਰ ਸਮੁੱਚੀ ਦੁਨੀਆ ਵਿੱਚ ਸ਼ਰਮ ਨਾਲ ਨੀਵਾਂ ਹੋ ਗਿਆ ਹੈ। ਕਿਉਂਕਿ ਇੱਕ ਪਾਸੇ ਭਾਰਤ ਯਾਤਰਾ ‘ਤੇ ਆਏ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਭਾਰਤ ਦੀ ਧਾਰਮਿਕ ਵਿਭਿੰਨਤਾ ਵਿੱਚ ਬਣੀ ਇਸ ਰਾਸ਼ਟਰ ਦੀ ਮਜ਼ਬੂਤੀ ਦਾ ਬਖਿਆਨ ਕਰਦੇ ਹਨ ਅਤੇ ਦੂਜੇ ਪਾਸੇ ਅਸੀਂ ਭਾਰਤੀ ਧਾਰਮਿਕ ਵਿਭਿੰਨਤਾ ਨੂੰ ਵਿਚ-ਵਿਚਾਲੇ ਲਿਆ ਕੇ ਹੀ ਆਪਸ ਵਿੱਚ ਲੜ ਰਹੇ ਹਾਂ,
ਜ਼ਹਿਰ ਘੋਲ ਰਹੇ ਹਾਂ, ਇੱਕ-ਦੂਜੇ ਨੂੰ ਮਰਨ-ਮਾਰਨ ‘ਤੇ ਤੁਲੇ ਹਾਂ। ਇਹ ਸਿਰਫ ਪਾਗਲਪਣ ਹੈ, ਹਿੰਸਾ ਹੈ, ਜੋ ਹਰ ਸੂਰਤ ਵਿੱਚ ਬੰਦ ਹੋ ਜਾਣਾ ਚਾਹੀਦਾ ਹੈ। ਅਜਿਹਾ ਨਹੀਂ ਕਿ ਇਸ ਮੁਸ਼ਕਿਲ ਤੋਂ ਜਟਿਲ ਹੁੰਦੇ ਔਖੇ ਹਲਾਤਾਂ ਦਾ ਹੱਲ ਸੰਭਵ ਨਹੀਂ, ਬਿਲਕੁਲ ਸੰਭਵ ਹੈ, ਪਰ ਇਸ ਲਈ ਜ਼ਰੂਰਤ ਹੈ ਕਿ ਸਾਨੂੰ ਸੋਚ ਨੂੰ ਸੌੜੇਪਣ ਅਤੇ ਫਿਰਕੂਵਾਦ ਤੋਂ ਬਾਹਰ ਲਿਆਉਣ ਹੋਵੇਗਾ। ਅਹਿੰਸਕ ਤਰੀਕਿਆਂ ਨੂੰ ਅਪਣਾਉਣਾ ਹੋਵੇਗਾ।
ਵਿਚਾਰਯੋਗ ਹੈ ਕਿ ਜਿਸ ਜ਼ਿੰਦਗੀ ਲਈ ਸੰਘਰਸ਼, ਹਿੰਸਾ ਅਤੇ ਦੰਗੇ ਫੈਲਾ ਰਹੇ ਹਾਂ, ਉਹੀ ਖਤਮ ਹੋ ਗਈ ਤਾਂ ਫਿਰ ਸੰਘਰਸ਼ ਅਤੇ ਸੌੜਾਪਣ ਕਿਸ ਲਈ? ਇਨ੍ਹੀਂ ਦਿਨੀਂ ਅਜਿਹੀਆਂ-ਅਜਿਹੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ, ਜਿਨ੍ਹਾਂ ਨਾਲ ਦੋਵਾਂ ਪੱਖਾਂ, ਸਗੋਂ ਸਾਡੀਆਂ ਰਾਜਨੀਤਿਕ ਪਾਰਟੀਆਂ ਦੇ ਅੰਦਰ ਇੱਕ-ਦੂਜੇ ਦੇ ਪ੍ਰਤੀ ਨਫ਼ਰਤ ਪੈਦਾ ਹੋ ਰਹੀ ਹੈ ਅਤੇ ਇਹ ਦੇਸ਼ ਲਈ ਕਦੇ ਵੀ ਠੀਕ ਨਹੀਂ ਹੈ। ਬੀਤਿਆ ਪੰਦਰਵਾੜਾ ਦਿੱਲੀ ਦੇ ਇਤਿਹਾਸ ਵਿੱਚ ਕਾਲੇ ਪੰਦਰਵਾੜੇ ਦੇ ਰੂਪ ਵਿੱਚ ਯਾਦ ਰਹੇਗਾ, ਕਿਉਂਕਿ ਇਸ ਸਮੇਂ ਨਾਲ ਜੁੜੀਆਂ ਹਨ ਹਿੰਸਕ ਵਾਰਦਾਤਾਂ, ਨਿਰਦੋਸ਼ ਲੋਕਾਂ ਦੀਆਂ ਚੀਕਾਂ, ਰਾਸ਼ਟਰੀ ਸੰਪੱਤੀ ਦਾ ਤਬਾਹੀ ਭਰਿਆ ਦੌਰ, ਫਿਰਕੂ ਦੰਗੇ, ਸਾੜ-ਫੂਕ, ਡਰ ਅਤੇ ਭੈਅ ਦੀਆਂ ਭਿਆਨਕਤਾਵਾਂ, ਭਾਰਤ ਦੀ ਅਨੇਕਤਾ ਵਿੱਚ ਏਕਤਾ ਦੀ ਸੰਸਕ੍ਰਿਤੀ ਅਤੇ ਉਸਦੇ ਆਦਰਸ਼ਾਂ ਦੇ ਘਾਣ ਦੀਆਂ ਤ੍ਰਾਸਦੀਪੂਰਨ ਘਟਨਾਵਾਂ।
ਦਿੱਲੀ ਅਮਨ-ਚੈਨ, ਫਿਰਕੂ ਸੁਹਿਰਦਤਾ ਅਤੇ ਸਹਿ-ਜੀਵਨ ਦੀ ਸਾਂਝੀ ਸੰਸਕ੍ਰਿਤੀ ਦਾ ਸ਼ਹਿਰ ਰਿਹਾ ਹੈ। ਅਜਿਹੇ ਵਿੱਚ, ਮੌਜੂਦਾ ਹਾਲਾਤ ਦੇ ਪਿੱਛੇ ਪੁਲਿਸ, ਰਾਜਨੀਤਿਕ ਪਾਰਟੀਆਂ ਅਤੇ ਸਰਕਾਰ ਦੀ ਕੀ ਭੂਮਿਕਾ ਰਹੀ, ਇਸ ‘ਤੇ ਤਾਂ ਸਵਾਲ ਉੱਠਦੇ ਰਹਿਣਗੇ, ਪਰ ਜੇਕਰ ਕਿਤੇ ਹਿੰਸਾ ਹੁੰਦੀ ਹੈ, ਲੋਕਾਂ ਦੀ ਜਾਨ ਜਾਂਦੀ ਹੈ ਅਤੇ ਸ਼ਹਿਰ ਵਿੱਚ ਆਮ ਜਿੰਦਗੀ ਪ੍ਰਭਾਵਿਤ ਹੁੰਦੀ ਹੈ, ਤਾਂ ਯਕੀਨਨ ਕਾਨੂੰਨ-ਵਿਵਸਥਾ ਅਤੇ ਪ੍ਰਸ਼ਾਸਨ ‘ਤੇ ਸਵਾਲ ਖੜ੍ਹੇ ਹੁੰਦੇ ਹਨ।
ਜਾਹਿਰ-ਜਿਹੀ ਗੱਲ ਹੈ ਕਿ ਜੇਕਰ ਤੁਸੀਂ ਦੋ ਗੁੱਟਾਂ ਨੂੰ ਇੱਕ-ਦੂਜੇ ਦੇ ਆਹਮੋ-ਸਾਹਮਣੇ ਆਉਣ ਦੀ ਇਜ਼ਾਜਤ ਦੇਵੋਗੇ, ਉਨ੍ਹਾਂ ਨੂੰ ਭੜਕਾਊ ਨਾਅਰੇ ਲਾਉਣ, ਭਾਸ਼ਣ ਦੇਣ ਦੀ ਛੋਟ ਦੇਵੋਗੇ ਅਤੇ ਪਥਰਾਅ ਕਰਨ ਦਿਓਗੇ, ਤਾਂ ਹਿੰਸਾ, ਈਰਖ਼ਾ ਅਤੇ ਨਫਰਤ ਵਧੇਗੀ ਹੀ।
ਅਸੀ ਕਿਵੇਂ ਭੁਲਾ ਸਕਾਂਗੇ ਕਿ ਫਿਰਕੂਵਾਦ ਦੇ ਨਾਂਅ ‘ਤੇ ਘੋਲੇ ਜਹਿਰ ਵਿੱਚ ਕਿੰਨਾ ਕੁੱਝ ਅਸੀਂ ਗੁਆ ਦਿੱਤਾ। ਸੀਏਏ ਦਾ ਮੁੱਦਾ ਪੂਰੀ ਤਰ੍ਹਾਂ ਕਾਨੂੰਨੀ ਹੈ ਅਤੇ ਇਸਦਾ ਫੈਸਲਾ ਦੇਸ਼ ਦਾ ਸੁਪਰੀਮ ਕੋਰਟ ਹੀ ਕਰੇਗਾ। ਸਵਾਲ ਹਿੰਦੂ ਜਾਂ ਮੁਸਲਮਾਨ ਦਾ ਨਹੀਂ ਸਗੋਂ ‘ਨਾਗਰਿਕ’ ਦਾ ਹੈ। ਇਸ ਲਈ ਇਸਦੇ ਵਿਰੋਧ ਜਾਂ ਸਮੱਰਥਨ ਵਿੱਚ ਫਿਰਕੂਵਾਦੀ ਭਾਵਨਾ ਦਾ ਆਉਣਾ ਅਣ-ਉਚਿਤ ਕਿਹਾ ਜਾਵੇਗਾ। ਪਰ ਆਪਣੇ ਸਵਾਰਥਾਂ ਲਈ ਕਈ ਰਾਜਨੀਤਿਕ ਪਾਰਟੀਆਂ ਨੇ ਅਣ-ਉਚਿਤ ਨੂੰ ਉਚਿਤ ਬਣਾ ਕੇ ਭੋਲ਼ੇ-ਭਾਲੇ ਲੋਕਾਂ ਦੇ ਗਲੇ ਉਤਾਰ ਦਿੱਤਾ, ਇਸ ਲਈ ਇਸਨੂੰ ਲੈ ਕੇ ਧਰਮ ਦੇ ਆਧਾਰ ‘ਤੇ ਗੋਲਬੰਦੀ ਪੂਰੀ ਤਰ੍ਹਾਂ ਨਾ-ਮੰਨਣਯੋਗ ਹੀ ਕਹੀ ਜਾਵੇਗੀ।
ਇਸਦੀ ਵਜ੍ਹਾ ਨਾਲ ਭਾਰਤ ਦੇ ਨਾਗਰਿਕ ਫਿਰਕੂਵਾਦੀ ਖੇਮਿਆਂ ਵਿੱਚ ਨਹੀਂ ਵੰਡਣੇ ਚਾਹੀਦੈ, ਕਿਉਂਕਿ ਕਥਿਤ ਕੱਟੜ ਫਿਰਕੂਵਾਦੀ ਤਾਕਤਾਂ ਦੀਆਂ ਹਿੰਸਕ ਵਾਰਦਾਤਾਂ ਸਹੀ ਹੱਲ ਨਾ ਹੋ ਕੇ, ਸਮੱਸਿਆ ਨੂੰ ਹੋਰ ਜ਼ਿਆਦਾ ਫੈਲਾ ਦੇਣਗੀਆਂ।
ਸਮਝਣ ਦੀ ਲੋੜ ਹੈ ਕਿ ਦਿੱਲੀ ਦੇ ਨਕਸ਼ੇ ‘ਤੇ ਜੋ ਫਿਰਕੂ ਹਿੰਸਾ ਅਤੇ ਦੰਗਿਆਂ ਦੇ ਜੋ ਅਰਾਜਕ ਅਤੇ ਹਮਲਾਵਰ ਦੌਰ ਦੇਖਣ ਨੂੰ ਮਿਲ ਰਹੇ ਹਨ ਉਸਦੇ ਪਿੱਛੇ ਕਈ ਤਰ੍ਹਾਂ ਦੇ ਸ਼ਰਾਰਤੀ ਦਿਮਾਗ ਅਤੇ ਖਤਰਨਾਕ ਵਿਚਾਰ ਹਨ। ਪੂਰੇ ਦੇਸ਼ ਨੇ ਉਹ ਵੀਡੀਓ ਵੇਖੀ ਜਿਸ ਵਿੱਚ ਸੁਪਰੀਮ ਕੋਰਟ ਦੁਆਰਾ ਵਾਰਤਾਕਾਰ ਨਿਯੁਕਤ ਕੀਤੇ ਜਾਣ ਦੇ ਨਾਲ ਤੀਸਤਾ ਸੀਤਲਵਾੜ ਆਪਣੇ ਸਾਥੀਆਂ ਨਾਲ ਉੱਥੇ ਔਰਤਾਂ ਨੂੰ ਟਰੇਨਿੰਗ ਦੇ ਰਹੀ ਸਨ ਕਿ ਤੁਹਾਨੂੰ ਕਿਸ ਸਵਾਲ ਦਾ ਕੀ ਜਵਾਬ ਦੇਣਾ ਹੈ ਅਤੇ ਆਪਣੇ ਵੱਲੋਂ ਕੀ ਸਵਾਲ ਕਰਨਾ ਹੈ ਜਾਂ ਸ਼ਰਤਾਂ ਰੱਖਣੀਆਂ ਹਨ।
ਉਸ ਵੀਡੀਓ ਨੇ ਸ਼ਾਹੀਨ ਬਾਗ ਦੇ ਪਿੱਛੇ ਛਿਪੇ ਚਿਹਰੇ ਨੂੰ ਉਜਾਗਰ ਕਰ ਦਿੱਤਾ ਸੀ। ਇਹ ਸਿੱਧੇ-ਸਿੱਧੇ ਵਾਰਤਾਕਾਰਾਂ ਨੂੰ ਅਸਫਲ ਕਰਨ ਦੀ ਸਾਜਿਸ਼ ਸੀ। ਅਜਿਹੀਆਂ ਅਨੇਕਾਂ ਸਾਜਿਸ਼ਾਂ ਅਨੇਕਾਂ ਪੱਧਰਾਂ ‘ਤੇ ਹੋ ਰਹੀਆਂ ਹਨ, ਹਰ ਗਲੀ-ਮੁਹੱਲੇ ਵਿੱਚ Àੁੱਠਿਆ ਤੂਫਾਨ ਹੈ, ਜਿਸਦੇ ਦਿੱਲੀ ਦੀ ਜੀਵਨਸ਼ੈਲੀ ਅਸਤ-ਵਿਅਸਤ ਹੋ ਗਈ ਹੈ।
ਧਰਮ ਨਿਰਪੱਖ ਭਾਰਤ ਦੀ ਅਖੰਡਤਾ ਅਤੇ ਏਕਤਾ ਦਾਅ ‘ਤੇ ਲੱਗ ਗਈ ਹੈ। ਇਸ ਤਰ੍ਹਾਂ ਦਿੱਲੀ ਨੂੰ ਵੰਡਣ ਦੀ ਪੀੜ ਕਿੰਨੀ ਖਤਰਨਾਕ ਅਤੇ ਅਸਹਿ ਹੋ ਸਕਦੀ ਹੈ, ਇਹ ਭਾਰਤ ਵਾਸੀਆਂ ਲਈ ਅਣਜਾਣੀ ਵੀ ਨਹੀਂ ਹੈ। ਅਜਿਹੇ ਸਮੇਂ ਵਿੱਚ ਦਿੱਲੀ ਦੀ ਸੁਰੱਖਿਆ ਅਤੇ ਸਾਂਝੀ ਸੰਸਕ੍ਰਿਤੀ ਨੂੰ ਬਣਾਈ ਰੱਖਣ ਲਈ ਸਹੀ ਸਮੇਂ ‘ਤੇ ਸਹੀ ਫ਼ੈਸਲਾ ਲੈਣ ਵਾਲੇ ਦੂਰਦਰਸ਼ੀ, ਸਮਝਦਾਰ ਅਤੇ ਸੱਚੇ ਅਤੇ ਸਖ਼ਤ ਭਾਰਤਵਾਸੀ ਦੀ ਜ਼ਰੂਰਤ ਹੈ ਜੋ ਨਾ ਹਥਿਆਰ ਦੀ ਭਾਸ਼ਾ ਵਿੱਚ ਸੋਚਦਾ ਹੋਵੇ, ਨਾ ਸੱਤਾ ਦੀ ਭਾਸ਼ਾ ਵਿੱਚ ਬੋਲਦਾ ਹੋਵੇ ਅਤੇ ਨਾ ਹੀ ਸਵਾਰਥ ਦੀ ਤੱਕੜੀ ਵਿੱਚ ਸਾਰਿਆਂ ਨੂੰ ਤੋਲਦਾ ਹੋਵੇ।
ਭਾਈਚਾਰਕ ਏਕਤਾ ਅਤੇ ਸੁਹਿਰਦਤਾ ਦੀ ਪੂਜਾ ਨਹੀਂ, ਉਸ ਲਈ ਕਸੌਟੀ ਚਾਹੀਦੀ ਹੈ। ਏਕਤਾ ਅਤੇ ਅਖੰਡਤਾ ਦਾ ਆਦਰਸ਼ ਸ਼ਬਦਾਂ ਵਿੱਚ ਹੀ ਨਾ ਉੱਤਰੇ, ਜੀਵਨ ਦਾ ਲਾਜ਼ਮੀ ਹਿੱਸਾ ਬਣੇ। ਉਨ੍ਹਾਂ ਨੂੰ ਸਿਰਫ ਕੱਪੜਿਆਂ ਵਾਂਗ ਨਾ ਪਹਿਨਿਆ ਜਾਵੇ ਨਹੀਂ ਤਾਂ ਪਾੜ ਜਾਣ ‘ਤੇ ਇਹ ਆਦਰਸ਼ ਵੀ ਲੀਰਾਂ ਕਹਾਉਣਗੇ, ਅਜਿਹਾ ਦੇਖਣ ਅਤੇ ਕਰਨ ਲਈ ਅਨੇਕਾਂ ਲੋਕਾਂ ਦੇ ਮਨਸੂਬਿਆਂ ਨੂੰ ਵੀ ਨਾਕਾਮ ਕਰਨਾ ਹੋਵੇਗਾ।
ਕਿਉਂਕਿ ਕੋਈ ਵੀ ਦੇਸ਼ ਸਿਰਫ਼ ਵੱਡੀਆਂ-ਵੱਡੀਆਂ ਫੌਜਾਂ ਅਤੇ ਆਧੁਨਿਕ ਜੰਗੀ ਸਾਜੋ-ਸਾਮਾਨ ਰੱਖਣ ਨਾਲ ਹੀ ਮਜਬੂਤ ਨਹੀਂ ਹੁੰਦਾ ਸਗੋਂ ਨਾਗਰਿਕਾਂ ਦੇ ਭਾਈਚਾਰੇ ਅਤੇ ਏਕਤਾ ਨਾਲ ਮਜਬੂਤ ਹੁੰਦਾ ਹੈ। ਇਸ ਲਈ ਹਰ ਨਾਗਰਿਕ ਦਾ ਪਹਿਲਾ ਫਰਜ਼ ਹੈ ਕਿ ਉਹ ਇਸ ਦਿੱਲੀ ਵਿੱਚ ਫੈਲੇ ਪਾਗਲਪਣ ਨੂੰ ਆਪਣੀ ਹੈਸੀਅਤ ਮੁਤਾਬਕ ਖਤਮ ਕਰਨ ਦਾ ਪ੍ਰਣ ਲਵੇ, ਦਿੱਲੀ ਨੂੰ ਕਲੰਕਿਤ ਨਾ ਹੋਣ ਦਿਓ।
ਲਲਿਤ ਗਰਗ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।