ਦਿੱਲੀ ਨਗਰ ਨਿਗਮ ਦੇ ਮੇਅਰ ਦੀ ਚੋਣ (Delhi Nagar Nigam Elections) ਦੌਰਾਨ ਦੋ ਧਿਰਾਂ ਦਰਮਿਆਨ ਹੋਈ ਹੱਥੋਪਾਈ ਨੇ ਲੋਕਤੰਤਰ ਨੂੰ ਦਾਗੀ ਕਰ ਦਿੱਤਾ ਹੈ। ਚੁਣੇ ਹੋਏ ਕੌਂਸਲਰਾਂ ਨੇ ਨਾ ਸਿਰਫ਼ ਇੱਕ-ਦੂਜੇ ਦੀ ਖਿੱਚ-ਧੂਹ ਕੀਤੀ ਸਗੋਂ ਕੁਰਸੀਆਂ ਵੀ ਚੱੁਕ ਲਈਆਂ। ਇਹ ਤਮਾਸ਼ਾ ਦੇਸ਼ ਸਮੇਤ ਦੁਨੀਆ ਨੇ ਵੇਖਿਆ। ਮੇਅਰ ਤਾਂ ਦੇਰ-ਸਵੇਰ ਚੁਣਿਆ ਜਾਣਾ ਹੁੰਦਾ ਹੈ ਪਰ ਮਰਿਆਦਾ ਦੀਆਂ ਉੱਡੀਆਂ ਧੱਜੀਆਂ ਬੇਹੱਦ ਨਿਰਾਸ਼ਾਜਨਕ ਹਨ। ਦਿੱਲੀ ਵਾਲੇ ਘਟਨਾ ਚੱਕਰ ਨੇ ਸਿਆਸੀ ਆਗੂਆਂ ’ਚ ਅਹੁਦਿਆਂ ਲਈ ਦੌੜ ਦੇ ਮਾੜੇ ਰੁਝਾਨ ਨੂੰ ਜ਼ਾਹਿਰ ਕੀਤਾ ਹੈ।
ਅਹੁਦੇ ਲਈ ਦੌੜ ਸਿਆਸਤ ਨੂੰ ਮੁਨਾਫ਼ੇ ਦੀ ਵਸਤੂ ਵਜੋਂ ਪੇਸ਼ ਕਰਦੀ ਹੈ। ਜਦੋਂਕਿ ਅਸਲੀਅਤ ਇਹ ਹੈ ਕਿ ਰਾਜਨੀਤੀ ਲੋਕ ਸੇਵਾ ਲਈ ਹੁੰਦੀ ਹੈ। ਉਂਜ ਵੀ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਲੋਕਾਂ ਲਈ ਆਦਰਸ਼ ਹੁੰਦੇ ਹਨ। ਲੋਕ ਆਪਣੇ ਨੁਮਾਇੰਦੇ ਤੋਂ ਪ੍ਰੇਰਨਾ ਲੈਂਦੇ ਹਨ। ਐੱਮਸੀ ਵੀ ਹਜ਼ਾਰਾਂ ਲੋਕਾਂ ਵੱਲੋਂ ਚੁਣੇ ਜਾਂਦੇ ਹਨ। ਹੇਠਲੇ ਆਗੂ ਹੀ ਅੱਗੇ ਜਾ ਕੇ ਵਿਧਾਇਕ ਐੱਮਪੀ ਬਣਦੇ ਹਨ। ਪਹਿਲਾਂ ਉੱਪਰਲੇ ਪੱਧਰ ’ਤੇ ਵੀ ਇਹੀ ਹਾਲ ਸੀ ਕਿ ਸੰਸਦ ਤੋਂ ਲੈ ਕੇ ਲਗਭਗ ਸਾਰੇ ਰਾਜਾਂ ਦੀਆਂ ਵਿਧਾਨ ਸਭਾਵਾਂ ’ਚ ਖੱਪ ਇੰਨੀ ਜ਼ਿਆਦਾ ਪੈਂਦੀ ਰਹੀ ਹੈ ਕਿ ਸਦਨ ਦੀ ਪਵਿੱਤਰਤਾ ਭੰਗ ਹੰੁਦੀ ਰਹੀ।
ਸੰਸਦ ਦੀ ਕਾਰਵਾਈ ਠੱਪ ਹੁੰਦੀ ਰਹੀ
ਕਈ ਥਾਂ ਵਿਧਾਇਕ ਮਾਈਕ ਪੁੱਟ ਕੇ ਇੱਕ-ਦੂਜੇ ਦੇ ਮਾਰਦੇ ਰਹੇ। ਹਾਲ ਇਹ ਹੋ ਗਿਆ ਸੀ ਕਿ ਜਨਤਾ ਦੇ ਖੂਨ-ਪਸੀਨੇ ਦੇ ਕਰੋੜਾਂ ਰੁਪਏ ਨਾਲ ਚੱਲਣ ਵਾਲੀ ਸੰਸਦ ਦੀ ਕਾਰਵਾਈ ਠੱਪ ਹੁੰਦੀ ਰਹੀ। ਮੈਂਬਰਾਂ ਨੂੰ ਸਦਨ ’ਚੋਂ ਕੱਢਣ ਲਈ ਮਾਰਸ਼ਲ ਬੁਲਾਏ ਜਾਂਦੇ ਹਨ। ਅਜਿਹੀਆਂ ਘਟਨਾਵਾਂ ਨੂੰ ਵੇਖ ਕੇ ਆਮ ਜਨਤਾ ਸੰਵਿਧਾਨਕ ਸੰਸਥਾਵਾਂ ’ਤੇ ਵਿਅੰਗ ਕੱਸਣ ਲੱਗੀ ਸੋਮਨਾਥ ਚੈਟਰਜੀ ਨੇ ਲੋਕ ਸਭਾ ਦਾ ਸਪੀਕਰ ਹੁੰਦਿਆਂ ਸ਼ੋਰ-ਸ਼ਰਾਬਾ ਕਰਨ ਵਾਲੇ ਮੈਂਬਰਾਂ ਨੂੰ ਇੱਥੋਂ ਤੱਕ ਕਹਿ ਦਿੱਤਾ ਸੀ, ਰੱਬ ਤੁਹਾਨੂੰ ਕਦੇ ਸੰਸਦ ’ਚ ਨਾ ਭੇਜੇ ਦੁੱਖ ਵਾਲੀ ਗੱਲ ਇਹ ਹੈ ਕਿ ਜਿਸ ਸਦਨ ’ਚ ਜਨਤਾ ਦੀ ਭਲਾਈ ਲਈ ਬਣਾਏ ਜਾਣ ਵਾਲੇ ਇੱਕ-ਇੱਕ ਬਿੱਲ ’ਤੇ ਘੰਟਿਆਂਬੱਧੀ ਬਹਿਸ ਹੋ ਸਕਦੀ ਸੀ।
ਉਸ ਦੀ ਬਜਾਇ 5-7 ਮਿੰਟਾਂ ’ਚ ਪੂਰੇ ਰੌਲੇ-ਰੱਪੇ ’ਚ ਅੱਧੀ ਦਰਜਨ ਬਿੱਲ ਬਿਨਾਂ ਬਹਿਸ ਤੋਂ ਪਾਸ ਹੁੰਦੇ ਰਹੇ। ਹੈਰਾਨੀ ਵਾਲੀ ਗੱਲ ਹੈ ਕਿ ਸੰਸਦ/ਵਿਧਾਨ ਸਭਾ ਦੇ ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਸਾਰੀਆਂ ਪਾਰਟੀਆਂ ਇਹੀ ਭਰੋਸਾ ਦਿੰਦੀਆਂ ਹਨ ਕਿ ਉਹ ਸਦਨ ਨੂੰ ਚਲਾਉਣ ’ਚ ਪੂਰਾ ਸਹਿਯੋਗ ਦੇਣਗੀਆਂ ਪਰ ਕਾਰਵਾਈ ਸ਼ੁਰੂ ਹੰੁਦਿਆਂ ਹੀ ਸ਼ੋਰ-ਸ਼ਰਾਬਾ ਸ਼ੁਰੂ ਹੋ ਜਾਂਦਾ ਹੈ ਬਹਿਸ ਰੁਲ ਜਾਂਦੀ ਹੈ। ਵਿਰੋਧ ਵਿਚਾਰਾਂ ਨਾਲ ਕਰਨ ਦੀ ਬਜਾਇ ਹੱਥਾਂ ਨਾਲ ਵੀ ਸ਼ੁਰੂ ਹੋ ਜਾਂਦਾ ਹੈ। ਕਈ ਮੈਂਬਰ ਤਾਂ ਜਖ਼ਮੀ ਹੋਣ ਤੋਂ ਮਸਾਂ ਬਚਦੇ ਹਨ।
ਮਰਿਆਦਾ ਪਾਲਣ ’ਚ ਬਹੁਤ ਸਾਰੇ ਮੁਲਕਾਂ ਤੋਂ ਪਿੱਛੇ
ਬਿਨਾਂ ਸ਼ੱਕ ਸਾਡਾ ਦੇਸ਼ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਪਰ ਮਰਿਆਦਾ ਪਾਲਣ ’ਚ ਬਹੁਤ ਸਾਰੇ ਮੁਲਕਾਂ ਤੋਂ ਪਿੱਛੇ ਹੈ। ਚਾਹੀਦਾ ਤਾਂ ਇਹ ਹੈ ਕਿ ਪੰਚਾਇਤ ਮੈਂਬਰ, ਐਮਸੀ, ਬਲਾਕ ਸੰਮਤੀ ਮੈਂਬਰ, ਜਿਲ੍ਹਾ ਪ੍ਰੀਸ਼ਦ ਦੇ ਮੈਂਬਰਾਂ ਦੇ ਪੱਧਰ ’ਤੇ ਹੀ ਮਰਿਆਦਾ ਪਾਲਣ ਦੀ ਅਜਿਹੀ ਪਰੰਪਰਾ ਹੋਵੇ ਕਿ ਅਨੁਸ਼ਾਸਨ ਉਹਨਾਂ ਦੇ ਸਿਆਸੀ ਜੀਵਨ ਦਾ ਅਟੁੱਟ ਅੰਗ ਬਣ ਜਾਵੇ। ਚੰਗਾ ਹੋਵੇ ਜੇਕਰ ਸਾਰੀਆਂ ਸਿਆਸੀ ਪਾਰਟੀਆਂ ਦਿੱਲੀ ਦੀ ਘਟਨਾ ਤੋਂ ਸਬਕ ਲੈਣ ਅਤੇ ਆਪਣੇ ਆਗੂਆਂ ਵਰਕਰਾਂ ਨੂੰ ਚੰਗੇ ਵਿਹਾਰ ਲਈ ਪਾਬੰਦ ਕਰਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ