ਕਰਜੇ ਦੀ ਪੰਡ ਹੇਠ ਦੱਬਿਆ ਪੰਜਾਬ ਆਮ ਆਦਮੀ ਪਾਰਟੀ ਲਈ ਚੁਣੌਤੀ

Aam Aadmi Party Sachkahoon

ਕਰਜੇ ਦੀ ਪੰਡ ਹੇਠ ਦੱਬਿਆ ਪੰਜਾਬ ਆਮ ਆਦਮੀ ਪਾਰਟੀ ਲਈ ਚੁਣੌਤੀ

ਪਿਛਲੇ 2 ਦਹਾਕਿਆਂ ਤੋਂ ਭਿ੍ਰਸ਼ਟਾਚਾਰ ਗ੍ਰਸਤ ਰਾਜਨੀਤਿਕ ਵਿਵਸਥਾ ਤੋਂ ਪੀੜਤ ਪੰਜਾਬ ਵਾਸੀਆਂ ਦੇ ਮਨਾਂ ਅੰਦਰ ਮੈਚ ਫਿਕਸਿੰਗ ਰਾਹੀਂ ਰਾਜਨੀਤੀ ਕਰ ਰਹੀਆਂ ਦੋ ਰਵਾਇਤੀ ਪਾਰਟੀਆਂ ਦੀਆਂ ਨਿਰਾਸ਼ਾਜਨਕ ਤੇ ਪੰਜਾਬ ਮਾਰੂ ਨੀਤੀਆਂ ਕਰਕੇ ਤੀਸਰੇ ਬਦਲ ਦੀ ਵਿਉਂਤਬੰਦੀ ਲਗਾਤਾਰ ਉਸਾਰੂ ਤੇ ਹਮਲਾਵਰ ਰੂਪ ਅਖਤਿਆਰ ਕਰਦੀ ਜਾ ਰਹੀ ਸੀ। ਸ਼੍ਰੋਮਣੀ ਅਕਾਲੀ ਦਲ (ਮਾਨ), ਸੀ. ਪੀ. ਆਈ., ਲੋਕ ਭਲਾਈ ਪਾਰਟੀ ਤੇ ਫੇਰ ਬਾਅਦ ਵਿੱਚ ਮਨਪ੍ਰੀਤ ਬਾਦਲ ਦੀ ਅਗਵਾਈ ਹੇਠ ਪੀ. ਪੀ. ਪੀ. ਦੇ ਰੂਪ ਵਿੱਚ ਤੀਸਰੇ ਬਦਲ ਨੇ ਬੇਸ਼ੱਕ ਕਿਸ਼ੋਰ ਅਵਸਥਾ ਵਿੱਚ ਪਹੁੰਚਣ ਦਾ ਤਹੱਈਆ ਜਿਹਾ ਕੀਤਾ ਪਰ ਪਰੰਪਰਾਗਤ ਰਜਵਾੜਾਸ਼ਾਹੀ ਦੇ ਖੁਸ਼ਹਾਲ ਤੇ ਲੁਭਾਊ ਮਨਸੂਬਿਆਂ ਨੇ ਕਿਸ਼ੋਰ ਅਵਸਥਾ ਨੂੰ ਗਹਿਰਾ ਧੱਕਾ ਮਾਰਿਆ। ਉਪਰੰਤ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਅੰਨਾ ਹਜ਼ਾਰੇ ਦੀ ਲੋਕਪਾਲ ਨਿਯੁਕਤੀ ਲਈ ਵਿੱਢੀ ਲਹਿਰ ਦੇ ਪ੍ਰਮੁੱਖ ਸਾਰਥੀ ਰਹੇ ‘ਮਫਲਰ ਮੈਨ’ ਵਜੋਂ ਮਸ਼ਹੂਰ ਹੋਏ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿੱਚ ਆਮ ਆਦਮੀ ਦੀਆਂ ਲੋੜਾਂ ਨੂੰ ਸਮਰਪਿਤ ਨਵੀਂ ਰਾਜਨੀਤਿਕ ਸਫਬੰਦੀ ਨੇ ‘ਚਿੱਟੀਆਂ ਟੋਪੀਆਂ’ ਵਾਲੀ ਵਲੰਟੀਅਰ ਸੈਨਾ ਦੇ ਰੂਪ ਵਿੱਚ ਦਿਖਾਲੀ ਦਿੱਤੀ। Aam Aadmi Party

ਆਮ ਆਦਮੀ ਦੇ ਹੱਕ ਵਿੱਚ ਪਹਿਲੀ ਵਾਰ ਬੁਲੰਦ ਹੋਈ ‘ਚਿੱਟੀ ਟੋਪੀ’ ਨੇ ਕੇਜਰੀਵਾਲ ਦੀ ਕੁਸ਼ਲ ਤੇ ਯੋਗ ਅਗਵਾਈ ਹੇਠ 26 ਨਵੰਬਰ, 2012 ਨੂੰ ਜਲਦੀ ਹੀ ਨਵੀਂ ਰਾਜਨੀਤਿਕ ਵਿਵਸਥਾ ਦਾ ਢਾਂਚਾ ਅਪਣਾ ਲਿਆ ਜਿਸ ਦਾ ਨਾਂਅ ਰੱਖਿਆ ਗਿਆ ‘ਆਮ ਆਦਮੀ ਪਾਰਟੀ’ (Aam Aadmi Party)। ਇਸ ਨਵੀਂ ਰਾਜਨੀਤਿਕ ਸਫਬੰਦੀ ਦੀ ਹਰਮਨਪਿਆਰਤਾ ਏਨੀ ਵਧ ਗਈ ਕਿ ਇਸ ਨੇ 2013 ਵਿੱਚ ਦੇਸ਼ ਦੀ ਰਾਜਧਾਨੀ ਦਿੱਲੀ ਅੰਦਰ ਰਾਜਨੀਤਿਕ ਸੱਤਾ ਹਾਸਲ ਕਰ ਲਈ। ਇਸ ਤਰ੍ਹਾਂ ਲੱਗਾ ਜਿਵੇਂ ਤੀਸਰੇ ਬਦਲ ਨੇ ‘ਆਪ’ ਦੇ ਰੂਪ ਵਿੱਚ ਆ ਕੇ ਜਵਾਨੀ ਵਿੱਚ ਪੈਰ ਧਰ ਲਿਆ ਹੋਵੇ। ਦਿਨੋ-ਦਿਨ ਨਿੱਖਰਦੇ ਜਾ ਰਹੇ ਜੋਬਨ ਦੀ ਲੋਰ ਨਾਲ 2014 ਵਿੱਚ ‘ਆਪ’ ਦੀ ਮੈਂਬਰਸ਼ਿਪ 10.05 ਮਿਲੀਅਨ ਤੱਕ ਪੁੱਜ ਗਈ। ‘ਆਪ’ ਦੇ ਵਧਦੇ ਜੋਸ਼ ਨੇ ਦਿੱਲੀ ਤੋਂ ਬਾਹਰ ਪੰਜਾਬ ਅੰਦਰ 2014 ਵਿੱਚ 4 ਲੋਕ ਸਭਾ ਮੈਂਬਰ ਬਣਾ ਕੇ ਆਪਣੀ ਧਾਕ ਜਮਾਈ। ਉਪਰੰਤ ਪੰਜਾਬ ਅੰਦਰ 2017 ਵਿੱਚ ਵਿਧਾਨ ਸਭਾ ਚੋਣਾਂ ਵਿੱਚ ‘ਆਪ’ ਨੇ ਪਹਿਲੀ ਹੀ ਕੋਸ਼ਿਸ਼ ਵਿਚ 20 ਸੀਟਾਂ ਜਿੱਤ ਕੇ ਆਪਣੀ ਵਿਧਾਨ ਸਭਾ ਵਿੱਚ ਪਾਰੀ ਦੀ ਸ਼ੁਰੂਆਤ ਕੀਤੀ ਤੇ ਵਿਰੋਧੀ ਧਿਰ ਬਣਨ ਦਾ ਮਾਣ ਹਾਸਲ ਕਰ ਲਿਆ। ਬੱਸ ਹੁਣ ਤੱਕ ਤਾਂ ਤੀਸਰੇ ਬਦਲ ਦੇ ਰੂਪ ’ਚ ਪੰਜਾਬ ਦੇ ਆਮ ਆਦਮੀ ਦੇ ਮਨ ਅੰਦਰ ‘ਆਪ’ ਦੀ ਲੋਕਪਿ੍ਰਅਤਾ ਨੇ ਘਰ ਕਰ ਲਿਆ ਸੀ।

ਏਧਰ ਦੋਹਾਂ ਰਵਾਇਤੀ ਪਾਰਟੀਆਂ ਦੀ ਸਿਆਸੀ ਮਿਲੀਭੁਗਤ ਦੀ ਖੇਡ, ਪੰਜਾਬ ਦੀ ਹਾਲਤ ਦਿਨੋ-ਦਿਨ ਬਦ ਤੋਂ ਬਦਤਰ ਕਰਦੀ ਜਾ ਰਹੀ ਸੀ। ਬੇਸ਼ੱਕ ਦੋਹਾਂ ਰਵਾਇਤੀ ਪਾਰਟੀਆਂ ਅੰਦਰ ਕੁਝ ਸੁਲਝੀਆਂ ਸ਼ਖਸੀਅਤਾਂ ਨੇ ਉਨ੍ਹਾਂ ਦੇ ਡਿੱਗਦੇ ਮਿਆਰ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਨਿੱਤ ਰੋਜ਼ ਨਸਰ ਹੁੰਦੇ ਇਨ੍ਹਾਂ ਨੇ ਕਾਰਿਆਂ ਨੇ ਪੰਜਾਬ ਵਾਸੀਆਂ ਨੂੰ ਅੰਦਰ ਤੱਕ ਝੰਜੋੜ ਸੁੱਟਿਆ। ਉੱਪਰੋਂ ਤਿੰਨ ਵਿਵਾਦਿਤ ਖੇਤੀ ਕਾਨੂੰਨਾਂ ਨੇ ਭਾਜਪਾ ਦਾ ਅਕਸ ਪੰਜਾਬ ਅੰਦਰ ਬੁਰੀ ਤਰ੍ਹਾਂ ਚੂਰ ਕਰ ਦਿੱਤਾ। ਭਾਵੇਂ ਬੁਰੇ ਵਕਤ ਦੀ ਮਾਰ ਕਹੋ ਜਾਂ ਮਾੜੀ ਕਾਰਗੁਜ਼ਾਰੀ ਦੇ ਨਤੀਜੇ, ਹੁਣ ਤਾਂ ਪੰਜਾਬ ਵਾਸੀਆਂ ਸਾਹਮਣੇ ਵਿਕਲਪ ਦੇ ਰੂਪ ਵਿੱਚ ਇੱਕੋ ਹੀ ਮਜ਼ਬੂਤ ਤੇ ਭਰੋਸੇਮੰਦ ਅਕਸ ਬਾਕੀ ਰਹਿ ਗਿਆ ਸੀ, ਉਹ ਸੀ ‘ਆਪ’। ਜਿਸ ਨੇ ਪੰਜਾਬੀਆਂ ਦੇ ਮਨਾਂ ਵਿੱਚ ਉਪਜੇ ਆਪ-ਮੁਹਾਰੇ ਵਿਦਰੋਹ ਕਾਰਨ 10 ਮਾਰਚ ਨੂੰ ਪੰਜਾਬ ਦੀ ਸੱਤਾ ਪ੍ਰਾਪਤੀ ਦਾ ਮਾਣ ਹਾਸਲ ਕਰ ਲਿਆ।

ਪਰ ਹੁਣ ‘ਆਪ’ ਲਈ ਪੰਜਾਬ ਦਾ ਰਾਜਨੀਤਿਕ ਸਿੰਘਾਸਣ ਕੋਈ ਮਖਮਲੀ ਸੇਜ ਨਹੀਂ। ਦਿੱਲੀ ਅਤੇ ਪੰਜਾਬ ਦੀਆਂ ਰਾਜਨੀਤਿਕ, ਆਰਥਿਕ ਅਤੇ ਧਾਰਮਿਕ ਬਿਰਤੀਆਂ ਦਾ ਕੋਈ ਸੁਮੇਲ ਨਹੀਂ। ਪੰਜਾਬ ਦੀ ਬਾਗੀ ਤਬੀਅਤ ਦੇ ਲੋਕ ਹੁਣ ਬਦਲਾਅ ਦੇ ਅੰਤਰਗਤ ਫੌਰੀ ਸੁਧਾਰਾਂ ਦੀ ਆਸ ਕਰਨਗੇ। ‘ਚਿੱਟੀ ਸਿਉਂਕ’ ਤੇ ਗੈਰ ਕਾਨੂੰਨੀ ਮਾਫੀਆ ਗਿਰੋਹਾਂ (ਸ਼ਰਾਬ ਮਾਫੀਆ, ਟਰਾਂਸਪੋਰਟ ਮਾਫੀਆ, ਮਾਈਨਿੰਗ ਮਾਫੀਆ, ਕੇਬਲ ਮਾਫੀਆ), ਭਿ੍ਰਸ਼ਟ ਅਫਸਰਸ਼ਾਹੀ ਨੂੰ ਨੱਥ ਪਾਉਣ ਦੇ ਨਾਲ-ਨਾਲ ਭਿਆਨਕ ਸਥਿਤੀ ਵਿੱਚ ਪਹੁੰਚ ਚੁੱਕੀ ਬੇਰੁਜ਼ਗਾਰੀ ਤੇ ਭੁੱਖਮਰੀ ਕੰਟਰੋਲ ਕਰਨਾ ‘ਆਪ’ ਲਈ ਸੌਖਾ ਨਹੀਂ ਹੋਵੇਗਾ। ਖਾਸ ਕਰਕੇ ਜਦੋਂ ਪੰਜਾਬ ਸਿਰ ਅਨੁਮਾਨਿਤ 2.82 ਲੱਖ ਕਰੋੜ ਦਾ ਕਰਜਾ ਹੋਵੇ ਤੇ ਜਿਸ ਦੀ ਪ੍ਰਤੀ ਵਿਅਕਤੀ ਜੀ. ਡੀ. ਪੀ. (ਦੇਸ਼ ਵਿੱਚ ਤਿਆਰ ਕੀਤੇ ਸਾਮਾਨ ਅਤੇ ਸੇਵਾਵਾਂ ਦਾ ਮੁੱਲ ਨਿਰਧਾਰਨ) ਦੇਸ਼ ਅੰਦਰ 19ਵੇਂ ਰੈਂਕ ’ਤੇ ਪਹੁੰਚ ਗਈ ਹੋਵੇ।

2017 ਵਿੱਚ ਕਾਂਗਰਸ ਨੇ ਵ੍ਹਾਈਟ ਪੇਪਰ ਜਾਰੀ ਕਰਕੇ ਅਕਾਲੀ-ਭਾਜਪਾ ਸਰਕਾਰ ਤੋਂ ਵਿਰਾਸਤ ਵਿੱਚ ਮਿਲੇ ਪੰਜਾਬ ਸਿਰ 1.82 ਲੱਖ ਕਰੋੜ ਦਾ ਕਰਜਾ ਦੱਸਿਆ ਸੀ। 2006-2007 ਦੌਰਾਨ ਅਕਾਲੀ-ਭਾਜਪਾ ਦੇ ਸੱਤਾ ਵਿੱਚ ਆਉਣ ’ਤੇ ਪੰਜਾਬ ਸਿਰ 40,000 ਕਰੋੜ ਦਾ ਕਰਜਾ ਸੀ ਜਿਹੜਾ ਕਿ ਅਕਾਲੀ-ਭਾਜਪਾ ਗਠਜੋੜ ਸਰਕਾਰ ਦੇ 10 ਸਾਲਾਂ ਦੇ ਕਾਰਜਕਾਲ ਦੌਰਾਨ ਵਧ ਕੇ 1.82 ਲੱਖ ਕਰੋੜ ਤੱਕ ਪਹੁੰਚ ਗਿਆ। ਜਿਹੜਾ ਕਿ ਭਾਰਤ ਦੇ ਕੰਪਟਰੋਲਰ ਅਤੇ ਆਡੀਟਰ ਜਨਰਲ (ਕੈਗ) ਦੀ ਤਾਜੀ ਰਿਪੋਰਟ ਅਨੁਸਾਰ 2024-2025 ਤੱਕ 3.75 ਲੱਖ ਕਰੋੜ ਤੱਕ ਪਹੁੰਚਣ ਦਾ ਅਨੁਮਾਨ ਹੈ।

ਕੀ ਪੰਜਾਬ ਸਿਰ ਕਰਜੇ ਦੀ ਪੰਡ ਲਗਾਤਾਰ ਭਾਰੀ ਹੋਣ ਦੀ ਮੰਦਭਾਗੀ ਪਰੰਪਰਾ ਨੂੰ ਕੋਈ ਠੱਲ੍ਹ ਪਵੇਗੀ? ਕੀ ‘ਆਪ’ ਪੰਜਾਬ ਦੀ ਇਸ ਨਿਘਰਦੀ ਆਰਥਿਕਤਾ ਦੇ ਲਗਾਤਾਰ ਨਿਘਾਰ ਨੂੰ ਰੋਕ ਕੇ ਦੁਬਾਰਾ ਖੁਸ਼ਹਾਲੀ ਦੇ ਟਰੈਕ ’ਤੇ ਲਿਆ ਸਕਦੀ ਹੈ? ਕੀ ‘ਆਪ’ ਵੱਲੋਂ ਮੁਫਤ ਸਹੂਲਤਾਂ ਦੇ ਵਾਅਦਿਆਂ ਨੂੰ ਪੂਰਾ ਕਰਕੇ ਪੰਜਾਬ ਦੀ ਆਰਥਿਕਤਾ ਨੂੰ ਮਜਬੂਤ ਕਰਨਾ ਸੰਭਵ ਹੋਵੇਗਾ? ਕੀ ‘ਆਪ’ ਚਿੱਟੀ ਸਿਉਂਕ ਤੇ ਮਾਫੀਆ ਗਿਰੋਹਾਂ ਨੂੰ ਨੱਥ ਪਾਉਣ ਵਿੱਚ ਸਫਲ ਰਹੇਗੀ? ਹੋਰ ਵੀ ਬੜੇ ਗੁੰਝਲਦਾਰ ਤੇ ਪੇਚੀਦਾ ਸਵਾਲ ਮੂੰਹ ਅੱਡੀ ਖੜ੍ਹੇ ਹਨ। ਲੋਕਾਂ ਦੀਆਂ ਆਸਾਂ ’ਤੇ ‘ਆਪ’ ਨੂੰ ਹਰ ਹਾਲਤ ਖਰੇ ਉੱਤਰਨਾ ਪਵੇਗਾ। ਨਹੀਂ ਤਾਂ ਸ਼ਿਕਸਤ ਖਾ ਚੁੱਕੀਆਂ ਰਵਾਇਤੀ ਪਾਰਟੀਆਂ ਨੂੰ ਆਪਣੇ ਮਨਸੂਬਿਆਂ ਵਿੱਚ ਕਾਮਯਾਬ ਹੋਣ ਲੱਗਿਆਂ ਦੇਰ ਨਹੀਂ ਲੱਗਣੀ।

ਡਾ. ਅਵਤਾਰ ਸਿੰਘ ਮਚਾਕੀ
ਮੋ. 83603-42500

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ