ਮਹਿਜ਼ 6 ਸਾਲ ਦੀ ਉਮਰ ਵਿੱਚ ਕੁਸ਼ਤੀ ਦੇ ਅਖਾੜੇ ’ਚ ਨਿੱਤਰਨ ਵਾਲੀ ਪਹਿਲਵਾਨ
ਹਰਿਆਣਾ ਦੇ ਜ਼ਿਲ੍ਹਾ ਚਰਖੀ ਦਾਦਰੀ ਵਿਖੇ ਪਿਤਾ ਮਹਾਂਵੀਰ ਸਿੰਘ ਫੋਗਾਟ ਅਤੇ ਮਾਤਾ ਸ਼ੋਭਾ ਦੇ ਘਰ ਪੈਦਾ ਹੋਈਆਂ ਫੋਗਾਟ ਭੈਣਾਂ ਨੇ ਕੁਸ਼ਤੀ ਵਿੱਚ ਨਾਮਣਾ ਖੱਟ ਕੇ ਜਿੱਥੇ ਭਾਰਤ ਦਾ ਨਾਂਅ ਰੌਸ਼ਨ ਕੀਤਾ ਹੈ, ਉੱਥੇ ਹੀ ਇਹ ਚਾਰ ਭੈਣਾਂ ਕੁੜੀਆਂ ਲਈ ਪ੍ਰੇਰਨਾ ਸਰੋਤ ਵੀ ਹਨ। ਇਨ੍ਹਾਂ ਭੈਣਾਂ ਦੀ ਕੁਸ਼ਤੀ ਵਿੱਚ ਆਉਣ ਦੀ ਕਹਾਣੀ ਬਹੁਤ ਹੀ ਰੌਚਕ ਹੈ। ਆਪਣੀਆਂ ਧੀਆਂ ਨੂੰ ਕੁਸ਼ਤੀ ਦੇ ਅਖਾੜੇ ਵਿੱਚ ਉਤਾਰਨ ਲਈ ਉਨ੍ਹਾਂ ਦੇ ਪਿਤਾ ਮਹਾਂਵੀਰ ਫੋਗਾਟ ਦਾ ਬਹੁਤ ਵੱਡਾ ਹੱਥ ਹੈ। ਗੀਤਾ ਫੋਗਾਟ, ਸੰਗੀਤਾ, ਬਬੀਤਾ ਅਤੇ ਰਿਤੂ ਫੋਗਾਟ ਨੂੰ ਕੁਸ਼ਤੀ ਦਾ ਹੁਨਰ ਘਰ ਵਿੱਚੋਂ ਹੀ ਮਿਲਿਆ ਹੈ। ਇਨ੍ਹਾਂ ਦੇ ਪਿਤਾ ਮਹਾਂਵੀਰ ਸਿੰਘ ਫੋਗਾਟ (ਦਰੋਣਾਚਾਰੀਆ ਪੁਰਸਕਾਰ ਜੇਤੂ) ਜਿੱਥੇ ਆਪ ਇੱਕ ਵਧੀਆ ਪਹਿਲਵਾਨ ਸਨ, ਉੱਥੇ ਹੀ ਮਹਾਂਵੀਰ ਫੋਗਾਟ ਦੇ ਪਿਤਾ ਮਾਨ ਸਿੰਘ ਵੀ ਪਹਿਲਵਾਨੀ ਕਰਦੇ ਸਨ। ਆਪਣੇ ਪਿਤਾ ਤੋਂ ਪ੍ਰੇਰਿਤ ਹੋ ਕੇ ਮਹਾਂਵੀਰ ਖੁਦ ਪਹਿਲਵਾਨੀ ਕਰਨ ਲੱਗੇ ਸਨ।
ਮਹਾਂਵੀਰ ਫੋਗਾਟ ਨੇ ਰੂੜੀਵਾਦੀ ਵਿਚਾਰਧਾਰਾਂ ਨੂੰ ਇੱਕ ਪਾਸੇ ਕਰਦਿਆਂ ਆਪਣੀਆਂ ਧੀਆਂ ਨੂੰ ਕੁਸ਼ਤੀ ਦੇ ਅਖਾੜੇ ਵਿੱਚ ਉਤਾਰਿਆ ਅਤੇ ਉਨ੍ਹਾਂ ਨੂੰ ਅਜਿਹੀ ਪਹਿਚਾਣ ਦਿਵਾਈ ਕਿ ਬਾਅਦ ਵਿੱਚ ਫੋਗਾਟ ਭੈਣਾਂ ਦੀ ਜ਼ਿੰਦਗੀ ’ਤੇ ਅਮੀਰ ਖਾਨ ਵੱਲੋਂ ਦੰਗਲ ਨਾਂਅ ਦੀ ਫ਼ਿਲਮ ਵੀ ਬਣਾਈ ਗਈ। ਜਿਸ ਵਿੱਚ ਮਹਾਂਵੀਰ ਫੋਗਾਟ ਦਾ ਰੋਲ ਅਮੀਰ ਖਾਨ ਵੱਲੋਂ ਕੀਤਾ ਗਿਆ ਸੀ। ਇਹ ਫ਼ਿਲਮ ਸੁਪਰਹਿੱਟ ਸਾਬਤ ਹੋਈ ਸੀ।
ਆਪਣੀਆਂ ਧੀਆਂ ਦੀ ਅਜਿਹੀ ਪਹਿਚਾਣ ਸਥਾਪਿਤ ਕਰਨ ਲਈ ਮਹਾਂਵੀਰ ਫੋਗਾਟ ਨੂੰ ਆਪਣੀ ਪਤਨੀ ਸ਼ੋਭਾ ਦੇ ਵਿਚਾਰਾਂ ਦਾ ਵੀ ਵਿਰੋਧ ਕਰਨਾ ਪਿਆ। ਫੋਗਾਟ ਭੈਣਾਂ ਦੀ ਮਾਂ ਸ਼ੋਭਾ ਨਹੀਂ ਚਾਹੁੰਦੀ ਸੀ ਕਿ ਉਨ੍ਹਾਂ ਦੀਆਂ ਧੀਆਂ ਕੁਸ਼ਤੀ ਦੇ ਅਖਾੜੇ ਵਿੱਚ ਜਾਣ ਪਰ ਮਹਾਂਵੀਰ ਫੋਗਾਟ ਦੇ ਦਿ੍ਰੜ ਇਰਾਦੇ ਤੇ ਆਤਮ-ਵਿਸ਼ਵਾਸ ਕਾਰਨ ਹੀ ਅੱਜ ਇਨ੍ਹਾਂ ਫੋਗਾਟ ਭੈਣਾਂ ਦੀ ਪਹਿਚਾਣ ਦੁਨੀਆ ਦੇ ਨਕਸ਼ੇ ’ਤੇ ਸਥਾਪਿਤ ਹੋਈ ਹੈ।
ਇਨ੍ਹਾਂ ਭੈਣਾਂ ਦੀ ਭਾਰਤੀ ਕੁਸ਼ਤੀ ਨੂੰ ਦਿੱਤੀ ਦੇਣ ਸਬੰਧੀ ਅੱਜ ਅਸੀਂ ਬਬੀਤਾ ਫੋਗਾਟ ਦੇ ਜੀਵਨ ਬਾਰੇ ਜਾਣਕਾਰੀ ਸਾਂਝੀ ਕਰ ਰਹੇ ਹਾਂ।
ਬਬੀਤਾ ਫੋਗਾਟ ਦਾ ਜਨਮ 20 ਨਵੰਬਰ 1989 ਨੂੰ ਪਿਤਾ ਮਹਾਂਵੀਰ ਸਿੰਘ ਫੋਗਾਟ ਤੇ ਮਾਤਾ ਸ਼ੋਭਾ ਦੇ ਘਰ ਪਿੰਡ ਬਲਾਲੀ ਜ਼ਿਲ੍ਹਾ ਚਰਖੀ ਦਾਦਰੀ, ਹਰਿਆਣਾ ਵਿੱਚ ਹੋਇਆ। ਬਬੀਤਾ ਫੋਗਾਟ ਦਾ ਨਾਂਅ ਜਿੱਥੇ ਹਰਿਆਣਾ ਦੀਆਂ ਮਹਿਲਾ ਕੁਸ਼ਤੀ ਪਹਿਲਵਾਨਾਂ ਵਿੱਚ ਪੂਰੇ ਮਾਣ ਨਾਲ ਲਿਆ ਜਾਂਦਾ ਹੈ, ਉੱਥੇ ਹੀ ਉਸਨੇ ਵਿਦੇਸ਼ੀ ਧਰਤੀ ’ਤੇ ਭਾਰਤ ਦਾ ਨਾਂਅ ਵੀ ਰੌਸ਼ਨ ਕੀਤਾ ਹੈ।
ਬੀ. ਏ. ਤੱਕ ਵਿੱਦਿਆ ਹਾਸਲ ਕਰਨ ਵਾਲੀ ਬਬੀਤਾ ਨੂੰ ਕੁਸ਼ਤੀ ਦਾ ਸ਼ੌਂਕ ਬਚਪਨ ਵਿੱਚ ਹੀ ਪੈਦਾ ਹੋ ਗਿਆ ਸੀ। ਉਸਨੇ ਆਪਣੇ ਪਿੰਡ ਵਿੱਚ ਹੀ 6 ਸਾਲ ਦੀ ਉਮਰ ਦੌਰਾਨ ਆਪਣੇ ਭੈਣਾਂ-ਭਰਾਵਾਂ ਨਾਲ ਕੁਸ਼ਤੀ ਦਾ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ ਸੀ। ਉਹ ਪਿੰਡ ਵਿੱਚ ਲੜਕੇ ਅਤੇ ਲੜਕੀਆਂ ਵਿਚਕਾਰ ਹੁੰਦੇ ਭੇਦਭਾਵ ਤੋਂ ਨਿਰਾਸ਼ ਹੁੰਦੀ ਸੀ ਤੇ ਲੋਕਾਂ ਦੀ ਇਸ ਸੋਚ ਨੂੰ ਬਦਲਣ ਲਈ ਯਤਨਸ਼ੀਲ ਸੀ। ਇਸ ਵਿੱਚ ਉਸਦਾ ਸਾਥ ਉਸ ਦੇ ਪਿਤਾ ਮਹਾਂਵੀਰ ਸਿੰਘ ਫੋਗਾਟ ਵਲੋਂ ਦਿੱਤਾ ਗਿਆ। ਉਨ੍ਹਾਂ ਦੇ ਪਿਤਾ ਹੀ ਉਨ੍ਹਾਂ ਦੇ ਕੋਚ ਸਨ ਕਿਉਂਕਿ ਫੋਗਾਟ ਭੈਣਾਂ ਦੇ ਪਿਤਾ ਵੀ ਆਪਣੇ ਸਮੇਂ ਦੌਰਾਨ ਮਸ਼ਹੂਰ ਪਹਿਲਵਾਨ ਰਹਿ ਚੁੱਕੇ ਹਨ।
ਉਸ ਦੇ ਪਿਤਾ ਮਹਾਂਵੀਰ ਫੋਗਾਟ ਦੇ ਕੋਚ ਚੰਦਗੀ ਰਾਮ ਨੇ ਵੀ ਬਬੀਤਾ ਦੇ ਪਿਤਾ ਨੂੰ ਇਸ ਲਈ ਉਤਸ਼ਾਹਿਤ ਕੀਤਾ ਸੀ ਕਿ ਉਹ ਆਪਣੀਆਂ ਧੀਆਂ ਨੂੰ ਕੁੁਸ਼ਤੀ ਦੇ ਅਖਾੜੇ ਵਿੱਚ ਜ਼ਰੂਰ ਲਿਆਉਣ। ਇਸ ਹੱਲਾਸ਼ੇਰੀ ਨੇ ਫੋਗਾਟ ਭੈਣਾਂ ਦਾ ਕੁਸ਼ਤੀ ਵਿੱਚ ਆਉਣ ਲਈ ਰਸਤਾ ਖੋਲ੍ਹ ਦਿੱਤਾ। ਆਪਣੀਆਂ ਦੂਸਰੀਆਂ ਭੈਣਾਂ ਵਾਂਗ ਬਬੀਤਾ ਵੀ ਪਹਿਲਵਾਨੀ ਦਾ ਅਭਿਆਸ ਕਰਨ ਲੱਗ ਪਈ। ਮਹਾਂਵੀਰ ਫੋਗਾਟ ਨੇ ਆਪਣੀ ਪਹਿਲਵਾਨੀ ਦੀ ਪਰਿਵਾਰਕ ਪਿਰਤ ਨੂੰ ਅੱਗੇ ਤੋਰਦਿਆਂ ਆਪਣੀਆਂ ਲੜਕੀਆਂ ਨੂੰ ਵੀ ਪਹਿਲਵਾਨੀ ਦੇ ਦੰਗਲ ਵਿੱਚ ਉਤਾਰਿਆ। ਬਬੀਤਾ ਦੀ ਮਾਤਾ ਸ਼ੁਰੂ ਵਿੱਚ ਆਪਣੀਆਂ ਬੇਟੀਆਂ ਨੂੰ ਪਹਿਲਵਾਨ ਨਹੀਂ ਬਣਾਉਣਾ ਚਾਹੁੰਦੀ ਸੀ।
ਉਸਦਾ ਤਰਕ ਸੀ ਕਿ ਰੂੜੀਵਾਦੀ ਸਮਾਜਿਕ ਸੋਚ ਅਨੁਸਾਰ ਲੜਕੀਆਂ ਨੂੰ ਪਹਿਲਵਾਨ ਬਣਾਉਣਾ ਬਿਲਕੁਲ ਵੀ ਠੀਕ ਨਹੀਂ ਹੈ। ਪਰ ਬਬੀਤਾ ਦੇ ਪਿਤਾ ਦੀ ਸੋਚ ਸੀ ਕਿ ਜਦੋਂ ਇੱਕ ਔਰਤ ਦੇਸ਼ ਦੀ ਪ੍ਰਧਾਨ ਮੰਤਰੀ ਬਣ ਸਕਦੀ ਹੈ ਤਾਂ ਫਿਰ ਪਹਿਲਵਾਨ ਕਿਉਂ ਨਹੀਂ! ਬਬੀਤਾ ਫੋਗਾਟ ਦੀ ਭੈਣ ਸੰਗੀਤਾ ਫੋਗਾਟ ਅਤੇ ਗੀਤਾ ਫੋਗਾਟ ਨੇ ਵੀ ਪਹਿਲਵਾਨੀ ਦੇ ਖੇਤਰ ਵਿੱਚ ਵੱਡਾ ਨਾਂਅ ਕਮਾਇਆ ਹੈ। ਇਨ੍ਹਾਂ ਭੈਣਾਂ ਨੂੰ ਆਮ ਲੋਕ ਫੋਗਾਟ ਭੈਣਾਂ ਦੇ ਨਾਂਅ ਨਾਲ ਜਾਣਦੇ ਹਨ।
ਸਾਲ 2009 ਵਿੱਚ ਜਲੰਧਰ (ਪੰਜਾਬ) ਵਿੱਚ ਹੋਈ ਕਾਮਨਵੈਲਥ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਬਬੀਤਾ ਨੇ 51 ਕਿਲੋਗ੍ਰਾਮ ਭਾਰ ਵਰਗ ਵਿੱਚ ਸੋਨੇ ਦਾ ਤਗਮਾ ਜਿੱਤਿਆ ਸੀ। 2010 ਵਿੱਚ ਦਿੱਲੀ ਵਿਖੇ ਹੋਈਆਂ ਕਾਮਨਵੈਲਥ ਖੇਡਾਂ ਵਿੱਚ ਬਬੀਤਾ ਫੋਗਾਟ ਨੇ ਚਾਂਦੀ ਦਾ ਤਗਮਾ ਜਿੱਤ ਕੇ ਦੇਸ਼ ਦਾ ਨਾਂਅ ਰੌਸ਼ਨ ਕੀਤਾ। ਇਸ ਤੋਂ ਬਾਅਦ ਉਸਨੇ ਸਾਲ 2012 ਦੀ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗਮਾ ਜਿੱਤਿਆ। ਇਸ ਮੁਕਾਬਲੇ ਵਿੱਚ ਉਹ ਤਗਮਾ ਜਿੱਤਣ ਵਾਲੀ ਕੇਵਲ ਦੂਸਰੀ ਭਾਰਤੀ ਮਹਿਲਾ ਪਹਿਲਵਾਨ ਹੈ।
ਇਸ ਤੋਂ ਪਹਿਲਾਂ ਉਸਦੀ ਭੈਣ ਗੀਤਾ ਫੋਗਾਟ ਨੇ ਵੀ ਇਸ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ। ਸਾਲ 2011 ਦੇ ਕਾਮਨਵੈਲਥ ਕੁਸ਼ਤੀ ਮੁਕਾਬਲੇ ਦੌਰਾਨ ਬਬੀਤਾ ਫੋਗਾਟ ਨੇ 48 ਕਿਲੋਗ੍ਰਾਮ ਭਾਰ ਵਰਗ ਵਿੱਚ ਦੇਸ਼ ਲਈ ਸੋਨੇ ਦਾ ਤਗਮਾ ਜਿੱਤ ਕੇ ਆਪਣੇ ਹੁਨਰ ਦਾ ਲੋਹਾ ਮਨਵਾਇਆ। ਸਾਲ 2013 ਵਿੱਚ ਉਸ ਨੇ ਦਿੱਲੀ ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ ਵਿੱਚ 55 ਕਿਲੋਗ੍ਰਾਮ ਭਾਰ ਵਰਗ ਵਿੱਚ ਕਾਂਸੀ ਦਾ ਤਗਮਾ ਜਿੱਤਿਆ। ਸਾਲ 2014 ਬਬੀਤਾ ਦੇ ਖੇਡ ਕੈਰੀਅਰ ਲਈ ਇਤਿਹਾਸਕ ਹੋ ਨਿੱਬੜਿਆ ਸੀ।
2014 ਵਿੱਚ ਸਕਾਟਲੈਂਡ ਦੇ ਗਲਾਸਗੋ ਵਿੱਚ ਹੋਈਆਂ ਰਾਸ਼ਟਰ ਮੰਡਲ ਖੇਡਾਂ ਵਿੱਚ ਉਸ ਨੇ 55 ਕਿਲੋਗ੍ਰਾਮ ਭਾਰ ਵਰਗ ਵਿੱਚ ਸਕਾਟਲੈਂਡ ਦੀ ਖਿਡਾਰਨ ਕਸ਼ਿਅਨ ਮਾਰਸ਼ ਨੂੰ 4-1 ਨਾਲ ਹਰਾਇਆ ਤੇ ਫਿਰ ਇੰਗਲੈਂਡ ਦੀ ਖਿਡਾਰਨ ਲੋਇਸਾ ਨੂੰ ਹਰਾ ਕੇ ਉਸਨੇ ਸੈਮੀਫਾਈਨਲ ਵਿੱਚ ਆਪਣੀ ਥਾਂ ਪੱਕੀ ਕੀਤੀ। ਫਿਰ ਫਾਈਨਲ ਮੁਕਾਬਲੇ ਵਿੱਚ ਉਸ ਨੇ ਕੈਨੇਡਾ ਦੀ ਖਿਡਾਰਨ ਨੂੰ ਹਰਾ ਕੇ ਇਨ੍ਹਾਂ ਖੇਡਾਂ ਵਿੱਚ ਸੋਨੇ ਦਾ ਤਗਮਾ ਆਪਣੇ ਨਾਂਅ ਕੀਤਾ। ਬਬੀਤਾ ਫੋਗਾਟ 2018 ਦੀਆਂ ਗੋਲਡ ਕੋਸਟ ਕਾਮਨਵੈਲਥ ਖੇਡਾਂ ਵਿੱਚ ਵੀ 55 ਕਿਲੋ ਭਾਰ ਵਰਗ ਵਿੱਚ ਸੋਨੇ ਦਾ ਤਗਮਾ ਜਿੱਤ ਚੁੱਕੀ ਹੈ।
ਹਰਿਆਣਾ ਸਰਕਾਰ ਵੱਲੋਂ ਉਸ ਨੂੰ ਪਹਿਲਾ ਪੁਲਿਸ ਵਿਭਾਗ ਵਿੱਚ ਨੌਕਰੀ ਦਿੱਤੀ ਗਈ ਸੀ ਪਰ ਬਬੀਤਾ ਖੇਡ ਵਿਭਾਗ ਵਿੱਚ ਨੌਕਰੀ ਕਰਨ ਦੀ ਇੱਛੁਕ ਸੀ ਤਾਂ ਸਰਕਾਰ ਨੇ ਖੇਡ ਵਿਭਾਗ ਵਿੱਚ ਉਪ-ਨਿਰਦੇਸ਼ਕ ਦੇ ਅਹੁਦੇ ’ਤੇ ਬਿਰਾਜਮਾਨ ਕੀਤਾ ਪਰ ਰਾਜਨੀਤੀ ਵਿੱਚ ਦਿਲਚਸਪੀ ਹੋਣ ਕਾਰਨ ਉਸ ਨੇ ਨੌਕਰੀ ਛੱਡ ਕੇ 2019 ਦੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਦੌਰਾਨ ਦਾਦਰੀ ਤੋਂ ਭਾਜਪਾ ਦੀ ਟਿਕਟ ’ਤੇ ਚੋਣ ਲੜੀ, ਜਿਸ ਵਿੱਚ ਉਸਦੀ ਹਾਰ ਹੋਈ ਸੀ। 1 ਦਸੰਬਰ 2019 ਵਿੱਚ ਬਬੀਤਾ ਦਾ ਵਿਆਹ ਪਹਿਲਵਾਨ ਵਿਵੇਕ ਸਿਹਾਗ ਨਾਲ ਹੋਇਆ। ਬਬੀਤਾ ਫੋਗਾਟ ਦੀਆਂ ਖੇਡ ਪ੍ਰਾਪਤੀਆਂ ਲਈ ਭਾਰਤ ਸਰਕਾਰ ਵੱਲੋਂ ਉਸਨੂੰ ਅਰਜੁਨ ਪੁਰਸਕਾਰ ਵੀ ਮਿਲ ਚੁੱਕਾ ਹੈ।
ਜਗਤਾਰ ਸਮਾਲਸਰ, ਐਲਨਾਬਾਦ, ਸਰਸਾ (ਹਰਿਆਣਾ) ਮੋ. 94670-95953
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ