ਅਜੋਕੇ ਅਤੇ ਪਹਿਲਾਂ ਦੇ ਵਿਆਹ, ਪ੍ਰਵਿਰਤੀਆਂ ਤੇ ਪ੍ਰਸਥਿਤੀਆਂ

ਅਜੋਕੇ ਅਤੇ ਪਹਿਲਾਂ ਦੇ ਵਿਆਹ, ਪ੍ਰਵਿਰਤੀਆਂ ਤੇ ਪ੍ਰਸਥਿਤੀਆਂ

ਪ੍ਰਕਿਰਤੀ ਵਿੱਚ ਸਭ ਕੁਝ ਪਰਿਵਰਤਨਸ਼ੀਲ ਹੈ। ਸਮੇਂ, ਸਥਾਨ ਦੇ ਸੰਦਰਭ ਵਿੱਚ ਪ੍ਰਸਥਿਤੀਆਂ ਦੇ ਬਦਲਣ ਕਰਕੇ ਸਮਾਜ ਵਿੱਚ ਪਰਿਵਰਤਨ ਆਉਣਾ ਸੁਭਾਵਿਕ ਹੈ। ਅੱਜ ਸਿੱਖਿਆ ਅਤੇ ਇਸਤਰੀ ਦੀ ਆਜ਼ਾਦੀ ਕਰਕੇ ਲੋਕਾਂ ਦਾ ਵਿਆਹ, ਇਸਤਰੀ ਪ੍ਰਤੀ ਨਜ਼ਰੀਆ ਬਦਲ ਗਿਆ ਹੈ। ਆਧੁਨਿਕ ਵਿਚਾਰਾਂ, ਆਵਾਜਾਈ ਅਤੇ ਅਤਿ-ਆਧੁਨਿਕ ਸੰਚਾਰ ਸਾਧਨਾਂ ਨੇ ਇੱਕ ਸਮਾਜ ਦਾ ਹੋਰ ਸਮਾਜਾਂ ਨਾਲ ਸੰਪਰਕ ਜੋੜ ਦਿੱਤਾ ਹੈ। ਵਿਆਹ ਸਬੰਧੀ ਸਮਾਜਿਕ ਰੋਕਾਂ ਕਮਜ਼ੋਰ ਪੈ ਗਈਆਂ ਹਨ। ਪਿਛਲੇ ਸਮੇਂ ਦੌਰਾਨ ਵਿਆਹ ਧਾਰਮਿਕ ਅਤੇ ਪਵਿੱਤਰ ਸੰਸਕਾਰ ਸਮਝਿਆ ਜਾਂਦਾ ਸੀ। ਅੱਜ-ਕੱਲ੍ਹ ਵਿਆਹ ਸਮਾਜਿਕ ਸਮਝੌਤਾ ਹੈ।

ਕੋਈ ਵੇਲਾ ਹੁੰਦਾ ਸੀ ਜਦ ਵਿਆਹ ਕਈ-ਕਈ ਦਿਨ ਤੱਕ ਚੱਲਦਾ ਹੁੰਦਾ ਸੀ, ਵਿਆਹ ਦੀਆਂ ਤਿਆਰੀਆਂ ਮਿਥੀ ਤਰੀਕ ਤੋਂ ਪਹਿਲਾਂ ਹੀ ਸ਼ੁਰੂ ਹੋ ਜਾਂਦੀਆਂ ਸਨ ਉਦੋਂ ਵਿਆਹ ’ਤੇ ਲੋਕ ਖਾਣ ਲਈ ਨਹੀਂ ਜਾਂਦੇ ਸਨ, ਬਲਕਿ ਵਿਆਹ ਵੇਖਣ ਜਾਂਦੇ ਸਨ, ਪਰ ਅਜੋਕੇ ਵਿਆਹਾਂ ਵਿਚ ਲੋਕ ਭਾਂਤ-ਭਾਂਤ ਦੇ ਪਕਵਾਨ ਹੀ ਖਾਣ ਜਾਂਦੇ ਹਨ। ਅੱਜ ਕਿਸੇ ਨੂੰ ਚਾਅ ਨਹੀਂ ਹੁੰਦਾ ਮੁੰਡੇ-ਕੁੜੀ (ਲਾੜੇ ਜਾਂ ਲਾੜੀ) ਨੂੰ ਵੇਖਣ ਦਾ। ਅੱਜ-ਕੱਲ੍ਹ ਹਰ ਕੋਈ ਵਿਆਹ ’ਚ ਖਾ-ਪੀ ਕੇ ਘਰ ਪਰਤ ਆਉਂਦਾ ਹੈ।

ਅਜੋਕੇ ਵਿਆਹ ਤਾਂ ਬੱਸ ਚੰਦ ਕੁ ਘੰਟਿਆਂ ਦੀ ਖੇਡ ਹੀ ਬਣ ਕੇ ਰਹਿ ਗਏ ਹਨ। ਹੁਣ ਕੋਈ ਗਲੀ ਗੁਆਂਢ ਦੇ ਮੁੰਡੇ ਮੰਜੇ-ਬਿਸਤਰੇ ਆਦਿ ਇਕੱਠੇ ਨਹੀਂ ਕਰਦੇ, ਕਰਨ ਵੀ ਕਿਉਂ ਕਿਸੇ ਕੋਲ ਸਮਾਂ ਹੀ ਨਹੀਂ ਰਾਤਾਂ ਰਹਿਣ ਦਾ। ਮੈਰਿਜ ਪੈਲੇਸ ਨੇ ਆਪਣੀ ਜਗ੍ਹਾ ਸੌ ਫੀਸਦੀ ਪੱਕੀ ਕਰ ਲਈ ਹੈ। ਸਮੇਂ ਦੀ ਘਾਟ ਅਤੇ ਝਮੇਲਿਆਂ ਭਰੀ ਜ਼ਿੰਦਗੀ ਵਿੱਚ ਮੈਰਿਜ ਪੈਲਿਸਾਂ ਦੀਆਂ ਸਹੂਲਤਾਂ ਸਲਾਹੁਣਯੋਗ ਹਨ, ਪਰ ਇਸ ਦੇ ਨਾਲ ਸਾਡੇ ਵਿਰਸੇ ਦੀਆਂ ਵਿਸ਼ੇਸ਼ਤਾਵਾਂ ਦਾ ਖਾਤਮਾ ਹੁੰਦੇ ਜਾਣਾ ਚਿੰਤਾਜਨਕ ਵਿਸ਼ਾ ਵੀ ਹੈ।

ਅਜੋਕੇ ਵਿਆਹਾਂ ਵਿੱਚ ਨਾ ਤਾਂ ਬਰਾਤੀ ਦਾ ਪਤਾ ਹੁੰਦਾ ਹੈ ਤੇ ਨਾ ਹੀ ਕੁੜੀ ਵਾਲਿਆਂ ਦਾ, ਸਭ ਪੈਲੇਸ ਦੀਆਂ ਕੁਰਸੀਆਂ ’ਤੇ ਇਕੱਠੇ ਹੀ ਬਿਰਾਜਮਾਨ ਹੁੰਦੇ ਹਨ। ਪਹਿਲਾਂ ਵਾਲੇ ਵਿਆਹਾਂ ਵਿਚ ਮਨੋਰੰਜਨ ਦੇ ਦੋ ਹੀ ਸਾਧਨ ਹੁੰਦੇ ਸਨ ਇੱਕ ਤਾਂ ਗ੍ਰਾਮੋਫੋਨ ਭਾਵ ਤਵਿਆਂ ਵਾਲੀ ਮਸ਼ੀਨ, ਇਹ ਵਿਆਹ ਸ਼ੁਰੂ ਹੋਣ ਵਾਲੇ ਦਿਨ ਤੋਂ ਲੈ ਕੇ ਅਖੀਰਲੇ ਦਿਨ ਤੱਕ ਕੋਠੇ ’ਤੇ ਦੋ ਮੰਜੇ ਜੋੜ ਕੇ ਉੱਪਰ ਸਪੀਕਰ ਬੰਨ੍ਹ ਕੇ ਗੀਤ ਚੱਲਦੇ ਰਹਿੰਦੇ ਸਨ ਅਤੇ ਜਾਂ ਫਿਰ ਢੋਲੀ ਨੂੰ ਬੁਲਾਇਆ ਜਾਂਦਾ ਸੀ ਤੇ ਨੌਜਵਾਨ ਢੋਲ ਦੇ ਡਗੇ ’ਤੇ ਨੱਚਦੇ-ਗਾਉਂਦੇ ਰਹਿੰਦੇ ਸਨ, ਖੁਸ਼ੀ ਵਿਚ ਧਮਾਲਾਂ ਪਾਉਂਦੇ ਸਨ, ਪਰ ਹੁਣ ਅਜਿਹਾ ਕੁਝ ਨਹੀਂ, ਅੱਜ-ਕੱਲ੍ਹ ਜ਼ਿਆਦਾਤਰ ਆਰਕੈਸਟਰਾ ਵਾਲਿਆਂ ਨੂੰ ਬੁਲਾਇਆ ਜਾਂਦਾ ਹੈ ਅਤੇ ਫਿਰ ਨੌਜਵਾਨ, ਬੱਚੇ, ਔਰਤਾਂ ਅਤੇ ਇੱਥੋਂ ਤੱਕ ਕਿ ਕਈ ਤਾਂ ਚਿੱਟੀ ਦਾੜ੍ਹੀ ਵਾਲੇ ਬਜੁਰਗ ਵੀ ਆਰਕੈਸਟਰਾ ਵਾਲੀਆਂ ਕੁੜੀਆਂ ਦੇ ਨਾਲ ਨੱਚਦੇ ਦਿਖਾਈ ਦਿੰਦੇ ਹਨ। ਜਿਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ’ਤੇ ਆਮ ਹੀ ਵਾਇਰਲ ਹੁੰਦੀਆਂ ਰਹਿੰਦੀਆਂ ਹਨ।

ਅਜਿਹੀ ਸਥਿਤੀ ਵਿੱਚ ਕਈ ਵਾਰੀ ਤਾਂ ਦੋ ਧਿਰਾਂ ਬਣ ਜਾਂਦੀਆਂ ਹਨ। ਇੱਕ ਧਿਰ ਕਹਿੰਦੀ ਹੈ ਮੇਰੀ ਫਰਮਾਇਸ਼ ਦਾ ਆਹ ਗੀਤ ਲੱਗੂ, ਦੂਜੀ ਕਹਿੰਦੀ ਹੈ ਮੇਰੀ ਫਰਮਾਇਸ਼ ਦਾ ਆਹ ਗੀਤ ਲੱਗੂ, ਗੱਲ ਫਿਰ ਲੜਾਈ ਤੱਕ ਅੱਪੜ ਜਾਂਦੀ ਹੈ, ਹੁਣ ਤੁਸੀਂ ਸੋਚੋ ਕਿ ਇਹ ਵਿਆਹ ਹੋਇਆ ਜਾਂ ਲੜਾਈ ਦਾ ਮੈਦਾਨ। ਰਿਬਨ ਕੱਟਣਾ, ਜੁੱਤੀ ਦਾ ਲੁਕਾਉਣਾ, ਛੰਦ ਸੁਣਨੇ ਅਤੇ ਜਾਗੋ ਕੱਢਣੀ ਤਾਂ ਕਿਸੇ ਦੇ ਚਿੱਤ-ਚੇਤੇ ਨਹੀਂ ਹੁੰਦੇ। ਅਜਿਹੀਆਂ ਦਿਲਚਸਪ ਰਸਮਾਂ ਅਜੋਕੇ ਵਿਆਹਾਂ ਵਿੱਚ ਨਾਮਾਤਰ ਹੀ ਰਹਿ ਗਈਆਂ ਹਨ।

ਸੱਚਮੁੱਚ ਉਹ ਵੇਲਾ ਲੱਦ ਗਿਆ ਜਦੋਂ ਨਾਨਕਾ ਮੇਲ ਆਉਂਦਾ ਸੀ, ਜਾਗੋ ਕੱਢਦੇ ਸੀ, ਅਜੋਕੇ ਵਿਆਹ ਦੇ ਵਿਚ ਇਹ ਦਿ੍ਰਸ਼ ਦੇਖਣ ਨੂੰ ਨਹੀਂ ਮਿਲਦੇ, ਪਰ ਕੀਤਾ ਵੀ ਕੀ ਜਾ ਸਕਦਾ ਹੈ? ਰੁਝੇਵਿਆਂ ਤੇ ਤਣਾਅ ਨਾਲ ਭਰਪੂਰ ਇਸ ਜ਼ਿੰਦਗੀ ਵਿਚ ਕੰਨ ਪਾੜਵੇਂ ਪੱਛਮੀ ਸੰਗੀਤ ਦੇ ਹੇਠਾਂ ਸਾਡੇ ਪੰਜਾਬੀ ਵਿਰਾਸਤ ਦੇ ਸੰਗੀਤ ਦੀ ਆਵਾਜ਼ ਦੱਬ ਕੇ ਰਹਿ ਜਾਂਦੀ ਹੈ, ਨਾਲ ਹੀ ਆਪਸੀ ਰਿਸ਼ਤਿਆਂ ਵਿਚਲੇ ਘਟਦੇ ਮੋਹ ਦੀ ਤਸਵੀਰ ਵੀ ਸਾਫ਼ ਝਲਕਦੀ ਹੈ।

ਇਸ ਤੋਂ ਇਲਾਵਾ ਦੂਸਰੇ ਪਾਸੇ ਦੇਖੀਏ ਤਾਂ ਪੰਡਿਤਾਂ ਦੀ ਮੱਤ ਅਨੁਸਾਰ ਗੁਰੂ ਨਾਨਕ ਸਾਹਿਬ ਦੇ ਜਨਮ ਤੋਂ ਪਹਿਲਾਂ ਮੁੰਡੇ ਅਤੇ ਕੁੜੀ ਦੀ ਜਨਮ ਕੁੰਡਲੀ ਮਿਲਾ ਕੇ ਜਾਤ, ਗੋਤ ਪਰਖ ਕੇ, ਪੰਡਤਾਂ ਵੱਲੋਂ ਸ਼ੁੱਭ ਦਿਨ ਦਾ ਧਿਆਨ ਰੱਖ ਕੇ ਵਿਆਹ ਕੀਤੇ ਜਾਂਦੇ ਸਨ, ਪਰ ਹੁਣ ਮੁੰਡੇ-ਕੁੜੀ ਦੀ ਲਿਆਕਤ, ਪੜ੍ਹਾਈ, ਸੁਹੱਪਣ, ਆਪਸੀ ਰਜ਼ਾਮੰਦੀ, ਉਮਰ ਤੇ ਗੁਣ ਆਦਿ ਧਿਆਨ ਵਿੱਚ ਰੱਖ ਕੇ ਕੀਤਾ ਜਾਂਦਾ ਹੈ। ਗੁਰੂ ਸਾਹਿਬਾਨਾਂ ਨੇ ਸਿੱਖਾਂ ਵਿੱਚ ਜਾਤ ਦਾ ਖੰਡਨ ਕੀਤਾ ਹੈ, ਪਰ ਫਿਰ ਵੀ ਸਾਡੇ ਕੁਝ ਲੋਕ ਹੋਰਾਂ ਨੂੰ ਦੇਖ ਕੇ ਜਾਤਾਂ-ਪਾਤਾਂ ਪਿੱਛੇ ਲੱਗੇ ਰਹਿੰਦੇ ਹਨ। ਹਿੰਦੂ ਧਰਮ ਵਿੱਚ ਖੱਤਰੀ, ਬ੍ਰਾਹਮਣ, ਸੂਦ ਅਤੇ ਵੈਸ਼, ਚਾਰ ਵਰਨ ਹਨ, ਪਰ ਸਿੱਖ ਧਰਮ ਵਿੱਚ ਗੁਰੂ ਸਾਹਿਬਾਨਾਂ ਨੇ ਸਿੱਖਾਂ ਨੂੰ ਜਾਤ-ਪਾਤ ਤੋਂ ਮੁਕਤ ਕੀਤਾ ਹੈ।

ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਕਥਨ ਹੈ ਕਿ ਇਨਸਾਨ ਸਿਰਫ ਆਪਣੇ ਕੀਤੇ ਕਰਮਾਂ ਨਾਲ ਹੀ ਉੱਚਾ-ਨੀਵਾਂ ਹੋ ਸਕਦਾ ਹੈ। ਇਸ ਤੋਂ ਇਲਾਵਾ ਅਜੋਕੇ ਸਮੇਂ ਵਿਆਹ ਤੋਂ ਪਹਿਲਾਂ ਹੀ ਸ਼ਗਨ ਕਰਨ ਸਮੇਂ ਵਿੱਤੋਂ ਪਰੋਖੇ ਹੋ ਕੇ ਮਹਿੰਗੀਆਂ ਤੋਂ ਮਹਿੰਗੀਆਂ ਸੁਗਾਤਾਂ ਦੇਣ ਦਾ ਰਿਵਾਜ਼ ਪੈਂਦਾ ਜਾ ਰਿਹਾ ਹੈ। ਮੁੰਡੇ ਨੂੰ ਮੁੰਦਰੀ, ਕੜਾ ਪਾਇਆ ਜਾਂਦਾ ਹੈ। ਰੁਪਏ ਕੈਸ਼ ਦੇਣ ਦਾ ਰਿਵਾਜ਼ ਵਧ ਗਿਆ ਹੈ। ਵਿਆਹ ’ਤੇ ਵਾਧੂ ਪੈਸਾ ਖਰਚ ਕੀਤਾ ਜਾਂਦਾ ਹੈ, ਜੋ ਕਿ ਅਜੋਕੇ ਵਿਆਹਾਂ ਦਾ ਇੱਕ ਹੋਰ ਨਕਾਰਾਤਮਿਕ ਪੱਖ ਹੈ।
ਸਿਵੀਆਂ (ਬਠਿੰਡਾ)
ਮੋ. 80547-57806
ਹਰਮੀਤ ਸਿਵੀਆਂ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ