ਮੱਧਮ ਪਿਆ ਭਾਜੀ ਫੇਰਨ ਦਾ ਰਿਵਾਜ਼

ਸਾਡੇ ਸੱਭਿਆਚਾਰ ਵਿਚ ਵਿਆਹ ਦੀ ਬਹੁਤ ਵੱਡੀ ਮਹੱਤਤਾ ਹੈ। ਵਿਆਹ ਦੇ ਦਿਨ ਤੋਂ ਕਈ ਦਿਨ ਪਹਿਲਾਂ ਸ਼ੁਰੂ ਹੋ ਜਾਂਦੀ ਹੈ। ਵਿਆਹ ਦੇ ਨਾਲ ਹੋਰ ਵੀ ਬਹੁਤ ਰੀਤਾਂ-ਪਰੰਪਰਾਵਾਂ ਵਿਆਹ ਦੇ ਦਿਨ ਤੋਂ ਮਗਰੋਂ ਤੱਕ ਜੁੜੀਆਂ ਹੋਈਆਂ ਹਨ । ਜਿਸ ਤਰਾਂ ਵਿਆਹ ਤੋਂ ਪਹਿਲਾਂ ਚਿੱਠੀ ਪੱਲੇ ਪਾਉਣਾ, ਮਾਈਆਂ ਬੰਨ੍ਹਣਾ, ਰਾਤ ਜਗਾ, ਰੋਟੀ ਆਦਿ ਤੋਂ ਲੈ ਕੇ ਵਿਆਹ ਦੇ ਦਿਨ ਤੋਂ ਬਾਅਦ ਇੱਕ ਰਿਵਾਜ ਹੈ ਭਾਜੀ ਫੇਰਨ ਦਾ, ਇਸਨੂੰ ਆਪਣੇ ਇਲਾਕੇ ਦੇ ਹਿਸਾਬ ਨਾਲ ਪੱਤਲ ਦੇਣਾ, ਪਰੋਸਾ ਫੇਰਨਾ ਵੀ ਕਹਿੰਦੇ ਹਨ।

ਵਿਆਹ ਤੋਂ ਮਗਰੋਂ ਜਦੋਂ ਮੇਲ -ਗੇਲ ਵਿਦਾ ਹੋ ਜਾਂਦਾ ਹੈ ਤਾਂ ਸਰੀਕੇ ’ਚੋਂ ਔਰਤਾਂ, ਕੁੜੀਆਂ, ਘਰ ਦੀ ਮੈਂਬਰ ਔਰਤ ਲਾਗਣ ਨੂੰ ਨਾਲ ਲੈ ਕੇ ਗਲੀ-ਮੁਹੱਲੇ ਸਰੀਕੇ ਵਾਲਿਆਂ ਦੇ ਘਰ ਜਾਂ ਜਿਸ ਘਰ ਨਾਲ ਵਿਆਹ-ਸ਼ਾਦੀ ਦਾ ਲੈਣ-ਦੇਣ ਹੁੰਦਾ ਹੈ, ਚੀਜ਼-ਵਸਤ ਆਉਂਦੀ-ਜਾਂਦੀ ਹੈ, ਉਨ੍ਹਾਂ ਘਰ ਵਿਚ ਵੀ ਭਾਜੀ ਦਿੱਤੀ ਜਾਂਦੀ ਹੈ । ਭਾਜੀ ਵਿਚ ਜਿਆਦਾਤਰ ਸ਼ੱਕਰਪਾਰੇ (ਤੋਸ਼ੇ) (ਤੁਖਮੇ), ਨਮਕ ਪਕੌੜੀਆਂ, ਖੰਡ ਚਾੜ ਕੇ ਮਿੱਠੀ ਪਕੌੜੀ, ਲੱਡੂ ਹੁੰਦੇ ਹਨ । ਔਰਤਾਂ ਪਰਾਂਤਾਂ ਵਿਚ ਪਾ ਕੇ ਸਿਰ ’ਤੇ ਚੁੱਕਦੀਆਂ ਹਨ। ਲਾਗਣ ਜਾਂ ਕੋਈ ਹੋਰ ਔਰਤ ਵੀ ਕੌਲੀ, ਬਾਟੀ ਵਿਚ ਦੋ-ਤਿੰਨ ਲੱਡੂ, ਸ਼ੱਕਰਪਾਰੇ, ਪਕੌੜੀਆਂ ਦੀ ਮੁੱਠੀ ਪਾ ਕੇ ਘਰ-ਘਰ ਦਿੰਦੀ ਹੈ । ਆਪਣੇ ਸੁਭਾਅ ਮੁਤਾਬਿਕ ਲਾਗਣ ਬੂਹੇ ’ਤੇ ਆ ਕੇ ਕਹਿੰਦੀ ਹੈ, ਭਾਂਡਾ ਲਿਆਓ ਭੈਣੇ! ਤਾਂ ਸਹਿਜੇ ਹੀ ਅੰਦਰ ਬੈਠੀਆਂ ਔਰਤਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਵਿਆਹ ਵਾਲੇ ਘਰੋਂ ਭਾਜੀ ਫੇਰਦੀਆਂ ਫਿਰਦੀਆਂ ਹਨ।

ਘਰ ਵਾਲੀ ਔਰਤ ਭਾਂਡਾ ਲੈ ਕੇ ਆਉਂਦੀ ਹੈ ਨਾਲੇ ਭਾਜੀ ਪਵਾਉਂਦੀ ਹੈ, ਨਾਲੇ ਵਧਾਈਆਂ ਦਿੰਦੀ ਹੈ ਵਿਆਹ ਚੰਗਾ ਵਧੀਆ ਹੋਣ ਬਾਰੇ ਪੁੱਛਦੀ ਹੈ । ਕੁਝ ਸਮਾਂ ਪਹਿਲਾਂ ਜਦੋਂ ਵਿਆਹ ਵਾਲੀ ਕੁੜੀ ਨਾਲ ਭਾਜੀ ਫੇਰਨ ਜਾਂਦੀ ਤਾਂ ਕੁੜੀ ਨੂੰ ਵਿਆਹ ਤੋਂ ਬਾਅਦ ਪਹਿਲੇ ਦਿਨ ਬੂਹੇ ’ਤੇ ਦਸਤਕ ਦੇਣ ’ਤੇ ਬਕਾਇਦਾ ਸ਼ਗਨ, ਜਿਸ ਵਿਚ ਗੁੜ, ਪੈਸੇ ਆਦਿ ਹੁੰਦੇ, ਦਿੱਤਾ ਜਾਂਦਾ ਸੀ ਪੁਰਾਣੇ ਸਮੇਂ ਦੀ ਦੰਦ ਕਥਾ ਇਹ ਵੀ ਦੱਸੀ ਜਾਂਦੀ ਹੈ ਕਿ ਨਵ-ਵਿਆਹੀ ਕੁੜੀ ਗਹਿਣਿਆਂ ਨਾਲ ਸਜ-ਧਜ ਕੇ ਭਾਜੀ ਫੇਰਨ ਜਾਂਦੀ ਸੀ ਤਾਂ ਸਰੀਕੇ ਵਾਲਿਆਂ ਨੂੰ ਇਹ ਪਤਾ ਲੱਗ ਜਾਂਦਾ ਸੀ ਕਿ ਕੁੜੀ ਨੂੰ ਕਿੰਨੇ ਕੁ ਗਹਿਣੇ ਪੇਕੇ ਜਾਂ ਸਹੁਰਿਆਂ ਨੇ ਪਾਏ ਹਨ ਪਰ ਹੁਣ ਕੁਝ ਸਮੇਂ ਤੋਂ ਭਾਜੀ ਫੇਰਨ ਵਾਲੀਆਂ ਨਾਲ ਨਵ-ਵਿਆਹੀਆਂ ਕੁੜੀਆਂ ਘੱਟ ਹੀ ਦਿਖਾਈ ਦਿੰਦੀਆਂ ਹਨ। ਕਿਉਂਕਿ ਪਹਿਲਾਂ ਕੁੜੀ ਨੂੰ ਵਿਆਹ ਤੋਂ ਬਾਅਦ ਕੁਝ ਦਿਨ ਪੇਕੇ ਘਰ ਮਿਲਣ -ਗਿਲਣ ਲਈ ਛੱਡ ਦਿੱਤਾ ਜਾਂਦਾ ਸੀ । ਪਰ ਹੁਣ ਅਜਿਹਾ ਨਹੀਂ ਪੈਲਸਾਂ ਦੇ ਰਿਵਾਜ ਨੇ ਸਭ ਕੁਝ ਬਦਲ ਕੇ ਰੱਖ ਦਿੱਤਾ ਹੈ।

ਕੁੱਲ ਮਿਲਾ ਕੇ ਭਾਜੀ ਫੇਰਨ ਦਾ ਰਿਵਾਜ ਵੀ ਘਟਦਾ ਜਾ ਰਿਹਾ ਹੈ। ਕੁਝ ਕੁ ਦਾ ਵਿਚਾਰ ਹੈ ਕਿ ਅੱਜ ਦੀ ਮਹਿੰਗਾਈ ਵਿਚ ਦੋ-ਚਾਰ ਲੱਡੂ ਜਾਂ ਮੁੱਠੀ ਪਕੌੜੀਆਂ ਦੀ ਅੱਧੇ ਜਾਂ ਸਾਰੇ ਪਿੰਡ ਵਿਚ ਫੇਰਨ ਨਾਲ ਵਿਆਹ ਵਾਲਿਆਂ ’ਤੇ ਕਾਫੀ ਬੋਝ ਪੈਂਦਾ ਹੈ ਅਤੇ ਜਿਸ ਘਰ ਬੀਹੀਂ ਫਿਰਦੀ ਭਾਜੀ ਜਾਂਦੀ ਹੈ ਉਸ ਘਰ ਦੇ ਬੱਚੇ ਖਾਣ ਪਿੱਛੇ ਲੜ ਪੈਂਦੇ ਹਨ ਬਾਕੀ ਭਾਜੀ ਫੇਰਨ ਵਾਲੀਆਂ ਘਰ ਦਾ ਕੰਮ ਛੱਡ ਕੇ ਸਾਰੇ ਪਿੰਡ ਵਿਚ ਫਿਰਦੀਆਂ ਥੱਕ ਜਾਂਦੀਆਂ ਹਨ ਕੁਝ ਲੋਕਾਂ ਦਾ ਵਿਚਾਰ ਹੈ ਕਿ ਭਾਵੇਂ ਦੋ-ਚਾਰ ਲੱਡੂ ਹੀ ਹਨ । ਇਹ ਭਾਈ ਭਾਜੀ ਹੈ ਸਰੀਕੇ ਦਾ ਵੱਸਣਾ ਹੈ ਆਈ ਚੀਜ਼ ਮੋੜਨੀ ਜ਼ਰੂਰੀ ਹੈ ਤਾਂ ਕਿ ਕੋਈ ਕੱਲ੍ਹ ਨੂੰ ਮਿਹਣਾ ਨਾ ਮਾਰ ਦੇਵੇ। ਤਾਂ ਹੀ ਕਿਹਾ ਗਿਆ ਹੈ ਬੀੜ੍ਹੀ ਸਰੀਕਾਂ ਦੀ ਦਿੱਤਿਆਂ ਬਾਝ ਨਾ ਲਹਿੰਦੀ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ