ਚਾਰ ਸੂਬਿਆਂ ਦੇ 850 ਏਕੜ ਰਕਬੇ ‘ਚ ਕਰ ਰਿਹੈ ਫੁੱਲਾਂ ਦੀ ਕਾਸ਼ਤ
ਅਮਰੀਕਾ, ਕੈਨੇਡਾ, ਹਾਲੈਂਡ, ਹੰਗਰੀ ਤੇ ਪੋਲੈਂਡ ਸਮੇਤ ਦਰਜਨਾਂ ਮੁਲਕਾਂ ਨੂੰ ਨਿਰਯਾਤ ਹੋ ਰਹੇ ਹਨ ਫੁੱਲਾਂ ਦੇ ਮਿਆਰੀ ਬੀਜ
ਪੰਜਾਬ ਸਰਕਾਰ ਨੇ 89 ਲੱਖ ਦੀ ਸਬਸਿਡੀ ਮੁਹੱਈਆ ਕਰਵਾਈ
ਖੁਸ਼ਵੀਰ ਸਿੰਘ ਤੂਰ, ਪਟਿਆਲਾ
ਪਟਿਆਲਾ ਸ਼ਹਿਰ ਦੇ ਛਿਪਦੇ ਵੱਲ ਪਟਿਆਲਾ ਨਾਭਾ ਸੜਕ ‘ਤੇ ਸਥਿਤ ਪਿੰਡ ਧਬਲਾਨ ਵਿਖੇ ਫੁੱਲਾਂ ਦੀ ਸ਼ੌਂਕ ਨਾਲ ਖੇਤੀ ਕਰਨ ਵਾਲੇ ਪੜ੍ਹੇ-ਲਿਖੇ ਨੌਜਵਾਨ ਸਿਮਰਾਨ ਰੰਗ ਨੂੰ ਨਹੀਂ ਸੀ ਪਤਾ ਕਿ ਇਹ ਖੇਤੀ ਉਸ ਨੂੰ ਦੇਸ਼ ਤੇ ਵਿਦੇਸ਼ ਦੇ ਮੋਹਰੀ ਕਿਸਾਨਾਂ ਦੀ ਕਤਾਰ ਵਿੱਚ ਖੜ੍ਹਾ ਕਰ ਦੇਵੇਗੀ ਤੇ ਉਸ ਦਾ ਇਹ ਸ਼ੌਂਕ ਉਸ ਦੀ ਆਰਥਿਕ ਪੱਖੋਂ ਖੁਸ਼ਹਾਲੀ ਤੇ ਹੋਰਨਾਂ ਸੈਂਕੜੇ ਕਿਸਾਨਾਂ ਲਈ ਰਾਹ ਦਸੇਰਾ ਵੀ ਬਣੇਗਾ। ਮਾਰਕੀਟਿੰਗ ਮੈਨੇਜਮੈਂਟ ਵਿੱਚ ਪੋਸਟ ਗਰੈਜੂਏਟ ਇਸ ਨੌਜਵਾਨ ਨੇ ਦੱਸਿਆ ਕਿ ਪੰਜਾਬ ਦੀ ਮੌਜੂਦਾ ਖੇਤੀ ਪ੍ਰਣਾਲੀ ਜੋ ਕਿ ਕਣਕ ਤੇ ਝੋਨੇ ਦੇ ਰਵਾਇਤੀ ਫ਼ਸਲੀ ਚੱਕਰ ਤੱਕ ਸੀਮਤ ਹੈ ਨੂੰ ਅਪਨਾਉਣ ਦੀ ਬਜਾਏ ਉਨ੍ਹਾਂ ਪੰਜਾਬ ਸਰਕਾਰ ਦੇ ਫ਼ਸਲੀ ਵਿਭਿੰਨਤਾ ਚੱਕਰ ਨੂੰ ਅਪਣਾਉਂਦੇ ਹੋਏ ਫੁੱਲਾਂ ਦੀ ਖੇਤੀ ਨੂੰ ਵਪਾਰਕ ਪੱਧਰ ‘ਤੇ ਕਰਨ ਦਾ ਮਨ ਬਣਾਇਆ।
ਉਨ੍ਹਾਂ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪਲਾਂਟ ਬ੍ਰੀਡਿੰਗ ਵਿਭਾਗ ਦੇ ਮੁਖੀ ਰਹੇ ਉਨ੍ਹਾਂ ਦੇ ਪਿਤਾ ਡਾ. ਅੱਲਾ ਰੰਗ ਨੇ ਇਸ ਸੁਫ਼ਨੇ ਨੂੰ ਸਾਕਾਰ ਕਰਨ ਲਈ ਉਸ ਦਾ ਮਾਰਗ ਦਰਸ਼ਨ ਕੀਤਾ। ਸਿਮਰਾਨ ਰੰਗ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਬਾਗਬਾਨੀ ਵਿਭਾਗ ਵੱਲੋਂ ਤਕਨੀਕੀ ਜਾਣਕਾਰੀ ਤੇ ਵਿੱਤੀ ਸਹਾਇਤਾ ਲੈ ਕੇ ਉਸ ਵੱਲੋਂ 7 ਏਕੜ ਰਕਬੇ ‘ਚ ਫੁੱਲਾਂ ਦੇ ਬੀਜ ਤਿਆਰ ਕਰਨ ਲਈ ਸ਼ੁਰੂ ਕੀਤੀ ਖੇਤੀ ਵਧ ਕੇ ਹੁਣ ਦੇਸ਼ ਦੇ ਚਾਰ ਸੂਬਿਆਂ ਪੰਜਾਬ, ਹਰਿਆਣਾ, ਰਾਜਸਥਾਨ ਤੇ ਕਰਨਾਟਕ ‘ਚ 850 ਏਕੜ ਤੱਕ ਪੁੱਜ ਚੁੱਕੀ ਹੈ। ਉਸ ਨੇ ਦੱਸਿਆ ਕਿ ਉਹ ਜਿੱਥੇ ਖੁਦ 80 ਏਕੜ ਜਮੀਨ ‘ਚ ਫੁੱਲਾਂ ਦੀ ਖੇਤੀ ਕਰਕੇ ਫੁੱਲਾਂ ਦੇ ਮਿਆਰੀ ਬੀਜ ਤਿਆਰ ਕਰ ਰਿਹਾ ਹੈ ਉੱਥੇ ਹੀ ਇਨ੍ਹਾਂ ਚਾਰ ਸੂਬਿਆਂ ਦੇ ਕਰੀਬ 225 ਕਿਸਾਨਾਂ ਤੋਂ ਤਕਰੀਬਨ 770 ਏਕੜ ਰਕਬੇ ‘ਚ ਕੰਟਰੈਕਟ ਫਾਰਮਿੰਗ ਰਾਹੀਂ ਡੇਜੀ, ਪਟੂਨਿਆ, ਕਰੈਸੈਸੀਅਮ, ਐਨਕੋਜੀਆ ਤੇ ਗਜਾਟੀਆ ਸਮੇਤ 150 ਕਿਸਮ ਦੇ ਦੁਰਲੱਭ ਫੁੱਲਾਂ ਦੇ ਮਿਆਰੀ ਬੀਜ ਤਿਆਰ ਕਰਕੇ ਅਮਰੀਕਾ, ਕੈਨੇਡਾ, ਹਾਲੈਂਡ, ਹੰਗਰੀ ਤੇ ਪੋਲੈਂਡ ਸਮੇਤ ਦਰਜਨ ਦੇ ਕਰੀਬ ਮੁਲਕਾਂ ਨੂੰ ਆਪਣੀ ਬਾਇਓਕਾਰਵ ਸੀਡਜ਼ ਕੰਪਨੀ ਰਾਹੀਂ ਨਿਰਯਾਤ ਕਰਕੇ ਵਿਦੇਸ਼ੀ ਮੁਦਰਾ ਦੇਸ਼ ਵਿੱਚ ਲਿਆ ਰਿਹਾ ਹੈ।
ਉਸ ਨੇ ਦੱਸਿਆ ਕਿ ਉਸ ਵੱਲੋਂ ਧਬਲਾਨ ਫਾਰਮ ‘ਚ ਸੋਲਰ ਪਾਵਰ ਸਿਸਟਮ, ਬਰਸਾਤੀ ਪਾਣੀ ਦੀ ਸੰਭਾਲ, ਡਰਿੱਪ ਤੇ ਮਿਲਚਿੰਗ ਪ੍ਰਣਾਲੀ ਅਪਣਾ ਕੇ ਫੁੱਲਾਂ ਦੇ ਮਿਆਰੀ ਬੀਜ ਤਿਆਰ ਕਰਕੇ ਵਿਸ਼ਵ ਪੱਧਰ ਦੀ ਗਰੇਡਿੰਗ, ਸਟੋਰੇਜ਼ ਤੇ ਪੈਕਿੰਗ ਤਕਨੀਕ ਅਪਣਾ ਕੇ 95 ਫੀਸਦੀ ਦੇ ਕਰੀਬ ਉਪਜ ਵਿਦੇਸ਼ਾਂ ਨੂੰ ਨਿਰਯਾਤ ਕੀਤੀ ਜਾ ਰਹੀ ਹੈ। ਉਨ੍ਹਾਂ ਵੱਲੋਂ ਫਾਰਮ ‘ਤੇ ਲਗਾਏ 43 ਕਿਲੋਵਾਟ ਦੇ ਸੋਲਰ ਪਾਵਰ ਸਿਸਟਮ ਤੋਂ ਰੋਜ਼ਾਨਾ ਤਕਰੀਬਨ 225 ਯੂਨਿਟਾਂ ਨਾਲ ਉਹ ਆਪਣੇ ਫਾਰਮ ਦੀਆਂ ਬਿਜਲੀ ਲੋੜਾਂ ਨੂੰ ਪੂਰਾ ਕਰ ਰਿਹਾ ਹੈ।
ਜਗਜੀਵਨ ਰਾਮ, ਅਵਿਨਵ ਕਿਸਾਨ ਪੁਰਸਕਾਰ ਸਮੇਤ ਅਨੇਕਾਂ ਰਾਸ਼ਟਰੀ ਪੁਰਸਕਾਰਾਂ ਨਾਲ ਸਨਮਾਨਿਤ ਇਸ ਨੌਜਵਾਨ ਕਿਸਾਨ ਨੇ ਦੱਸਿਆ ਕਿ ਕੌਮੀ ਬਾਗਬਾਨੀ ਮਿਸ਼ਨ ਤਹਿਤ ਪੰਜਾਬ ਸਰਕਾਰ ਵੱਲੋਂ ਉਸ ਨੂੰ ਫੁੱਲਾਂ ਦੇ ਬੀਜਾਂ ਦੀ ਗਰੇਡੇਸ਼ਨ, ਪ੍ਰੋਸੈਸਿੰਗ, ਪੈਕਿੰਗ ਤੇ ਸਟੋਰੇਜ਼ ਲਈ ਬੁਨਿਆਦੀ ਢਾਂਚਾ ਸਥਾਪਤ ਕਰਨ ਲਈ 89 ਲੱਖ ਰੁਪਏ ਦੇ ਕਰੀਬ ਸਬਸਿਡੀ ਵੀ ਮੁਹੱਈਆ ਕਰਵਾਈ ਗਈ ਹੈ।ਉਨ੍ਹਾਂ ਦੱਸਿਆ ਕਿ ਉਸ ਦੀ ਦਿਲੀ ਇੱਛਾ ਹੈ ਕਿ ਫੁੱਲਾਂ ਦੇ ਭਾਰਤ ਵਿੱਚ ਪੈਦਾ ਕੀਤੇ ਬੀਜਾਂ ਦੀ ਪੂਰੀ ਦੁਨੀਆਂ ਵਿੱਚ ਸਰਦਾਰੀ ਰਹੇ। ਉਸ ਦੀ ਇਸ ਕਾਮਯਾਬੀ ਲਈ ਦਿੱਤੇ ਸਹਿਯੋਗ ਲਈ ਉਸਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਪੰਜਾਬ ਦੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੀ ਆਰਥਿਕ ਦਸ਼ਾ ਮਜਬੂਤ ਕਰਨ ਲਈ ਝੋਨੇ ਤੇ ਕਣਕ ਦੇ ਰਵਾਇਤੀ ਫ਼ਸਲੀ ਚੱਕਰ ਵਿੱਚੋਂ ਨਿਕਲਕੇ ਬਾਗਬਾਨੀ, ਡੇਅਰੀ ਫਾਰਮਿੰਗ ਸਮੇਤ ਫੁੱਲਾਂ ਦੇ ਬੀਜਾਂ ਦੀ ਕਾਸ਼ਤ ਨੂੰ ਵੀ ਤਰਜੀਹ ਦੇਣ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।