ਡੇਰਾਬੱਸੀ ਤੋਂ ਅਕਾਲੀ ਦਲ ਦੇ ਵਿਧਾਇਕ ਨੇ ਡੀਸੀ ਤੋਂ ਕੀਤੀ ਗਊਸ਼ਾਲਾ ਪ੍ਰਬੰਧਕਾਂ ਖਿਲਾਫ਼ ਕਾਰਵਾਈ ਦੀ ਮੰਗ
ਗਊਸ਼ਾਲਾ ਪ੍ਰਬੰਧਕਾਂ ਨੇ ਵਿਧਾਇਕ ਦੇ ਦੋਸ਼ਾਂ ਨੂੰ ਨਕਾਰਿਆ
ਕੁਲਵੰਤ ਕੋਟਲੀ/ਮੋਹਾਲੀ। ਮੋਹਾਲੀ ਜ਼ਿਲ੍ਹੇ ਵਿੱਚ ਪੈਂਦੇ ਲਾਲੜੂ ਦੇ ਨੇੜਲੇ ਪਿੰਡ ਮਗਰਾ ਦੀ ਗਊਸ਼ਾਲਾ ਵਿੱਚ ਬੀਤੇ ਦਿਨਾਂ ਵਿੱਚ ਹੋਈ ਗਊਆਂ ਦੀ ਮੌਤ ਦਾ ਮਾਮਲਾ ਇੱਕ ਵੱਡਾ ਵਿਵਾਦ ਬਣ ਰਿਹਾ ਹੈ, ਡੇਰਾਬੱਸੀ ਤੋਂ ਅਕਾਲੀ ਦਲ ਦੇ ਵਿਧਾਇਕ ਐਲ ਕੇ ਸ਼ਰਮਾ ਨੇ ਅੱਜ ਜ਼ਿਲ੍ਹਾ ਡਿਪਟੀ ਕਮਿਸ਼ਨਰ ਤੋਂ ਗਊਸ਼ਾਲਾ ਪ੍ਰਬੰਧਕਾਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਦੂਜੇ ਪਾਸੇ ਗਊਸ਼ਾਲਾ ਪ੍ਰਬੰਧਕਾਂ ਨੇ ਵਿਧਾਇਕ ਵੱਲੋਂ ਲਾਏ ਗਏ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਸਿਆਸੀ ਆਗੂਆਂ ਦੀ ਆਪਸੀ ਲੜਾਈ ਵਿੱਚ ਉਨ੍ਹਾਂ ਨੂੰ ਮੋਹਰਾ ਬਣਾਇਆ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਨੂੰ ਪੱਤਰ ਦੇਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦਿਆਂ ਐਨ ਕੇ ਸ਼ਰਮਾ ਨੇ ਦੋਸ਼ ਲਾਇਆ ਕਿ ਪਿੰਡ ਮਗਰਾ ਦੀ ਗਊਸ਼ਾਲਾ ਵਿੱਚ ਭੁੱਖ, ਠੰਢ ਅਤੇ ਗਲਿਆ-ਸੜਿਆ ਚਾਰਾ ਖਾਣ ਕਾਰਨ ਪਿਛਲੇ ਇੱਕ ਮਹੀਨੇ ਵਿੱਚ 100 ਦੇ ਕਰੀਬ ਗਊਆਂ ਦੀ ਮੌਤ ਹੋ ਚੁੱਕੀ ਹੈ ਉਨ੍ਹਾਂ ਕਿਹਾ ਕਿ ਗਊਸ਼ਾਲਾ ਦਾ ਪ੍ਰਬੰਧ ਧਿਆਨ ਫਾਊਂਡੇਸ਼ਨ ਕੋਲ ਹੈ ਜਿਸ ਦਿਨ ਤੋਂ ਇਸ ਸੰਸਥਾ ਨੇ ਗਊਸ਼ਾਲਾ ਦਾ ਪ੍ਰਬੰਧ ਸੰਭਾਲਿਆ ਹੈ, ਉਸ ਦਿਨ ਤੋਂ ਗਊਸ਼ਾਲਾ ਦੇ ਪ੍ਰਬੰਧਨ ਵਿੱਚ ਲਗਾਤਾਰ ਗਿਰਾਵਟ ਦਰਜ ਕੀਤੀ ਗਈ ਹੈ ।
ਉਨ੍ਹਾਂ ਦੋਸ਼ ਲਾਇਆ ਕਿ ਪਸ਼ੂਆਂ ਨੂੰ ਲੋੜੀਂਦੀ ਖੁਰਾਕ ਨਹੀਂ ਮਿਲ ਰਹੀ ਉਨ੍ਹਾਂ ਮੰਗ ਕੀਤੀ ਕਿ ਪ੍ਰਬੰਧਕਾਂ ਖਿਲਾਫ ਐਫਆਈ ਆਰ ਦਰਜ ਕਰਕੇ ਉੱਚ ਪੱਧਰੀ ਜਾਂਚ ਕੀਤੀ ਜਾਵੇ ਗਊਸ਼ਾਲਾ ਦਾ ਪ੍ਰਬੰਧ ਚਲਾ ਰਹੀ ਸੰਸਥਾ ਧਿਆਨ ਫਾਊਂਡੇਸ਼ਨ ਦੇ ਅਜੀਤ ਲਾਕੜਾ, ਰਾਜੂ ਵਿਲੀਅਮ, ਅਮਿ ਜੌਨ ਅਤੇ ਮਨੋਜ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਵਿਧਾਇਕ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਗਿਆ ਕਿ ਉਨ੍ਹਾਂ ‘ਤੇ ਲਾਏ ਗਏ ਦੋਸ਼ ਰਾਜਨੀਤੀ ਤੋਂ ਪ੍ਰੇਰਿਤ ਹਨ ਉਨ੍ਹਾਂ ਕਿਹਾ ਕਿ ਵਿਧਾਇਕ ਸਾਨੂੰ ਮੰਤਰੀ ਸਾਹਿਬ ਦੇ ਸਮੱਰਥਕ ਸਮਝਦੇ ਹਨ।
ਜਦੋਂ ਕਿ ਮੰਤਰੀ ਨੇ ਛਾਪੇਮਾਰੀ ਕੀਤੀ ਸੀ ਤਾਂ ਉਸ ਵੇਲੇ ਉਨ੍ਹਾਂ ਨੂੰ ਅਕਾਲੀ ਸਮੱਰਥਕ ਕਿਹਾ ਗਿਆ ਸੀ ਉਨ੍ਹਾਂ ਕਿਹਾ ਕਿ ਸਿਆਸੀ ਰੰਜਿਸ਼ ਵਿਚ ਉਨ੍ਹਾਂ ਨੂੰ ਮੋਹਰਾ ਬਣਾਇਆ ਜਾ ਰਿਹਾ ਹੈ ਉਨ੍ਹਾਂ ਦਾਅਵਾ ਕੀਤਾ ਕਿ ਇਸ ਗਊਸ਼ਾਲਾ ਵਿਚ ਜੋ ਗਊਆਂ ਦੀ ਮੌਤ ਹੋਈ ਹੈ ਉਹ ਗਊਆਂ ਠੰਢ ਕਾਰਨ ਮਰੀਆਂ ਹਨ।
ਪੋਸਟਮਾਰਟਮ ਰਿਪੋਰਟ ਵਿੱਚ ਮੌਤ ਦਾ ਕਾਰਨ ਭੁੱਖਮਰੀ ਤੇ ਖ਼ੂਨ ਦੀ ਕਮੀ
ਲਾਲੜੂ ਦੇ ਨੇੜਲੇ ਪਿੰਡ ਮਗਰਾ ਸਥਿਤ ਗਊਸ਼ਾਲਾ ਵਿੱਚ ਮਰੀਆਂ ਗਾਵਾਂ ਦੀ ਪੋਸਟਮਾਰਟਮ ਰਿਪੋਰਟ ਵਿੱਚ ਮੌਤ ਦਾ ਕਾਰਨ ਭੁੱਖ, ਖ਼ੂਨ ਦੀ ਕਮੀ ਤੇ ਤਣਾਅ ਆਉਣ ਤੋਂ ਬਾਅਦ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਦੀਆਂ ਹਦਾਇਤਾਂ ‘ਤੇ ਕਾਰਜਕਾਰੀ ਐਸ. ਡੀ. ਐਮ. ਡੇਰਾਬੱਸੀ ਮੇਜਰ ਗੁਰਜਿੰਦਰ ਬੈਨੀਪਾਲ ਨੇ ਗਊਸ਼ਾਲਾ ਦਾ ਪ੍ਰਬੰਧ ਚਲਾ ਰਹੀ ਧਿਆਨ ਫਾਊਂਡੇਸ਼ਨ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਇਸ ਗਊਸ਼ਾਲਾ ਵਿੱਚ ਪਿਛਲੇ ਦਿਨਾਂ ਤੋਂ 50 ਤੋਂ ਵੱਧ ਗਾਵਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ਵਿੱਚੋਂ 22 ਗਾਵਾਂ ਦਾ ਪੋਸਟ ਮਾਰਟਮ ਸੀਨੀਅਰ ਵੈਟਰਨਰੀ ਡਾਕਟਰ ਡਾ. ਵਿਮਲ ਸ਼ਰਮਾ ਦੀ ਅਗਵਾਈ ਵਾਲੀ ਤਿੰਨ ਮੈਂਬਰੀ ਟੀਮ ਨੇ ਕੀਤਾ ਸੀ
ਪੋਸਟ ਮਾਰਟਮ ਰਿਪੋਰਟ ਵਿੱਚ ਮੌਤ ਦਾ ਕਾਰਨ ਭੁੱਖਮਰੀ, ਖ਼ੂਨ ਦੀ ਕਮੀ, ਤਣਾਅ ਤੇ ਠੰਢ ਆਇਆ ਹੈ ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਾਰਜਕਾਰੀ ਐਸ.ਡੀ.ਐਮ. ਮੇਜਰ ਬੈਨੀਪਾਲ ਰਾਹੀਂ ਗਾਵਾਂ ਦੀ ਮੌਤ ਦੇ ਮਾਮਲੇ ਦੀ ਮੁੱਢਲੀ ਜਾਂਚ ਕਰਵਾਈ ਸੀ। ਜਿਸ ਵਿੱਚ ਕਈ ਊਣਤਾਈਆਂ ਪਾਈਆਂ ਗਈਆਂ ਸਨ ਐਸ. ਡੀ. ਐਮ. ਨੇ ਆਪਣੇ ਦੌਰੇ ਦੌਰਾਨ ਪਾਇਆ ਕਿ ਗਊਸ਼ਾਲਾ ਵਿੱਚ ਸਫ਼ਾਈ ਦੀ ਘਾਟ ਸੀ ਅਤੇ ਪਸ਼ੂਆਂ ਦੇ ਹੇਠਾਂ ਤੋਂ ਗੋਹਾ ਵੀ ਚੁੱਕਿਆ ਨਹੀਂ ਗਿਆ ਸੀ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਐਸ. ਡੀ. ਐਮ. ਦੀ ਰਿਪੋਰਟ ਮੁਤਾਬਕ ਗਊਸ਼ਾਲਾ ਵਿੱਚ ਗਾਵਾਂ ਨੂੰ ਰੱਖਣ ਲਈ ਪੂਰੇ ਸ਼ੈੱਡ ਨਹੀਂ ਬਣਾਏ ਗਏ ਅਤੇ ਨਾ ਹੀ ਉਨ੍ਹਾਂ ਨੂੰ ਪੂਰਾ ਚਾਰਾ ਪਾਇਆ ਜਾਂਦਾ ਹੈ ਗਊਆਂ ਦੇ ਇਲਾਜ ਲਈ ਵੀ ਢੁੱਕਵੇਂ ਪ੍ਰਬੰਧ ਨਹੀਂ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।