ਕੋਵਿਡ-19: ਅਜੇ ਕੁਝ ਸਮਾਂ ਹੋਰ ਸੰਭਲ ਕੇ ਕੱਢ ਲਓ!

Coronavirus Sachkahoon

ਕੋਵਿਡ-19: ਅਜੇ ਕੁਝ ਸਮਾਂ ਹੋਰ ਸੰਭਲ ਕੇ ਕੱਢ ਲਓ!

ਪਿਛਲੇ ਕਈ ਦਿਨਾਂ ਤੋਂ ਕੋਰੋਨਾ ਦੇ ਪਾਜ਼ੀਟਿਵ ਕੇਸ ਅਤੇ ਮੌਤਾਂ ਦੇ ਮਾਮਲੇ ਘਟੇ ਜ਼ਰੂਰ ਹਨ ਪਰ ਅਜੇ ਕੋਰੋਨਾ ਮੁਕੰਮਲ ਖਤਮ ਨਹੀਂ ਹੋਇਆ। ਕੋਰੋਨਾ ਦੀ ਤੀਸਰੀ ਲਹਿਰ ਦੇ ਆਉਣ ’ਤੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ’ਤੇ ਭਾਰੂ ਹੋਣ ਦੀ ਗੱਲ ਦੇ ਮੱਦੇਨਜ਼ਰ ਸਿਹਤ ਮੰਤਰਾਲਾ, ਭਾਰਤ ਸਰਕਾਰ ਨੇ ਵਿਸ਼ੇਸ਼ ਪ੍ਰਬੰਧਨ ਸਬੰਧੀ ਸੂਬਿਆਂ ਨੂੰ ਦਿਸ਼ਾ-ਨਿਰਦੇਸ਼ ਵੀ ਜਾਰੀ ਕਰ ਦਿੱਤੇ ਹਨ। ਇਹ ਭੁੱਲਣਾ ਠੀਕ ਨਹੀਂ ਹੋਵੇਗਾ ਕਿ ਕੋਵਿਡ ਪਹਿਲਾਂ ਵੀ ਆਪਣੀ ਚਾਲ ਹੌਲੀ ਦਿਖਾ ਕੇ ਇੱਕਦਮ ਬਹੁਤ ਤੇਜੀ ਅਤੇ ਵਧੇਰੇ ਖਤਰਨਾਕ ਰੂਪ ਵਿੱਚ ਲੱਖਾਂ ਨੂੰ ਆਪਣੀ ਲਪੇਟ ਵਿੱਚ ਲੈ ਚੁੱਕਾ ਹੈ।

ਕੋਰੋਨਾ ਦੀ ਦੂਸਰੀ ਲਹਿਰ ਦੇ ਰੂਪ ’ਚ ਕੀਤੀ ਪੇਸ਼ਕਾਰੀ ਅਤੇ ਨਵੇਂ ਵਰੇ੍ਹ ਨਵੇਂ ਸਟ੍ਰੇਨ ਨੇ ਦਿੱਤਾ ਹਲੂਣਾ ਭਵਿੱਖ ’ਚ ਵੀ ਦਰਦ ਮਹਿਸੂਸ ਕਰਵਾਏਗਾ। ਨੋਵਲ ਕੋਰੋਨਾ ਵਾਇਰਸ ਨੂੰ ਵਿਸ਼ਵ ਪੱਧਰ ’ਤੇ ਮਹਾਂਮਾਰੀ ਘੋਸ਼ਿਤ ਹੁੰਦਿਆਂ ਹੀ ਸਿਆਣਪ ਵਰਤਦਿਆਂ ਸਾਇੰਸਦਾਨਾਂ ਨੇ ਮਾਸਕ, ਸਮਾਜਿਕ ਦੂਰੀ ਬਣਾ ਕੇ ਰੱਖਣ ਅਤੇ ਸੈਨੇਟਾਈਜ਼ਰ ਦੀ ਵਰਤੋਂ ਵਰਗੀਆਂ ਸਾਵਧਾਨੀਆਂ ਵਰਤਣ ਦੀ ਹਦਾਇਤ ਕਰਕੇ ਦੂਨੀਆਂ ਨੂੰ ਵੱਡੇ ਨੁਕਸਾਨ ਤੋਂ ਬਚਾਅ ਲਿਆ।

ਵਿਗਿਆਨੀਆਂ, ਡਾਕਟਰਾਂ ਅਤੇ ਮਾਹਿਰਾਂ ਦੀਆਂ ਟੀਮਾਂ ਨੇ ਕੋਰੋਨਾ ਵਾਇਰਸ ਦੇ ਮਨੁੱਖੀ ਸਰੀਰ ਵਿੱਚ ਦਾਖਲ ਹੋਣ ਦੇ ਵੱਖ-ਵੱਖ ਕਿਸਮ ਦੇ ਟੈਸਟ, ਟੈਸਟ ਕਿੱਟਾਂ, ਆਧੁਨਿਕ ਮਸ਼ੀਨਾਂ-ਉਪਕਰਨਾਂ ਨਾਲ ਲੈਸ ਪ੍ਰਯੋਗਸ਼ਾਲਾਵਾਂ ਸਥਾਪਿਤ ਕਰਵਾਉਣ ਅਤੇ ਅਮਲੇ ਨੂੰ ਸਿਖਲਾਈ ਮੁਹੱਈਆ ਕਰਵਾਉਣ ’ਚ ਵੀ ਸਮਾਂ ਵਿਅਰਥ ਨਹੀਂ ਕੀਤਾ, ਜਿਸ ਦੇ ਨਤੀਜੇ ਵਜੋਂ ਕੋਰੋਨਾ-ਛੂਤ ਦੀ ਬਿਮਾਰੀ ਨੂੰ ਠੱਲ੍ਹ ਪਾਉਣ ਵਿੱਚ ਕਾਫੀ ਹੱਦ ਤੱਕ ਕਾਮਯਾਬੀ ਵੀ ਮਿਲੀ। ਕੋਰੋਨਾ ਸੈਂਪਲਿੰਗ ਵਿੱਚ ਪਾਜ਼ੀਟਿਵ ਆ ਰਹੇ ਕੇਸਾਂ ਵਿੱਚ ਫਲੂ ਵਰਗੇ ਲੱਛਣ ਨਜ਼ਰ ਨਾ ਆਉਣਾ ਵੀ ਲੋਕਾਂ ਵਿੱਚ ਇੱਕ ਵੱਡਾ ਪ੍ਰਸ਼ਨ ਬਣਿਆ ਰਿਹਾ ਜਿਸ ਨੇ ਦੂਨੀਆਂ ਭਰ ’ਚ ਕੋਰੋਨਾ ਕੁਝ ਵੀ ਨਹੀਂ ਇੱਕ ਧੋਖਾ ਹੈ-ਸਾਜਿਸ਼ ਹੈ ਵਰਗੇ ਪ੍ਰਚਾਰ ਨੇ ਅਫਵਾਹਾਂ ਦਾ ਬਜ਼ਾਰ ਖੂਬ ਗਰਮ ਕੀਤਾ।

ਪਰ ਜੇ ਆਈਆਂ ਰਿਪੋਰਟਾਂ ਤੇ ਨਤੀਜਿਆਂ ’ਤੇ ਝਾਤ ਮਾਰੀਏ ਤਾਂ ਇੱਕ ਗੱਲ ਨਿੱਕਲ ਕੇ ਸਾਹਮਣੇ ਆਉਂਦੀ ਹੈ ਕਿ ਕੋਰੋਨਾ ਵਾਇਰਸ ਫੈਲਣ ਪਿੱਛੇ ਲੱਛਣਰਹਿਤ ਕਰੀਅਰ ਭਾਵ ਉਹ ਵਿਅਕਤੀ ਜੋ ਕੋਰੋਨਾ ਵਾਇਰਸ ਨਾਲ ਸੰਕਰਮਿਤ ਹਨ ਪਰ ਉਨ੍ਹਾਂ ਵਿੱਚ ਕੋਰੋਨਾ ਦੇ ਕੋਈ ਲੱਛਣ ਨਜ਼ਰ ਨਹੀਂ ਆਉਂਦੇ ਤੇੇ ਉਹ ਰੋਜ਼ ਵਾਂਗ ਆਪਣੇ ਕੰਮ-ਕਾਜ ’ਤੇ ਜਾ ਰਹੇ ਹਨ, ਪਰਿਵਾਰਕ ਮੈਂਬਰਾਂ ਨਾਲ ਅਤੇ ਦੋਸਤਾਂ ਨਾਲ ਮਿਲ ਰਹੇ ਹਨ ਪਰ ਉਹ ਅਣਜਾਨ ਹਨ ਕਿ ਉਹ ਦੂਰ-ਨੇੜੇ ਆਵਾਜਾਈ ਕਰ ਇਹ ਵਾਇਰਸ ਫੈਲਾਉਣ ਦਾ ਜਰੀਆ ਬਣ ਰਹੇ ਹਨ ਜਿਸ ਨਾਲ ਇਹ ਵਾਇਰਸ ਕਮਿਊਨਿਟੀ ਵਿੱਚ ਸਪਰੈਡ ਹੋ ਜਾਂਦਾ ਹੈ ਅਤੇ ਕੋਵਿਡ-19 ਦੇ ਪੀੜਤਾਂ ਦੀ ਗਿਣਤੀ ਦਿਨੋ-ਦਿਨ ਵਧਦੀ ਚਲੀ ਜਾਂਦੀ ਹੈ ਤੇ ਫੇਰ ਇਹ ਮਹਾਂਮਾਰੀ ਕਾਬੂ ਤੋਂ ਬਾਹਰ ਹੋਣ ਲੱਗਦੀ ਹੈ ਜੋ ਸਿਹਤ ਪ੍ਰਣਾਲੀ ਲਈ ਬਹੁਤ ਵੱਡੀ ਚਣੌਤੀ ਬਣ ਜਾਂਦੀ ਹੈ।

ਇਸੇ ਲਈ ਹੀ ਸਿਆਣਪ ਵਰਤਦਿਆਂ ਜਿਆਦਾਤਰ ਦੇਸ਼ਾਂ ਨੇ ਸਖਤੀ ਨਾਲ ਲਾਕਡਾਊਨ, ਇਕਾਂਤਵਾਸ ਤੇ ਕਰਫਿਊ ਦਾ ਰਸਤਾ ਵੀ ਅਪਣਾਇਆ ਸੀ ਤਾਂ ਜੋ ਕੋਵਿਡ-19 ਦੀ ਇਸ ਚੇਨ ਨੂੰ ਅੱਗੇ ਵਧਣ ਤੋਂ ਰੋਕਿਆ ਜਾ ਸਕੇ। ਪਰ ਇੰਨੀ ਮੁਸ਼ੱਕਤ ਤੋਂ ਬਾਅਦ ਵੀ ਇਸ ਵਾਇਰਸ ਦਾ ਫੈਲਾਅ ਨਹੀਂ ਰੁਕ ਰਿਹਾ। ਕੋਰੋਨਾ ਦੀ ਲਾਗ ਨੂੰ ਰੋਕਣ ਲਈ ਜ਼ਰੂਰੀ ਹੈ ਲੱਛਣਰਹਿਤ ਕੈਰੀਅਰ ਨੂੰ ਸਮਝਣਾ ਅਤੇ ਦੂਸਰਿਆਂ ਨੂੰ ਸਮਝਾਉਣਾ। ਜੇ ਤੁਹਾਨੂੰ ਲੱਗ ਰਿਹਾ ਹੈ ਕਿ ਤੁਸੀਂ ਵੀ ਕਿਸੇ ਕੋਰੋਨਾ ਲੱਛਣਰਹਿਤ ਕੈਰੀਅਰ ਦੇ ਸੰਪਰਕ ਵਿੱਚ ਆਏ ਹੋ ਤਾਂ ਤੁਰੰਤ ਬਿਨਾ ਕਿਸੇ ਦੇਰੀ ਤੋਂ ਸ਼ੱਕ ਦੂਰ ਕਰਨ ਲਈ ਨੇੜੇ ਦੇ ਫਲੂ ਕਾਰਨਰ ’ਤੇ ਜਾ ਕੇ ਕੋਰੋਨਾ ਦੀ ਜਾਂਚ ਲਈ ਸੈਂਪਲ ਦਿਓ, ਆਪਣੇ-ਆਪ ਨੂੰ ਇਕਾਂਤਵਾਸ ਕਰ ਲੈਣਾ ਚਾਹੀਦਾ ਹੈ ਤਾਂ ਜੋ ਤੁਹਾਡੇ ਆਲੇ-ਦੁਆਲੇ ਦੇ ਲੋਕ ਤੇ ਤੁਹਾਡੇ ਕਰੀਬੀ ਵਿਅਕਤੀ ਤੁਹਾਡੇ ਤੋਂ ਸੰਕਰਮਿਤ ਹੋਣੋ ਬਚ ਜਾਣ। ਘਰ ਤੋਂ ਬਾਹਰ ਜਾਣ ਲੱਗਿਆਂ ਹਰ ਸਾਵਧਾਨੀ ਨੂੰ ਆਪਣੀਆਂ ਆਦਤਾਂ ’ਚ ਸ਼ਾਮਲ ਕਰ ਲਓ ਮਾਸਕ ਨਾਲ ਨੱਕ ਤੇ ਮੂੰਹ ਢੱਕ ਕੇ ਰੱਖਣਾ, ਸਮਾਜਿਕ ਦੂਰੀ ਬਣਾ ਕੇ ਰੱਖਣਾ, ਵਾਰ-ਵਾਰ ਹੱਥ ਧੋਣਾ ਜਾਂ ਸੈਨੇਟਾਈਜ਼ਰ ਦਾ ਪ੍ਰਯੋਗ ਕਰਨਾ ਨਾ ਭੁੱਲੋ। ਇਸ ਮਹਾਂਮਾਰੀ ਵਿੱਚ ਅਫਵਾਹਾਂ ਦੇ ਦੌਰ ’ਚੋਂ ਬਾਹਰ ਨਿੱਕਲੋ, ਸੇਧ ਲਓ ਹੋਰਾਂ ਦੇਸ਼ਾਂ ਤੋਂ ਤੇ ਸਿਹਤ ਵਿਭਾਗ ਦੁਆਰਾ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਅਜੇ ਕੁਝ ਸਮਾਂ ਹੋਰ ਸੰਭਲ ਕੇ ਕੱਢ ਲਓ।

ਜਦੋਂ ਤੱਕ ਕੋਰੋਨਾ ਦੇ ਇਲਾਜ ਲਈ ਵੈਕਸੀਨ ਈਜਾਦ ਨਹੀਂ ਹੋਈ ਸੀ ਲੋਕ ਸਹਿਮੇ ਹੋਏ ਦਿਨ ਕੱਟ ਰਹੇ ਸਨ ਤੇ ਉਡੀਕ ਕਰ ਰਹੇ ਸਨ ਉਸ ਦਿਨ ਦੀ ਜਿਸ ਦਿਨ ਖਬਰ ਆਵੇ ਕਿ ਕੋਰੋਨਾ ਤੋਂ ਬਚਾਅ ਲਈ ਵੈਕਸੀਨ ਤਿਆਰ ਹੋ ਗਈ, ਪਰ ਜਦੋਂ ਦੇਸ਼ਾਂ-ਵਿਦੇਸ਼ਾਂ ਦੇ ਮਾਹਿਰਾਂ ਤੇ ਦਵਾਈ ਨਿਰਮਾਤਾ ਕੰਪਨੀਆਂ ਨੇ ਮਿਲ ਕੇ ਕੋਰੋਨਾ ਵੈਕਸੀਨ ਤਿਆਰ ਕਰਕੇ ਆਪਣੀ ਸੂਝ-ਬੂਝ ਅਤੇ ਮਿਹਨਤ ਦਾ ਸਬੂਤ ਦਿੱਤਾ ਉੱਥੇ ਹੀ ਕੁਝ ਲੋਕ ਇਨ੍ਹਾਂ ਵੈਕਸੀਨ ਦੀ ਭਰੋਸੇਯੋਗਤਾ ’ਤੇ ਪ੍ਰਸ਼ਨ ਚਿੰਨ੍ਹ ਲਾਉਂਦੇ ਨਜ਼ਰ ਆਏ।

ਪਰ ਜੇ ਮਾਹਿਰਾਂ ਦੀ ਸੁਣੀਏ ਤਾਂ ਦੱਸਿਆ ਜਾ ਰਿਹਾ ਹੈ ਕਿ ਸਾਰੀਆਂ ਅਜ਼ਮਾਇਸ਼ਾਂ, ਸ਼ਰਤਾਂ ਅਤੇ ਕਸੌਟੀਆਂ ’ਤੇ ਖਰੀ ਉੱਤਰਨ ਅਤੇ ਲਾਇਸੈਂਸ ਹਾਸਲ ਕਰਨ ਵਾਲੀ ਕੋਰੋਨਾ ਵੈਕਸੀਨ ਦਾ ਟੀਕਾ ਹੀ ਲਾਇਆ ਜਾ ਰਿਹਾ ਹੈ ਡਿਜ਼ੀਟਲ ਪਲੇਟਫਾਰਮ ਰਾਹੀਂ ਟੀਕਾ ਲਵਾਉਣ ਦੇ ਇੱਛੁਕ ਲਾਭਪਾਤਰੀਆਂ ਦੀ ਰਜਿਸਟ੍ਰੇਸ਼ਨ ਕਰਕੇ ਟੀਕਾ ਲਾਉਣ ਵਾਲਿਆਂ ਨੂੰ ਪ੍ਰਮਾਣ-ਪੱਤਰ ਵੀ ਜਾਰੀ ਕੀਤਾ ਜਾ ਰਿਹਾ ਹੈ ਹਰ ਲਾਭਪਾਤਰੀ ਨੂੰ ਦੋ ਟੀਕਿਆਂ ਦੀ ਖੁਰਾਕ ਮੁਹੱਈਆ ਕਰਵਾਈ ਜਾ ਰਹੀ ਹੈ ਦੋ ਖੁਰਾਕਾਂ ਲੈਣ ਨਾਲ ਸਰੀਰ ਵਿੱਚ ਐਂਟੀਬਾਡੀ ਦਾ ਸੁਰੱਖਿਆਤਮਕ ਪੱਧਰ ਪੈਦਾ ਹੋਣ ਦੀ ਗੱਲ ਕਹੀ ਜਾ ਰਹੀ ਹੈ। ਪਰ ਸ਼ਰਾਰਤੀ ਅਨਸਰਾਂ ਵੱਲੋਂ ਫੈਲਾਈਆਂ ਝੂਠੀਆਂ ਅਫਵਾਹਾਂ ਅਤੇ ਕੂੜ ਪ੍ਰਚਾਰ ਦੇ ਕਾਰਨ ਕਈ ਲੋਕਾਂ ’ਚ ਬੇਚੈਨੀ ਨਜ਼ਰ ਆ ਰਹੀ ਹੈ ਇਸ ਲਈ ਲੋੜ ਹੈ ਇਹਨਾਂ ਗਲਤ ਧਾਰਨਾਵਾਂ ਤੋਂ ਸੁਚੇਤ ਹੋਣ ਦੀ, ਸੁਣੀਆਂ-ਸੁਣਾਈਆਂ ਗੱਲਾਂ ਅਤੇ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਜਾ ਰਹੀਆਂ ਵੀਡੀਓ ਤੇ ਸੁਨੇਹਿਆਂ ’ਤੇ ਵਿਸ਼ਵਾਸ ਨਾ ਕਰਦੇ ਹੋਏ ਸਰਕਾਰ ਵੱਲੋਂ ਜਾਰੀ ਹੈਲਪਲਾਈਨ ਨੰਬਰ ਅਤੇ ਵੈਬਸਾਈਟ ਤੋਂ ਜਾਣਕਾਰੀ ਹਾਸਲ ਕਰਨੀ ਚਾਹੀਦੀ ਹੈ।

ਇਹ ਵੀ ਦੇਖਣ ’ਚ ਆਇਆ ਹੈ ਕਿ ਜ਼ਿਆਦਾਤਰ ਲੋਕਾਂ ਨੂੰ ਕੋਰੋਨਾ ਦਾ ਟੀਕਾ ਲਵਾਉਣ ਤੋਂ ਬਾਅਦ ਥੋੜ੍ਹੀ ਘਬਰਾਹਟ, ਬੁਖਾਰ, ਟੀਕੇ ਵਾਲੀ ਥਾਂ ’ਤੇ ਦਰਦ ਜਾਂ ਸੁਸਤੀ ਜਿਹੀ ਵਰਗੇ ਉਲਟ ਪ੍ਰਭਾਵ ਨਜ਼ਰ ਆਏ ਹਨ ਜਿਸ ਨੂੰ ਸੁਭਾਵਿਕ ਹੀ ਮੰਨਿਆ ਜਾ ਰਿਹਾ ਹੈ। ਆਮ ਤੌਰ ’ਤੇ ਇੱਕ ਵੈਕਸੀਨ ਨੂੰ ਬਣਾਉਣ ’ਚ ਕਈ ਸਾਲ ਲੱਗ ਜਾਂਦੇ ਹਨ ਪਰ ਭਾਰਤ ’ਚ ਐਨੇ ਘੱਟ ਸਮੇਂ ’ਚ ਇੱਕ ਨਹੀਂ ਸਗੋਂ ਦੋ ਵੈਕਸੀਨ (ਕੋਵੀਸ਼ੀਲਡ ਅਤੇ ਕੋਵੈਕਸੀਨ) ਵਿਕਸਿਤ ਕੀਤੀਆਂ ਹਨ ਅਤੇ ਹੋਰ ਕੋਰੋਨਾ ਵੈਕਸੀਨ ਵਿਕਸਿਤ ਹੋਣ ਦੀ ਵੀ ਉਮੀਦ ਜਤਾਈ ਜਾ ਰਹੀ ਹੈ ਹੋਰ ਤਾਂ ਹੋਰ ਭਾਰਤ ਵਿੱਚ ਤਿਆਰ ਕੀਤੀਆਂ ਵੈਕਸੀਨਜ਼ ਦੁਨੀਆਂ ਦੇ ਕਈ ਦੇਸ਼ਾਂ ਨੂੰ ਸਪਲਾਈ ਵੀ ਕੀਤੀਆਂ ਗਈਆਂ ਹਨ ਜੋ ਦੁਨੀਆਂ ਭਰ ’ਚ ਬੜੇ ਮਾਣ ਦੀ ਗੱਲ ਹੈ ਸਾਨੂੰ ਆਪਣੇ ਦੇਸ਼ ਦੇ ਵਿਗਿਆਨੀਆਂ ਤੇ ਮਾਹਿਰਾਂ ’ਤੇ ਭਰੋਸਾ ਕਰਨਾ ਚਾਹੀਦਾ ਹੈ ਤੇ ਬਿਨਾਂ ਕਿਸੇ ਡਰ ਤੋਂ ਕੋਰੋਨਾ ਤੇ ਜਿੱਤ ਦਾ ਟੀਕਾ ਲਵਾਉਣਾ ਚਾਹੀਦਾ ਹੈ।

ਡਾ. ਪ੍ਰਭਦੀਪ ਸਿੰਘ ਚਾਵਲਾ, ਬਲਾਕ ਐਜੂਕੇਟਰ,
ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਫਰੀਦਕੋਟ
ਮੋ. 98146-56257

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।