ਹੁਸ਼ਿਆਰਪੁਰ ਦੇ ਕਲਰਕ ਸਜੀਵ ਕੁਮਾਰ ਖ਼ਿਲਾਫ਼ ਸਖ਼ਤ ਕਾਰਵਾਈ ਤੇ ਕਈ ਅਫ਼ਸਰਾਂ ਦੀ ਹੋਈ ਖਿਚਾਈ
ਸਿੱਖਿਆ ਵਿਭਾਗ ਦੇ ਦਰਬਾਰ ਵਿੱਚ ਹੁਸ਼ਿਆਰਪੁਰ ਦੇ 42 ਅਧਿਆਪਕਾਂ ਨੇ ਮੌਕੇ ‘ਤੇ ਕਰਵਾਇਆ ਮਸਲਾ ਹਲ਼ ਤਾਂ ਬਾਕੀਆਂ ਨੂੰ ਵਟਸਐਪ ਭੇਜਣ ਦੇ ਆਦੇਸ਼
ਚੰਡੀਗੜ, (ਅਸ਼ਵਨੀ ਚਾਵਲਾ)। ਕੋਰੋਨਾ ਦੀ ਮਹਾਂਮਾਰੀ ਦੌਰਾਨ ਅਧਿਆਪਕਾਂ ਦੇ ਮਸਲੇ ਕਿਵੇਂ ਹੱਲ਼ ਕਰਨ ਲਈ ਸਿੱਖਿਆ ਵਿਭਾਗ ਵਲੋਂ ਵੈਬੀਨਾਰ ‘ਤੇ ਆਪਣਾ ਦਰਬਾਰ ਹੀ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਦਰਬਾਰ ਵਿੱਚ ਸਿੱਖਿਆ ਵਿਭਾਗ ਦੇ ਅਧਿਕਾਰੀ ਹਰ ਸਨਿੱਚਰਵਾਰ ਨੂੰ ਇੱਕ ਜ਼ਿਲੇ ਦੇ ਅਧਿਆਪਕਾਂ ਨਾਲ ਨਾ ਸਿਰਫ਼ ਗੱਲਬਾਤ ਕਰਦੇ ਹਨ ਸਗੋਂ ਉਨਾਂ ਦੀਆਂ ਮੁਸ਼ਕਲਾਂ ਸੁਣਦੇ ਹੋਏ ਮੌਕੇ ‘ਤੇ ਹੀ ਹਲ਼ ਕਰਨ ਵਿੱਚ ਲਗੇ ਹੋਏ ਹਨ। ਇਸ ਸਨਿੱਚਰਵਾਰ ਹੁਸ਼ਿਆਰਪੁਰ ਜਿੱਲ ਦੀ ਵਾਰੀ ਸੀ ਮੌਕੇ ਨਾ ਸਿਰਫ਼ 42 ਅਧਿਆਪਕਾਂ ਦੇ ਮਸਲੇ ਨੂੰ ਹੱਲ਼ ਕੀਤਾ ਗਿਆ ਸਗੋਂ ਜਿਲਾ ਸਿੱਖਿਆ ਅਧਿਕਾਰੀਆਂ ਦੀ ਕਲਾਸ ਵੀ ਲਗਾਈ ਗਈ। ਇਸ ਦੌਰਾਨ ਬੀਪੀਓ ਦਫ਼ਤਰ ਵਿੱਚ ਤੈਨਾਤ ਕਲਰਕ ਸਜੀਵ ਕੁਮਾਰ ਦੇ ਖ਼ਿਲਾਫ਼ ਸੋਮਵਾਰ ਨੂੰ ਸਵੇਰੇ 9:30 ਤੱਕ ਸਖ਼ਤ ਕਾਰਵਾਈ ਕਰਨ ਦੇ ਆਦੇਸ਼ ਵੀ ਜਾਰੀ ਕਰ ਦਿੱਤੇ ਗਏ ਹਨ।
ਸਿੱਖਿਆ ਵਿਭਾਗ ਦੇ ਇਸ ਦਰਬਾਰ ਵਿੱਚ ਸੈਕਟਰੀ ਕ੍ਰਿਸ਼ਨ ਕੁਮਾਰ ਖ਼ੁਦ ਹਾਜ਼ਰ ਸਨ ਅਤੇ ਉਨਾਂ ਵਲੋਂ ਹੀ ਹਰ ਅਧਿਆਪਕ ਨਾਲ ਗੱਲਬਾਤ ਕੀਤੀ ਗਈ। ਲਗਭਗ 2 ਘੰਟੇ 40 ਮਿੰਟ ਤੱਕ ਚਲੀ ਇਸ ਜੂਮ ਐਪ ਰਾਹੀਂ ਮੀਟਿੰਗ ਵਿੱਚ ਜਿਆਦਾ ਸਮਾਂ ਅਧਿਕਾਰੀਆਂ ਦੀ ਕਲਾਸ ਹੀ ਲਗਦੀ ਨਜ਼ਰ ਆਈ, ਕਿਉਂਕਿ ਜਿਲਾ ਪੱਧਰੀ ਅਧਿਕਾਰੀਆਂ ਕੋਲ ਜਿਆਦਾ ਸੁਆਲਾਂ ਦੇ ਜੁਆਬ ਹੀ ਨਹੀਂ ਸਨ।
ਮੈਡੀਕਲ ਭੁਗਤਾਨ ਨਾ ਮਿਲਣ ਕਾਰਨ ਜ਼ਿਆਦਾਤਰ ਅਧਿਆਪਕ ਪਰੇਸ਼ਾਨ
ਹੁਸ਼ਿਆਰਪੁਰ ਦੇ ਇੱਕ ਸਕੂਲ ਦੀ ਹੈੱਡ ਅਧਿਆਪਕ ਕਿਰਨਦੀਪ ਕੌਰ ਨੇ ਸ਼ਿਕਾਇਤ ਕੀਤੀ ਕਿ ਉਨਾਂ ਵਲੋਂ 2017 ‘ਚ ਇਲਾਜ ਕਰਵਾਇਆ ਸੀ, ਜਿਸ ਦੇ 47 ਹਜ਼ਾਰ ਅਤੇ 30 ਹਜ਼ਾਰ ਰੁਪਏ ਦੇ 2 ਬਿਲ ਹੁਣ ਤੱਕ ਲਟਕਦੇ ਆ ਰਹੇ ਹਨ ਪਰ ਸਿਫ਼ਾਰਸ਼ ਨਾ ਹੋਣ ਦੇ ਕਾਰਨ ਉਨ੍ਹਾਂ ਦੇ ਬਿਲਾ ਦਾ ਭੁਗਤਾਨ ਨਹੀਂ ਕੀਤਾ ਜਾ ਰਿਹਾ ਹੈ। ਜਿਸ ‘ਤੇ ਬੀ.ਪੀ.ਓ. ਵੱਲੋਂ ਸਾਰਾ ਦੋਸ਼ ਕਲਰਕ ਸਜੀਵ ਕੁਮਾਰ ‘ਤੇ ਲਾਇਆ ਗਿਆ ਕਿ ਉਹ ਠੀਕ ਢੰਗ ਨਾਲ ਕੰਮ ਹੀ ਨਹੀਂ ਕਰਦਾ ਹੈ। ਇਸ ਦੌਰਾਨ ਸੈਕਟਰੀ ਕ੍ਰਿਸ਼ਨ ਕੁਮਾਰ ਵੱਲੋਂ ਤੁਰੰਤ ਮੈਡੀਕਲ ਬਿਲਾ ਦੀ ਅਦਾਇਗੀ ਕਰਨ ਦੇ ਨਾਲ ਹੀ ਕਲਰਕ ਸਜੀਵ ਕੁਮਾਰ ਦੇ ਖ਼ਿਲਾਫ਼ ਕਾਰਵਾਈ ਦੇ ਆਦੇਸ਼ ਜਾਰੀ ਕਰ ਦਿੱਤੇ।
1993 ਤੋਂ ਤਰੱਕੀ ਦੇ ਇੰਤਜ਼ਾਰ ‘ਚ ਐ ਅਸ਼ਨੀ ਕੁਮਾਰ
ਇੱਕ ਅਧਿਆਪਕ ਨੇ ਦੱਸਿਆ ਕਿ ਉਹ ਅਰਥ ਸ਼ਾਸਤਰ ਪੜਾਉਂਦਾ ਹੈ ਅਤੇ 1993 ਤੋਂ ਬਾਅਦ ਉਸ ਨੂੰ ਕੋਈ ਤਰੱਕੀ ਨਹੀਂ ਮਿਲੀ ਹੈ। ਉਹ ਪਿਛਲੇ 27 ਸਾਲ ਤੋਂ ਤਰੱਕੀ ਮਿਲਣ ਦਾ ਇੰਤਜ਼ਾਰ ਕਰ ਰਿਹਾ ਹੈ ਪਰ ਉਸ ਤੋਂ ਬਾਅਦ ਵਾਲੇ ਸਾਰੇ ਅਧਿਆਪਕਾਂ ਨੂੰ ਤਰੱਕੀ ਦੇ ਦਿੱਤੀ ਗਈ ਹੈ। ਉਨਾਂ ਦੋਸ਼ ਲਗਾਇਆ ਕਿ ਉਹ ਹਰ ਫ੍ਰੰਟ ‘ਤੇ ਬੇਨਤੀ ਕਰਕੇ ਦੇਖ ਚੁੱਕੇ ਹਨ ਪਰ ਉਨਾਂ ਦੀ ਸੁਣਵਾਈ ਨਹੀਂ ਹੋਈ ਹੈ। ਸਕੱਤਰ ਕ੍ਰਿਸ਼ਨ ਕੁਮਾਰ ਵਲੋਂ ਇਸ ਮਾਮਲੇ ਵਿੱਚ ਜਾਂਚ ਕਰਨ ਦੇ ਆਦੇਸ਼ ਉੱਚ ਅਧਿਕਾਰੀ ਨੂੰ ਦੇ ਦਿੱਤੇ ਗਏ ਹਨ ਅਤੇ ਇੱਕ ਹਫ਼ਤੇ ਵਿੱਚ ਇਸ ਮਾਮਲੇ ਦੀ ਘੋਖ ਕੀਤੀ ਜਾਏਗੀ।
ਹਾਈ ਕੋਰਟ ਨੇ ਦਿੱਤੀ 2017 ‘ਚ ਰਾਹਤ, ਵਿਭਾਗ ਹੁਣ ਤੱਕ ਸਾਂਭੀ ਬੈਠਾ ਐ ਫਾਈਲ
ਅਧਿਆਪਕ ਵਿਨੈ ਕੁਮਾਰ ਨੇ ਸਿੱਖਿਆ ਵਿਭਾਗ ਦੇ ਦਰਬਾਰ ਵਿੱਚ ਦੱਸਿਆ ਕਿ ਨੌਕਰੀ ਵਿੱਚ ਕੁਝ ਲਾਭਾਂ ਲਈ ਉਸ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਪਾਈ ਸੀ, ਜਿਥੇ ਕਿ 27 ਅਪ੍ਰੈਲ 2017 ਨੂੰ ਉਸ ਦੇ ਹੱਕ ਵਿੱਚ ਫੈਸਲਾ ਆ ਗਿਆ ਪਰ ਹੁਣ ਤੱਕ ਜਿਲਾ ਅਧਿਕਾਰੀਆਂ ਨੇ ਉਸ ਫੈਸਲੇ ਨੂੰ ਲਾਗੂ ਨਹੀਂ ਕੀਤਾ ਹੈ, ਜਦੋਂ ਕਿ ਇਸੇ ਫੈਸਲੇ ਨੂੰ ਆਧਾਰ ਬਣਾ ਕੇ ਹੋਰ ਅਧਿਆਪਕ ਫਾਇਦਾ ਲੈ ਚੁੱਕੇ ਹਨ। ਇਸ ਮਾਮਲੇ ਬਾਰੇ ਜਦੋਂ ਸਿੱਖਿਆ ਸਕੱਤਰ ਕ੍ਰਿਸ਼ਨ ਨੇ ਜਿਲਾ ਅਧਿਕਾਰੀਆਂ ਤੋਂ ਪੁੱਛਿਆ ਤਾਂ ਉਨਾਂ ਕਿਹਾ ਕਿ ਉਹ ਕਾਨੂੰਨੀ ਸਲਾਹ ਲੈ ਰਹੇ ਹਨ ਅਤੇ ਜਲਦ ਕਾਰਵਾਈ ਹੋਏਗੀ। ਇਸ ‘ਤੇ ਕ੍ਰਿਸ਼ਨ ਕੁਮਾਰ ਕਾਫ਼ੀ ਗੁੱਸੇ ਵਿੱਚ ਦਿਖਾਈ ਦਿੱਤੇ ਕਿ 3 ਸਾਲਾਂ ਵਿੱਚ ਕਾਨੂੰਨੀ ਸਲਾਹ ਨਹੀਂ ਲਈ ਗਈ ਹੈ। ਜਿਹੜਾ ਕੰਮ ਇੱਕ ਹਫ਼ਤੇ ਦਾ ਹੈ, ਉਸ ਨੂੰ ਤਿੰਨ ਸਾਲ ਤੱਕ ਲਟਕਾਇਆ ਜਾ ਰਿਹਾ ਹੈ। ਇਸ ਮਾਮਲੇ ਨੂੰ ਵੀ ਇੱਕ ਹਫ਼ਤੇ ਵਿੱਚ ਨਿਪਟਾਉਣ ਦੇ ਆਦੇਸ਼ ਜਾਰੀ ਕੀਤੇ ਗਏ ਹਨ।
ਇੱਕ ਵੀ ਕੇਸ ਦਾ ਜੁਆਬ ਨਹੀਂ ਦਿੰਦੇ, ਬਹਾਨਾ ਬਣਾਉਂਦੇ ਹਨ, ਹੈਲੋ ਹੈਲੋ ਕਰੀ ਜਾਂਦੇ ਨੈ : ਕ੍ਰਿਸ਼ਨ ਕੁਮਾਰ
ਹੁਸ਼ਿਆਰਪੁਰ ਜਿਲਾ ਸਿੱਖਿਆ ਅਧਿਕਾਰੀਆਂ ਤੋਂ ਸਕੱਤਰ ਕ੍ਰਿਸ਼ਨ ਕੁਮਾਰ ਕਾਫ਼ੀ ਜਿਆਦਾ ਨਰਾਜ਼ ਨਜ਼ਰ ਆ ਰਹੇ ਹਨ। ਕੁਝ ਅਧਿਆਪਕਾਂ ਦੀ ਸ਼ਿਕਾਇਤ ‘ਤੇ ਜਦੋਂ ਕ੍ਰਿਸ਼ਨ ਕੁਮਾਰ ਵਲੋਂ ਜਿਲਾ ਸਿੱਖਿਆ ਅਧਿਕਾਰੀਆਂ ਤੋਂ ਜੁਆਬ ਮੰਗਿਆਂ ਗਿਆ ਤਾਂ ਉਹ ਮਾਈਕ ਦੀ ਸਮੱਸਿਆ ਦਿਖਾਉਂਦੇ ਹੋਏ ਜੁਆਬ ਹੀ ਨਹੀਂ ਦੇ ਸਕੇ ਅਤੇ ਵਿਭਾਗ ਦਾ ਸੁਪਰਡੈਂਟ ਤਾਂ ਸਿਰਫ਼ ਹੈਲੋ ਹੈਲੋ ਹੀ ਕਰਦਾ ਨਜ਼ਰ ਆਇਆ। ਜਿਸ ‘ਤੇ ਗੁੱਸੇ ਵਿੱਚ ਕ੍ਰਿਸ਼ਨ ਕੁਮਾਰ ਬੋਲੇ ਕਿ ਇਨਾਂ ਨੇ ਇੱਕ ਵੀ ਕੇਸ ਦਾ ਜੁਆਬ ਨਹੀਂ ਦਿੱਤਾ ਹੈ ਅਤੇ ਸਿਰਫ਼ ਬਹਾਨਾ ਹੀ ਲਗਾ ਰਹੇ ਹਨ। ਇਹ ਤਾਂ ਸਿਰਫ਼ ਹੈਲੋ ਹੈਲੋ ਹੀ ਬੋਲ ਰਹੇ ਹਨ। ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਹੁਣ ਤੋਂ ਬਾਅਦ ਕੋਈ ਵੀ ਜਿਲਾ ਸਿੱਖਿਆ ਅਧਿਕਾਰੀਆਂ ਦੀ ਟੀਮ ਇੱਕ ਦਫ਼ਤਰ ਵਿੱਚ ਇਕੱਠੀ ਹੋਣ ਦੀ ਥਾਂ ‘ਤੇ ਵੱਖ-ਵੱਖ ਆਪਣੇ ਮੋਬਾਇਲ ਰਾਹੀਂ ਹੀ ਮੀਟਿੰਗ ਵਿੱਚ ਭਾਗ ਲਿਆ ਕਰੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ