ਵਿਧਾਨ ਸਭਾ ਸਪੀਕਰ ਨੇ ਦਿੱਤਾ ਫਿਰ ਇੱਕ ਹੋਰ ਮੌਕਾ, 20 ਅਗਸਤ ਨੂੰ ਹੋਣਾ ਪਏਗਾ ਪੇਸ਼
- ਅਮਰਜੀਤ ਸੰਦੋਆ ਨੇ ਦਿੱਤਾ ਹੋਇਆ ਐ ਅਸਤੀਫ਼ਾ ਤੇ ਦਲ ਬਦਲੂ ਕਾਨੂੰਨ ਤਹਿਤ ਪਟੀਸ਼ਨ ਵੀ ਪੈਂਡਿੰਗ
- ਮਾਸਟਰ ਬਲਦੇਵ ਸਿੰਘ ਦੀ ਆਈ ਹੋਈ ਐ ਜਲੰਧਰ ਤੋਂ ਦਲ ਬਦਲੂ ਕਾਨੂੰਨ ਤਹਿਤ ਸ਼ਿਕਾਇਤ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਰੋਪੜ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਤੇ ਜੈਤੋ ਤੋਂ ਵਿਧਾਇਕ ਮਾਸਟਰ ਬਲਦੇਵ ਸਿੰਘ ਦਾ ਕਾਊਟ ਡਾਊਨ ਸ਼ੁਰੂ ਹੋ ਗਿਆ ਹੈ। ਇਨ੍ਹਾਂ ਦੋਵਾਂ ਵਿਧਾਇਕਾਂ ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੋਲ ਇਸ ਵਾਰ 20 ਅਗਸਤ ਨੂੰ ਹਰ ਹਾਲਤ ਵਿੱਚ ਪੇਸ਼ ਹੋਣਾ ਪਏਗਾ, ਨਹੀਂ ਤਾਂ ਨਿਯਮਾਂ ਅਨੁਸਾਰ ਸਪੀਕਰ ਰਾਣਾ ਕੇ. ਪੀ. ਸਿੰਘ ਕੋਈ ਵੀ ਫੈਸਲਾ ਲੈ ਸਕਦੇ ਹਨ। ਇਨ੍ਹਾਂ ਦੋਵਾਂ ਖ਼ਿਲਾਫ਼ ਫੈਸਲਾ ਹੋਣ ਤੋਂ ਬਾਅਦ ਪੰਜਾਬ ਵਿਧਾਨ ਸਭਾ ‘ਚੋਂ 2 ਹੋਰ ਆਮ ਆਦਮੀ ਪਾਰਟੀ ਦੀਆਂ ਵਿਕਟਾਂ ਡਿੱਗ ਜਾਣਗੀਆਂ।
ਕਿਉਂਕਿ ਸੰਦੋਆ ਦਾ ਅਸਤੀਫ਼ਾ ਮਨਜ਼ੂਰ ਹੋਣ ‘ਤੇ ਰੋਪੜ ਵਿਧਾਨ ਸਭਾ ਸੀਟ ਅਤੇ ਬਲ ਬਦਲੂ ਕਾਨੂੰਨ ਤਹਿਤ ਦੋਸ਼ੀ ਪਾਏ ਜਾਣ ‘ਤੇ ਜੈਤੋ ਸੀਟ ਖ਼ਾਲੀ ਹੋ ਜਾਏਗੀ। ਇਨ੍ਹਾਂ ਦੋਵਾਂ ਖ਼ਿਲਾਫ਼ ਕਾਰਵਾਈ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ ਸਭ ਤੋਂ ਜਿਆਦਾ ਝਟਕਾ ਲੱਗੇਗਾ ਕਿਉਂਕਿ ਪਾਰਟੀ ਵਿੱਚੋਂ ਬਾਗੀ ਹੋਣ ਦੇ ਬਾਵਜ਼ੂਦ ਵਿਧਾਨ ਸਭਾ ਦੇ ਅੰਦਰ ਇਹ ਪਾਰਟੀ ਦੇ ਵਿਧਾਇਕਾਂ ਵਜੋਂ ਹੀ ਗਿਣੇ ਜਾਂਦੇ ਹਨ ਪਰ ਇਨ੍ਹਾਂ ਦੀ ਵਿਧਾਨ ਸਭਾ ਤੋਂ ਛੁੱਟੀ ਹੋ ਜਾਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਗਿਣਤੀ ‘ਚੋਂ 2 ਹੋਰ ਵਿਧਾਇਕ ਘਟ ਜਾਣਗੇ।
ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਦੀ ਟਿਕਟ ‘ਤੇ ਜਿੱਤ ਪ੍ਰਾਪਤ ਕਰਨ ਵਾਲੇ ਅਮਰਜੀਤ ਸਿੰਘ ਸੰਦੋਆ ਨੇ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿੰਦੇ ਹੋਏ ਕਾਂਗਰਸ ਪਾਰਟੀ ‘ਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ ਸੀ। ਸੰਦੋਆ ਨੂੰ ਕਾਂਗਰਸ ਪਾਰਟੀ ‘ਚ ਖ਼ੁਦ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸ਼ਾਮਲ ਕਰਵਾਇਆ ਸੀ, ਜਿਸ ਤੋਂ ਬਾਅਦ ਅਮਰਜੀਤ ਸਿੰਘ ਸੰਦੋਆ ਖ਼ਿਲਾਫ਼ ਦਲ ਬਦਲੂ ਕਾਨੂੰਨ ਤਹਿਤ ਰੋਪੜ ਦੇ ਹੀ ਇੱਕ ਵਕੀਲ ਦਿਨੇਸ਼ ਚੱਢਾ ਨੇ ਵਿਧਾਨ ਸਭਾ ਦੇ ਸਪੀਕਰ ਕੋਲ ਇੱਕ ਪਟੀਸ਼ਨ ਪਾ ਕੇ ਹੋਏ ਸੰਦੋਆ ਦੀ ਮੈਂਬਰਸ਼ਿਪ ਰੱਦ ਕਰਨ ਦੀ ਮੰਗ ਕੀਤੀ ਸੀ।
ਇਸੇ ਦੌਰਾਨ ਅਮਰਜੀਤ ਸੰਦੋਆ ਨੇ ਵਿਧਾਨ ਸਭਾ ਤੋਂ ਆਪਣਾ ਅਸਤੀਫ਼ਾ ਵੀ ਦੇ ਦਿੱਤਾ ਸੀ, ਜਿਹੜਾ ਜੇ ਤੱਕ ਮਨਜ਼ੂਰ ਨਹੀਂ ਹੋਇਆ ਹੈ, ਕਿਉਂਕਿ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਇਸ ਵਿਧਾਇਕ ਨੂੰ ਨਿੱਜੀ ਤੌਰ ‘ਤੇ ਪੇਸ਼ ਹੋਣ ਲਈ ਨੋਟਿਸ ਜਾਰੀ ਕਰ ਚੁੱਕੇ ਹਨ। ਅਮਰਜੀਤ ਸੰਦੋਆ ਲਗਾਤਾਰ ਪੇਸ਼ ਨਹੀਂ ਹੋ ਰਹੇ ਹਨ, ਜਿਸ ਕਾਰਨ ਉਨਾਂ ਨੂੰ ਹੁਣ ਮੁੜ ਤੋਂ ਇੱਕ ਹੋਰ ਮੌਕਾ ਦਿੰਦੇ ਹੋਏ 20 ਅਗਸਤ ਨੂੰ ਵਿਧਾਨ ਸਭਾ ਵਿਖੇ ਪੇਸ਼ ਹੋਣ ਲਈ ਕਿਹਾ ਗਿਆ ਹੈ ਤਾਂ ਕਿ ਉਨ੍ਹਾਂ ਦੇ ਅਸਤੀਫ਼ੇ ਤੇ ਪਟੀਸ਼ਨ ਦੇ ਮਾਮਲੇ ‘ਚ ਕੋਈ ਫੈਸਲਾ ਲਿਆ ਜਾ ਸਕੇ।
ਇਸੇ ਤਰ੍ਹਾਂ ਜੈਤੋ ਤੋਂ ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਆਮ ਆਦਮੀ ਪਾਰਟੀ ਖ਼ਿਲਾਫ਼ ਬਗਾਵਤ ਕਰਦੇ ਹੋਏ ਸੁਖਪਾਲ ਖਹਿਰਾ ਦੀ ਪੰਜਾਬ ਏਕਤਾ ਪਾਰਟੀ ਵਿੱਚ ਸ਼ਾਮਲ ਹੋਕੇ ਲੋਕ ਸਭਾ ਚੋਣਾਂ ਵਿੱਚ ਇਸੇ ਪਾਰਟੀ ਤੋਂ ਮੈਦਾਨ ਵਿੱਚ ਵੀ ਉਤਰੇ ਸਨ ਪਰ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ਤੋਂ ਬਾਅਦ ਜਲੰਧਰ ਦੇ ਇੱਕ ਵਸਨੀਕ ਨੇ ਮਾਸਟਰ ਬਲਦੇਵ ਸਿੰਘ ਖ਼ਿਲਾਫ਼ ਦਲ ਬਦਲੂ ਕਾਨੂੰਨ ਤਹਿਤ ਸ਼ਿਕਾਇਤ ਕੀਤੀ ਹੋਈ ਹੈ। ਇਸ ਮਾਮਲੇ ‘ਚ ਮਾਸਟਰ ਬਲਦੇਵ ਸਿੰਘ ਨੂੰ ਆਪਣਾ ਪੱਖ ਰੱਖਣ ਲਈ ਸੱਦਿਆ ਗਿਆ ਹੈ ਪਰ ਉਹ ਹਰ ਵਾਰ ਕਿਸੇ ਨਾ ਕਿਸੇ ਕਾਰਨ ਪੇਸ਼ ਨਹੀਂ ਹੋ ਰਹੇ ਹਨ, ਜਿਸ ਤੋਂ ਬਾਅਦ ਹੁਣ ਉਨ੍ਹਾਂ ਨੂੰ 20 ਅਗਸਤ ਦਿੱਤੀ ਗਈ ਹੈ ਤਾਂ ਕਿ ਉਨ੍ਹਾਂ ਬਾਰੇ ਜਲਦ ਹੀ ਕੋਈ ਫੈਸਲਾ ਲਿਆ ਜਾ ਸਕੇ।