ਕੋਰੋਨਾ ਦਾ ਕਹਿਰ ਘਟਿਆ, ਪਰ ਚੌਕਸੀ ਜ਼ਰੂਰੀ

Corona

ਕੋਰੋਨਾ ਦਾ ਕਹਿਰ ਘਟਿਆ, ਪਰ ਚੌਕਸੀ ਜ਼ਰੂਰੀ

ਦੇਸ਼ ਅੰਦਰ ਕੋਵਿਡ-19 ਮਹਾਂਮਾਰੀ ਦਾ ਕਹਿਰ ਘਟਿਆ ਹੈ ਕਦੇ ਰੋਜ਼ਾਨਾ ਇੱਕ ਲੱਖ ਤੱਕ ਮਰੀਜ਼ ਆਉਣ ਲੱਗੇ ਸਨ ਜੋ ਹੁਣ 10-12 ਹਜ਼ਾਰ ਤੱਕ ਸੀਮਿਤ ਹੋ ਗਏ ਇਹ ਵੀ ਤਸੱਲੀ ਵਾਲੀ ਗੱਲ ਹੈ ਕਿ ਦੇਸ਼ ਅੰਦਰ ਦੋ ਵੈਕਸੀਨ ਤਿਆਰ ਹੋਣ ਤੋਂ ਬਾਅਦ ਟੀਕਾਕਰਨ ਸ਼ੁਰੂ ਹੋ ਚੁੱਕਾ ਹੈ ਇਸ ਦੇ ਬਾਵਜੂਦ ਚੌਕਸੀ ਦਾ ਪੱਲਾ ਫ਼ੜੀ ਰੱਖਣਾ ਪਵੇਗਾ ਮਹਾਂਰਾਸ਼ਟਰ ’ਚ ਇਸ ਬਿਮਾਰੀ ਨੇ ਇੱਕ ਵਾਰ ਫ਼ਿਰ ਸਿਰ ਚੁੱਕਿਆ ਹੈ ਇੱਕ ਦਿਨ ’ਚ ਤਿੰਨ ਹਜ਼ਾਰ ਮਰੀਜ਼ ਆ ਚੁੱਕੇ ਹਨ ਮੁੱਖ ਮੰਤਰੀ ਊਧਵ ਠਾਕਰੇ ਨੇ ਮੁੜ ਸਖਤ ਪਾਬੰਦੀਆਂ ਦੀ ਚਿਤਾਵਨੀ ਦੇ ਦਿੱਤੀ ਹੈ ਦਰਅਸਲ ਸਾਨੂੰ ਇੰਗਲੈਂਡ ਤੇ ਨਿਊਜੀਲੈਂਡ ਤੋਂ ਵੀ ਸਬਕ ਲੈਣ ਦੀ ਲੋੜ ਹੈ ਜਿੱਥੇ ਵਾਇਰਸ ਦੇ ਨਵੇਂ ਰੂਪ (ਸਟਰੇਨ) ਕਾਰਨ ਲਾਕਡਾਊਨ ਲੱਗਾ ਹੈ

ਭਾਵੇਂ ਭਾਰਤ ’ਚ ਵਾਇਰਸ ਦੇ ਨਵੇਂ ਰੂਪ ਦੀ ਭਿਆਨਕਤਾ ਸਾਹਮਣੇ ਨਹੀਂ ਆਈ ਪਰ ਲਾਪਰਵਾਹੀ ਖ਼ਤਰਨਾਕ ਸਾਬਤ ਹੋ ਸਕਦੀ ਹੈ ਵੈਕਸੀਨ ਸ਼ੁਰੂ ਹੋਣ ਦਾ ਮਤਲਬ ਇਹ ਨਹੀਂ ਕਿ ਬਿਮਾਰੀ ’ਤੇ ਮੁਕੰਮਲ ਕਾਬੂ ਪਾ ਲਿਆ ਗਿਆ ਹੈ ਇੱਕ ਅਰਬ 30 ਕਰੋੜ ਦੀ ਅਬਾਦੀ ਵਾਲੇ ਮੁਲਕ ’ਚ ਅਜੇ 100 ਪਿੱਛੇ ਇੱਕ ਬੰਦੇ ਨੂੂੰ ਵੀ ਟੀਕਾ ਨਹੀਂ ਲੱਗਾ ਪਰ ਭਾਰਤੀ ਆਪਣੀ ਮਾਨਸਿਕਤਾ ਦੇ ਮੁਤਾਬਿਕ ਲਾਪਰਵਾਹ ਬੜੀ ਛੇਤੀ ਹੁੰਦੇ ਹਨ ਪਿੰਡਾਂ ਅੰਦਰ ਤਾਂ ਸਾਵਧਾਨੀ ਨਾਂਅ ਦੀ ਕੋਈ ਚੀਜ਼ ਹੀ ਨਹੀਂ ਰਹਿ ਗਈ ਪਿੰਡਾਂ ’ਚ ਮਾਸਕ ਭਾਲਿਆ ਵੀ ਨਹੀਂ ਮਿਲਦਾ ਵੱਡੇ ਸ਼ਹਿਰਾਂ ’ਚ ਮਾਸਕ ਤਾਂ ਨਜ਼ਰ ਆ ਜਾਂਦਾ ਹੈ ਪਰ ਆਪਸੀ ਦੂਰੀ ਦਾ ਨਿਯਮ ਉਡ ਪੁੱਡ ਗਿਆ ਹੈ

ਭੀੜ ਵਧਣ ਲੱਗੀ ਹੈ ਸੈਨੇਟਾਈਜ਼ਰ ਦੀ ਵਰਤੋਂ ਵੀ ਵਿਰਲੀ ਨਜ਼ਰ ਆਉਂਦੀ ਹੈ ਮੰਨਿਆ, ਆਰਥਿਕਤਾ ਨੂੰ ਰਫ਼ਤਾਰ ਦੇਣ ਲਈ ਖੁੱਲ੍ਹਾਂ ਜ਼ਰੂਰੀ ਹਨ ਪਰ ਸਾਵਧਾਨੀ ਨੂੰ ਜੀਵਨ ਸ਼ੈਲੀ ਦਾ ਅੰਗ ਤਾਂ ਬਣਾਇਆ ਜਾ ਸਕਦਾ ਹੈ ਜੋ ਮੁਫ਼ਤ ਵਾਂਗ ਹੈ ਸਕੂਲਾਂ ਨੂੰ ਖੁੱਲ੍ਹ ਦਿੱਤੀ ਗਈ ਹੈ ਪਰ ਕਿਤੇ-ਕਿਤੇ ਅਜੇ ਵੀ ਸਕੂਲਾਂ ’ਚ ਇਹ ਬਿਮਾਰੀ ਫੈਲੀ ਹੈ ਸਾਵਧਾਨੀ ਵਰਤ ਕੇ ਸਕੂਲ ਚਲਾਏ ਜਾ ਸਕਦੇ ਹਨ ਪਰ ਜੋ ਸਾਵਧਾਨੀ ਹੀ ਨਾ ਵਰਤੇ ਤਾਂ ਬਿਮਾਰੀ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਘੱਟੋ-ਘੱਟ ਜਨਤਕ ਥਾਵਾਂ ’ਤੇ ਮਾਸਕ ਦੀ ਵਰਤੋਂ ਬੇਹੱਦ ਜ਼ਰੂਰੀ ਹੈ

ਹੱਥ ਜੋੜਨ ਨਾਲ ਕਾਫ਼ੀ ਬਚਾਅ ਹੋਇਆ ਸੀ ਪਰ ਲੋਕ ਹੁਣ ਫ਼ਿਰ ਹੱਥ ਮਿਲਾਉਣ ਲੱਗੇ ਹਨ ਘੱਟੋ ਘੱਟ ਜਦੋਂ ਤੱਕ ਬਿਮਾਰੀ ਨਹੀਂ ਜਾਂਦੀ ਉਦੋਂ ਤੱਕ ਹੱਥ ਮਿਲਾਉਣ ਦੀ ਆਦਤ ਤੋਂ ਬਚਣਾ ਹੀ ਚਾਹੀਦਾ ਹੈ ਸਾਨੂੰ ਇਹ ਤਾਂ ਯਾਦ ਰੱਖਣਾ ਹੀ ਚਾਹੀਦਾ ਹੈ ਕਿ ਹਾਲ ਦੀ ਘੜੀ ਸਰਕਾਰ ਨੇ ਕੋਰੋਨਾ ਦੇ ਮੁਕੰਮਲ ਖ਼ਾਤਮੇ ਦਾ ਐਲਾਨ ਨਹੀਂ ਕੀਤਾ ਸਾਵਧਾਨੀ ਵਰਤਣ ’ਚ ਸ਼ਾਨ ਸਮਝਣੀ ਚਾਹੀਦੀ ਤੇ ਇਸੇ ’ਚ ਬਚਾਓ ਹੈ ਇਸ ਨਾਲ ਆਪਣਾ, ਪਰਿਵਾਰ ਦਾ ਤੇ ਦੇਸ਼ ਦਾ ਭਲਾ ਹੈ ਇੱਕ-ਇੱਕ ਵਿਅਕਤੀ ਆਪਣੇ ਆਪ ਨੂੰ ਤੰਦਰੁਸਤ ਰੱਖੇਗਾ ਤਾਂ ਸਾਰਾ ਦੇਸ਼ ਤੰਦਰੁਸਤ ਰਹਿ ਸਕੇਗਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.