ਕੋਰੋਨਾ ਬਨਾਮ ਇਨਸਾਨੀਅਤ
ਕੋਰੋਨਾ ਯਾਨੀ ਕਿ ਕੋਵਿਡ-19 ਸ਼ਬਦ ਨੂੰ ਸੁਣਨ ਸਾਰ ਹੀ ਦਿਮਾਗ ਵਿੱਚ ਸਮਾਜਿਕ ਦੂਰੀ ਦਾ ਸੰਕਲਪ ਪੈਦਾ ਹੋ ਜਾਂਦਾ ਹੈ। ਪਿਛਲੇ ਕਾਫ਼ੀ ਸਮੇਂ ਤੋਂ ਸਾਰਾ ਹੀ ਸੰਸਾਰ ਇਸ ਮਹਾਂਮਾਰੀ ਨਾਲ ਜੂਝ ਰਿਹਾ ਹੈ। ਬਹੁਤੇ ਤਾਂ ਇਸ ਦੁਨੀਆਂ ਤੋਂ ਰੁਖ਼ਸਤ ਵੀ ਹੋ ਗਏ ਹਨ। ਸਰਕਾਰਾਂ ਸਮੇਂ-ਸਮੇਂ ‘ਤੇ ਹਦਾਇਤਾਂ ਜਾਰੀ ਕਰ ਰਹੀਆਂ ਹਨ। ਜਨਤਾ ਨੂੰ ਉਨ੍ਹਾਂ ਹਦਾਇਤਾਂ ਦਾ ਪਾਲਣ ਕਰਨ ਵਾਸਤੇ ਕਹਿ ਰਹੀਆਂ ਹਨ। ਇਸ ਮਹਾਂਮਾਰੀ ਦੀ ਦਵਾਈ ਨਾ ਹੋਣ ਕਰਕੇ ਸਰਕਾਰ ਸਮਾਜਿਕ ਦੂਰੀ ਦਾ ਹੀ ਪਾਲਣਾ ਕਰਨ ਵਾਸਤੇ ਕਹਿ ਰਹੀ ਹੈ। ਇਹ ਕਾਫ਼ੀ ਹੱਦ ਤੱਕ ਸਹੀ ਵੀ ਹੈ। ਕਿਉਂਕਿ ਸਿਆਣੇ ਕਹਿੰਦੇ ਹਨ ਕਿ ਜਾਨ ਹੈ ਤਾਂ ਜਹਾਨ ਹੈ। ਇਸ ਕਰਕੇ ਜੇਕਰ ਅਸੀਂ ਘਰ ਰਹਾਂਗੇ ਜਾਂ ਸਮਾਜਿਕ ਦੂਰੀ ਬਣਾ ਕੇ ਰੱਖਾਂਗੇ ਤਾਂ ਅਸੀਂ ਆਪਣੀ ਅਤੇ ਆਪਣੇ ਸਾਕ-ਸਬੰਧੀਆਂ ਦੀ ਜਾਨ ਮਹਿਫ਼ੂਜ਼ ਰੱਖ ਸਕਾਂਗੇ।
ਪਰੰਤੂ ਸੋਚਣ ਵਾਲ਼ੀ ਗੱਲ ਇਹ ਹੈ ਕਿ ਕਰੋਨਾ ਮਹਾਂਮਾਰੀ ਦੇ ਚੱਲਦਿਆਂ ਸਮਾਜਿਕ ਦੂਰੀ ਕਿੰਨੀ ਕੁ ਜਾਇਜ਼ ਹੈ? ਸਭ ਤੋਂ ਪਹਿਲਾਂ ਅਸੀਂ ਆਪਣੇ ਘਰ ਤੋਂ ਹੀ ਸ਼ੁਰੂ ਕਰਦੇ ਹਾਂ। ਇਹ ਦੇਖਣ ‘ਚ ਆਇਆ ਹੈ ਕਿ ਘਰ ਦੇ ਸਕੇ ਮੈਂਬਰ ਇੱਕ-ਦੂਜੇ ਤੋਂ ਦੂਰ-ਦੂਰ ਇੰਝ ਰਹਿੰਦੇ ਹਨ ਜਿਵੇਂ ਉਹ ਕਿਸੇ ਹੋਰ ਪਰਿਵਾਰ ਨਾਲ਼ ਸਬੰਧ ਰੱਖਦੇ ਹੋਣ। ਉਨ੍ਹਾਂ ਦੀ ਇੱਕ-ਦੂਜੇ ਦੇ ਮਨਾਂ ‘ਚ ਵਧਦੀ ਦੂਰੀ ਸਪੱਸ਼ਟ ਤੌਰ ‘ਤੇ ਵੇਖੀ ਜਾ ਸਕਦੀ ਹੈ। ਜੇਕਰ ਕੋਈ ਪਰਿਵਾਰ ਦਾ ਮੈਂਬਰ ਪਾਣੀ ਜਾਂ ਰੋਟੀ ਦੀ ਮੰਗ ਕਰਦਾ ਵੀ ਹੈ ਤਾਂ ਬਹੁਤ ਹੀ ਹੀਣ ਭਾਵਨਾ ਨਾਲ਼ ਦੂਰ ਰਹਿ ਕੇ ਭੋਜਨ ਦਿੱਤਾ ਜਾਂਦਾ ਹੈ। ਕਹਿਣ ਦਾ ਮਤਲਬ ਇਹ ਹੈ ਕਿ ਕੋਰੋਨਾ ਕਰਕੇ ਸਾਨੂੰ ਆਪਣੇ ਮਨਾਂ ਵਿੱਚ ਨਫ਼ਰਤ ਜਾਂ ਫਿੱਕ ਨਹੀਂ ਪਾਉਣੀ ਚਾਹੀਦੀ। ਕਿਉਂਕਿ ਇਸ ਬਿਮਾਰੀ ਨੇ ਤਾਂ ਇੱਕ ਨਾ ਇੱਕ ਦਿਨ ਚਲੇ ਜਾਣਾ ਹੈ ਪਰ ਜੇਕਰ ਤੁਹਾਡੇ ਮਨ ਵਿੱਚ ਇੱਕ-ਦੂਜੇ ਪ੍ਰਤੀ ਨਫ਼ਰਤ ਦਾ ਕੋਰੋਨਾ ਪੈਦਾ ਹੋ ਗਿਆ ਤਾਂ ਉਸਨੂੰ ਕੱਢਣਾ ਔਖਾ ਹੋ ਸਕਦਾ ਹੈ।
ਕੋਰੋਨਾ ਬਿਮਾਰੀ ਦੌਰਾਨ ਇਨਸਾਨੀਅਤ ਦਾ ਬਹੁਤ ਘਾਣ ਹੋ ਰਿਹਾ ਹੈ। ਪਿਛਲੇ ਦਿਨੀਂ ਮੈਂ ਫੇਸਬੁੱਕ ‘ਤੇ ਲੁਧਿਆਣਾ ਸ਼ਹਿਰ ਦੀ ਵੀਡੀਓ ਵੇਖ ਰਿਹਾ ਸੀ। ਜਿਸ ਵਿੱਚ ਲੁਧਿਆਣਾ ਤੋਂ ਜਗਰਾਓਂ ਰੋਡ (ਜੋ ਕਿ ਇੱਕ ਬਹੁਤ ਵਿਅਸਤ ਰੋਡ ਹੈ) ‘ਤੇ ਇੱਕ 50 ਕੁ ਸਾਲ ਦਾ ਵਿਅਕਤੀ ਕੀੜੇ ਪੈਣ ਕਰਕੇ, ਇਲਾਜ ਪੱਖੋਂ ਇਸ ਕਰਕੇ ਆਪਣੇ ਪ੍ਰਾਣ ਤਿਆਗ ਗਿਆ ਕਿ ਕੋਰੋਨਾ ਵਾਇਰਸ ਦੇ ਚੱਲਦਿਆਂ ਉਸਨੂੰ ਚੁੱਕਣਾ ਤਾਂ ਦੂਰ ਦੀ ਗੱਲ, ਲੋਕ ਉਸ ਕੋਲ਼ ਰੁਕਣ ਤੋਂ ਵੀ ਝਿਜਕਦੇ ਸਨ। ਇਸ ਤਰ੍ਹਾਂ ਦੀਆਂ ਰੋਜ਼ਾਨਾ ਪਤਾ ਨਹੀਂ ਕਿੰਨੀਆਂ ਕੁ ਖਬਰਾਂ ਅਸੀਂ ਅਖਬਾਰਾਂ ਜਾਂ ਟੈਲੀਵਿਜ਼ਨ ਉੱਪਰ ਦੇਖਦੇ ਤੇ ਸੁਣਦੇ ਹਾਂ।
ਬੇਸ਼ੱਕ ਬਹੁਤ ਇਨਸਾਨ ਇਸ ਕੋਰੋਨਾ ਮਹਾਂਮਾਰੀ ਦੌਰਾਨ ਇਨਸਾਨੀਅਤ ਦੀ ਸੇਵਾ ਕਰ ਰਹੇ ਹਨ। ਕੋਈ ਨਵਾਂ ਘਰ ਬਣਾ ਕੇ ਦੇ ਰਿਹਾ ਹੈ। ਕੋਈ ਬਿਮਾਰ ਵਿਅਕਤੀਆਂ ਦਾ ਇਲਾਜ ਕਰਵਾ ਰਿਹਾ ਹੈ। ਜੋ ਕਿ ਸਾਡੇ ਲਈ ਪ੍ਰੇਰਣਾ ਸਰੋਤ ਹਨ। ਸਾਨੂੰ ਉਨ੍ਹਾਂ ਕੋਲ਼ੋਂ ਸਬਕ ਲੈਣਾ ਚਾਹੀਦਾ ਹੈ। ਪ੍ਰੰਤੂ ਬਹੁਤ ਸਾਰੇ ਲੋਕ, ਜਿਨ੍ਹਾਂ ਵਾਸਤੇ ਇਹ ਕੋਰੋਨਾ ਇੱਕ ਹਊਆ ਬਣ ਚੁੱਕਾ ਹੈ, ਉਨ੍ਹਾਂ ਨੂੰ ਇਨਸਾਨੀਅਤ ਬਾਰੇ ਜ਼ਰੂਰ ਸੋਚਣਾ ਚਾਹੀਦਾ ਹੈ।
ਕੋਰੋਨਾ ਮਹਾਂਮਾਰੀ ਦੌਰਾਨ ਹੀ ਸੋਸ਼ਲ ਮੀਡੀਆ ਉੱਪਰ ਇਟਲੀ ਦੇ ਡਾਕਟਰ ਮੀਆਂ-ਬੀਬੀ ਦੀ ਖ਼ਬਰ ਤੋਂ ਅਸੀਂ ਸਾਰੇ ਭਲੀ-ਭਾਂਤ ਜਾਣੂ ਹਾਂ ਕਿ ਕਿਸ ਤਰ੍ਹਾਂ ਉਨ੍ਹਾਂ ਨੇ ਹਜ਼ਾਰਾਂ ਮਰੀਜ਼ਾਂ ਨੂੰ ਬਚਾਇਆ ਸੀ, ਪਰੰਤੂ ਅਖੀਰ ਨੂੰ ਉਹ ਦੋਵੇਂ ਇਸ ਸੰਸਾਰ ਨੂੰ ਅਲਵਿਦਾ ਆਖ ਗਏ। ਸੋ ਕਹਿਣ ਦਾ ਮਤਲਬ ਇਹ ਹੈ ਕਿ ਬੇਸ਼ੱਕ ਸਾਨੂੰ ਸਮਾਜਿਕ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ ਪਰ ਨਾਲ-ਨਾਲ ਸਾਨੂੰ ਇਨਸਾਨੀਅਤ ਨੂੰ ਵੀ ਜ਼ਿੰਦਾ ਰੱਖਣਾ ਚਾਹੀਦਾ ਹੈ।
ਮੇਰਾ ਉਨ੍ਹਾਂ ਸਾਰੇ ਹੀ ਵਾਰੀਅਰਜ਼ ਨੂੰ ਪ੍ਰਣਾਮ, ਜਿਹੜੇ ਇਸ ਕੋਰੋਨਾ ਮਹਾਂਮਾਰੀ ਦੌਰਾਨ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਲੋਕਾਂ ਦੀਆਂ ਜਾਨਾਂ ਬਚਾ ਰਹੇ ਹਨ, ਅਤੇ ਹਰ ਸੰਭਵ ਤਰੀਕੇ ਨਾਲ਼ ਮੱਦਦ ਕਰ ਰਹੇ ਹਨ। ਸੋ, ਅੰਤ ਵਿੱਚ ਮੇਰਾ ਸਮੁੱਚੀ ਕਾਇਨਾਤ ਨੂੰ ਇੱਕੋ ਹੀ ਸੁਨੇਹਾ ਹੈ ਕਿ ਸਾਨੂੰ ਇਸ ਕੋਰੋਨਾ ਦੀ ਆੜ ਵਿੱਚ ਆਪਣੇ ਸਮਾਜਿਕ ਰਿਸ਼ਤਿਆਂ ਅਤੇ ਇਨਸਾਨੀਅਤ ਦਾ ਘਾਣ ਨਹੀਂ ਕਰਨਾ ਚਾਹੀਦਾ। ਜਿੱਥੇ ਕਿਤੇ ਵੀ ਕੋਈ ਲਾਚਾਰ ਵਿਅਕਤੀ ਮਿਲ਼ਦਾ ਹੈ ਤਾਂ ਉਸਦੀ ਹਰ ਸੰਭਵ ਤਰੀਕੇ ਨਾਲ ਮੱਦਦ ਕਰਨੀ ਚਾਹੀਦੀ ਹੈ। ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਉਸਦੀ ਮੱਦਦ ਕਰਨੀ ਚਾਹੀਦੀ ਹੈ।
ਕਿਉਂਕਿ ਜੇਕਰ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਵਰਗੇ ਦੇਸ਼ ਭਗਤ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਦੇਸ਼ ਨੂੰ ਆਜ਼ਾਦੀ ਨਾ ਦਵਾਉਂਦੇ ਤਾਂ ਅੱਜ ਸ਼ਾਇਦ ਅਸੀਂ ਉਨ੍ਹਾਂ ਨੂੰ ਯਾਦ ਨਾ ਕਰਦੇ। ਇਸ ਕਰਕੇ ਸਾਨੂੰ ਵੀ ਜ਼ਰੂਰ ਕੋਰੋਨਾ ਦੌਰਾਨ ਲੋਕਾਂ ਨਾਲ਼ ਇਨਸਾਨੀਅਤ ਦੀ ਤੌਰ ‘ਤੇ ਜੁੜੇ ਰਹਿਣਾ ਚਾਹੀਦਾ ਹੈ। ਉਨ੍ਹਾਂ ਨਾਲ਼ ਭੇਦਭਾਵ ਨਹੀਂ ਕਰਨਾ ਚਾਹੀਦਾ ਅਤੇ ਸਮਾਜਿਕ ਰਿਸ਼ਤਿਆਂ ਨੂੰ ਬਰਕਰਾਰ ਰੱਖਣਾ ਚਾਹੀਦਾ ਹੈ ਪਰ ਇਸ ਦੇ ਨਾਲ ਸਰਕਾਰ ਵੱਲੋਂ ਜਾਰੀ ਹਿਦਾਇਤਾਂ ਦਾ ਪਾਲਣ ਕਰਨਾ ਵੀ ਸਾਡਾ ਸਭ ਦਾ ਨੈਤਿਕ ਫ਼ਰਜ਼ ਬਣਦਾ ਹੈ
ਜੋ ਕਰਦੇ ਸੇਵਾ ਦੇਸ਼ ਦੀ ਐ, ਉਹ ਨਾਂਅਠ ਵਿੱਚ ਹੀਰਿਆਂ ਜੜਦੇ ਨੇ।
ਲੋਕ ਯਾਦ ਹਮੇਸ਼ਾ ਕਰਦੇ ਨੇ, ਜੋ ਨਾਲ਼ ਵਿੱਚ ਮੁਸੀਬਤ
ਖੜ੍ਹਦੇ ਨੇ।
ਉਨ੍ਹਾਂ ਯੋਧਿਆਂ ਨੂੰ ਹੈ ਸਲਾਮ ਮੇਰਾ, ਜੋ ਨਾਲ਼ ਕੋਰੋਨਾ
ਲੜਦੇ ਨੇ।
ਜੇ ‘ਗੁਰਵਿੰਦਰਾ’ ਮਨਾਂ ਵਿੱਚ ਫਿੱਕ ਨਹੀਂ, ਫਿਰ ਰਿਸ਼ਤੇ ਪੂਰ ਵੀ ਚੜ੍ਹਦੇ ਨੇ।
ਈ.ਟੀ.ਟੀ. ਅਧਿਆਪਕ, ਸਰਕਾਰੀ ਪ੍ਰਾਇਮਰੀ ਸਕੂਲ, ਦੌਲੋਵਾਲ ਬਲਾਕ ਮਾਲੇਰਕੋਟਲਾ-2 (ਸੰਗਰੂਰ)
ਮੋ. 98411-45000
ਗੁਰਵਿੰਦਰ ਸਿੰਘ ‘ਉੱਪਲ’
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.