ਕੋਰੋਨਾ ‘ਚ ਵਿਦਿਆਰਥਣਾਂ ਨੇ ਵਿਖਾਇਆ ਟੈਲੰਟ, ਉਦਯੋਗਪਤੀਆਂ ਨੇ ਦਿੱਤਾ ਦਾਨ ਤਾਂ 3 ਕਰੋੜ ਰੁਪਏ ਦੇ ਤਿਆਰ ਹੋ ‘ਗੇ 18 ਲੱਖ ਮਾਸਕ

ਆਈ.ਟੀ.ਆਈ. ਵਿੱਚ ਤਿਆਰ ਕਾਟਨ ਦੇ ਮਾਸਕ ਦੇ ਦੂਰ ਦੂਰ ਤੱਕ ਚਰਚੇ, ਅਧਿਕਾਰੀਆਂ ਖ਼ੁਦ ਕਰ ਰਹੇ ਹਨ ਵਰਤੋਂ

ਕਾਟਨ ਦੇ ਤਿਆਰ ਹੋਏ ਮਾਸਕ ਵੰਡੇ ਜਾ ਰਹੇ ਹਨ ਮੁਫ਼ਤ ‘ਚ, ਪਿੰਡਾਂ ਵਿੱਚ ਹੋ ਰਹੀ ਐ ਸਪਲਾਈ

ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਦੀਆਂ ਵਿਦਿਆਰਥਣਾਂ ਵਿੱਚ ਕਿਸ ਕਦਰ ਟੈਲੰਟ ਭਰਿਆ ਹੋਇਆ ਹੈ, ਇਸ ਦੀ ਮਿਸਾਲ ਇਸ ਕੋਰੋਨਾ ਦੀ ਮਹਾਂਮਾਰੀ ਦੌਰਾਨ ਆਈ.ਟੀ.ਆਈ. ਵਿੱਚ ਦੇਖਣ ਨੂੰ ਮਿਲ ਰਹੀ ਹੈ। ਦੇਸ਼ ਭਰ ਵਿੱਚ ਕੋਰੋਨਾ ਤੋਂ ਬਚਣ ਲਈ ਮਾਸਕ ਪਾਉਣ ਦੀ ਸਲਾਹ ਦਿੱਤੀ ਜਾ ਰਹੀ ਹੈ ਤਾਂ ਮਾਸਕ ਪਾਉਣ ਦੀ ਸਲਾਹ ਨੂੰ ਨਾ ਮੰਨਣ ਵਾਲਿਆਂ ਲਈ ਮੁਫ਼ਤ ਵਿੱਚ ਮਾਸਕ ਵੰਡਣ ਦਾ ਟੀਚਾ ਲੈਣ ਵਾਲੀਆਂ ਆਈ.ਟੀ.ਆਈ. ਦੀਆਂ ਵਿਦਿਆਰਥਣਾਂ ਨੇ ਨਾ ਸਿਰਫ਼ ਪਿਛਲੇ ਕੁਝ ਹਫ਼ਤੇ ਵਿੱਚ 18 ਲੱਖ ਮਾਸਕ ਤਿਆਰ ਕਰਦੇ ਹੋਏ ਮੁਫ਼ਤ ਵਿੱਚ ਵੰਡ ਦਿੱਤੇ ਹਨ, ਸਗੋਂ ਇਨ੍ਹਾਂ 18 ਲੱਖ ਮਾਸਕਾਂ ਨੂੰ ਤਿਆਰ ਕਰਨ ਲਈ ਆਏ ਲਗਭਗ 2 ਕਰੋੜ 90 ਲੱਖ ਰੁਪਏ ਦੇ ਖ਼ਰਚ ਨੂੰ ਵੀ ਸਰਕਾਰ ਤੋਂ ਨਹੀਂ ਲਿਆ।

ਪੰਜਾਬ ਦੀਆਂ 78 ਆਈ.ਟੀ.ਆਈ. ਵਿੱਚ ਤਿਆਰ ਕੀਤੇ ਗਏ ਇਹ ਸਾਰੇ ਮਾਸਕ ਉਦਯੋਗਪਤੀਆਂ ਦੀ ਮਦਦ ਨਾਲ ਹੀ ਤਿਆਰ ਕੀਤੇ ਗਏ ਹਨ।  ਉਦਯੋਗਪਤੀਆਂ ਤੋਂ ਵੀ ਪੈਸਾ ਨਾ ਲੈਂਦੇ ਹੋਏ ਉਨ੍ਹਾਂ ਤੋਂ ਕੱਪੜਾ ਅਤੇ ਇਸ ਵਿੱਚ ਇਸਤੇਮਾਲ ਹੋਣ ਵਾਲਾ ਸਾਮਾਨ ਹੀ ਲਿਆ ਗਿਆ ਹੈ। ਇਸ ਸਾਰੇ ਸਾਮਾਨ ਨੂੰ ਨਾ ਸਿਰਫ਼ ਉਦਯੋਗਪਤੀਆਂ ਨੇ ਦਿੱਤਾ, ਸਗੋਂ ਖ਼ੁਦ ਮਾਸਕ ਨੂੰ ਇਸਤੇਮਾਲ ਕਰਦੇ ਹੋਏ ਖ਼ੁਦ ਕੁਆਲਿਟੀ ਚੈਕਿੰਗ ਵੀ ਕੀਤੀ। ਇਨ੍ਹਾਂ ਵਿਦਿਆਰਥਣਾਂ ਦੇ ਇਸ ਹੁਨਰ ਦੀ ਤਾਰੀਫ਼ ਕਰਦੇ ਹੋਏ ਉਦਯੋਗਪਤੀ ਹੁਣ ਹੋਰ ਵੀ ਜਿਆਦਾ ਮਦਦ ਕਰਨ ਲਈ ਤਿਆਰ ਹੋ ਗਏ ਹਨ ਤਾਂ ਕਿ ਪੰਜਾਬ ਦੇ ਘਰ ਘਰ ਵਿੱਚ ਮਾਸਕ ਪਹੁੰਚ ਜਾਵੇ।

ਜਾਣਕਾਰੀ ਅਨੁਸਾਰ ਮਾਰਚ ਮਹੀਨੇ ਵਿੱਚ ਕੋਰੋਨਾ ਦੀ ਮਹਾਂਮਾਰੀ ਆਉਣ ਤੋਂ ਬਾਅਦ ਇਸ ਬਿਮਾਰੀ ਦੇ ਖ਼ਤਮ ਹੋਣ ਦੀ ਕੋਈ ਵੀ ਸਮਾਂ ਸੀਮਾ ਨਹੀਂ ਦੱਸੀ ਜਾ ਰਹੀ ਹੈ। ਇਸ ਮਹਾਂਮਾਰੀ ਤੋਂ ਬਚਣ ਲਈ ਮਾਸਕ ਦੀ ਵਰਤੋਂ ਹਰ ਹਾਲਤ ਵਿੱਚ ਕਰਨ ਦੀ ਸਲਾਹ ਨਾ ਸਿਰਫ਼ ਡਾਕਟਰ ਦੇ ਰਹੇ ਹਨ, ਸਗੋਂ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਵੀ ਕਈ ਵਾਰ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਹੈ। ਇਸ ਅਪੀਲ ਤੋਂ ਬਾਅਦ ਵੀ ਮਾਸਕ ਨਾ ਪਾਉਣ ਵਾਲੇ ਪਿੰਡਾਂ ਦੇ ਲੋਕਾਂ ਅਤੇ ਲੇਬਰ ਨੂੰ ਮੁਫ਼ਤ ਵਿੱਚ ਮਾਸਕ ਸਪਲਾਈ ਕਰਨ ਦਾ ਟੀਚਾ ਖ਼ੁਦ ਆਈ.ਟੀ.ਆਈ. ਨੇ ਆਪਣੇ ਸਿਰ ਲੈ ਲਿਆ।

ਇਸ ਦੀ ਸ਼ੁਰੂਆਤ ਉੱਚ ਅਧਿਕਾਰੀਆਂ ਦੇ ਇੱਕ ਫੈਸਲੇ ਤੋਂ ਹੋਈ ਤਾਂ ਆਈ.ਟੀ.ਆਈ. ਵਿੱਚ ਵਿਦਿਆਰਥਣਾਂ ਸਿਲਾਈ ਕਢਾਈ ਅਤੇ ਫੈਸ਼ਨ ਡਿਜਾਈਨਿੰਗ ਦੀ ਕੋਰਸ ਕਰ ਰਹੀ ਵਿਦਿਆਰਥਣਾਂ ਨੇ ਵੀ ਅੱਗੇ ਆਉਂਦੇ ਹੋਏ ਆਪਣੇ ਘਰ ਤੋਂ ਹੀ ਡਿਜ਼ਾਇਨ ਵਾਲੇ ਮਾਸਕ ਤਿਆਰ ਕਰਨ ਲਈ ਹਾਮੀ ਭਰ ਦਿੱਤੀ ਜਿਸ ਤੋਂ ਬਾਅਦ ਸਾਰਿਆਂ ਤੋਂ ਜਿਆਦਾ ਜਰੂਰਤ ਕੱਪੜੇ ਅਤੇ ਇਸਤੇਮਾਲ ਵਿੱਚ ਆਉਣ ਵਾਲੇ ਸਾਮਾਨ ਦੀ ਸੀ। ਉੱਚ ਅਧਿਕਾਰੀ ਇਸ ਸਬੰਧੀ ਸਰਕਾਰ ਤੋਂ ਮਦਦ ਮੰਗਦੇ ਤਾਂ ਇਸ ਤੋਂ ਪਹਿਲਾਂ ਹੀ ਕੁਝ ਉਦਯੋਗਪਤੀਆਂ ਨੇ ਅੱਗੇ ਆਉਂਦੇ ਹੋਏ ਕੁਝ ਸਾਮਾਨ ਦਾਨ ਵਿੱਚ ਦੇ ਦਿੱਤਾ ਅਤੇ ਸ਼ੁਰੂਆਤ ਵਿੱਚ ਕਾਟਨ ਦੇ ਡਿਜ਼ਾਇਨ ਵਾਲੇ ਮਾਸਕ ਦੇਖ ਕੇ ਉਦਯੋਗਪਤੀ ਵੀ ਹੈਰਾਨ ਹੋ ਗਏ। ਜਿਸ ਤੋਂ ਬਾਅਦ ਕੱਪੜਾ ਅਤੇ ਹੋਰ ਸਾਮਾਨ ਦਾਨ ਕਰਨ ਵਾਲੇ ਉਦਯੋਗਪਤੀਆਂ ਦੀ ਗਿਣਤੀ ਵਧਦੀ ਗਈ ਤਾਂ ਮਾਸਕ ਵੀ ਲੱਖਾਂ ਵਿੱਚ ਹੀ ਤਿਆਰ ਹੋਣੇ ਸ਼ੁਰੂ ਹੋ ਗਏ।

ਪਿਛਲੇ ਕੁਝ ਹਫ਼ਤੇ ਵਿੱਚ 18 ਲੱਖ ਦੇ ਕਰੀਬ ਮਾਸਕ ਤਿਆਰ ਹੋ ਚੁੱਕੇ ਹਨ ਅਤੇ ਹਰ ਮਾਸਕ ‘ਤੇ 15 ਤੋਂ 17 ਰੁਪਏ ਖ਼ਰਚਾ ਆ ਰਿਹਾ ਹੈ, ਕਿਉਂਕਿ ਕੱਪੜੇ ਦੀ ਕੁਆਲਿਟੀ ਨਾਲ ਕੋਈ ਵੀ ਸਮਝੌਤਾ ਨਹੀਂ ਕੀਤਾ ਜਾ ਰਿਹਾ ਹੈ। ਜਿਸ ਕਾਰਨ ਹੁਣ ਤੱਕ 3 ਕਰੋੜ ਰੁਪਏ ਦੀ ਲਾਗਤ ਨਾਲ 18 ਲੱਖ ਮਾਸਕ ਤਿਆਰ ਹੋ ਚੁੱਕੇ ਹਨ।

ਮਾਸਕ ‘ਤੇ ਕੀਤੀ ਜਾ ਰਹੀ ਐ ਕਢਾਈ, ਅਧਿਕਾਰੀਆਂ ਨੂੰ ਆ ਰਹੇ ਹਨ ਪਸੰਦ

ਆਈ.ਟੀ.ਆਈ. ਦੀਆਂ ਵਿਦਿਆਰਥਣਾਂ ਵੱਲੋਂ ਮਾਸਕ ‘ਤੇ ਕਾਫ਼ੀ ਚੰਗੀ ਕਢਾਈ ਕੀਤੀ ਜਾ ਰਹੀ ਹੈ, ਜਿਹੜੀ ਕਿ ਅਧਿਕਾਰੀਆਂ ਨੂੰ ਵੀ ਕਾਫ਼ੀ ਜਿਆਦਾ ਪਸੰਦ ਆ ਰਹੇ ਹਨ। ਪੰਜਾਬ ਵਿੱਚ ਡਿਪਟੀ ਕਮਿਸ਼ਨਰ ਤੋਂ ਲੈ ਕੇ ਪੁਲਿਸ ਅਧਿਕਾਰੀ ਵੀ ਆਈ.ਟੀ.ਆਈ. ਵਿੱਚ ਤਿਆਰ ਹੋਣ ਵਾਲੇ ਮਾਸਕ ਨੂੰ ਇਸਤੇਮਾਲ ਕਰ ਰਹੇ ਹਨ। ਮਾਸਕ ਲੈਣ ਵਾਲੇ ਅਧਿਕਾਰੀਆਂ ਤੋਂ ਕੋਈ ਵੀ ਪੈਸਾ ਨਹੀਂ ਲਿਆ ਜਾ ਰਿਹਾ ਹੈ, ਜਿਸ ਕਾਰਨ ਅਧਿਕਾਰੀ ਵੀ ਖ਼ੁਦ ਅੱਗੇ ਆ ਕੇ ਦਾਨ ਕਰਦੇ ਹੋਏ ਕੱਪੜਾ ਅਤੇ ਸਾਮਾਨ ਦੇ ਰਹੇ ਹਨ ਤਾਂ ਕਿ ਜ਼ਰੂਰਤਮੰਦਾਂ ਲਈ ਹੋਰ ਮਾਸਕ ਤਿਆਰ ਹੋ ਸਕਣ।

ਹਸਪਤਾਲਾਂ ਤੋਂ ਲੈ ਕੇ ਅਨਾਜ ਮੰਡੀਆਂ ਅਤੇ ਪਿੰਡਾਂ ਵਿੱਚ ਵੰਡੇ ਜਾ ਰਹੇ ਹਨ ਮੁਫ਼ਤ ਮਾਸਕ

ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿੱਚ ਡਿਊਟੀ ਦੇ ਰਹੇ ਸਟਾਫ਼ ਮੈਂਬਰਾਂ ਤੋਂ ਲੈ ਕੇ ਅਨਾਜ ਮੰਡੀਆਂ ‘ਚ ਲੇਬਰ ਅਤੇ ਸਫ਼ਾਈ ਕਰਮਚਾਰੀਆਂ ਨੂੰ ਵੀ ਇਹ ਮੁਫ਼ਤ ਵਿੱਚ ਮਾਸਕ ਆਈ.ਟੀ.ਆਈ. ਵੱਲੋਂ ਪਹੁੰਚਾਏ ਜਾ ਰਹੇ ਹਨ ਤਾਂ ਕਿ ਉਹ ਖ਼ੁਦ ਕੋਰੋਨਾ ਦੀ ਬਿਮਾਰੀ ਤੋਂ ਬਚ ਸਕਣ। ਸਰਕਾਰੀ ਹਸਪਤਾਲਾਂ ਦਾ ਸਟਾਫ਼ ਅਤੇ ਸਫ਼ਾਈ ਕਰਮਚਾਰੀ ਵੀ ਇਸ ਕਾਟਨ ਦੇ ਮਾਸਕ ਨੂੰ ਕਾਫ਼ੀ ਜਿਆਦਾ ਪਸੰਦ ਕਰ ਰਹੇ ਹਨ, ਇੱਕ ਮਾਸਕ ਨੂੰ ਵਾਰ-ਵਾਰ ਵਰਤੋਂ ਵਿੱਚ ਵੀ ਲਿਆਇਆ ਜਾ ਸਕਦਾ ਹੈ।

ਪਿੰ੍ਰਸੀਪਲਾਂ ਦੀ ਸਖ਼ਤ ਮਿਹਨਤ ਨਾਲ ਮਿਲੀ ਸਫ਼ਲਤਾ

ਤਕਨੀਕੀ ਸਿੱਖਿਆ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਅਨੁਰਾਗ ਵਰਮਾ ਨੇ ਕਿਹਾ ਕਿ ਆਈ.ਟੀ.ਆਈ. ਵਿੱਚ ਵਿਦਿਆਰਥਣਾਂ ਵੱਲੋਂ ਮਾਸਕ ਬਣਾ ਕੇ ਮੁਫ਼ਤ ਵਿੱਚ ਵੰਡਣ ਦਾ ਕਾਫ਼ੀ ਚੰਗਾ ਕੰਮ ਕੀਤਾ ਗਿਆ ਹੈ ਅਤੇ ਇਸ ਵਿੱਚ ਉਦਯੋਗਪਤੀਆਂ ਨੇ ਕੱਪੜਾ ਅਤੇ ਸਾਮਾਨ ਦੇ ਕੇ ਕਾਫ਼ੀ ਮਦਦ ਕੀਤੀ ਹੈ ਪਰ ਇੱਥੇ ਹੀ ਆਈ.ਟੀ.ਆਈ. ਦੇ ਪ੍ਰਿੰਸੀਪਲ ਅਤੇ ਅਧਿਆਪਕਾਂ ਦੀ ਸਖ਼ਤ ਮਿਹਨਤ ਨੂੰ ਭੁੱਲਿਆਂ ਨਹੀਂ ਜਾ ਸਕਦਾ ਹੈ। ਜਿਨ੍ਹਾਂ ਨੇ ਖ਼ੁਦ ਦਾਨ ਲਈ ਉਦਯੋਗਪਤੀਆਂ ਨਾਲ ਗੱਲਬਾਤ ਕਰਨ ਲਈ ਵਿਦਿਆਰਥਣਾਂ ਨੂੰ ਵੀ ਉਤਸ਼ਾਹਿਤ ਕੀਤਾ ਹੈ, ਜਿਸ ਕਾਰਨ ਬਿਨਾਂ ਕੁਝ ਖ਼ਰਚਾ ਕੀਤੇ 18 ਲੱਖ ਮਾਸਕ ਤਿਆਰ ਕਰਦੇ ਹੋਏ ਮੁਫ਼ਤ ਵਿੱਚ ਵੰਡੇ ਗਏ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ