ਕੋਰੋਨਾ ਨੇ ਸਰਕਾਰੀ ਸਿਹਤ ਤੰਤਰ ਪ੍ਰਤੀ ਲੋਕਾਂ ਦਾ ਬਦਲਿਆ ਨਜ਼ਰੀਆ!
ਸਰਕਾਰ ਵੱਲੋਂ ਸਿਹਤ ਦੇ ਖੇਤਰ ’ਚ ਬੁਨਿਆਦੀ ਢਾਂਚੇ, ਭਿਆਨਕ ਬਿਮਾਰੀਆਂ ਦੇ ਇਲਾਜ ਤੇ ਰੋਕਥਾਮ ਅਤੇ ਲੋਕਾਂ ਨੂੰ ਵੱਖ-ਵੱਖ ਸਿਹਤ ਸੇਵਾਵਾਂ ਪ੍ਰਤੀ ਜਾਗਰੂਕ ਕਰਨ ਹਿੱਤ ਕਰੋੜਾਂ ਰੁਪਏ ਦਾ ਬਜਟ ਰੱਖਿਆ ਜਾਂਦਾ ਹੈ, ਸਿਹਤ ਵਿਭਾਗ ਦਾ ਮੈਡੀਕਲ, ਪੈਰਾ-ਮੈਡੀਕਲ ਅਮਲਾ ਅਤੇ ਮਾਸ ਮੀਡੀਆ ਸਟਾਫ ਸਿਹਤ ਵਿਭਾਗ ਵੱਲੋਂ ਮੁਹੱਈਆ ਸਹੂਲਤਾਂ ਆਮ ਲੋਕਾਂ ਤੱਕ ਪਹੁੰਚਾਉਣ ਲਈ ਯੋਗ ਉਪਰਾਲਾ ਕਰਦਾ ਹੈ, ਇੱਥੋਂ ਤੱਕ ਕਿ ਇੱਕ ਹਜ਼ਾਰ ਦੀ ਅਬਾਦੀ ਪਿਛੇ ਕੰਮ ਕਰ ਰਹੀ ਆਸ਼ਾ ਵਰਕਰ ਤਾਂ ਘਰ-ਘਰ ਜਾ ਕੇ ਸਿਹਤ ਸੇਵਾਵਾਂ ਦੀ ਅਵਾਜ਼ ਬੁਲੰਦ ਕਰਦੀ ਨਹੀਂ ਥੱਕਦੀ, ਪਰ ਦੇਖਿਆ ਗਿਆ ਹੈ ਕਿ ਜ਼ਿਆਦਾਤਰ ਲੋਕ ਸਰਕਾਰੀ ਸਿਹਤ ਪ੍ਰਣਾਲੀ ਅਤੇ ਸਟਾਫ ’ਤੇ ਭਰੋਸਾ ਨਹੀਂ ਕਰਦੇ ਸਗੋਂ ਸਿਹਤ ਵਿਭਾਗ ਵਿਰੁੱਧ ਅਫਵਾਹਾਂ ਅਤੇ ਕੂੜ-ਪ੍ਰਚਾਰ ਕਰਨ ’ਚ ਭਾਗੀਦਾਰ ਬਣਦੇ ਹਨ, ਜਿਸ ਕਾਰਨ ਕਿਸੇ ਯੋਜਨਾ ਜਾਂ ਸਕੀਮ ਨੂੰ ਲਾਗੂ ਕਰਵਾਉਣ ਅਤੇ ਸੁਚਾਰੂ ਨਤੀਜੇ ਪ੍ਰਾਪਤ ਕਰਨ ਲਈ ਵਿਭਾਗ ਨੂੰ ਭਾਰੀ ਮੁਸ਼ੱਕਤ ਕਰਨੀ ਪੈਂਦੀ ਹੈ।
ਪਰ ਇਸ ਕੋਰੋਨਾ ਵਾਇਰਸ ਦੀ ਮਹਾਂਮਾਰੀ ਨੇ ਤਾਂ ਜਿਵੇਂ ਜਨਤਾ ਨੂੰ ਸ਼ੀਸ਼ਾ ਹੀ ਦਿਖਾ ਦਿੱਤਾ ਹੋਵੇ, ਜਿਹੜੇ ਸਰਕਾਰੀ ਹੈਲਥ ਸਿਸਟਮ ਨੂੰ ਲੋਕ ਟਿੱਚ ਜਾਣਦੇ ਸਨ ਆਖਰ ਉਹੀ ਸਿਸਟਮ ਸਭ ਦਾ ਮਸੀਹਾ ਬਣਿਆ ਨਜ਼ਰ ਆ ਰਿਹਾ ਹੈ ਸਿਹਤ ਵਿਭਾਗ ਦੇ ਸਟਾਫ ਮੈਂਬਰ ਕੋਰੋਨਾ ਯੋਧੇ ਬਣ ਉਸ ਔਖੀ ਘੜੀ ’ਚ ਲੋਕਾਂ ਦੇ ਹਾਣੀ ਬਣੇ ਜਦੋਂ ਕੋਈ ਆਪਣਾ ਉਨ੍ਹਾਂ ਦੇ ਨੇੜੇ ਲੱਗਣ ਤੋਂ ਵੀ ਡਰਦਾ ਸੀ। ਲੱਖਾਂ ਦੀ ਗਿਣਤੀ ਵਿੱਚ ਕੋਰੋਨਾ ਦੇ ਸੈਂਪਲ ਕੀਤੇ, ਪਾਜ਼ੀਟਿਵ ਮਰੀਜ਼ਾਂ ਲਈ ਇਕਾਂਤਵਾਸ ਸੈਂਟਰ, ਕੋਵਿਡ ਕੇਅਰ ਸੈਂਟਰ, ਹਸਪਤਾਲਾਂ ’ਚ ਯੋਗ ਪ੍ਰਬੰਧ ਕੀਤੇ ਗਏ ਅਤੇ ਘਰਾਂ ਵਿੱਚ ਇਲਾਜ ਕਿੱਟਾਂ ਤੱਕ ਪਹੁੰਚਾਉਣ ਦੇ ਨਾਲ-ਨਾਲ ਉਚਿਤ ਸਲਾਹ-ਮਸ਼ਵਰਾ ਵੀ ਦਿੱਤਾ। ਲੋਕਾਂ ਦੀ ਸੇਵਾ ਕਰਦੇ-ਕਰਦੇ ਵਿਭਾਗ ਦੇ ਕਈ ਅਧਿਕਾਰੀ-ਕਰਮਚਾਰੀ ਇਸ ਭਿਆਨਕ ਵਾਇਰਸ ਦੀ ਲਪੇਟ ’ਚ ਆਉਣ ਕਾਰਨ ਮੌਤ ਦੇ ਮੂੰਹ ਵਿਚ ਵੀ ਚਲੇ ਗਏ।
ਸਰਕਾਰੀ ਸਿਹਤ ਪ੍ਰਣਾਲੀ ਅਧੀਨ ਜੱਚਾ-ਬੱਚਾ ਸਿਹਤ ਸੇਵਾਵਾਂ-ਮੁਫਤ ਟੀਕਾਕਰਨ, ਗਰਭਵਤੀ ਔਰਤ ਦਾ ਜਣੇਪਾ, ਨਵ-ਜਨਮੇ ਬੱਚਿਆਂ ਦੇ ਮੁਫਤ ਇਲਾਜ ਦੀ ਸੁਵਿਧਾ, ਸਰਕਾਰੀ ਸਕੂਲਾਂ-ਏਡਿਡ ਸਕੂਲਾਂ ਅਤੇ ਆਂਗਣਵਾੜੀ ਵਿੱਚ ਪੜ੍ਹਦੇ ਬੱਚਿਆਂ ਲਈ 31 ਬਿਮਾਰੀਆਂ ਦਾ ਮੁਫਤ ਇਲਾਜ, ਬਜ਼ੁਰਗਾਂ ਦੀ ਦੇਖਭਾਲ ਲਈ ਰਾਸ਼ਟਰੀ ਪ੍ਰੋਗਰਾਮ, ਮੁੱਖ ਮੰਤਰੀ ਕੈਂਸਰ ਰਾਹਤ ਕੋਸ਼ ਫੰਡ ਤਹਿਤ 1.5 ਲੱਖ ਰੁਪਏ ਤੱਕ ਦੇ ਇਲਾਜ ਦੀ ਸੁਵਿਧਾ, ਮੁੱਖ ਮੰਤਰੀ ਪੰਜਾਬ ਹੈਪੇਟਾਈਟਸ-ਸੀ (ਕਾਲਾ ਪੀਲੀਆ) ਰਲੀਫ ਫੰਡ, ਮੁੱਖ ਮੰਤਰੀ ਮੋਤੀਆ ਮੁਕਤ ਯੋਜਨਾ ਅਧੀਨ ਇਲਾਜ, ਨਸ਼ਾ ਪੀੜਤਾਂ ਦੇ ਮੁਫਤ ਇਲਾਜ ਲਈ ਨਸ਼ਾ ਛੁਡਾਓ ਕੇਂਦਰ, ਓਟ-ਸੈਂਟਰ ਅਤੇ ਪੁਨਰਵਾਸ ਕੇਂਦਰ ਸਥਾਪਿਤ, ਤੰਬਾਕੂ ਕੰਟਰੋਲ ਅਤੇ ਸੈਂਸੇਸ਼ਨ ਸੈੱਲ, ਗੈਰ-ਸੰਚਾਰੀ ਰੋਗਾਂ ਜਿਵੇਂ ਸ਼ੂਗਰ, ਬਲੱਡ ਪ੍ਰੈਸ਼ਰ ਅਤੇ ਕੈਂਸਰ ਦੀ ਰੋਕਥਾਮ ਤੇ ਇਲਾਜ ਲਈ ਵਿਸ਼ੇਸ਼ ਰਾਸ਼ਟਰੀ ਪ੍ਰੋਗਰਾਮ, ਟੀ. ਬੀ, ਏਡਜ਼ ਅਤੇ ਕੁਸ਼ਟ ਰੋਗਾਂ ਦੇ ਇਲਾਜ ਦਾ ਪ੍ਰਬੰਧ
ਪਿੰਡਾਂ ਅਤੇ ਸ਼ਹਿਰਾਂ ਲਈ ਹੈਲਥ ਖਰੜਾ ਤਿਆਰ ਕਰਨ ਤੇ ਨੁਹਾਰ ਬਦਲਣ ਲਈ ਵਿਸ਼ੇਸ਼ ਕਮੇਟੀਆਂ, ਐਮਰਜੈਂਸੀ ਵਿੱਚ 108 ਹੈਲਪਲਾਈਨ ਨੰਬਰ ਡਾਇਲ ਕਰਨ ’ਤੇ ਐਂਬੂਲੈਂਸ ਦੀ ਸੁਵਿਧਾ ਅਤੇ 104 ਡਾਇਲ ਕਰਨ ’ਤੇ ਇਲਾਜ-ਸਲਾਹ, ਵਿਭਾਗ ਦਾ ਮੋਬਾਇਲ ਮੈਡੀਕਲ ਯੂਨਿਟ (ਤੁਰਦਾ-ਫਿਰਦਾ ਹਸਪਤਾਲ) ਹਰ ਰੋਜ਼ ਵੱਖ-ਵੱਖ ਪਿੰਡਾਂ ਦਾ ਦੌਰਾ ਕਰਦਾ ਹੈ, ਸਰਕਾਰ ਵੱਲੋਂ ਸ਼ੁਰੂ ਕੀਤੀ ਆਯੂਸ਼ਮਾਨ ਸਰਬੱਤ ਸਿਹਤ ਬੀਮਾ ਯੋਜਨਾ-ਪੰਜੀਕਿ੍ਰਤ ਪਰਿਵਾਰਾਂ ਨੂੰ ਸੂਚੀਬੱਧ ਹਸਪਤਾਲਾਂ ਵਿੱਚ ਨਗਦੀ ਰਹਿਤ ਇਲਾਜ ਦੀ ਸਹੂਲਤ, ਡਾਇਰੀਆ, ਡੇਂਗੂ-ਮਲੇਰੀਆ, ਚਿਕਨਗੁਨੀਆ ਵਰਗੀਆਂ ਬਿਮਾਰੀਆਂ ਦੀ ਰੋਕਥਾਮ, ਟੈਸਟ ਤੇ ਇਲਾਜ ਦੀ ਸੁਵਿਧਾ, ਇਸ ਦੇ ਨਾਲ-ਨਾਲ ਕਈ ਹੋਰ ਅੰਤਰਰਾਸ਼ਟਰੀ-ਰਾਸ਼ਟਰੀ ਸਿਹਤ ਦਿਵਸ ਅਤੇ ਵਿਸ਼ੇਸ਼ ਪੰਦਰਵਾੜਿਆਂ ਦਾ ਆਯੋਜਨ ਕਰਕੇ ਆਮ ਲੋਕਾਂ ਤੱਕ ਸਿਹਤ ਸਹੂਲਤਾਂ ਪਹੁੰਚਾਉਣ ਦਾ ਯਤਨ ਕੀਤਾ ਜਾਂਦਾ ਹੈ।
ਸਿਹਤ ਵਿਭਾਗ ਅਧੀਨ ਅਜੇ ਹੋਮੀਓਪੈਥੀ, ਅਯੂਸ਼-ਆਯੂਰਵੈਦਿਕ, ਫੀਜ਼ੀਓਥਰੈਪੀ ਇਲਾਜ ਅਤੇ ਅਨੇਕਾਂ ਹੀ ਸ਼ਾਨਦਾਰ ਇਲਾਜ ਸੇਵਾਵਾਂ ਜਿਵੇਂ ਈ. ਸੀ. ਜੀ., ਐਕਸਰੇ, ਅਲਟ੍ਰਾਸਾਊਂਡ ਅਤੇ ਲੈਬ ਟੈਸਟ ਦੀ ਸੁਵਿਧਾ ਉਪਲੱਬਧ ਹੈ, ਜਿੰਨਾਂ ਤੋਂ ਕਈ ਲੋਕ ਅਜੇ ਵੀ ਅਣਜਾਣ ਹਨ, ਪਰ ਹੁਣ ਕੋਰੋਨਾ ਤੋਂ ਬਚਾਅ ਲਈ ਜਾਗਰੂਕਤਾ, ਸੈਂਪਲਿੰਗ ਅਤੇ ਟੀਕਾਕਰਨ ਕਰਵਾਉਣ ਲਈ ਲੋਕ ਪਿਛਲੇ ਦੋ ਵਰ੍ਹਿਆਂ ਤੋਂ ਸਰਕਾਰੀ ਸਿਹਤ ਸੰਸਥਾਵਾਂ ਦਾ ਰੁਖ ਕਰ ਰਹੇ ਹਨ ਜਿਸ ਕਾਰਨ ਸਾਂਝ ਵਧਣੀ ਸੁਭਾਵਿਕ ਵੀ ਹੈ। ਲੱਗਦਾ ਹੈ ਕਿ ਹੁਣ ਸਰਕਾਰੀ ਸਿਹਤ ਸਕੀਮਾਂ, ਸਹੂਲਤਾਂ ਤੇ ਸੇਵਾਵਾਂ ਦਾ ਮੁੱਲ ਪੈਣ ਲੱਗ ਪਿਆ ਹੈ ਲੋਕ ਸਿਹਤ ਵਿਭਾਗ ’ਤੇ ਵਿਸ਼ਵਾਸ ਕਰਨਗੇ ਅਤੇ ਸਹਿਯੋਗ ਵੀ ਦੇਣਗੇ। ਕਈ ਲੋਕ ਤਾਂ ਹੁਣ ਇਹ ਵੀ ਕਹਿ ਰਹੇ ਹਨ ਕਿ ਧਾਰਮਿਕ ਤੇ ਵਿੱਦਿਅਕ ਸੰਸਥਾਵਾਂ ਵਾਂਗ ਲੋੜੀਦੀਆਂ ਸਿਹਤ ਸੰਸਥਾਵਾਂ ਦਾ ਪੱਧਰ ਉੱਚਾ ਚੁੱਕਣ ਤੇ ਸੁਧਾਰ ਕਰਨ ਹਿੱਤ ਅੱਗੇ ਆਓ ਤੇ ਆਪਣਾ ਯੋਗਦਾਨ ਪਾਓ।
ਬੀ.ਈ.ਈ. ਨੋਡਲ ਅਫਸਰ, ਆਈ.ਈ.ਸੀ. ਗਤੀਵਿਧੀਆਂ, ਸਿਹਤ ਵਿਭਾਗ, ਫਰੀਦਕੋਟ।