ਸਿੱਖਿਆ ਵਿਭਾਗ ਦੇ ਤਬਾਦਲੇ ਅੱਗੇ ਕੋਰੋਨਾ ਵੀ ਫੇਲ੍ਹ, ਸਾਰੇ ਕੰਮ-ਕਾਜ ਬੰਦ ਪਰ ਤਬਾਦਲੇ ਜਾਰੀ

ਕਰਫਿਊ ਦੌਰਾਨ ਹੀ ਸਿੱਖਿਆ ਵਿਭਾਗ ਨੇ ਕਰ ਦਿੱਤੇ ਥੋਕ ‘ਚ ਤਬਾਦਲੇ

ਚੰਡੀਗੜ੍ਹ, (ਅਸ਼ਵਨੀ ਚਾਵਲਾ) ਕੋਰੋਨਾ ਵਾਇਰਸ ਦੇ ਅੱਗੇ ਹਰ ਕੁਝ ਫੇਲ੍ਹ ਹੁੰਦੇ ਹੋਏ ਪੰਜਾਬ ਵਿੱਚ ਪਿਛਲੇ 25 ਦਿਨ ਤੋਂ ਲਗਾਤਾਰ ਕਰਫਿਊ ਜਾਰੀ ਹੈ ਅਤੇ ਸਾਰੇ ਕਾਰੋਬਾਰ ਤੱਕ ਠੱਪ ਹੋਏ ਪਏ ਹਨ ਪਰ ਇਸ ਦੌਰਾਨ ਜੇਕਰ ਕੁਝ ਜਾਰੀ ਹੈ ਤਾਂ ਉਹ ਸਿੱਖਿਆ ਵਿਭਾਗ ਦੇ ਤਬਾਦਲੇ ਹਨ। ਸਿੱਖਿਆ ਵਿਭਾਗ ਦੇ ਤਬਾਦਲੇ ਨੂੰ ਨਾ ਹੀ ਕੋਰੋਨਾ ਰੋਕ ਪਾਇਆ ਅਤੇ ਨਾ ਹੀ ਕਰਫਿਊ ਲੱਗੇ ਹੋਣ ਦਾ ਕੋਈ ਫਰਕ ਪਿਆ ਹੈ।

ਸਿੱਖਿਆ ਵਿਭਾਗ ਵਲੋਂ ਬੁੱਧਵਾਰ ਨੂੰ ਕੀਤੇ ਗਏ ਵੱਡੇ ਪੱਧਰ ‘ਤੇ ਤਬਾਦਲੇ ਨੂੰ ਦੇਖਦੇ ਹੋਏ ਹਰ ਕੋਈ ਹੈਰਾਨ ਹੈ ਕਿ ਜਦੋਂ ਦੇਸ਼ ਸਣੇ ਪੰਜਾਬ ਮੁਕੰਮਲ ਤੌਰ ‘ਤੇ ਬੰਦ ਪਿਆ ਹੈ ਤਾਂ ਸਿੱਖਿਆ ਵਿਭਾਗ ਨੂੰ ਇਹੋ ਜਿਹੀ ਕੀ ਲੋੜ ਪਈ ਸੀ ਕਿ ਉਹ ਤਬਾਦਲੇ ਕਰਨ ਨੂੰ ਆਪਣੀ ਤਰਜੀਹ ਦੇ ਰਿਹਾ ਹੈ।

ਇਸ ਸਬੰਧੀ ਵਿੱਚ ਸਿੱਖਿਆ ਵਿਭਾਗ ਦਾ ਕੋਈ ਜਾਣਕਾਰੀ ਦੇਣ ਨੂੰ ਤਿਆਰ ਨਹੀਂ ਹੈ। ਜਾਣਕਾਰੀ ਅਨੁਸਾਰ ਕੋਰੋਨਾ ਦੇ ਕਾਰਨ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਪਿਛਲੀ 22 ਮਾਰਚ ਤੋਂ ਪੰਜਾਬ ਵਿੱਚ ਕਰਫਿਊ ਲਗਾਇਆ ਹੋਇਆ ਹੈ ਅਤੇ ਇਹ ਕਰਫਿਊ ਅਜੇ 3 ਮਈ ਤੱਕ ਜਾਰੀ ਰਹਿਣਾ ਹੈ। ਇਸ ਨਾਲ ਹੀ ਪੰਜਾਬ ਭਰ ਦੇ ਕਾਰੋਬਾਰ ਦੇ ਠੱਪ ਹੋਣ ਦੇ ਨਾਲ ਹੀ ਸਾਰੇ ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾਂ ਨੂੰ ਵੀ 14 ਮਈ ਤੱਕ ਬੰਦ ਕੀਤਾ ਹੋਇਆ ਹੈ। ਜਿਸ ਕਾਰਨ ਸਰਕਾਰੀ ਸਕੂਲਾਂ ਵਿੱਚ ਨਾ ਹੀ ਅਧਿਆਪਕ ਜਾ ਰਹੇ ਹਨ ਅਤੇ ਨਾ ਹੀ ਕਿਸੇ ਤਰੀਕੇ ਦਾ ਕੋਈ ਖ਼ਾਸ ਕੰਮ-ਕਾਜ ਹੋ ਰਿਹਾ ਹੈ।

ਇੰਨਾ ਜ਼ਰੂਰ ਹੈ ਕਿ ਡਿਪਟੀ ਕਮਿਸ਼ਨਰਾਂ ਵੱਲੋਂ ਆਪਣੇ ਪੱਧਰ ‘ਤੇ ਅਧਿਆਪਕਾਂ ਦੀ ਡਿਊਟੀ ਇਸ ਸੰਕਟ ਦੀ ਸਥਿਤੀ ਦੌਰਾਨ ਪ੍ਰਸ਼ਾਸਨਿਕ ਕੰਮ ਲਈ ਲਗਾਈ ਹੋਈ ਹੈ। ਬੁੱਧਵਾਰ ਨੂੰ ਸਿੱਖਿਆ ਵਿਭਾਗ ਵਲੋਂ 2 ਲਿਸਟਾਂ ਜਾਰੀ ਕਰਦੇ ਹੋਏ 88 ਪ੍ਰਿੰਸੀਪਲ ਅਤੇ 16 ਜਿਲਾ ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਇਨ੍ਹਾਂ ਤਬਾਦਲਿਆਂ ਦੌਰਾਨ ਇਹ ਵੀ ਆਦੇਸ਼ ਜਾਰੀ ਕੀਤੇ ਗਏ ਹਨ ਕਿ ਜਿਹੜੇ ਸਕੂਲ ਤੋਂ ਤਬਾਦਲਾ ਕੀਤਾ ਗਿਆ ਹੈ, ਜਦੋਂ ਤੱਕ ਉਨ੍ਹਾਂ ਸਕੂਲਾਂ ਵਿੱਚ ਕਿਸੇ ਹੋਰ ਪ੍ਰਿੰਸੀਪਲ ਦੀ ਤੈਨਾਤੀ ਨਹੀਂ ਕੀਤੀ ਜਾਂਦੀ ਹੈ, ਉਸ ਸਮੇਂ ਤੱਕ ਉਨ੍ਹਾਂ ਕੋਲ ਹੀ ਚਾਰਜ ਰਹੇਗਾ।

ਸੇਵਾਮੁਕਤ ਅਤੇ ਤਰੱਕੀ ਹੋਣ ਕਰਕੇ ਕੀਤੇ ਗਏ ਹਨ ਤਬਾਦਲੇ : ਵਿਜੇਇੰਦਰ ਸਿੰਗਲਾ

ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਕਾਫ਼ੀ ਪ੍ਰਿੰਸੀਪਲ ਸੇਵਾਮੁਕਤ ਹੋ ਗਏ ਸਨ ਅਤੇ ਕਾਫ਼ੀ ਜ਼ਿਆਦਾ ਦੀ ਤਰੱਕੀ ਹੋ ਗਈ ਸੀ, ਜਿਸ ਕਾਰਨ ਉਨ੍ਹਾਂ ਦੀ ਨਵੀਂ ਤੈਨਾਤੀ ਦੇਣੀ ਸੀ, ਜਿਸ ਕਰਕੇ ਇਹ ਤਬਾਦਲੇ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਤਬਾਦਲਿਆਂ ਨੂੰ ਇਸ ਸਮੇਂ ਕਰਨ ਤੋਂ ਕੋਈ ਵਿਵਾਦ ਨਹੀਂ ਹੋਣਾ ਚਾਹੀਦਾ ਹੈ, ਕਿਉਂਕਿ ਇਹ ਸਿੱਖਿਆ ਵਿਭਾਗ ਦੀ ਰੁਟੀਨ ਕਾਰਵਾਈ ਹੈ।